‘ਅਰਦਾਸ’ ਫ਼ਿਲਮ ਨਾਲ ਫ਼ਿਲਮ ਨਿਰਦੇਸ਼ਕ ਵਜੋਂ ਨਾਮਣਾ ਖੱਟਣ ਵਾਲਾ ਪੰਜਾਬੀ ਫ਼ਿਲਮਾਂ ਦਾ ਸਟਾਰ ਅਦਾਕਾਰ ਗਿੱਪੀ ਗਰੇਵਾਲ ਨਿਰਦੇਸ਼ਕ ਸਮੀਪ ਕੰਗ ਦੀਆਂ ਦੋ ਫ਼ਿਲਮਾਂ ‘ਚ ਟੈਕਸੀ ਅਤੇ ਟੈਂਪੂ ਚਾਲਕ ਵਜੋਂ ਨਜ਼ਰ ਆਵੇਗਾ। ਇਹਨਾਂ ‘ਚ ਇਕ ਫ਼ਿਲਮ ਦਾ ਨਾਂ ਹੈ ‘ਲੌਕ’ ਅਤੇ ਦੂਜੀ ਫ਼ਿਲਮ ਦੇ ਨਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ। ‘ਲੌਕ’ ਵਿੱਚ ਗਿੱਪੀ ਗਰੇਵਾਲ ਮੁਹਾਲੀ ਦੀਆਂ ਸੜਕਾਂ ‘ਤੇ ਟੈਂਪੂ ਚਲਾਉਂਦਾ ਨਜ਼ਰ ਆਵੇਗਾ। ਇਸ ਫ਼ਿਲਮ ਦਾ ਨਿਰਦੇਸ਼ਕ ਸਮੀਪ ਕੰਗ ਹੈ। ਉਸੇ ਨੇ ਹੀ ਫ਼ਿਲਮ ‘ਚ ਮੁੱਖ ਭੂਮਿਕਾ ਵੀ ਅਦਾ ਕੀਤੀ ਹੈ। ਇਹ ਫ਼ਿਲਮ ਇਕ ਰਾਤ ਦੀ ਕਹਾਣੀ ਹੈ। ਸਮੀਪ ਦੀ ਦੂਜੀ ਫ਼ਿਲਮ ਦੀ ਸ਼ੂਟਿੰਗ ਫਿਜ਼ੀ ‘ਚ ਕੀਤੀ ਗਈ ਹੈ। ਇਸ ਦਾ ਅਜੇ ਨਾਂ ਨਹੀਂ ਰੱਖਿਆ ਗਿਆ। ਇਸ ਫ਼ਿਲਮ ‘ਚ ਗਿੱਪੀ ਇਕ ਟੈਕਸੀ ਡਰਾਈਵਰ ਹੈ, ਜਿਸ ਨਾਲ ਘਰੋਂ ਭੱਜ ਕੇ ਆਪਣੇ ਪ੍ਰੇਮੀ ਨੂੰ ਮਿਲਣ ਜਾ ਰਹੀ ਫ਼ਿਲਮ ਦੀ ਹੀਰੋਇਨ ਨੂੰ ਪਿਆਰ ਹੋ ਜਾਂਦਾ ਹੈ। ਫ਼ਿਲਮ ਦੀ ਸੁਮੱਚੀ ਸ਼ੂਟਿੰਗ ਫਿਜ਼ੀ ‘ਚ ਕੀਤੀ ਗਈ ਹੈ।


