in

ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਬਣੇਗੀ ਪੰਜਾਬੀ ਫ਼ਿਲਮ ‘ਸਰਦਾਰ ਸਾਹਬ’

ਕਦੇ ਪੰਜਾਬ ਤੱਕ ਹੀ ਸੀਮਿਤ ਪੰਜਾਬੀ ਫ਼ਿਲਮਾਂ ਹੁਣ ਦੁਨੀਆਂ ਦੇ ਹਰ ਕੋਨੇ ‘ਚ ਦੇਖੀਆਂ ਜਾਣ ਲੱਗੀਆਂ ਹਨ। ਇਹੀ ਕਾਰਨ ਹੈ ਕਿ ਪੰਜਾਬੀ ਫ਼ਿਲਮਾਂ ‘ਚ ਵਿਸ਼ਾ, ਤਕਨੀਕ ਅਤੇ ਲੋਕੇਸ਼ਨਾਂ ਦੇ ਪੱਖ ਤੋਂ ਤੇਜ਼ੀ ਨਾਲ ਬਦਲਾਅ ਆ ਰਿਹਾ ਹੈ। ਪੰਜਾਬੀ ਸਿਨਮੇ ਦੇ ਇਸ ਬਦਲੇ ਸਰੂਪ ਦੇ ਰੰਗ ਸਾਲ 2017 ‘ਚ ਖੂਬ ਦੇਖਣ ਨੂੰ ਮਿਲਣਗੇ। ਇਸ ਸਾਲ ਦੀ ਸ਼ੁਰੂਆਤ ‘ਚ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਸਰਦਾਰ ਸਾਹਬ’ ਇਸ ਗੱਲ ਦਾ ਗਵਾਹ ਬਣੇਗੀ। ਪੰਜਾਬੀ ਦੀ ਇਹ ਪਹਿਲੀ ਫ਼ਿਲਮ ਹੋਵੇਗੀ ਜੋ ਰਾਜਧਾਨੀ ਦਿੱਲੀ ਦੀ ਸਿਆਸਤ, ਪੁਲਿਸ ਤੇ ਗੰਡਾਤੰਤਰ ਦੁਆਲੇ ਘੁੰਮਦੀ ਹੈ।
ਇਸ ਫ਼ਿਲਮ ਨੂੰ ਦੇਸ਼ ਦੇ ਨਾਮਵਰ ਗਾਇਕ ਮਿੱਕਾ ਸਿੰਘ ਪੇਸ਼ ਕਰ ਰਹੇ ਹਨ। ਇਹੀ ਨਹੀਂ ਇਸ ਫ਼ਿਲਮ ਦੀ ਖ਼ਾਸੀਅਤ ਇਹ ਵੀ ਹੈ ਕਿ ਪੰਜਾਬੀ ਦੀ ਇਹ ਪਹਿਲੀ ਫ਼ਿਲਮ ਹੈ, ਜਿਸ ‘ਚ ਬਾਲੀਵੁੱਡ ਦੇ ਨਾਮਵਰ ਅਦਾਕਾਰ ਜੈਕੀ ਸ਼ਰਾਫ਼ ਨੇ ਇਕ ਸਰਦਾਰ ਦੀ ਮੁੱਖ ਭੂਮਿਕਾ ਅਦਾ ਕੀਤੀ ਹੈ। ‘ਤੂੰ ਮੇਰਾ ਬਾਈ, ਮੈਂ ਤੇਰਾ ਬਾਈ’, ‘ਇਸ਼ਕ ਬਰਾਂਡੀ’ ਤੇ ‘ਮੁੰਡੇ ਕਮਾਲ ਦੇ’ ਵਰਗੀਆਂ ਕਾਮੇਡੀ ਫ਼ਿਲਮਾਂ ਬਣਾ ਚੁੱਕੇ ਨਿਰਦੇਸ਼ਕ ਅਮਿਤ ਪ੍ਰਸ਼ਾਰ ਦੀ ਇਹ ਪਹਿਲੀ ਐਕਸ਼ਨ ਡਰਾਮਾ ਫ਼ਿਲਮ ਹੈ। ਇਸ ਫ਼ਿਲਮ ਜ਼ਰੀਏ ਇਕ ਨਵਾਂ ਚਿਹਰਾ ਦਲਜੀਤ ਕਲਸੀ ਬਤੌਰ ਹੀਰੋ ਪੰਜਾਬੀ ਫ਼ਿਲਮਾਂ ‘ਚ ਆਪਣੀ ਸ਼ੁਰੂਆਤ ਕਰ ਰਿਹਾ ਹੈ। ਤਾਮਿਲ ਦੀ ਬਹੁ ਚਰਚਿਤ ਫ਼ਿਲਮ ਥਲਾਈਵਾ’ ਦਾ ਰੀਮੇਕ ਇਸ ਫ਼ਿਲਮ ਦਾ ਸਕਰੀਨਪਲੇ ਤੇ ਡਾਇਲਾਗ ਵੀ ਦਿਲਜੀਤ ਕਲਸੀ ਨੇ ਲਿਖੇ ਹਨ। ਫ਼ਿਲਮ ‘ਚ ਗੱਗੂ ਗਿੱਲ, ਸਰਦਾਰ ਸੋਹੀ, ਸ਼ਵਿੰਦਰ ਮਾਹਲ, ਕਰਮਜੀਤ ਅਨਮੋਲ, ਸੁਦੇਸ਼ ਬੇਰੀ ਅਤੇ ਯਾਦ ਗਰੇਵਾਲ ਵਰਗੇ ਦਿੱਗਜ ਅਦਾਕਾਰਾਂ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ। ਫ਼ਿਲਮ ਦੀ ਹੀਰੋਇਨ ਨੀਤੂ ਸਿੰਘ ਹੈ। ਇਹ ਫ਼ਿਲਮ ਰਾਜਧਾਨੀ ਦਿੱਲੀ ਦੁਆਲੇ ਘੁੰਮਦੀ ਹੈ। ਫ਼ਿਲਮ ਦੇ ਕੇਂਦਰ ‘ਚ ਦਿੱਲੀ ਦੀ ਰਾਜਨੀਤੀ, ਪੁਲਿਸ ਪ੍ਰਸ਼ਾਸਨ ਤੇ ਗੁੰਡਾਤੰਤਰ ਹੈ।  ਲੁਧਿਆਣਾ ਤੋਂ ਦਿੱਲੀ ਜਾ ਕੇ ਵੱਸੇ ਦੋ ਟਰਾਂਸਪੋਟਰ ਭਰਾ ਕਿਵੇਂ ਦਿੱਲੀ ‘ਚ ਆਪਣੇ ਪੈਰ ਜਮਾਉਂਦੇ ਹਨ। ਵੱਡਾ ਭਰਾ ਜੋਗਿੰਦਰ ਸਿੰਘ ਬਾਜਵਾ ਦਾ ਕਿਰਦਾਰ  ਜੈਕੀ ਸ਼ਰਾਫ਼  ਨੇ ਕੀਤਾ ਹੈ। ਜੋਗਿੰਦਰ ਸਿੰਘ ਬਾਜਵਾ ਦਿੱਲੀ ਟਰਾਂਸਪੋਰਟ ਯੂਨੀਅਨ ਦਾ ਪ੍ਰਧਾਨ ਹੈ, ਜੋ ਦਿੱਲੀ ਦੀ ਸਰਗਰਮ ਸਿਆਸਤ ਦਾ ਅਹਿਮ ਹਿੱਸਾ ਹੈ। ਉਸ ਦੇ ਇਸ ਕਿਰਦਾਰ ਜ਼ਰੀਏ ਸਮਾਜ ਦੇ ਉਹਨਾਂ ਕਿਰਦਾਰਾਂ ਨੂੰ ਨੰਗਾ ਕੀਤਾ ਜਾਵੇਗਾ, ਜੋ ਸਮਾਜ ਸੇਵਿਕ ਦਾ ਚੌਲਾ ਪਾ ਕੇ ਲੋਕਾਂ ਨਾਲ ਦਗ਼ਾ ਕਮਾਉਂਦੇ ਹਨ।

ਨਿਰਦੇਸ਼ਕ ਮੁਤਾਬਕ  ਪੰਜਾਬੀ ਸਿਨਮੇ ‘ਚ ਜ਼ਿਆਦਾਤਰ ਕਾਮੇਡੀ ਫ਼ਿਲਮਾਂ ਹੀ ਚੱਲਦੀਆਂ ਹਨ। ਇਸ ਫ਼ਿਲਮ ਨਾਲ ਉਹਨਾਂ ਨੇ ਪੰਜਾਬੀ ਫ਼ਿਲਮਾਂ ਨੂੰ ਇਕ ਘੇਰੇ ‘ਚ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਦਿੱਲੀ ਵਰਗੇ ਭੀੜ ਭੜੱਕੇ ਵਾਲੇ ਇਲਾਕੇ ‘ਚ ਕਿਸੇ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਕਰਨਾ ਕੰਢਿਆ ਭਰੇ ਰਸਤੇ ‘ਤੇ ਚੱਲਣ ਵਰਗਾ ਹੈ। ਪ੍ਰਸ਼ਾਰ ਮੁਤਾਬਕ ਇਸ ਫ਼ਿਲਮ ਜ਼ਰੀਏ ਪੰਜਾਬੀ ਸਿਨੇਮੇ ਨੂੰ ਦਿਲਜੀਤ ਕਲਸੀ ਦੇ ਰੂਪ ‘ਚ ਇਕ ਐਕਸ਼ਨ ਹੀਰੋ ਮਿਲੇਗਾ। ਇਹ ਫ਼ਿਲਮ ਪੰਜਾਬੀ ਸਿਨੇਮੇ ‘ਚ ਇਕ ਨਵਾਂ ਰੁਝਾਨ ਸ਼ੁਰੂ ਕਰਨ ਦਾ ਦਮ ਰੱਖਦੀ ਹੈ। ਦਰਸ਼ਕਾਂ ਦੇ ਮਨੋਰੰਜਨ ਦੇ ਨਾਲ ਨਾਲ ਇਕ ਸਾਰਥਿਕ ਸੁਨੇਹਾ ਵੀ ਦਿੱਤਾ ਗਿਆ ਹੈ। ਫ਼ਿਲਮ ਜ਼ਰੀਏ ਦਰਸ਼ਕਾਂ ਨੂੰ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ। ਇਹ ਫ਼ਿਲਮ ਬਦੀ ‘ਤੇ ਨੇਕੀ ਦੀ ਜਿੱਤ ਦੀ ਲੜਾਈ ਦਾ ਪ੍ਰਤੀਕ ਸਾਬਤ ਹੋਵੇਗੀ। ਇਸ ਫ਼ਿਲਮ ਦੇ ਸੰਗੀਤ ਵੱਲ ਵੀ ਚੁਚੇਚਾ ਧਿਆਨ ਦਿੱਤਾ ਗਿਆ ਹੈ। ਫ਼ਿਲਮ ਦਾ ਸੰਗੀਤ ਕਪਤਾਨ ਲਾਡੀ, ਮਿਲਿੰਦ ਗਾਬਾ ਅਤੇ ਆਰ ਡੀ ਐਕਸ ਨੇ ਤਿਆਰ ਕੀਤਾ ਹੈ। ਜੈਜ਼ੀ ਬੀ ਵੱਲੋਂ ਗਾਇਆ ਗਿਆ ਫ਼ਿਲਮ ਦਾ ਗੀਤ ‘ਗੋਬਿੰਦ ਦੇ ਸਰਦਾਰ’ ਹਰ ਪਾਸੇ ਧੁੰਮਾ ਮਚਾ ਰਿਹਾ ਹੈ। ਜੇਕਰ ਇਸ ਫ਼ਿਲਮ ਨੂੰ ਦਰਸ਼ਕ ਹੁੰਗਾਰਾ ਦਿੱਤੇ ਹਨ ਤਾਂ ਬਿਨਾਂ ਸ਼ੱਕ ਪੰਜਾਬੀ ਸਿਨੇਮੇ ਦਾ ਦਾਇਰਾ ਮੋਕਲਾ ਕਰਨ ‘ਚ ਇਹ ਫ਼ਿਲਮ ਵੱਡੀ ਭੂਮਿਕਾ ਅਦਾ ਕਰੇਗੀ।
ਬਲਜਿੰਦਰ ਉਪਲ
99141 89080

Leave a Reply

Your email address will not be published. Required fields are marked *

‘ਸਰਦਾਰ ਸਾਹਬ’ ਨਾਲ ਪੰਜਾਬੀ ਸਿਨੇਮੇ ਦਾ ਦਾਇਰਾ ਮੌਕਲਾ ਹੋਵੇਗਾ : ਨਿਰਦੇਸ਼ਕ ਅਮਿਤ ਪ੍ਰਾਸ਼ਰ

‘ਲਾਹੌਰੀਏ’ ਖੋਲਣਗੇ ਯੁਵਰਾਜ ਹੰਸ ਦੀ ਕਿਸਮਤ ਦੇ ਜ਼ਿੰਦੇ