ਪੰਜਾਬ ਵਿਧਾਨ ਸਭਾ ਦੀਆਂ ਇਸ ਵਾਰ ਦੀਆਂ ਚੋਣਾਂ ‘ਚ ਪੰਜਾਬ ਦੇ ਨਾਮਵਰ ਕਲਾਕਾਰ ਵੀ ਸਰਗਰਮ ਹਾਜ਼ਰੀ ਲਗਵਾ ਰਹੇ ਹਨ। ਪੰਜਾਬ ਦੀਆਂ ਲਗਭਗ ਸਾਰੀਆਂ ਸਰਗਰਮ ਸਿਆਸੀ ਪਾਰਟੀਆਂ ਕੋਲ ਕੋਈ ਨਾ ਕੋਈ ਸਟਾਰ ਉਮੀਦਵਾਰ ਤੇ ਸਟਾਰ ਪ੍ਰਚਾਰਕ ਜ਼ਰੂਰ ਹੈ। ਪੰਜਾਬ ‘ਚ ਕਦੇ ਕਲਾਕਾਰ ਸਿਆਸੀ ਆਗੂਆਂ ਲਈ ਭੀੜ ਇੱਕਠੀ ਕਰਨ ਦਾ ਕੰਮ ਕਰਦੇ ਸਨ। ਪਰ ਹੁਣ ਇਹ ਕਲਾਕਾਰ ਖੁਦ ਆਪਣੇ ਲਈ ਭੀੜ ਇੱਕਠੀ ਕਰ ਰਹੇ ਹਨ। ਕਲਾਕਾਰਾਂ ਦਾ ਰਾਜਨੀਤੀ ‘ਚ ਕਿਸਮਤ ਅਜਮਾਉਣਾ ਨਵੀਂ ਗੱਲ ਨਹੀਂ। ਫ਼ਿਲਮੀ ਸਿਤਾਰਿਆਂ ਤੇ ਹੋਰ ਕਲਾਕਾਰਾਂ ਦੀ ਸਿਆਸਤ ‘ਚ ਦਿਲਚਸਪੀ ਮੁੱਢ ਤੋਂ ਹੀ ਰਹੀ ਹੈ। ਕੌਮੀ ਮੁਕਤੀ ਜੰਗ ਵਿੱਚ ਵੀ ਹਰ ਵੰਨਗੀ ਦੇ ਕਲਾਕਾਰਾਂ ਨੇ ਹਿੱਸਾ ਪਾਇਆ ਸੀ। ਆਜ਼ਾਦੀ ਤੋਂ ਬਾਅਦ ਕਲਾਕਾਰ ਲਗਾਤਾਰ ਕੇਂਦਰੀ ਸਿਆਸਤ ਤੋਂ ਲੈ ਕੇ ਪਿੰਡ ਪੱਧਰ ਦੀ ਰਾਜਨੀਤੀ ‘ਚ ਹਿੱਸਾ ਲੈਂਦੇ ਆ ਰਹੇ ਹਨ। ਕਲਾਕਾਰਾਂ ਦੀਆਂ ਸਰਪੰਚ ਤੋਂ ਲੈ ਕੇ ਵਿਧਾਨ ਸਭਾ ਅਤੇ ਵਜੀਰ ਤੋਂ ਲੈ ਕੇ ਮੁੱਖ ਮੰਤਰੀ ਬਣਨ ਤੱਕ ਦੀਆਂ ਕਈ ਮਿਸਾਲਾਂ ਵੀ ਹਨ।
ਪੰਡਿਤ ਜਵਾਹਰ ਲਾਲ ਨਹਿਰੂ ਦੇ ਸਮੇਂ ਜਿਥੇ ਦਲੀਪ ਕੁਮਾਰ ਵਰਗੇ ਦਿੱਗਜ ਅਦਾਕਾਰ ਕਾਂਗਰਸ ਦੀਆਂ ਸਿਆਸੀ ਸਟੇਜਾਂ ‘ਤੇ ਅਕਸਰ ਨਜ਼ਰ ਆਉਂਦੇ ਰਹੇ ਹਨ, ਉਥੇ ਇੰਦਰਾ ਗਾਂਧੀ ਵੇਲੇ ਸੁਨੀਲ ਦੱਤ ਅਤੇ ਮਨੋਜ ਕੁਮਾਰ ਵਰਗੇ ਉਸ ਦੌਰ ਦੇ ਮਕਬੂਲ ਅਦਾਕਾਰ ਵੀ ਕਾਂਗਰਸਾਂ ਦੀਆਂ ਸਟੇਜਾਂ ਦੀ ‘ਸ਼ੋਭਾ’ ਬਣੇ ਸਨ। ਸੁਨੀਲ ਦੱਤ ਦੇ ਪੱਕੇ ਤੌਰ ‘ਤੇ ਸਿਆਸਤ ‘ਚ ਸ਼ਾਮਲ ਹੋ ਜਾਣ ਤੋਂ ਬਾਅਦ ਅਦਾਕਾਰਾਂ ਦਾ ਸਿਆਸਤ ‘ਚ ਰੁਝਾਨ ਤੇਜ਼ੀ ਨਾਲ ਵਧਿਆ। 1984 ‘ਚ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਰਾਜੀਵ ਗਾਂਧੀ ਦੇ ਕਹਿਣ ‘ਤੇ ਅਮਿਤਾਬ ਬੱਚਨ ਨੇ ਵੀ ਸਿਆਸਤ ਦਾ ਪੱਲਾ ਫੜਿ•ਆ ਅਤੇ ਇਲਾਹਾਬਾਦ ਤੋਂ ਲੋਕ ਸਭਾ ਦੀ ਚੋਣ ਜਿੱਤੀ। ਦੱਖਣੀ ਫ਼ਿਲਮਾਂ ਦੇ ਸਟਾਰ ਐਨ ਡੀ ਰਾਮਰਾਵ, ਰਾਮਾਚੰਦਨ ਤੇ ਰਵੀ ਕ੍ਰਿਸ਼ਨ ਤੋਂ ਲੈ ਕੇ ਬਾਲੀਵੁੱਡ ਦੇ ਸ਼ਤਰੂਘਨ ਸਿਨਹਾ, ਜੀਨਤ ਅਮਾਨ, ਧਰਮਿੰਦਰ, ਰਾਜ ਬੱਬਰ, ਵਿਨੋਦ ਖੰਨਾ, ਪੂਨਮ ਢਿੱਲੋਂ, ਗੋਵਿੰਦਾ, ਸ਼ਕਤੀ ਕਪੂਰ, ਦਾਰਾ ਸਿੰਘ, ਓਮ ਪੁਰੀ, ਹੇਮਾ ਮਾਲਿਨੀ, ਜੈ ਪ੍ਰਯਦਾ, ਭੱਖੀ ਲਹਿਰੀ, ਸ਼ਬਾਨਾ ਆਜ਼ਮੀ, ਨਗਮਾ, ਅਮੀਸ਼ਾ ਪਟੇਲ ਅਤੇ ਮਹਿਮਾ ਚੌਧਰੀ ਵਰਗੇ ਕਲਾਕਾਰਾਂ ਸਮੇਤ ਛੋਟੇ ਅਤੇ ਵੱਡੇ ਪਰਦੇ ਦੇ ਸਿਤਾਰਿਆਂ ਦੀ ਲੰਮੀ ਸੂਚੀ ਹੈ ਜੋ ਇਕ ਤੋਂ ਬਾਅਦ ਇਕ ਰਾਜਨੀਤੀ ਵਿੱਚ ਸ਼ਾਮਲ ਹੁੰਦੇ ਗਏ। ਪੰਜਾਬ ਦੀ ਸਿਆਸਤ ਵੀ ਇਸ ਰੁਝਾਨ ਤੋਂ ਅਭਿੱਜ ਨਹੀਂ ਰਹੀ। ਪੰਜਾਬ ਵਿੱਚ ਵੀ ਬਹੁਤ ਸਾਰੇ ਗਾਇਕ ਅਤੇ ਕਲਾਕਾਰ ‘ਅਭਿਨੇਤਾ’ ਤੋਂ ‘ਨੇਤਾ’ ਬਣੇ ਹਨ। ਇਸ ਮਾਮਲੇ ‘ਚ ਸਭ ਤੋਂ ਪਹਿਲਾਂ ਧੰਨਾ ਸਿੰਘ ਗੁਲਸ਼ਨ ਦਾ ਜ਼ਿਕਰ ਆਉਂਦਾ ਹੈ। ਆਪਣੇ ਸਮੇਂ ਦੇ ਮਸ਼ਹੂਰ ਢਾਡੀ ਧੰਨਾ ਸਿੰਘ ਗੁਲਸ਼ਨ ਅਕਾਲੀ ਦਲ ‘ਚ ਸ਼ਾਮਲ ਹੋ ਕੇ ਲੋਕ ਸਭਾ ਮੈਂਬਰ ਬਣੇ ਸਨ। ਉਹਨਾਂ ਤੋਂ ਮਗਰੋਂ ਉਹਨਾਂ ਦੀ ਬੇਟੀ ਪਰਮਜੀਤ ਕੌਰ ਗੁਲਸ਼ਨ ਸਿਆਸਤ ‘ਚ ਆਏ ਤੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਬਣੇ। ਅਕਾਲੀ ਦਲ ਦੇ ਬੁਲਾਰੇ ਰਹੇ ਬਲਵੰਤ ਸਿੰਘ ਰਾਮੂਵਾਲੀਆ ਵੀ ਤਾਂ ਪਹਿਲਾਂ ਢਾਡੀ ਹੀ ਸਨ। ਮਰਹੂਮ ਕੁਲਦੀਪ ਮਾਣਕ ਵੀ ਆਪਣੀ ਕਰੀਅਰ ਦੇ ਸਿਖਰ ਦੌਰਾਨ ਰਾਜਨੀਤੀ ਆਏ। ਪੰਜਾਬ ਦੇ ਰਾਜ ਗਾਇਕ ਹੰਸ ਰਾਜ ਹੰਸ ਨੇ ਵੀ ਸਾਲ 2009 ‘ਚ ਜਲੰਧਰ ਹਲਕੇ ਤੋਂ ਚੋਣ ਲੜੀ ਸੀ, ਪਰ ਹਾਰ ਗਏ ਸਨ। ਇਸ ਵੇਲੇ ਉਹ ਭਾਰਤੀ ਜਨਤਾ ਪਾਰਟੀ ‘ਚ ਹਨ। ਮੁਹੰਮਦ ਸਦੀਕ, ਹਰਭਜਨ ਮਾਨ, ਮਿਸ ਪੂਜਾ, ਸਤਵਿੰਦਰ ਬਿੱਟੀ, ਕੇ ਐਸ ਮੱਖਣ, ਭਗਵੰਤ ਮਾਨ, ਗੁਰਪ੍ਰੀਤ ਘੁੱਗੀ, ਸਤਵਿੰਦਰ ਬਿੱਟੀ ਇਸ ਲੜੀ ‘ਚ ਸ਼ਾਮਲ ਹਨ। ਹਰਭਜਨ ਮਾਨ ਨੂੰ ਸਿਆਸਤ ਰਾਸ ਨਹੀਂ ਆਈ ਸੀ ਆਪਣੇ ਪ੍ਰਸ਼ੰਸਕਾਂ ਦੀ ਵਿਰੋਧਤਾ ਕਾਰਨ ਉਹ ਛੇਤੀ ਹੀ ਇਸ ਤੋਂ ਕਿਨਾਰਾ ਕਰ ਗਏ ਸਨ। ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਮੁਹਾਲੀ ਪਲੈਨਿੰਗ ਬੋਰਡ ਦਾ ਚੇਅਰਮੈਨ ਵੀ ਥਾਪਿਆ ਸੀ। ਇਹਨਾਂ ਕਲਾਕਾਰਾਂ ‘ਚੋਂ ਭਗਵੰਤ ਮਾਨ ਸਭ ਤੋਂ ਮਕਬੂਲ ਤੇ ਸਰਗਰਮ ਲੀਡਰ ਵਜੋਂ ਉਭਰਿਆ ਹੈ। ਮਨਪ੍ਰੀਤ ਸਿੰਘ ਬਾਦਲ ਵਲੋਂ ਬਣਾਈ ਗਈ ਪੀਪਲਜ਼ ਪਾਰਟੀ ਆਫ਼ ਪੰਜਾਬ ਜ਼ਰੀਏ ਸਿਆਸਤ ‘ਚ ਆਏ ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਚੋਣ ਲੜੀ ਸੀ, ਪਰ ਹਾਰ ਗਿਆ ਸੀ। ਇਸ ਮਗਰੋਂ ਉਸ ਨੇ ਮਨਪ੍ਰੀਤ ਸਿੰਘ ਬਾਦਲ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਦਾ ਲੜ ਫੜ• ਲਿਆ। ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਭਗਵੰਤ ਮਾਨ ਇਸ ਵੇਲੇ ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਤੇ ਸਟਾਰ ਪ੍ਰਚਾਰਕ ਹਨ। ਆਮ ਆਦਮੀ ਪਾਰਟੀ ਜੇਕਰ ਸੱਤਾ ‘ਚ ਆਉਂਦੀ ਹੈ ਤਾਂ ਉਸ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਵੀ ਸੰਭਾਵਨਾ ਹੈ। ਭਗਵੰਤ ਮਾਨ ਤੋਂ ਬਾਅਦ ਸਿਆਸਤ ‘ਚ ਕੁੱਦੇ ਗੁਰਪ੍ਰੀਤ ਸਿੰਘ ਘੁੱਗੀ ਉਰਫ ਗੁਰਪ੍ਰੀਤ ਵੜੈਚ ਵੀ ਇਸ ਵੇਲੇ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਵਜੋਂ ਲੋਕਾਂ ‘ਚ ਹਾਜ਼ਰੀ ਲਗਵਾ ਰਹੇ ਹਨ। ਘੁੱਗੀ ਕੁਝ ਮਹੀਨੇ ਪਹਿਲਾਂ ਹੀ ਆਮ ਆਦਮੀ ਪਾਰਟੀ ਨਾਲ ਜੁੜੇ ਹਨ। ਪਾਰਟੀ ਉਹਨਾਂ ਨੂੰ ਬਟਾਲਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਵਾ ਰਹੀ ਹੈ। ਲੋਕ ਗਾਇਕ ਮੁਹੰਮਦ ਸਦੀਕ ਨੇ ਪਿਛਲੀ ਵਾਰ ਵਿਧਾਨ ਸਭਾ ਹਲਕਾ ਭਦੌੜ ਤੋਂ ਚੋਣ ਲੜਕੇ ਜਿੱਤ ਹਾਸਲ ਕੀਤੀ ਸੀ। ਇਸ ਵਾਰ ਉਹ ਰਿਜ਼ਰਵ ਹਲਕੇ ਜੈਤੋ ਤੋਂ ਕਾਂਗਰਸ ਦੀ ਟਿਕਟ ‘ਤੇ ਹੀ ਚੋਣ ਮੈਦਾਨ ‘ਚ ਹਨ। ਕਦੇ ਚੋਣਾਂ ‘ਚ ਅਕਾਲੀ ਦਲ ਦੀਆਂ ਸਟੇਜਾਂ ‘ਤੇ ਗਾਉਣ ਵਾਲੀ ਸਤਵਿੰਦਰ ਬਿੱਟੀ ਇਸ ਵਾਰ ਕਾਂਗਰਸ ਦੀ ਟਿਕਟ ਤੋਂ ਲੁਧਿਆਣਾ ਤੋਂ ਚੋਣ ਲੜ ਰਹੀ ਹੈ।
ਸਿਆਸਤ ਦੇ ਮੁਹਾਜ ‘ਤੇ ਫ਼ੇਲ•
ਬਹੁਤ ਸਾਰੇ ਨਾਮਵਾਰ ਫ਼ਿਲਮੀ ‘ਸਿਤਾਰੇ’ ਅਜਿਹੇ ਹਨ ਜੋ ਰਾਜਨੀਤੀ ਦੇ ਅੰਬਰ ‘ਤੇ ‘ਧੁੰਦਲੇ’ ਪੈ ਗਏ। ਕਈ ਨਾਮੀਂ ਅਦਾਕਾਰਾਂ ਨੂੰ ਸਿਆਸਤ ਰਾਸ ਹੀ ਨਹੀਂ ਆਈ। ਉਹ ਰਾਜਨੀਤੀ ‘ਚ ਆ ਤਾਂ ਗਏ ਪਰ ਹਮੇਸ਼ਾ ਆਪਣੇ ਫੈਸਲੇ ‘ਤੇ ਖੁਦ ਨੂੰ ਕੋਸਦੇ ਰਹੇ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਦੋਂ ਰਾਜੀਵ ਗਾਂਧੀ ਦੇ ਹੱਥ ‘ਚ ਕਾਂਗਰਸ ਦੀ ਡੋਰ ਆਈ ਤਾਂ ਉਨ•ਾਂ ਆਪਣੇ ਮਿੱਤਰ ਅਮਿਤਾਬ ਬੱਚਨ ਨੂੰ ਰਾਜਨੀਤੀ ‘ਚ ਉਤਾਰ ਦਿੱਤਾ। ਇਲਾਹਾਬਾਦ ਤੋਂ ਹੇਮਵਤੀ ਨੰਦਨ ਬਹੁਗੁਣਾ ਨੂੰ ਹਰਾਉਣ ਵਾਲੇ ਬਿੱਗ ਬੀ ਦਾ ਨਾਂ ਜਦੋਂ ਬੋਫਰਜ਼ ਕਾਂਡ ‘ਚ ਆਇਆ ਤਾਂ ਉਨ•ਾਂ ਰਾਜਨੀਤੀ ਤੋਂ ਤੁਰੰਤ ਕਿਨਾਰਾ ਕਰਨਾ ਪਿਆ। ਹੀਮੈਨ ਧਰਮਿੰਦਰ ਦੇ ਪੱਲੇ ਵੀ ਰਾਜਨੀਤੀ ‘ਚ ਨਿਰਾਸ਼ਾ ਹੀ ਪਈ। ਬੀਕਾਨੇਰ ਤੋਂ ਚੋਣ ਲੜਨ ਵਾਲੇ ਧਰਮਿੰਦਰ ਚੋਣ ਜਿੱਤ ਤਾਂ ਗਏ ਪਰ ਇਸ ਰਾਜਨੀਤੀ ਦੇ ਚਿੱਕੜ ‘ਚ ਪੈਰ ਜਮ•ਾ ਕੇ ਨਹੀਂ ਰੱਖ ਸਕੇ। ਗੋਵਿੰਦਾ, ਦੀਪਿਕਾ ਚਿਖਲੀਆ, ਨਿਤਿਸ਼ ਭਾਰਦਵਾਜ, ਨਗਮਾ, ਅਰਵਿੰਦ ਦ੍ਰਿਵੇਦੀ, ਲਤਾ ਮੰਗੇਸ਼ਕਰ, ਮਰਹੂਮ ਦਾਰਾ ਸਿੰਘ, ਮਰਹੂਮ ਕੁਲਦੀਪ ਮਾਣਕ, ਹਰਭਜਨ ਮਾਨ, ਬਲਕਾਰ ਸਿੱਧੂ, ਹੰਸ ਰਾਜ ਹੰਸ ਸਮੇਤ ਕਰੀਬ 2 ਦਰਜਨ ਅਜਿਹੇ ਨਾਂ ਹਨ, ਜਿਨ•ਾਂ ਨੂੰ ਸਿਆਸਤ ਰਾਸ ਨਹੀਂ ਆਈ। ਦੁਨੀਆਂ ਦੇ ਇਸ ਸਭ ਤੋਂ ਵੱਡੇ ਲੋਕਤੰਤਰ ‘ਚ ਅਦਾਕਾਰਾਂ ਅਤੇ ਕਲਾਕਾਰਾਂ ਦੀ ਸ਼ਮੂਲੀਅਤ ਕਈ ਸੁਆਲ ਵੀ ਖੜ•ੇ ਕਰਦੀ ਹੈ। ਅਦਾਕਾਰਾਂ ਦੀ ਸਿਆਸਤ ‘ਚ ਆਉਣ ਦਾ ਆਖਰ ਅਸਲ ਮਕਸਦ ਕੀ ਹੈ ? ਕੀ ਉਹ ਦੇਸ਼ ਸੇਵਾ ਲਈ ਇਸ ਪਾਸੇ ਰੁਖ਼ ਕਰਦੇ ਹਨ ਜਾਂ ਫਿਰ ਇਸ ਦਿਲਚਸਪੀ ਪਿੱਛੇ ਦੁੱਗਣੀ ਸ਼ੌਹਰਤ, ਪੈਸਾ, ਸੱਤਾ ਦਾ ਨਸ਼ਾ ਅਤੇ ਇਸ ਵਰਗੇ ਕਈ ਹੋਰ ਕਾਰਨ ਹਨ ? ਸਿਆਸੀ ਪਾਰਟੀਆਂ ਵੀ ਇਨ•ਾਂ ਸ਼ਖ਼ਸੀਅਤਾਂ ਨੂੰ ਖਿੜੇ ਮੱਥੇ ਆਪਣੇ ‘ਚ ਸ਼ਾਮਲ ਕਰਕੇ ਚੋਣ ਮੈਦਾਨ ‘ਚ ਉਤਾਰਦੀਆਂ ਹਨ। ਇਸ ਨਾਲ ਜਿਥੇ ਸਿਆਸੀ ਪਾਰਟੀਆਂ ਨੂੰ ਸਟਾਰ ਪ੍ਰਚਾਰਕ ਮਿਲ ਜਾਂਦੇ ਹਨ। ਉਥੇ ਇਹ ਵੀ ਆਸ ਬੱਝ ਜਾਂਦੀ ਹੈ ਕਿ ਖ਼ਬਰੇ ਇਨ•ਾਂ ਸ਼ਖ਼ਸੀਅਤਾਂ ਦੀ ਹਰਮਨ ਪਿਆਰਤਾ ਤੇ ਪਸ਼ੰਸਕਾਂ ਦਾ ਜਾਨੂੰਨ ਵੋਟ ਬੈਂਕ ‘ਚ ਤਬਦੀਲ ਹੋ ਜਾਵੇ।ਅਦਾਕਾਰ ਵੀ ਆਪਣੇ ਪ੍ਰਸ਼ੰਸਕਾਂ ਦਾ ਖ਼ੂਬ ਇਸਤੇਮਾਲ ਕਰਦੇ ਹਨ। ਜਿਹੜੇ ਅਦਾਕਾਰ ਸਿਆਸਤ ਦੀ ਖੇਡ ਖੇਡਣ ‘ਚ ਕਾਮਯਾਬ ਹੋ ਜਾਂਦੇ ਹਨ ਭਾਵ ਕਿਸੇ ਸਿਆਸੀ ਅਹੁਦੇ ‘ਤੇ ਪਹੁੰਚ ਜਾਂਦੇ ਹਨ, ਉਨ•ਾਂ ਦੇ ਸੁਭਾਅ ਅਤੇ ਵਾਅਦਿਆਂ ਤੇ ਦਾਅਵਿਆਂ ‘ਚ ਬੜੀ ਤੇਜ਼ੀ ਨਾਲ ਫ਼ਰਕ ਆਉਂਦਾ ਹੈ। ਕਿੰਨੇ ਕੁ ਅਜਿਹੇ ਅਦਾਕਾਰ ਹਨ, ਜਿਨ•ਾਂ ਨੇ ਸਿਆਸਤਦਾਨ ਹੁੰਦਿਆਂ ਲੋਕ ਮੁੱਦਿਆਂ ‘ਤੇ ਗੱਲ ਕੀਤੀ ਹੈ। ਲੋਕ ਮੁੱਦੇ ਤਾਂ ਦੂਰ ਬਹੁਤੇ ਅਦਾਕਾਰ ਤਾਂ ਸੱਤਾ ‘ਚ ਹੁੰਦਿਆਂ ਵੀ ਆਪਣੇ ਭਾਈਚਾਰੇ ਦੇ ਹੱਕ ‘ਚ ਵੀ ਆਵਾਜ਼ ਉਠਾਊਣ ‘ਚ ਕਾਮਯਾਬ ਨਹੀਂ ਹੋਏ। ਲੋਕ ਸਭਾ ਮੈਂਬਰ ਬਣੇ ਭਗਵੰਤ ਮਾਨ ਕਦੇ ਵੀ ਆਪਣੇ ਕਲਾਕਾਰ ਭਾਈਚਾਰੇ ਦਾ ਮੁੱਦਾ ਨਹੀਂ ਉਠਾ ਸਕੇ। ਉਹਨਾਂ ਕਿਸੇ ਵੀ ਸਿਆਸੀ ਸਟੇਜ ਤੋਂ ਪੰਜਾਬੀ ਸੰਗੀਤ ਤੇ ਫ਼ਿਲਮ ਇੰਡਸਟਰੀ ਦੀ ਸਾਰ ਨਹੀਂ ਲਈ। ਗੁਰਪ੍ਰੀਤ ਘੁੱਗੀ ਨੇ ਵੀ ਕਦੇ ਅਜਿਹਾ ਮੁੱਦਾ ਨਹੀਂ ਚੁੱਕਿਆ ਜੋ ਪੰਜਾਬੀ ਮਨੋਰੰਜਨ ਜਗਤ ਦੇ ਹਿੱਤ ‘ਚ ਹੋਵੇ। ਕੇਂਦਰੀ ਮੰਤਰੀ ਦੇ ਅਹੁਦੇ ‘ਤੇ ਪਹੁੰਚੇ ਮਰਹੂਮ ਸੁਨੀਤ ਦੱਤ, ਵਿਨੋਦ ਖੰਨਾ ਅਤੇ ਸ਼ਤਰੂਘਨ ਸਿਨਹਾ ਕਦੇ ਵੀ ਕੋਈ ਮੁੱਦਾ ਨਹੀਂ ਉਠਾ ਸਕੇ। ਇਥੋਂ ਤੱਕ ਕਿ ਇਹ ਮਨੋਰੰਜਨ ਟੈਕਸ, ਪਾਇਰੇਸੀ ਅਤੇ ਫ਼ਿਲਮਾਂ ‘ਚ ਵਰਤੇ ਜਾਣ ਵਾਲੇ ਉਪਕਰਨਾਂ ਦੇ ਟੈਕਸਾਂ ਦਾ ਮੁੱਦਾ ਵੀ ਨਹੀਂ ਉਭਾਰ ਸਕੇ, ਜਦੋਂ ਕਿ ਫ਼ਿਲਮ ਇੰਡਸਟਰੀ ਨੂੰ ਆਸਾਂ ਸਨ ਕਿ ਉਨ•ਾਂ ਦੇ ਇਹ ਸਾਥੀ ਕਲਾਕਾਰ ਉਨ•ਾਂ ਦੇ ਕਿੱਤੇ ਸਬੰਧੀ ਕੋਈ ਭਲਾ ਜ਼ਰੂਰ ਕਰਨਗੇ। ਐਮਜੀ ਰਾਮਚੰਦਨ, ਜੈ ਲਲਿਤਾ ਤੇ ਰਾਮਾਰਾਵ ਵਰਗੇ ਅਦਾਕਾਰ ਤਾਂ ਮੁੱਖ ਮੰਤਰੀ ਵੀ ਬਣੇ, ਪਰ ਉਹ ਇਸ ਅਹੁਦੇ ਹੁੰਦੇ ਹੋਏ ਵੀ ਆਪਣੀ ਇੰਡਸਟਰੀ ਦਾ ਕੁਝ ਨਹੀਂ ਸਵਾਰ ਸਕੇ। ਪੰਜਾਬ ਵਿਧਾਨ ਸਭਾ ‘ਚ ਪੁੱਜੇ ਗਾਇਕ ਮੁਹੰਮਦ ਸਦੀਕ ਵੀ ਅਜੇ ਤੱਕ ਆਪਣੇ ਸਾਥੀ ਗਾਇਕਾਂ ਦੀ ਕੋਈ ਸਮੱਸਿਆ ਨਹੀਂ ਉਠਾ ਸਕੇ। ਦਰਅਸਲ ਬਹੁਤੇ ਅਦਾਕਾਰ ਤਾਂ ਸਿਆਸਤ ‘ਚ ਕਠਪੁਤਲੀ ਵਾਂਗ ਹੀ ਰਹੇ ਹਨ, ਪਾਰਟੀਆਂ ਉਨ•ਾਂ ਦਾ ਇਸਤੇਮਾਲ ਸਿਰਫ ਭੀੜ ਇੱਕਠੀ ਕਰਨ ਲਈ ਹੀ ਕਰਦੀ ਰਹੀ ਹੈ/ ਆ ਰਹੀ ਹੈ। ਬਹੁਤ ਸਾਰੇ ਅਦਾਕਾਰਾਂ ਨੇ ਤਾਂ ਸਿਆਸਤ ਨੂੰ ਗੰਭੀਰਤਾ ਨਾਲ ਲਿਆ ਹੀ ਨਹੀਂ ਹੈ। ਉਨ•ਾਂ ਲਈ ਸਿਆਸਤ ਵੀ ਮਹਿਜ਼ ਫ਼ਿਲਮੀ ਹੀ ਹੈ। ਬਹੁਤ ਘੱਟ ਅਜਿਹੀਆਂ ਉਦਾਹਰਣਾਂ ਹਨ ਜਦੋਂ ਅਭਿਨੇਤਾ ਤੋਂ ਨੇਤਾ ਬਣੇ ਇਹ ਕਲਾਕਾਰ ਲੋਕ ਮੁੱਦਿਆਂ ‘ਤੇ ਬੋਲੇ ਹੋਣ। ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਕੋਈ ਬੀੜਾ ਚੁੱਕਿਆ ਹੋਵੇ। ਪਾਰਟੀ ਵੱਲੋਂ ਤਿਆਰ ਕੀਤਾ ਗਿਆ ਭਾਸ਼ਣ ਸਟੇਜ ਤੋਂ ਬੋਲਣਾ ਬੜਾ ਅਸਾਨ ਕਾਰਜ ਹੈ ਪਰ ਉਸ ਭਾਸ਼ਣ ਦੀ ਗਹਿਰਾਈ ‘ਚ ਜਾ ਕੇ ਦੇਸ਼, ਲੋਕਾਂ ਦੀਆਂ ਸਮੱਸਿਆਵਾਂ ‘ਤੇ ਵਿਚਾਰ ਕਰਕੇ ਉਨ•ਾਂ ਦਾ ਹੱਲ ਲੱਭਣਾ ‘ਵਿਤਰੈਣੀ’ ਪਾਰ ਕਰਨ ਦੇ ਬਰਾਬਰ ਹੈ। ਆਪਣੀ ਮਕਬੂਲੀਅਤ ਦਾ ਸਹਾਰਾ ਲੈ ਕੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣਾਂ ਗੰਦਲੀ ਸਿਆਸਤ ਦਾ ਹੀ ਮੋਹਰਾ ਹੈ। ਫ਼ਿਲਮ ‘ਚ ਸੱਚਾਈ ਤੋਂ ਦੂਰ ਰਹਿ ਕੇ ਕਲਪਨਾ ਦੀਆਂ ਉਡਾਰੀਆਂ ਲਾਉਣ ਵਾਲੇ ਅਦਾਕਾਰਾਂ ਨੂੰ ਸਿਆਸਤ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ। ਆਪਣੀ ਮਕਬੂਲੀਅਤ ਜ਼ਰੀਏ ਸਿਆਸੀ ਪੰਡਾਲਾਂ ‘ਚ ਇੱਕਠ ਕਰ ਲੈਣ ਤੱਕ ਮਹਿਦੂਦ ਰਹਿਣ ਵਾਲੇ ਸਾਡੇ ਅਦਾਕਾਰਾਂ ਦਾ ਇਕਲਾਖੀ ਫ਼ਰਜ਼ ਬਣਦਾ ਹੈ ਕਿ ਉਹ ਲੋਕਾਂ ਦੀ ‘ਭੀੜ’ ਨੂੰ ਨਹੀਂ ਬਲਕਿ ਉਨ•ਾਂ ਦੀ ‘ਪੀੜ’ ਨੂੰ ਪਛਾਨਣ।
ਭੀੜ ਜਟਾਉਣ ਖ਼ਾਤਰ…
ਦੇਸ਼ ਦੀਆਂ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਮਸ਼ਹੂਰ ਅਦਾਕਾਰਾਂ ਤੇ ਗਾਇਕਾਂ ਨੂੰ ਸਿਰਫ ਭੀੜ ਇੱਕਠੀ ਕਰਨ ਦੀ ‘ਮਸ਼ੀਨ’ ਹੀ ਸਮਝਦੀਆਂ ਹਨ। ਇਸ ਤੋਂ ਵੱਧ ਉਨ•ਾਂ ਦੀਆਂ ਨਜ਼ਰਾਂ ‘ਚ ਕਲਾਕਾਰਾਂ ਦੀ ਕੋਈ ਬਹੁਤੀ ਮਹੱਤਤਾ ਨਹੀਂ ਹੈ। ਚੋਣਾਂ ਦੌਰਾਨ ਅਜਿਹੇ ਕਲਾਕਾਰਾਂ ਦੀ ਰੱਜ ਕੇ ਵਰਤੋਂ ਕੀਤੀ ਜਾਂਦੀ ਹੈ। ਕਲਾਕਾਰ ਵੀ ਆਪਣੀ ਮਕਬੂਲੀਅਤ ਦਾ ਖ਼ੂਬ ਫ਼ਾਇਦਾ ਉਠਾਉਂਦੇ ਹਨ ਅਤੇ ਪ੍ਰਸ਼ੰਸਕਾਂ ਨੂੰ ਸਮੱਰਥਕਾਂ ‘ਚ ਬਦਲਣ ਲਈ ਫ਼ਿਲਮੀ ਨੁਕਤੇ ਹੀ ਵਰਤਦੇ ਹਨ। ਡਰੀਮ ਗਰਲ ਹੇਮਾ ਮਾਲਿਨੀ ਅਕਸਰ ਸਿਆਸੀ ਸਟੇਜਾਂ ਤੋਂ ਆਪਣੀ ਚਰਚਿਤ ਫ਼ਿਲਮ ਸ਼ੋਅਲੇ ਦੇ ਡਾਇਲਾਗ ਦੁਹਰਾਉਂਦੀ ਸੁਣੀ ਜਾਂਦੀ ਹੈ ਕਿ ” ਅਬ ਆਪ ਕਿ ਬਸੰਤੀ ਕਿ ਇੱਜ਼ਤ ਕਾ ਸੁਆਲ ਹੈ, ਆਈਏ ਆਗੇ ਬੜੀਏ ਔਰ……… ਕੋ ਵੋਟ ਡਾਲੀਏ ”। ਬਹੁਤੀਆਂ ਸਿਆਸੀ ਰੈਲੀਆਂ ‘ਚ ਜ਼ਿਆਦਾਤਰ ਲੋਕ ਭਗਵੰਤ ਮਾਨ ਨੇ ਜੁਮਲੇ ਸੁਣਨ ਹੀ ਆਉਂਦੇ ਹਨ। ਵਿਰੋਧੀ ਧਿਰਾਂ ਵੀ ਇਹਨਾਂ ਕਲਾਕਾਰਾਂ ਨੂੰ ਉਹਨਾਂ ਨੇ ਟੋਟਕਿਆਂ ਜ਼ਰੀਏ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਈ ਦਫ਼ਾ ਭਗਵੰਤ ਮਾਨ ਨੂੰ ਭੰਡ ਕਹਿ ਕੇ ਭੰਡਿਆ ਹੈ।
Sapan Manchanda, 95016 33900


