in

ਹੁਣ ਦਰਸ਼ਕ ਮੇਰੀਆਂ ਫ਼ਿਲਮਾਂ ਦੇਖਣੀਆਂ ਚਾਹੁੰਦੇ ਹਨ : ਤਾਪਸੀ ਪੰਨੂ

ਵਕਤ ਬਹੁਤ ਬਲਵਾਨ ਹੁੰਦਾ ਹੈ। ਦੱਖਣ ਭਾਰਤ ਦੀ ਸਫ਼ਲ ਅਤੇ ਰਾਸ਼ਟਰੀ ਪੁਰਸਕਾਰਾਂ ਸਮੇਤ ਕਈ ਪੁਰਸਕਾਰਾਂ ਨਾਲ ਸਨਮਾਨਤ ਕਈ ਫ਼ਿਲਮਾਂ ਕਰ ਚੁੱਕੀ ਮੂਲ ਰੂਪ ਵਿੱਚ ਪੰਜਾਬਣ ਤਾਪਸੀ ਪੰਨੂੰ ਦੀ ਹਿੰਦੀ ਵਿੱਚ ‘ਚਸ਼ਮੇਬਦਦੂਰ’ ਅਤੇ ‘ਬੇਬੀ’ ਵਰਗੀਆਂ ਫ਼ਿਲਮਾਂ ਪ੍ਰਦਰਸ਼ਿਤ ਹੋ ਚੁੱਕੀਆਂ ਸਨ, ਪਰ ਬੌਲੀਵੁੱਡ ਦੇ ਫ਼ਿਲਮਸਾਜ਼ ਉਸ ਦੀ ਅਭਿਨੈ ਸਮਰੱਥਾ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਸਨ। ਤਾਪਸੀ ਪੰਨੂੰ ਨੂੰ ਆਪਣੀ ਫ਼ਿਲਮ ‘ਰਨਿੰਗ ਸ਼ਾਦੀ ਡੌਟ ਕੌਮ’ ’ਤੇ ਕਾਫ਼ੀ ਭਰੋਸਾ ਸੀ, ਪਰ ‘ਬੇਬੀ’ ਤੋਂ ਪਹਿਲਾਂ ਬਣ ਚੁੱਕੀ ਇਹ ਫ਼ਿਲਮ ਰਿਲੀਜ਼ ਨਹੀਂ ਹੋ ਸਕੀ, ਜਦੋਂ ਕਿ ‘ਰਨਿੰਗ ਸ਼ਾਦੀ ਡੌਟ ਕੌਮ’ ਨੂੰ ਦੇਖ ਕੇ ਤਾਪਸੀ ਦੇ ਅਭਿਨੈ ਤੋਂ ਪ੍ਰਭਾਵਿਤ ਹੋ ਕੇ ਹੀ ਸ਼ੁਜੀਤ ਸਰਕਾਰ ਨੇ ਉਸ ਨੂੰ ਫ਼ਿਲਮ ‘ਪਿੰਕ’ ਵਿੱਚ ਅਭਿਨੈ ਕਰਨ ਦਾ ਮੌਕਾ ਦਿੱਤਾ ਅਤੇ ਇਸ ਫ਼ਿਲਮ ਦੇ ਨਾਲ ਹੀ ਤਾਪਸੀ ਪੰਨੂੰ ਹਿੰਦੀ ਫ਼ਿਲਮਾਂ ਵਿੱਚ ਵੀ ਸਟਾਰ ਬਣ ਗਈ। ਤਾਪਸੀ ਨੂੰ ‘ਰਨਿੰਗ ਸ਼ਾਦੀ ਡੌਟ ਕੌਮ’ ’ਤੇ ਸ਼ੁਰੂ ਤੋਂ ਹੀ ਇੰਨਾ ਭਰੋਸਾ ਰਿਹਾ ਹੈ ਕਿ ਉਸ ਇਸ ਫ਼ਿਲਮ ਦੇ ਪ੍ਰਦਰਸ਼ਿਤ ਨਾ ਹੋਣ ਤੋਂ ਪ੍ਰੇਸ਼ਾਨ ਹੋ ਕੇ ਮਾਯੂਸ ਹੋ ਗਈ ਸੀ। ਹੁਣ ਉਹ ਕਾਫ਼ੀ ਖੁਸ਼ ਹੈ ਕਿ ਉਸ ਦੀ ਇਹ ਫ਼ਿਲਮ ਤਿੰਨ ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਅੰਸ਼:
 ਹੁਣ ਤੁਹਾਡਾ ਕਰੀਅਰ ਕਿਸ ਦਿਸ਼ਾ ਵੱਲ ਜਾ ਰਿਹਾ ਹੈ?
-ਸੱਚ ਕਹਾਂ ਤਾਂ ਮੈਂ ਬਹੁਤ ਖੁਸ਼ ਹਾਂ ਕਿ ਹੁਣ ਮੈਨੂੰ ਕੁਝ ਚੰਗਾ ਜਾਂ ਬਿਹਤਰੀਨ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ‘ਪਿੰਕ’ ਤੋਂ ਪਹਿਲਾਂ ਮੈਨੂੰ ਚੰਗੀਆਂ ਹਿੰਦੀ ਫ਼ਿਲਮਾਂ ਨਹੀਂ ਮਿਲ ਰਹੀਆਂ ਸਨ ਕਿਉਂਕਿ ਇਸ ਤੋਂ ਪਹਿਲਾਂ ਹਿੰਦੀ ਫ਼ਿਲਮਸਾਜ਼ਾਂ ਨੇ ਮੇਰਾ ਕੰਮ ਨਹੀਂ ਦੇਖਿਆ ਸੀ, ਉਹ ਮੇਰੀ ਪ੍ਰਤਿਭਾ ਤੋਂ ਵਾਕਿਫ਼ ਨਹੀਂ ਸਨ। ਮੈਂ ਦੱਖਣ ਵਿੱਚ ਵੀਹ ਫ਼ਿਲਮਾਂ ਕਰ ਚੁੱਕੀ ਸੀ, ਪਰ ਹਿੰਦੀ ਫ਼ਿਲਮ ਉਦਯੋਗ ਲਈ ਤਾਂ ਨਵੀਂ ਸੀ। ਬੌਲੀਵੁੱਡ ਵਿੱਚ ਗੈਰ ਫ਼ਿਲਮੀ ਸੀ, ਮੇਰਾ ਆਪਣਾ ਕੋਈ ਗੌਡ ਫਾਦਰ ਨਹੀਂ ਸੀ, ਪਰ ‘ਪਿੰਕ’ ਨੇ ਸਾਰੀਆਂ ਸਥਿਤੀਆਂ ਬਦਲ ਦਿੱਤੀਆਂ।
 ਫ਼ਿਲਮ ‘ਪਿੰਕ’ ਦੇ ਪ੍ਰਦਰਸ਼ਨ ਤੋਂ ਬਾਅਦ ਤੁਹਾਡੀ ਨਿੱਜੀ ਜ਼ਿੰਦਗੀ ਅਤੇ ਕਰੀਅਰ ਵਿੱਚ ਕੀ ਤਬਦੀਲੀ ਆਈ?
-ਜ਼ਿੰਦਗੀ ਵਿੱਚ ਕੋਈ ਤਬਦੀਲੀ ਨਹੀਂ ਆਈ। ਕਰੀਅਰ ਵਿੱਚ ਇਹ ਤਬਦੀਲੀ ਆਈ ਕਿ ਹੁਣ ਲੋਕ ਮੈਨੂੰ ਗੰਭੀਰਤਾ ਨਾਲ ਲੈਣ ਲੱਗੇ ਹਨ। ਹੁਣ ਉਹ ਕਹਿੰਦੇ ਹਨ ਕਿ ਮੈਨੂੰ ਅਭਿਨੈ ਆਉਂਦਾ ਹੈ, ਜਦੋਂਕਿ ਮੈਂ ਪਹਿਲਾਂ ਵੀ ਇਸ ਤਰ੍ਹਾਂ ਹੀ ਹਰ ਫ਼ਿਲਮ ਵਿੱਚ ਆਪਣੀ ਤਰਫ਼ ਤੋਂ ਦੋ ਸੌ ਫ਼ੀਸਦੀ ਦਿੰਦੀ ਸੀ, ਪਰ ਉਦੋਂ ਲੋਕ ਮੇਰੇ ’ਤੇ ਧਿਆਨ ਨਹੀਂ ਦਿੰਦੇ ਸੀ। ਹੁਣ ਹਰ ਕੋਈ ਮੇਰੇ ਕੰਮ ’ਤੇ ਜ਼ਿਆਦਾ ਹੀ ਧਿਆਨ ਦੇਣ ਲੱਗਿਆ ਹੈ।
 ਫ਼ਿਲਮ ‘ਬੇਬੀ’ ਨੂੰ ਅਕਸ਼ੈ ਕੁਮਾਰ ਦੀ ਫ਼ਿਲਮ ਕਿਹਾ ਗਿਆ, ਮਤਲਬ ਸਾਡੇ ਇੱਥੇ ਹੀਰੋਇਨ ਦੀ ਬਜਾਏ ਫ਼ਿਲਮ ਦਾ ਸਿਹਰਾ ਹੀਰੋ ਹੀ ਕਿਉਂ ਲੈ ਜਾਂਦੇ ਹਨ?
-ਜਿੱਥੋਂ ਤਕ ਫ਼ਿਲਮ ‘ਬੇਬੀ’ ਦਾ ਸੁਆਲ ਹੈ ਤਾਂ ਤੁਲਨਾਤਮਕ ਦ੍ਰਿਸ਼ਟੀਕੋਣ ਨਾਲ ਅਕਸ਼ੈ ਕੁਮਾਰ ਮੇਰੇ ਤੋਂ ਕਈ ਗੁਣਾ ਵੱਡੇ ਸਟਾਰ ਕਲਾਕਾਰ ਹਨ। ਉਂਜ ਵੀ ਬੌਲੀਵੁੱਡ ਮਰਦ ਪ੍ਰਧਾਨ ਹੈ। ਫ਼ਿਲਮ ‘ਬੇਬੀ’ ਦਾ ਵਿਸ਼ਾ ਵੀ ਮਰਦ ਪ੍ਰਧਾਨ ਹੀ ਸੀ। ਭਾਵ ਹੀਰੋ ਦੁਆਲੇ ਹੀ ਇਸ ਫ਼ਿਲਮ ਦੀ ਕਹਾਣੀ ਘੁੰਮਦੀ ਸੀ। ਇਸ ਦੇ ਨਾਲ ਹੀ ਫ਼ਿਲਮ ਵਿੱਚ ਮੇਰਾ ਕਿਰਦਾਰ ਵੀ ਸੀਮਿਤ ਹੀ ਸੀ। ਮੇਰੀ ਭੂਮਿਕਾ ਸਿਰਫ਼ ਵੀਹ ਮਿੰਟ ਦੀ ਸੀ ਤਾਂ ਮੈਨੂੰ ਲੋਕ ਨਾਇਕਾ ਵਜੋਂ ਤਵੱਜੋ ਕਿਉਂ ਦਿੰਦੇ।
ਹੁਣ ਤੁਸੀਂ ਖੁਸ਼ ਹੋਵੋਗੇ ਕਿ ਤੁਹਾਡੇ ਸਟਾਰ ਬਣਨ ਮਗਰੋਂ ਫ਼ਿਲਮ ‘ਰਨਿੰਗ ਸ਼ਾਦੀ ਡੌਟ ਕੌਮ’ ਰਿਲੀਜ਼ ਹੋਣ ਜਾ ਰਹੀ ਹੈ ਭਾਵੇਂ ਇਸ ਦੀ ਰਿਲੀਜ਼ ਵਿੱਚ ਡੇਢ ਦੋ ਸਾਲ ਦੀ ਦੇਰ ਹੀ ਕਿਉਂ ਨਹੀਂ ਹੋ ਗਈ ?
-ਮੈਂ ਤਾਂ ਸਿਰਫ਼ ਇੰਨਾ ਜਾਣਦੀ ਹਾਂ ਕਿ ਹਰ ਫ਼ਿਲਮ ਦੀ ਆਪਣੀ ਕਿਸਮਤ ਹੁੰਦੀ ਹੈ। 2012 ਵਿੱਚ ਮੈਂ ਇਹ ਫ਼ਿਲਮ ਇੱਕ ਨਵੇਂ ਕਲਾਕਾਰ ਵਜੋਂ ਸਾਈਨ ਕੀਤੀ ਸੀ। ‘ਬੇਬੀ’ ਵੇਲੇ ਇਹ ਫ਼ਿਲਮ ਤਿਆਰ ਹੋ ਚੁੱਕੀ ਸੀ। ਅਸੀਂ ਬਹੁਤ ਮਿਹਨਤ ਕੀਤੀ ਸੀ, ਪਰ ਇਸ ਦੀ ਰਿਲੀਜ਼ ਕਿਸੇ ਨਾ ਕਿਸੇ ਕਾਰਨ ਅੱਗੇ ਪੈਂਦੀ ਗਈ। ਮੇਰੇ ਲਈ ਇਹ ਬਹੁਤ ਨਿਰਾਸ਼ਾਜਨਕ ਸੀ। ਇਸ ਫ਼ਿਲਮ ਨੂੰ ਲੈ ਕੇ ਮੈਨੂੰ ਭਰੋਸਾ ਸੀ। ਅੱਜ ਫ਼ਿਲਮ ‘ਪਿੰਕ’ ਕਾਰਨ ਲੋਕ ਮੇਰੀ ਅਦਾਕਾਰੀ ਦੀ ਤਾਰੀਫ਼ ਕਰ ਰਹੇ ਹਨ, ਪਰ ਮੈਨੂੰ ਇਹ ਫ਼ਿਲਮ ‘ਰਨਿੰਗ ਸ਼ਾਦੀ  ਡੌਟ ਕੌਮ’ ਵਿੱਚ ਮੇਰੇ ਕੰਮ ਤੋਂ ਪ੍ਰਭਾਵਿਤ ਹੋ ਕੇ ਮਿਲੀ ਸੀ। ਤੁਸੀਂ ਇਸੇ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਫ਼ਿਲਮ ਕਿੰਨੀ ਪ੍ਰਭਾਵਸ਼ਾਲੀ ਹੋਏਗੀ। ਦਰਅਸਲ, ਫ਼ਿਲਮ ‘ਪਿੰਕ’ ਮਗਰੋਂ ਫ਼ਿਲਮ ਵਾਲਿਆਂ ਦਾ ਮੇਰੇ ਪ੍ਰਤੀ ਵਿਵਹਾਰ ਬਦਲ ਚੁੱਕਿਆ ਹੈ। ਹੁਣ ਉਹ ਮੇਰੀ ਫ਼ਿਲਮ ਦੇਖਣਾ ਚਾਹੁੰਦੇ ਹਨ, ਹੁਣ ਉਹ ਮੇਰੀ ਗੱਲ ਸੁਣਨਾ ਚਾਹੁੰਦੇ ਹਨ। ਇਸ ਦਾ ਫਾਇਦਾ ‘ਰਨਿੰਗ ਸ਼ਾਦੀ ਡੌਟ ਕੌਮ’ ਨੂੰ ਹੋਏਗਾ।
 ‘ਰਨਿੰਗ ਸ਼ਾਦੀ ਡੌਟ ਕੌਮ’ ਹੈ ਕੀ?
-ਉਂਜ ਤਾਂ ਇਹ ਰੁਮਾਂਟਿਕ ਕਾਮੇਡੀ ਫ਼ਿਲਮ ਹੈ, ਪਰ ਇਹ ਅਸਲੀਅਤ ਦੇ ਬਹੁਤ ਕਰੀਬ ਹੈ। ਅਜਿਹੀ ਪ੍ਰੇਮ ਕਹਾਣੀ ਵਾਲੀ ਹਾਲੇ ਤਕ ਕੋਈ ਫ਼ਿਲਮ ਨਹੀਂ ਆਈ। ਇਹ ਫ਼ਿਲਮ ਤਾਜ਼ਗੀ ਦਾ ਅਹਿਸਾਸ ਕਰਾਏਗੀ। ਲੋਕ ਹਜ਼ਾਰਾਂ ਸਾਲ ਪਹਿਲਾਂ ਵੀ ਭੱਜ ਕੇ ਵਿਆਹ ਕਰਦੇ ਸਨ, ਅੱਜ ਵੀ ਕਰਦੇ ਹਨ। ਇਸ ਉੱਤੇ ਕਈ ਫ਼ਿਲਮਾਂ ਬਣ ਚੁੱਕੀਆਂ ਹਨ, ਪਰ ਸਾਡੀ ਫ਼ਿਲਮ ਇੱਕ ਵੈੱਬਸਾਈਟ ’ਤੇ ਹੈ ਜੋ ਜੋੜਿਆਂ ਨੂੰ ਘਰੋਂ ਭਜਾਉਣ, ਉਨ੍ਹਾਂ ਦਾ ਵਿਆਹ ਕਰਾਉਣ, ਉਨ੍ਹਾਂ ਨੂੰ ਮਾਪਿਆਂ ਤੋਂ ਉੰਨਾ ਚਿਰ ਲੁਕਾ ਕੇ ਰੱਖਣ ਦਾ ਕੰਮ ਕਰਦੀ ਹੈ ਜਿੰਨਾ ਚਿਰ ਮਾਪੇ ਆਪਣੇ ਬੱਚਿਆਂ ਦੇ ਵਿਆਹ ਨੂੰ ਸਵੀਕਾਰ ਨਾ ਕਰ ਲੈਣ। ਇਹ ਵੈੱਬਸਾਈਟ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਮਨਮਰਜ਼ੀ ਨਾਲ ਵਿਆਹ ਲਈ ਮਨਾਉਣ ਤਕ ਦਾ ਸਾਰਾ ਕੰਮ ਕਰਦੀ ਹੈ। ਫ਼ਿਲਮ ‘ਰਨਿੰਗ ਸ਼ਾਦੀ ਡੌਟ ਕੌਮ’ ਦਾ ਕਿਰਦਾਰ ਮੇਰੇ ਦਿਲ ਦੇ ਕਾਫ਼ੀ ਕਰੀਬ ਹੈ। ਮੈਂ ਵੀ ਅਸਲ ਜ਼ਿੰਦਗੀ ਵਿੱਚ ਪੰਜਾਬਣ ਹਾਂ ਅਤੇ ਇਹ ਭੂਮਿਕਾ ਵੀ ਸਰਦਾਰਨੀ ਦੀ ਹੈ। ਇਸ ਭੂਮਿਕਾ ਨੂੰ ਨਿਭਾਉਣ ਲਈ ਮੈਂ ਆਪਣੀ ਨਿੱਜੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਗੱਲਾਂ ਇਸ ਵਿੱਚ ਪਾਈਆਂ ਹਨ। ਹੁਣ ਕਿਉਂਕਿ ਇੰਟਰਨੈੱਟ ਹਰਮਨਪਿਆਰਾ ਹੋ ਗਿਆ ਹੈ। ਲੋਕਾਂ ਦੇ ਹੱਥਾਂ ਵਿੱਚ ਸਮਾਰਟ ਫੋਨ ਆ ਗਏ ਹਨ, ਇਸ ਲਈ ਭਜਾ ਕੇ ਵਿਆਹ ਕਰਾਉਣ ਵਾਲੀ ਵੈੱਬਸਾਈਟ ਦਾ ਵਿਚਾਰ ਵਿਲੱਖਣ ਹੈ। ਇਸ ਵਿੱਚ ਵੀ ਇੱਕ ਪ੍ਰੇਮ ਕਹਾਣੀ ਹੈ, ਪਰ ਆਮ ਪ੍ਰੇਮ ਕਹਾਣੀਆਂ ਨਾਲੋਂ ਵੱਖਰੀ ਹੈ। ਇਸ ਪ੍ਰੇਮ ਕਹਾਣੀ ਨਾਲ ਇਸ ਵੈੱਬਸਾਈਟ ਦਾ ਕੀ ਹੁੰਦਾ ਹੈ, ਇਹ ਵੀ ਇੱਕ ਵੱਖਰਾ ਪਹਿਲੂ ਹੈ।
 ਫ਼ਿਲਮ ‘ਰਨਿੰਗ ਸ਼ਾਦੀ ਡੌਟ ਕੌਮ’ ਦੌਰਾਨ ਕੀ ਤੁਹਾਨੂੰ ਆਪਣੀ ਨਿੱਜੀ ਜ਼ਿੰਦਗੀ ਦੀ ਕੋਈ ਘਟਨਾ ਯਾਦ ਆਈ?
-ਨਿੰਮੀ ਅਤੇ ਉਸ ਦੇ ਪਿਤਾ ਦਰਮਿਆਨ ਸਾਰੇ ਦ੍ਰਿਸ਼ਾਂ ਦੌਰਾਨ ਮੈਨੂੰ ਨਿੱਜੀ ਜ਼ਿੰਦਗੀ ਯਾਦ ਆਈ। ਮੈਂ ਆਪਣੇ ਪਿਤਾ ਤੋਂ ਹੁਣ ਵੀ ਬਹੁਤ ਡਰਦੀ ਹਾਂ। ਮੇਰੇ ਲਈ ਉਹ ਹਊਆ ਹਨ। ਮੈਂ ਘਰ ਵਿੱਚ ਭਿੱਜੀ ਬਿੱਲੀ ਬਣੀ ਰਹਿੰਦੀ ਹਾਂ, ਪਰ ਘਰ ਤੋਂ ਬਾਹਰ ਸ਼ੇਰਨੀ ਬਣ ਜਾਂਦੀ ਹੈ। ਨਿੰਮੀ ਦਾ ਕਿਰਦਾਰ ਵੀ ਅਜਿਹਾ ਹੀ ਹੈ।


 ਤੁਸੀਂ ਨਿੰਮੀ ਦੇ ਕਿਰਦਾਰ ਨੂੰ ਕਿਸ ਤਰ੍ਹਾਂ ਪਰਿਭਾਸ਼ਿਤ ਕਰੋਗੇ?
-ਨਿੰਮੀ ਸਰਦਾਰਨੀ ਹੈ, ਪਰ ਇਹ ਨਹੀਂ ਸੋਚਿਆ ਜਾ ਸਕਦਾ ਕਿ ਉਹ ਕਿਸ ਵੇਲੇ ਕੀ ਕਰ ਦੇਵੇ। ਨਿੰਮੀ ਨੂੰ ਆਪ ਵੀ ਇਹ ਨਹੀਂ ਪਤਾ ਕਿ ਉਹ ਅਗਲੇ ਪਲ ਕੀ ਕਰੇਗੀ। ਉਸ ਦੀ ਇੱਕ ਹਰਕਤ ਨਾਲ ਉਸਦੇ ਆਲੇ ਦੁਆਲੇ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਭੁਚਾਲ ਆ ਜਾਂਦਾ ਹੈ। ਉਹ ਕੰਮ ਪਹਿਲਾਂ ਕਰਦੀ ਹੈ ਤੇ ਸੋਚਦੀ ਮਗਰੋਂ ਹੈ। ਉਹ ਆਪਣੇ ਭੋਲੇਪਣ ਵਿੱਚ ਹਰਕਤ ਕਰ ਜਾਂਦੀ ਹੈ, ਪਰ ਲੋਕਾਂ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਇਸ ਦੇ ਬਾਵਜੂਦ ਉਸ ਨੂੰ ਕੋਈ ਬੁਰਾ ਨਹੀਂ ਕਹੇਗਾ।
 ਕੀ ਇਹ ਫ਼ਿਲਮ ਲੋਕਾਂ ਨੂੰ ਘਰ ਤੋਂ ਭੱਜਣ ਦੀ ਪ੍ਰੇਰਨਾ ਦੇਵੇਗੀ?
-ਬਿਲਕੁਲ ਨਹੀਂ, ਇਹ ਫ਼ਿਲਮ ਦੇਖ ਕੇ ਲੋਕ ਸੋਚਣਗੇ ਕਿ ਇਹ ਤਾਂ ਬਿਜਨਸ ਦਾ ਚੰਗਾ ਵਿਚਾਰ ਹੈ। ਫ਼ਿਲਮ ਦੇ ਪ੍ਰਦਰਸ਼ਨ ਤੋਂ ਬਾਅਦ ਜੇਕਰ ਅਜਿਹੀਆਂ ਵੈੱਬਸਾਈਟਾਂ ਸ਼ੁਰੂ ਹੋ ਗਈਆਂ ਤਾਂ ਮੈਨੂੰ ਹੈਰਾਨੀ ਨਹੀਂ ਹੋਏਗੀ। ਇਹ ਬਹੁਤ ਵਧੀਆ ਆਈਡਿਆ ਹੋਏਗਾ, ਜਿਸ ’ਤੇ ਲੋਕ ਆਪਣੀ ਵੈੱਬਸਾਈਟ ਬਣਾ ਸਕਦੇ ਹਨ।
 ਤੁਹਾਡੀਆਂ ਆਉਣ ਵਾਲੀਆਂ ਫ਼ਿਲਮਾਂ ਕਿਹੜੀਆਂ ਹਨ?
-ਤਿੰਨ ਫਰਵਰੀ ਨੂੰ ‘ਰਨਿੰਗ ਸ਼ਾਦੀ ਡੌਟ ਕੌਮ’, ਦਸ ਫਰਵਰੀ ਨੂੰ ‘ਗਾਜ਼ੀ ਦਿ ਅਟੈਕ’,ਤਿੰਨ ਮਾਰਚ ਨੂੰ ‘ਨਾਮ ਸ਼ਬਾਨਾ’ ਅਤੇ ਫਿਰ ਸਤੰਬਰ ਵਿੱਚ ‘ਜੁੜਵਾ 2’। ਸ਼ਾਇਦ ਉਸ ਤੋਂ ਪਹਿਲਾਂ ਹੀ ਮੇਰੀ ਇੱਕ ਹੋਰ ਫ਼ਿਲਮ ਰਿਲੀਜ਼ ਹੋ ਜਾਵੇ ਜਿਸ ਦਾ ਮੈਂ ਹਾਲੇ ਜ਼ਿਕਰ ਨਹੀਂ ਕਰ ਸਕਦੀ।
 ਤੁਸੀਂ ‘ਗਾਜ਼ੀ ਦਿ ਅਟੈਕ’ ਵਿੱਚ ਛੋਟੀ ਜਿਹੀ ਭੂਮਿਕਾ ਕਿਉਂ ਸਵੀਕਾਰ ਕਰ ਲਈ?
-ਉਂਜ ਤਾਂ ਮੈਂ ਸਾਰੀਆਂ ਹੀ ਵੱਖ ਵੱਖ ਕਿਸਮ ਦੀਆਂ ਫ਼ਿਲਮਾਂ ਵਿੱਚ ਕੰਮ ਕਰ ਰਹੀ ਹਾਂ, ਪਰ ਇਹ ਵੱਖਰੇ  ਵਿਸ਼ੇ ’ਤੇ ਆਧਾਰਿਤ ਬਹੁਤ ਵੱਡੇ ਬਜਟ ਵਾਲੀ ਫ਼ਿਲਮ ਹੈ। ਇਹ ਸਾਡੇ ਮੁਲਕ ਦੀ ਪਹਿਲੀ ਫ਼ਿਲਮ ਹੈ ਜਿਸ ਦੀ ਸ਼ੂਟਿੰਗ ਪਾਣੀ ਦੇ ਅੰਦਰ ਕੀਤੀ ਗਈ ਹੈ। ਅਜਿਹੀ ਫ਼ਿਲਮ ਦਾ ਹਿੱਸਾ ਬਣਨਾ ਮੇਰੇ ਲਈ ਮਾਣ ਵਾਲੀ ਗੱਲ ਹੈ। 1971 ਵਿੱਚ ਭਾਰਤ-ਪਾਕਿਸਤਾਨ ਯੁੱਧ ਦੌਰਾਨ ਵਿਸ਼ਾਖਾਪਟਨਮ ਨੇੜੇ ਪਾਕਿਸਤਾਨੀ ਸਮੁੰਦਰੀ ਜਹਾਜ਼ ‘ਪੀਐੱਨਐੱਸ ਗਾਜ਼ੀ’ ਡੁੱਬਿਆ ਸੀ। ਉਸ ਵਕਤ ਭਾਰਤੀ ਜਲ ਸੈਨਾ ਅਤੇ ਇਸ ਜਹਾਜ਼ ਉੱਤੇ ਸਵਾਰ ਪਾਕਿਸਤਾਨੀਆਂ ਨਾਲ ਜੋ ਵਾਪਰਿਆ ਸੀ, ਉਸ ਦਾ ਸੱਚ ਕਿਸੇ ਨੂੰ ਨਹੀਂ ਪਤਾ ਕਿਉਂਕਿ ਇਸ ਮਸਲੇ ਨਾਲ ਜੁੜੀਆਂ ਸਾਰੀਆਂ ਫਾਇਲਾਂ ਗੁਪਤ ਹਨ, ਉਸ ਸਮੁੰਦਰੀ ਜਹਾਜ਼ ਦੀ ਅਣਕਹੀ ਕਹਾਣੀ ਨੂੰ ਇਸ ਫ਼ਿਲਮ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਵਿੱਚ ਮੈਂ ਬੰਗਲਾਦੇਸ਼ੀ ਸ਼ਰਨਾਰਥੀ ਦਾ ਕਿਰਦਾਰ ਨਿਭਾ ਰਹੀ ਹਾਂ, ਜਿਸ ’ਤੇ ਕਾਫ਼ੀ ਜ਼ੁਲਮ ਹੋ  ਚੁੱਕੇ ਹਨ। ਇਸ ਕਿਰਦਾਰ ਲਈ ਮੈਂ ਪਤਲੀ ਦਿਸਣਾ ਸੀ, ਇਸ ਲਈ ਮੈਂ ਬਹੁਤ ਮਿਹਨਤ ਕੀਤੀ। ਇਸ ਫ਼ਿਲਮ ਵਿੱਚ ਰਾਣਾ ਦੱਗੂਬਤੀ ਨੇ ਮੇਰੇ ਨਾਲ ਕੰਮ ਕੀਤਾ ਹੈ ਜੋ ਨੇਵੀ ਅਫ਼ਸਰ ਬਣੇ ਹਨ।.

ਸ਼ਾਂਤੀ ਸਵਰੂਪ ਤ੍ਰਿਪਾਠੀ

Leave a Reply

Your email address will not be published. Required fields are marked *

ਯੁਵਰਾਜ ਹੰਸ ਨੇ ਮਾਡਲ ਤੇ ਅਦਾਕਾਰਾ ਮਾਨਸੀ ਸ਼ਰਮਾ ਨਾਲ ਕਰਵਾਈ ਮੰਗਣੀ 

ਪੰਜਾਬੀ ਸਿਨਮਾ ਨੂੰ ਮਿਲਿਆ ਨਵਾਂ ਹੀਰੋ ਅਮਨ ਸਿੰਘ ਦੀਪ