in

‘ਸਰਦਾਰ ਸਾਹਬ’ ਨਾਲ ਪੰਜਾਬੀ ਸਿਨੇਮੇ ਦਾ ਦਾਇਰਾ ਮੌਕਲਾ ਹੋਵੇਗਾ : ਨਿਰਦੇਸ਼ਕ ਅਮਿਤ ਪ੍ਰਾਸ਼ਰ

ਅਮਿਤ ਪ੍ਰਾਸ਼ਰ ਨੌਜਵਾਨ ਪੀੜ•ੀ ਦਾ ਫ਼ਿਲਮਸਾਜ਼ ਹੈ। ਉਹ ਕਹਾਣੀ ਦੀ ਉਂਗਲ ਫੜ• ਕੇ ਦਰਸ਼ਕਾਂ ਦੇ ਦਿਲ ‘ਚ ਵੜਨਾ ਜਾਣਦਾ ਹੈ। ਕਹਾਣੀ ਨੂੰ ਕਾਗਜ ਤੋਂ ਕੈਮਰੇ ਦੇ ਕੈਨਵਸ ‘ਤੇ ਉਤਾਰਨ ਦਾ ਹੁਨਰ ਉਸ ਨੂੰ ਇਸ ਖ਼ੇਤਰ ਦੀ ਭੀੜ ਤੋਂ ਵੱਖ ਕਰਦਾ ਹੈ। ਉਹ ਫ਼ਿਲਮ ‘ਚ ਕਹਾਣੀ ਦੇ ਹੋਣ ਨਾਲੋਂ ਉਸ ਨੂੰ ਕਹਿਣ ‘ਚ ਜ਼ਿਆਦਾ ਜ਼ੋਰ ਲਾਉਂਦਾ ਹੈ। ਇਸੇ ਲਈ ਉਸ ਦੀਆਂ ਫ਼ਿਲਮਾਂ ‘ਚ ਨੀਰਸਤਾ ਨਹੀਂ ਹੁੰਦੀ। ਜੇ ਉਹ ਆਰਟ ਫ਼ਿਲਮਾਂ ਵੱਲ ਨਹੀਂ ਭੱਜਦਾ ਤਾਂ ਕਮਰਸ਼ੀਅਲ ਫ਼ਿਲਮਾਂ ਦੇ ਨਾਂ ‘ਤੇ ਫ਼ੂਹੜਤਾ ਵੀ ਪੇਸ਼ ਨਹੀਂ ਕਰਦਾ। ਪੰਜਾਬ ਦੇ ਨਕੋਦਰ ਤੋਂ ਚੱਲਿਆ ਇਹ ਫ਼ਿਲਮਸਾਜ਼ ਅੱਜ ਸੁਪਨਿਆਂ ਦੀ ਧਰਤੀ ਮੁੰਬਈ ਤੱਕ ਫ਼ੈਲਿਆ ਹੋਇਆ ਹੈ। ਉਹ ਅੱਜ ਕੱਲ• ਆਪਣੀ ਨਵੀਂ ਫ਼ਿਲਮ ‘ਸਰਦਾਰ ਸਾਹਬ’ ਨਾਲ ਚਰਚਾ ‘ਚ ਹੈ। ਨਵੇਂ ਸਾਲ ਦੇ ਪਹਿਲੇ ਹਫ਼ਤੇ ਪਰਦਾਪੇਸ਼ ਹੋ ਰਹੀ ਉਸ ਦੀ ਇਸ ਫ਼ਿਲਮ ਦਾ ਟਰੇਲਰ ਕੁਝ ਦਿਨ ਪਹਿਲਾਂ ਹੀ ਆਇਆ ਹੈ। ਅੰਮਿਤ ਦੱਸਦਾ ਹੈ ਕਿ ਟਰੇਲਰ ਨੂੰ ਆਮ ਲੋਕਾਂ ਦੇ ਨਾਲ ਨਾਲ ਫ਼ਿਲਮ ਇੰਡਸਟਰੀ ‘ਚ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ। ਟਰੇਲਰ ਤੋਂ ਇਹ ਗੱਲ ਸਾਫ਼ ਹੁੰਦੀ ਹੈ ਕਿ ਇਹ ਫ਼ਿਲਮ ਉਸ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਕਾਮੇਡੀ ਨਹੀਂ ਬਲਕਿ ਪੌਲੀਟੀਕਲ, ਐਕਸ਼ਨ ਡਰਾਮਾ ਹੈ। ਇਸ ਫ਼ਿਲਮ ਬਾਰੇ ਗੱਲ ਕਰਨ ਤੋਂ ਪਹਿਲਾਂ ਉਸ ਦੇ ਕਰੀਅਰ ‘ਤੇ ਪਿਛਲਝਾਤ ਪਾਉਂਣੀ ਜ਼ਰੂਰੀ ਹੈ। ਜਲੰਧਰ ਦੇ ਨਕੋਦਰ ਸ਼ਹਿਰ ਨਾਲ ਸਬੰਧਿਤ ਅੰਮਿਤ ਨੇ ਆਪਣੀ ਪੋਸਟ ਗ੍ਰਜੂਏਸ਼ਨ ਤੱਕ ਦੀ ਪੜ•ਾਈ ਅਤੇ ਕਮਰਸ਼ੀਅਲ ਆਰਟਸ ‘ਚ ਪੀਜੀ ਡਿਪਲੋਮਾ ਇਥੋਂ ਹੀ ਕੀਤਾ। ਉਹ ਦੱਸਦਾ ਹੈ ਕਿ ਕਾਲਜ ਤੱਕ ਪਹੁੰਚਦਿਆਂ ਉਸ ਨੇ ਇਹ ਫ਼ੈਸਲਾ ਲੈ ਲਿਆ ਸੀ ਕਿ ਉਹ ਕੋਈ ਨੌਕਰੀ ਕਰਨ ਦੀ ਜਗ•ਾ ਟੈਲੀਵਿਜ਼ਨ ਤੇ ਫ਼ਿਲਮ ਖ਼ੇਤਰ ‘ਚ ਕੰਮ ਕਰੇਗਾ।  ਜਲੰਧਰ ਦੇ ਡੀਏਵੀ ਕਾਲਜ ਅਤੇ ਏਪੀਜੇ ਫ਼ਾਈਨ ਆਰਟਸ ਕਾਲਜ ‘ਚ ਪੜ•ਦਿਆਂ ਉਸਨੇ ਥੀਏਟਰ ਕਰਨਾ ਸ਼ੁਰੂ ਕੀਤਾ, ਪਰ ਐਕਟਿੰਗ ਨਾਲੋਂ ਉਸ ਦਾ ਝੁਕਾਅ ਨਿਰਦੇਸ਼ਨਾ ਵੱਲ ਜ਼ਿਆਦਾ ਹੋ ਗਿਆ। ਥੀਏਟਰ ਨੇ ਤੈਅ ਕਰ ਦਿੱਤਾ ਕਿ ਉਹ ਅਦਾਕਾਰ ਨਾਲੋਂ ਨਿਰਦੇਸ਼ਕ ਤੇ ਲੇਖਕ ਕਈ ਗੁਣਾ ਵਧੀਆ ਹੈ। ਕਾਲਜ ਤੋਂ ਬਾਅਦ ਉਹ ਸਿੱਧਾ ਮੁੰਬਈ ਚਲਾ ਗਿਆ। ਜਿਥੇ ਉਸ ਨੇ ਸਭ ਤੋਂ ਪਹਿਲਾਂ ਮੁੰਬਈ ਡਿਜੀਟਲ ਐਕਡਮੀ ਤੋਂ ਫ਼ਿਲਮ ਮੇਕਿੰਗ ਦਾ ਡਿਪਲੋਮਾ ਕੀਤਾ।  ਡਿਪਲੋਮੇ ਤੋਂ ਬਾਅਦ ਫ਼ਿਲਮਸਾਜ਼ੀ ਦੀ ਸਮਝ ਪਈ ਤਾਂ ਕੰਮ ਲਈ ਸੰਘਰਸ਼ ਸ਼ੁਰੂ ਹੋਇਆ। ਉਥੇ ਗੱਲ ਨਹੀਂ ਬਣੀ ਤਾਂ ਉਹ ਵਾਪਸ ਪੰਜਾਬ ਆ ਗਿਆ। ਇਥੇ ਆ ਕੇ ਕਈ ਮਿਊਜ਼ਿਕ ਵੀਡੀਓ ਡਾਇਰੈਕਟ ਕੀਤੇ। ਕਈ ਐਡ ਫ਼ਿਲਮ, ਸ਼ਾਰਟ ਫ਼ਿਲਮਾਂ ਅਤੇ ਅਜਿਹਾ ਕਾਫ਼ੀ ਕੁਝ ਕੀਤਾ, ਪਰ ਕਿਸੇ ਵੀ ਕੰਮ ‘ਚੋਂ ਸੁੰਤਸ਼ਟੀ ਨਹੀਂ ਮਿਲੀ। ਉਹ ਫਿਰ ਤੋਂ ਮੁੰਬਈ ਵਾਪਸ ਚਲਾ ਗਿਆ। ਮੁੰਬਈ ‘ਚ ਉਸ ਨੇ ਟੈਲੀਵਿਜ਼ਨ ਲਈ ਕੰਮ ਕਰਨਾ ਸ਼ੁਰੂ ਕੀਤਾ। ਸਬ ਟੀਵੀ ਤੇ ਐਨਡੀਟੀਵੀ ਸਮੇਤ ਕਈ ਹੋਰ ਖ਼ੇਤਰੀ ਟੀਵੀ ਚੈਨਲਾਂ ਲਈ ਸਹਾਇਕ ਨਿਰਦੇਸ਼ਕ, ਕਰੇਟਿਵ ਨਿਰਦੇਸ਼ਕ ਤੇ ਲੇਖਕ ਵਜੋਂ ਕੰਮ ਕੀਤਾ। ਪਾਕਿਸਤਾਨ ਦੇ ਇਕ ਟੀਵੀ ਚੈਨਲ ਲਈ ਵੀ ਅਮਿਤ ਨੇ ਰਿਆਲਟੀ ਸ਼ੋਅ ਤਿਆਰ ਕੀਤਾ। ਇਸ ਦੌਰਾਨ ਹੀ ਉਸ ਦੀ ਮੁਲਾਕਾਤ ਨਿਰਦੇਸ਼ਕ ਨਵਨੀਅਤ ਸਿੰਘ ਨਾਲ ਹੋਈ। ਉਹ ਉਸ ਨੂੰ ਪੰਜਾਬ ਵਾਪਸ ਲੈ ਲਿਆ। ਇਥੇ ਆ ਕੇ ਅਮਿਤ ਨੇ ਨਵਨੀਅਤ ਸਿੰਘ ਨਾਲ ਬਤੌਰ ਸਹਾਇਕ ਨਿਰਦੇਸ਼ਕ ਧਰਤੀ ਅਤੇ ਟੌਹਰ ਮਿੱਤਰਾ ਦੀ ਫ਼ਿਲਮ ਦਾ ਨਿਰਦੇਸ਼ਤ ਕੀਤੀ। ‘ਟੌਹਰ ਮਿੱਤਰਾ ਦੀ ‘ ਨਿਰਦੇਸ਼ਤ ਕਰਦਿਆਂ ਹੀ ਉਸ ਨੂੰ ਬਤੌਰ ਨਿਰਦੇਸ਼ਕ ‘ਤੂੰ ਮੇਰਾ ਬਾਈ ਮੈਂ ਤੇਰਾ ਬਾਈ’ ਫ਼ਿਲਮ ਦੀ ਆਫ਼ਰ ਆਈ। ਉਸ ਨੇ ਆਪਣੀ ਇਹ ਪਹਿਲੀ ਫ਼ਿਲਮ ਗਾਇਕ ਹਨੀ ਸਿੰਘ ਤੇ ਅਮਰਿੰਦਰ ਗਿੱਲ ਨੂੰ ਲੈ ਕੇ ਬਣਾਈ। ਇਸ ਫ਼ਿਲਮ ਨੇ ਉਸ ਨੂੰ ਫ਼ਿਲਮ ਇੰਡਸਟਰੀ ‘ਚ ਪੱਕੇ ਪੈਰੀ ਕਰ ਦਿੱਤਾ। ਅਗਲੀ ਫ਼ਿਲਮ ਰੌਸ਼ਨ ਪ੍ਰਿੰਸ ਅਤੇ ਅਲਫ਼ਾਜ ਨਾਲ ‘ਇਸ਼ਕ ਬਰਾਂਡੀ’ ਬਣਾਈ ਤਾਂ ਇਸ ਫ਼ਿਲਮ ਨੇ ਵੀ ਨਿਰਮਾਤਾ ਨੂੰ ਡੁੱਬਣ ਨਹੀਂ ਦਿੱਤਾ। ਪਿਛਲੇ ਸਾਲ ਆਈ ਉਸ ਦੀ ਫ਼ਿਲਮ ‘ਮੁੰਡੇ ਕਮਾਲ ਦੇ’ ਨੇ ਵੀ ਸਫ਼ਲਤਾ ਹਾਸਲ ਕੀਤੀ। ਉਸ ਦੀ ਇਹ ਤਿੰਨੇ ਪਹਿਲਾਂ ਲਗਭਗ ਇਕੋ ਜ਼ੋਨਰ ਦੀਆਂ ਸਨ। ਪਰ ਹੁਣ ਉਸ ਦੀ ਇਹ ਨਵੀਂ ਫ਼ਿਲਮ ‘ਸਰਦਾਰ ਸਾਹਬ’ ਬਿਲਕੁਲ ਵੱਖਰੇ ਜ਼ੋਨਰ ਦੀ ਫ਼ਿਲਮ ਹੈ।

ਅੰਮਿਤ ਦੱਸਦਾ ਹੈ ਕਿ ‘ਆਲ ਟਾਈਮ ਮੂਵੀਜ਼ ਪ੍ਰਾਈਵੇਟ ਲਿਮਟਿਡ’ ਦੇ ਬੈਨਰ ਹੇਠ ਬਣੀ ਇਹ ਫ਼ਿਲਮ ਰਾਜਧਾਨੀ ਦਿੱਲੀ ‘ਚ ਵੱਸਦੇ ਪੰਜਾਬੀ ਦੇ ਦੁਆਲੇ ਘੁੰਮਦੀ ਹੈ। ਦਿਲਜੀਤ ਕਲਸੀ ਨੇ ਫ਼ਿਲਮ ਦਾ ਸਕਰੀਨਪਲੇ ਤੇ ਡਾਇਲਾਗ ਲਿਖੇ ਹਨ। ਇਹ ਫ਼ਿਲਮ ਲੁਧਿਆਣਾ ਤੋਂ ਦਿੱਲੀ ਜਾ ਕੇ ਵੱਸੇ ਦੋ ਟਰਾਂਸਪੋਟਰ ਭਰਾਵਾਂ ਦੀ ਕਹਾਣੀ ਹੈ। ਟਰਾਂਸਪੋਰਟ ਦੇ ਖ਼ੇਤਰ ‘ਚ ਨਿਕਲਦੇ ਹੋਏ ਇਹ ਸਿਆਸਤ ਵੱਲ ਵੱਧਦੇ ਹਨ ਅਤੇ ਇਸ ਖ਼ੇਤਰ ਦਾ ਗੁੰਡਾਤੰਤਰ ਸਮਾਜ ਨੂੰ ਕਿਵੇਂ ਪ੍ਰਭਾਵਤ ਕਰਦਾ ਹੈ। ਇਹ ਫ਼ਿਲਮ ਦਾ ਮੁੱਖ ਵਿਸ਼ਾ ਹੈ। ਇਸ ਫ਼ਿਲਮ ‘ਚ ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ਼ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ। ਇਸ ਫ਼ਿਲਮ ਜ਼ਰੀਏ ਇਕ ਨਵਾਂ ਅਦਾਕਾਰ ਦਿਲਜੀਤ ਕਲਸੀ ਪੰਜਾਬੀ ਸਿਨਮੇ ‘ਚ ਆਪਣੀ ਸ਼ੁਰੂਆਤ ਕਰਨ ਜਾ ਰਿਹਾ ਹੈ। ਫ਼ਿਲਮ ‘ਚ ਨਾਮਵਰ ਅਦਾਕਾਰ ਗੱਗੂ ਗਿੱਲ, ਸਰਦਾਰ ਸੋਹੀ, ਸ਼ਵਿੰਦਰ ਮਾਹਲ, ਯਾਦ ਗਰੇਵਾਲ, ਸੁਦੇਸ਼ ਬੇਰੀ, ਕਰਮਜੀਤ ਅਨਮੋਲ ਅਤੇ ਅਦਾਕਾਰਾ ਨੀਤੂ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ। ਅਮਿਤ ਮੁਤਾਬਕ ਪੰਜਾਬੀ ਫ਼ਿਲਮਾਂ ਦਾ ਦਾਇਰਾ ਅੱਗੇ ਨਾਲੋਂ ਕਈ ਗੁਣਾ ਵਧਿਆ ਹੈ। ਜ਼ਿਆਦਾਤਰ ਪੰਜਾਬੀ ਫ਼ਿਲਮਾਂ ਪੰਜਾਬ ਵਿੱਚ ਫ਼ਿਲਮਾਈਆਂ ਜਾਂਦੀਆਂ ਹਨ ਜਾਂ ਫਿਰ ਵਿਦੇਸ਼ਾਂ ਦੀਆਂ ਲੋਕੇਸ਼ਨਾਂ ‘ਤੇ। ਇਸ ਫ਼ਿਲਮ ਜ਼ਰੀਏ ਉਹਨਾਂ ਦਿੱਲੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਬੇਸ਼ੱਕ ਇਸ ਤੋਂ ਪਹਿਲਾਂ ਵੀ ਦੋ, ਤਿੰਨ ਫ਼ਿਲਮਾਂ ਦਿੱਲੀ ‘ਚ ਬਣੀਆਂ ਹਨ। ਪਰ ਇਹ ਫ਼ਿਲਮ ਪੂਰੀ ਦੀ ਪੂਰੀ ਦਿੱਲੀ ਨੂੰ ਅੰਦਰ ਤੱਕ ਖੰਘਾਲੇਗੀ। ਇਸ ਫ਼ਿਲਮ ਨਾਲ ਬਤੌਰ ਨਿਰਮਾਤਾ ਪੰਜਾਬੀ ਗਾਇਕ ਮਿੱਕਾ ਸਿੰਘ ਦਾ ਨਾਂ ਵੀ ਜੁੜਿਆ ਹੋਇਆ ਹੈ। ਅਮਿਤ ਦਾ ਕਹਿਣਾ ਹੈ ਕਿ ਉਹ ਮੌਕਾ ਮਿਲਣ ‘ਤੇ ਹਰ ਕਿਸਮ ਦੀਆਂ ਫ਼ਿਲਮਾਂ ਬਣਾਉਣਾ ਚਾਹੁੰਦਾ ਹੈ। ਉਸ ਦਾ ਕਾਮੇਡੀ ‘ਚੋਂ ਨਿਕਲ ਕੇ ਇਸ ਕਿਸਮ ਦੀਆਂ ਥ੍ਰਿਲਰ ਫ਼ਿਲਮ ਬਣਾਉਣ ਦਾ ਫ਼ੈਸਲਾ ਗਲਤ ਸਾਬਤ ਨਹੀਂ ਹੋਵੇਗਾ। ਇਹ ਫ਼ਿਲਮ ਦੇ ਟਰੇਲਰ ਨੂੰ ਮਿਲੇ ਹੁੰਗਾਰੇ ਨੇ ਸਾਬਤ ਕਰ ਦਿੱਤਾ ਹੈ।  ਇਸ ਫ਼ਿਲਮ ਤੋਂ ਬਾਅਦ ਉਹ ਅਗਲੀ ਫ਼ਿਲਮ ਦੀ ਤਿਆਰੀ ‘ਚ ਹੈ। ਇਹ ਫ਼ਿਲਮ ਕਿਸ ਜ਼ੋਨਰ ਦੀ ਹੋਵੇਗੀ ਅਤੇ ਕਿਹੜੇ ਅਦਾਕਾਰ ਇਸ ਦਾ ਹਿੱਸਾ ਹੋਣਗੇ। ਇਸ ਬਾਰੇ ਅਜੇ ਉਹ ਕੋਈ ਵੀ ਪੱਤਾ ਖੋਲਣਾ ਨਹੀਂ ਚਾਹੁੰਦਾ।
ਸਪਨ ਮਨਚੰਦਾ

Leave a Reply

Your email address will not be published. Required fields are marked *

ਨਾਮਵਰ ਗਾਇਕ ਤੇ ਗੀਤਕਾਰ ਰਾਜ ਬਰਾੜ ਨਹੀਂ ਰਹੇ

ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਬਣੇਗੀ ਪੰਜਾਬੀ ਫ਼ਿਲਮ ‘ਸਰਦਾਰ ਸਾਹਬ’