in

ਕੌਮੀ ਖਿਡਾਰਨ ਸੀ, ਪਰ ਕਿਸਮਤ ਨੇ ਹੀਰੋਇਨ ਬਣਾ ਦਿੱਤਾ: ਪ੍ਰਾਚੀ ਤਹਿਲਨ

ਪੰਜਾਬੀ ਸਿਨੇਮੇ ‘ਚ ਪਿਛਲੇ ਕੁਝ ਸਮੇਂ ਤੋਂ ਹੀਰੋਇਨਾਂ ਦੀ ਘਾਟ ਰੜਕ ਰਹੀ ਸੀ, ਪਰ ਹੁਣ ਇਹ ਘਾਟ ਹੌਲੀ ਹੌਲੀ ਪੂਰੀ ਹੋਣ ਲੱਗੀ ਹੈ। ਪੰਜਾਬੀ ਸਿਨੇਮੇ ਨਾਲ ਕਈ ਖੂਬਸੂਰਤ ਮੁਟਿਆਰਾਂ ਜੁੜਨ ਲੱਗੀਆਂ ਹਨ। ਇਸ ਸਾਲ ਰਿਲੀਜ਼ ਹੋਣ ਜਾ ਰਹੀਆਂ ਜ਼ਿਆਦਾਤਰ ਫ਼ਿਲਮਾਂ ‘ਚ ਦਰਸ਼ਕ ਨਵੀਆਂ ਹੀਰੋਇਨਾਂ ਨੂੰ ਹੀ ਦੇਖਣਗੇ। ਇਹਨਾਂ ਨਵੇਂ ਚਿਹਰਿਆਂ ‘ਚੋਂ ਹੀ ਹੈ ਪ੍ਰਾਚੀ ਤਹਿਲਨ।  ਉੱਚੀ |ਮੀ ਇਹ ਖੂਬਸੂਰਤ ਮੁਟਿਆਰ ਪੰਜਾਬੀ ਫ਼ਿਲਮ ‘ਅਰਜੁਣ’ ਤੋਂ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰ ਰਹੀ ਹੈ। ਇਹ ਫ਼ਿਲਮ 5 ਮਈ ਨੂੰ ਰਿਲੀਜ਼ ਹੋ ਰਹੀ ਹੈ। ਭਾਰਤੀ ਨੈਟਬਾਲ ਟੀਮ ਦੀ ਕੈਪਟਨ ਰਹਿ ਚੁੱਕੀ ਪ੍ਰਾਚੀ ਦੇਸ਼ ਦੀ ਨਾਮੀਂ ਖਿਡਾਰ ਹੋਣ ਦੇ ਨਾਲ ਨਾਲ ਕਮਾਲ ਦੀ ਅਦਾਕਾਰਾ ਵੀ ਹੈ। ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਹੀਰੋਇਨ ਬਣੇਗੀ, ਨਾ ਹੀ ਉਸ ਨੂੰ ਅਦਾਕਾਰੀ ਜਾਂ ਗਲੈਮਰ ਦਾ ਕੋਈ ਸ਼ੌਕ ਸੀ। ਇਕ ਖਿਡਾਰੀ ਵਜੋਂ ਉਸ ਦੀ ਮਕਬੂਲੀਅਤ ਨੇ ਉਸ ਨੂੰ ਇਸ ਖ਼ੇਤਰ ‘ਚ ਲੈ ਆਂਦਾ। ਬਹੁਚਰਚਿਤ ਟੀਵੀ ਸੀਰੀਅਲ ‘ਦੀਆ ਔਰ ਬਾਤੀ ਹਮ’ ਨਾਲ ਟੈਲੀਵਿਜ਼ਨ ਜਗਤ ਦਾ ਨਾਮੀਂ ਚਿਹਰਾ ਬਣੀ 5 ਫੁੱਟ 11 ਇੰਚ ਦੀ ਇਸ ਐਕਟਰਸ ਨਾਲ ਅਸੀਂ ਕੁਝ ਗੱਲਾਂ ਕੀਤੀਆਂ। ਪੇਸ਼ ਹੈ ਇਸ ਗੱਲਬਾਤ ਦਾ ਸੰਖੇਪ :
ਸਪੋਰਟਸਮੈਨ ਤੋਂ ਐਕਟਰ ਬਣਨ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ? 
—ਇਹ ਸਭ ਕੁਝ ਅਚਾਨਕ ਹੋਇਆ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੀ ਜ਼ਿੰਦਗੀ ‘ਚ ਇਸ ਤਰ੍ਹਾਂ ਬਦਲਾਅ ਆਵੇਗਾ ਕਿ ਲੋਕ ਮੈਨੂੰ ਫ਼ਿਲਮ ਸਕਰੀਨ ‘ਤੇ ਦੇਖਣਗੇ। ਬਚਪਨ ਤੋਂ ਹੀ ਮੇਰਾ ਧਿਆਨ ਸਿਰਫ਼ ਖੇਡਾਂ ਵੱਲ ਰਿਹਾ ਹੈ। 13 ਸਾਲ ਦੀ ਉਮਰ ‘ਚ ਮੈਂ ਗਰਾਉਂਡ ਜਾਣ ਲੱਗੀ ਸੀ। ਬਾਸਕਟਬਾਲ ਤੇ ਨੈਟਬਾਲ ਹੀ ਮੇਰੀ ਜ਼ਿੰਦਗੀ ਸੀ। 10 ਸਾਲ ਮੈਂ ਬਾਸਕਟਬਾਲ ਦੀ ਖਿਡਾਰ ਰਹੀ। ਚਾਰ ਸਾਲ ਮੈਂ ਇੰਡੀਆ ਟੀਮ ਲਈ ਨੈਟਬਾਲ ਖੇਡੀ। ਸਾਲ 2010 ‘ਚ ਕਾਮਨਵੈਲ ਖੇਡਾਂ ‘ਚ ਮੇਰੀ ਕਪਤਾਨੀ ਹੇਠ ਹੀ ਭਾਰਤੀ ਨੈਟਬਾਲ ਟੀਮ ਨੇ ਹਿੱਸਾ ਲਿਆ ਸੀ। ਸਾਲ 2011 ‘ਚ ਹੋਈ ਸਾਊਥ ਏਸ਼ੀਅਨ ਖੇਡਾਂ ‘ਚ ਵੀ ਮੇਰੀ ਕਪਤਾਨੀ ਹੇਠ ਹੀ ਭਾਰਤੀ ਨੈਟਬਾਲ ਟੀਮ ਨੇ ਤਮਗਾ ਜਿੱਤਿਆ ਸੀ। ਉਸ ਵੇਲੇ ਕੋਈ ਨਹੀਂ ਸੋਚ ਸਕਦਾ ਸੀ ਕਿ ਦਿੱਲੀ ਦੀ ਇਹ ਖਿਡਾਰ ਕੁੜੀ ਇਕ ਦਿਨ ਹੀਰੋਇਨ ਬਣੇਗੀ। ਮੈਂ ਆਪਣੀ ਜ਼ਿੰਦਗੀ ‘ਚ ਵਿਅਸਥ ਸੀ। ਇਕ ਦਿਨ ਸਟਾਰ ਪਲੱਸ ਟੀਵੀ ਚੈਨਲ ਤੋਂ ਸੀਰੀਅਲ ‘ਦੀਆ ਔਰ ਬਾਤੀ ਹਮ’ ਦੀ ਕਲਾਤਮਿਕ ਨਿਰਦੇਸ਼ਕ ਸ਼ਵੇਤਾ ਬਿਸਨੋਈ ਦਾ ਫ਼ੋਨ ਆਇਆ। ਉਹਨਾਂ ਫ਼ੇਸਬੁਕ ‘ਤੇ ਮੇਰੀਆਂ ਤਸਵੀਰਾਂ ਦੇਖੀਆਂ ਸਨ। ਉਹਨਾਂ ਮੈਨੂੰ ਇਹ ਸੀਰੀਅਲ ਕਰਨ ਦੀ ਆਫ਼ਰ ਦਿੱਤੀ।  ਮੈਨੂੰ ਸਮਝ ਨਾ ਆਵੇ ਕਿ ਮੈਂ ਕੀ ਕਰਾਂ। ਕਦੇ ਸੋਚਿਆ ਹੀ ਨਹੀਂ ਸੀ ਇਸ ਬਾਰੇ। ਫਿਰ ਮੈਂ ਆਪਣੇ ਕੁਝ ਦੋਸਤਾਂ ਅਤੇ ਫ਼ੈਮਿਲੀ ਨੂੰ ਇਸ ਆਫ਼ਰ ਬਾਰੇ ਦੱਸਿਆ।  ਉਹਨਾਂ ਮੈਨੂੰ ਇਕ ਵਾਰ ਟਰਾਈ ਕਰਨ ਲਈ ਕਿਹਾ। ਸੱਚ ਦੱਸਾਂ ਤਾਂ ਮੈਨੂੰ ਇਸ ਸ਼ੋਅ ਬਾਰੇ ਕੁਝ ਵੀ ਨਹੀਂ ਪਤਾ ਸੀ।  ਦੋਸਤਾਂ ਦੇ ਕਹਿਣ ‘ਤੇ ਵੀ ਮੈਂ ਵਾਪਸ ਸ਼ਵੇਤਾ ਜੀ ਨੂੰ ਫ਼ੋਨ ਕੀਤਾ। ਉਹਨਾਂ ਮੈਨੂੰ ਸੀਰੀਅਲ ‘ਚ ‘ਆਰਜੂ’  ਕਿਰਦਾਰ ਦਿੱਤਾ। ਬਸ, ਇਸ ਤਰ੍ਹਾਂ ਹੋ ਗਈ ਸ਼ੁਰੂਆਤ।
ਜਦੋਂ ਪਹਿਲੀ ਵਾਰ ਟੀਵੀ ਸਕਰੀਨ ‘ਤੇ ਨਜ਼ਰ ਆਏ ਪਰਿਵਾਰ ਦੀ ਕੀ ਪ੍ਰਤੀਕਿਰਿਆ ਸੀ। ਐਕਟਿੰਗ ਕਰਨਾ ਕਿੰਨਾ ਕੁ ਮੁਸ਼ਕਲ ਰਿਹਾ? 
—ਸਭ ਖੁਸ਼ ਸਨ ਤੇ ਥੋੜੇ ਹੈਰਾਨ ਵੀ। ਦੋਸਤ, ਰਿਸ਼ਤੇਦਾਰ, ਗੁਆਂਢੀ ਸਭ ਦੇ ਫ਼ੋਨ ਆ ਰਹੇ ਸਨ।  ਹਰ ਕੋਈ ਇਹੀ ਪੁੱਛ ਰਿਹਾ ਸੀ ਕਿ ਅਚਾਨਕ ਐਕਟਰ ਬਣਨ ਦਾ ਕਿਵੇਂ ਸ਼ੌਕ ਜਾਗ ਪਿਆ। ਐਕਟਿੰਗ ਕਰਨੀ ਸ਼ੁਰੂ ‘ਚ ਜ਼ਰੂਰ ਮੁਸ਼ਕਲ ਲੱਗੀ ਸੀ। ਕੈਮਰੇ ਨੂੰ ਸਮਝਣ ‘ਚ ਟਾਈਮ ਤਾਂ ਲੱਗਦਾ ਹੀ ਹੈ  ਪਰ ਫ਼ਿਰ ਕੋਈ ਮੁਸ਼ਕਲ ਨਹੀਂ ਆਈ। ਸਭ ਕੁਝ ਆਮ ਹੋ ਗਿਆ।
ਤੁਹਾਡੀ ਪਹਿਲੀ ਫ਼ਿਲਮ ਆ ਰਹੀ ਹੈ ‘ਅਰਜੁਣ’। ਇਹ ਵੀ ਅਚਾਨਕ ਹੀ ਮਿਲੀ ਜਾਂ ਇਸ ਲਈ ਮਿਹਨਤ ਕਰਨੀ ਪਈ? 
—ਮੇਰੀ ਕਿਸਮਤ ਮੈਨੂੰ ਇਸ ਪਾਸੇ ਲੈ ਕੇ ਆਈ ਹੈ। ਸੋ ਸਭ ਕੁਝ ਕਿਸਮਤ ਤੇ ਮਿਹਨਤ ਨਾਲ ਹੀ ਹੋ ਰਿਹਾ ਹੈ।  ਟੀਵੀ ਸੀਰੀਅਨ ਕਰਨ ਦੌਰਾਨ ਮੇਰੀ ਦਿਲਚਸਪੀ ਫ਼ਿਲਮਾਂ ਵੱਲ ਹੋਣ ਲੱਗੀ। ਦਿੱਲੀ ਰਹਿੰਦਿਆਂ ਪੰਜਾਬੀ ਫ਼ਿਲਮਾਂ ਦੇਖਦੀ ਸੀ। ਪੰਜਾਬੀ ਸਿਨੇਮੇ ਨਾਲ ਜੁੜਨ ਦੀ ਇੱਛਾ ਹੋਈ। ਕਿਸੇ ਦੋਸਤ ਦੀ ਮੱਦਦ ਨਾਲ ਕੁਝ ਡਾਇਰੈਕਟਸ ਨੂੰ ਆਪਣੀਆਂ ਫ਼ੋਟੋਗ੍ਰਾਫ਼ ਭੇਜੀਆਂ। ਨਿਰਦੇਸ਼ਕ ਮਨਦੀਪ ਜੀ ਆਪਣੀ ਇਸ ਫ਼ਿਲਮ ਲਈ ਕਾਸਟਿੰਗ ਕਰ ਰਹੇ ਸਨ। ਉਹਨਾਂ ਮੇਰੀਆਂ ਫ਼ੋਟੋਆਂ ਦੇਖਣ ਤੋਂ ਬਾਅਦ ਮਿਲਣ ਲਈ ਕਿਹਾ। ਜਦੋਂ ਮੈਂ ਉਹਨਾਂ ਮਿਲੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੈਂ ਜਿਸ ਤਰੀਕੇ ਦੀ ਹੀਰੋਇਨ ਲਭ ਰਿਹਾ ਸੀ ਉਹ ਤੂੰ ਹੀ ਹੈ।  ਜਦੋਂ ਫ਼ਿਲਮ ਸ਼ੁਰੂ ਹੋਈ ਤਾਂ ਪਤਾ ਲੱਗਿਆ ਕਿ ਇਸ ਫ਼ਿਲਮ ਦਾ ਨਿਰਮਾਤਾ ਦਿੱਲੀ ‘ਚ ਮੇਰੇ ਗੁਆਂਢੀ ਹੀ ਹਨ। ਹੁਣ ਫ਼ਿਲਮ ਦੀ ਟੀਮ ਮੇਰੇ ਪਰਿਵਾਰ ਵਾਂਗ ਹੈ।


ਤੁਹਾਡਾ ਕਿਸ ਤਰੀਕੇ ਦਾ ਕਿਰਦਾਰ ਹੈ, ਫ਼ਿਲਮ ਦਾ ਵਿਸ਼ਾ ਕੀ ਹੈ ? 
—ਮੈਂ ਇਸ ‘ਚ ਨਿੰਮੀ ਨਾਂ ਦੀ ਕੁੜੀ ਦਾ ਕਿਰਦਾਰ ਨਿਭਾਇਆ ਹੈ, ਜੋ ਵਿਦੇਸ਼ ਤੋਂ ਪੰਜਾਬ ਆਉਂਦੀ ਹੈ।  ਨਿੰਮੀ ਪੂਰੀ ਤਰ੍ਹਾਂ ਮਾਡਰਨ ਕੁੜੀ ਹੈ। ਪੰਜਾਬ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ, ਪਰ ਕਿਸੇ ਮਜਬੂਰੀ ਤਹਿਤ ਉਸ ਨੂੰ ਪੰਜਾਬ ਆਉਂਣਾ ਪੈਂਦਾ ਹੈ। ਆਪਣੀ ਮਾਸੀ ਕੋਲ ਰਹਿ ਰਹੀ ਨਿੰਮੀ ਦੀ ਮੁਲਾਕਾਤ ਫ਼ਿਲਮ ਦੇ ਨਾਇਕ ਅਰਜੁਣ ਨਾਲ ਹਿੰਦੀ ਹੈ। ਉਹ ਅਰਜੁਣ ਨੂੰ ਆਪਣਾ ਜੀਵਨ ਸਾਥੀ ਚੁਣਦੀ ਹੈ ਅਤੇ ਵਾਪਸ ਆਪਣੇ ਦੇਸ਼ ਲੈ ਜਾਂਦੀ ਹੈ। ਆਪਣੇ ਪਰਿਵਾਰ ਦੇ ਖ਼ਿਲਾਫ਼ ਲਏ ਉਸ ਦੇ ਇਸ ਫ਼ੈਸਲੇ ਨਾਲ ਉਸ ਦੀ ਜ਼ਿੰਦਗੀ ‘ਚ ਹਿਲਜੁਲ ਹੁੰਦੀ ਹੈ, ਜੋ ਦਰਸ਼ਕਾਂ ਨੂੰ ਆਖਰੀ ਪਲ ਤੱਕ ਫ਼ਿਲਮ ਨਾਲ ਜੋੜੀ ਰੱਖੇਗੀ। ਇਹ ਫ਼ਿਲਮ ਪਰਿਵਾਰਕ ਡਰਾਮਾ ਤੇ ਰੁਮਾਂਟਿਕ ਲਵ ਸਟੋਰੀ ਹੈ।
ਤੁਹਾਡੀ ਪਹਿਲੀ ਪੰਜਾਬੀ ਫ਼ਿਲਮ ਸੀ। ਸਭ ਕੁਝ ਨਵਾਂ ਸੀ, ਪੰਜਾਬੀ ਬੋਲਣ ਤੇ ਟੀਮ ਨਾਲ ਅਡਜਸਟ ਕਰਨ ‘ਚ ਮੁਸ਼ਕਲਾਂ ਤਾਂ ਆਈਆਂ ਹੋਣਗੀਆਂ? 
—ਫ਼ਿਲਮ ਦੀ ਟੀਮ ਨਾਲ ਅਡਜਸਟ ਕਰਨ ‘ਚ ਬਿਲਕੁਲ ਵੀ ਕੋਈ ਸਮੱਸਿਆ ਨਹੀਂ ਆਈ। ਫ਼ਿਲਮ ਤੋਂ ਪਹਿਲਾਂ ਡਾਇਰੈਕਟਰ ਮਨਦੀਪ ਜੀ ਨਾਲ ਕਈ ਮੁਲਾਕਾਤ ਹੋ ਚੁੱਕੀਆਂ ਸਨ। ਉਹ ਬਹੁਤ ਹੀ ਹੰਬਲ ਇਨਸਾਨ ਹਨ। ਫ਼ਿਲਮ ਦਾ ਹੀਰੋ ਰਸ਼ਨ ਪ੍ਰਿੰਸ ਤੇ ਬਾਕੀ ਟੀਮ ਨੇ ਕਦੇ ਮੈਨੂੰ ਨਵੀਂ ਹੋਣ ਦਾ ਅਹਿਸਾਸ ਨਹੀਂ ਹੋਣ ਦਿੱਤਾ। ਰਹੀ ਗੱਲ ਪੰਜਾਬੀ ਦੀ, ਇਸ ‘ਚ ਕੋਈ ਬਹੁਤੀ ਦਿੱਕਤ ਨਹੀਂ ਆਈ। ਦਿੱਲੀ ਦੀ ਹੋਣ ਕਾਰਨ ਪੰਜਾਬੀ ਬੋਲਣਾ ਮੇਰਲਈ ਮੁਸ਼ਕਲ ਨਹੀਂ ਹੈ। ਪਰ, ਫ਼ਿਲਮ ਲਈ ਮੈਂ ਜ਼ਰੂਰ ਉਚੇਚੇ ਤੌਰ ‘ਤੇ ਮਿਹਨਤ ਕੀਤੀ ਹੈ।
ਹੁਣ ਪੰਜਾਬੀ ਫ਼ਿਲਮਾਂ ਕਰਨੀਆਂ ਹਨ ਜਾਂ ਫਿਰ ਜ਼ਿਆਦਾ ਧਿਆਨ ਮੁੰਬਈ ਹੀ ਰਹੇਗਾ?
—ਫ਼ਿਲਹਾਲ ਤਾਂ ਪੰਜਾਬੀ ਇੰਡਸਟਰੀ ਨਾਲ ਹੀ ਕੰਮ ਕਰਨਾ ਹੈ। ਛੇਤੀ ਹੀ ਮੇਰੀ ਇਕ ਹੋਰ ਪੰਜਾਬੀ ਫ਼ਿਲਮ ‘ਹਾਰਡ ਕੌਰ’ ਦੀ ਸ਼ੂਟਿੰਗ ਸ਼ੁਰੂ ਹੋ ਰਹੀ। ਨਿਰਦੇਸ਼ਕ ਅਜੀਤ ਰਾਮਪਾਲ ਦੀ ਇ ਫ਼ਿਲਮ ਪੰਜ ਕੁੜੀਆਂ ਦੀ ਕਹਾਣੀ ਹੈ। ਮੈਂ ਇਸ ‘ਚ ਸੀਰਤ ਨਾਂ ਦੀ ਕੁੜੀ ਦਾ ਮੁੱਖ ਕਿਰਦਾਰ ਅਦਾ ਕਰ ਰਹੀ ਹਾਂ। ਇਸ ਫ਼ਿਲਮ ਦੀ ਸ਼ੂਟਿੰਗ ਪਟਿਆਲਾ ਦੇ ਆਸ ਪਾਸ ਹੋਵੇਗੀ। ਇਹ ਫ਼ਿਲਮ ਪੰਜਾਬੀ ਸਿਨੇਮੇ ਨੂੰ ਅਰਥ ਭਰਪੂਰ ਸਿਨੇਮੇ ਨਾਲ ਜੋੜੇਗੀ।
ਤੁਹਾਡੀ ਹੁਣ ਸ਼ੁਰੂਆਤ ਹੋਈ ਹੈ, ਲਾਜ਼ਮੀ ਹੈ ਤੁਸੀਂ ਥੋੜਾ ਸਮਾਂ ਵਿਆਹ ਤੋਂ ਦੂਰ ਰਹੋਗ? 
—ਪਰਿਵਾਰ ਵਾਲੇ ਕਈ ਮਹੀਨਿਆਂ ਤੋਂ ਲੜਕਾ ਲੱਭ ਰਹੇ ਸੀ। ਪਰ ਮੇਰੀ ਹਾਈਟ ਕਰਨ ਕੋਈ ਮੈਚਏਬਲ ਮਿਲ ਹੀ ਨਹੀਂ ਰਿਹਾ ਸੀ। ਹੁਣ ਮੈਂ ਫ਼ਿਲਮਾਂ ‘ਚ ਆ ਗਈ ਸੀ, ਸੋ ਹੁਣ ਮੈਂ ਸਭ ਨੂੰ ਕਹਿ ਦਿੱਤਾ ਕਿ ਮੈਨੂੰ ਤਿੰਨ, ਚਾਰ ਸਾਲ । ਜੇ ਉਸ ਵੇਲੇ ਮੁੰਡਾ ਲਭ ਜਾਂਦਾ ਤਾਂ ਹੁਣ ਨੂੰ ਮੇਰਾ ਪੱਕਾ ਵਿਆਹ ਹੋਇਆ ਹੋਣਾ ਸੀ। ਵੈਸੇ ਮੈਂ ਅਜੇ 24 ਸਾਲਾਂ ਦੀ ਹਾਂ।

Quicktalk
ਨਾਂ   : ਪ੍ਰਾਚੀ ਤਹਿਲਨ
ਉਮਰ   : 24 ਸਾਲ
ਜਨਮ   : ਦਿੱਲੀ
ਪੜ੍ਹਾਈ   : ਐਮਬੀਏ (ਐਚ. ਆਰ. ਤੇ ਮਾਰਕੀਟਿੰਗ)
ਮਕਬੂਲੀਅਤ  : ਦੀਆ ਔਰ ਬਾਤੀ ਹਮ ੀ ਆਰਜੂ ਵਜੋਂ
ਭਵਿੱਖ ਦੇ ਪ੍ਰਾਜੈਟ  : ਅਰਜੁਣ, ਹਾਰਡ ਕੌਰ ਤੇ ਇਕ ਤਾਮਿਲ ਫ਼ਿਲਮ
ਸ਼ੌਕ   : ਸਪੋਰਟਸ, ਮਿਉਜ਼ਿਕ, ਟਰੈਵਲ ਤੇ ਬੁੱਕ ਰੀਡਿੰਗ
ਡ੍ਰੀਮ ਰੋਲ   : ਮਦਰ ਇੰਡੀਆ ਦੀ ਨਰਗਿਸ ਤੇ ਕਹਾਣੀ ਦੀ ਵਿੱਦਿਆ  ਬਾਲਨ ਵਾਲਾ ਕਿਰਦਾਰ ਕਰਨ ਦੀ ਇੱਛਾ ਹੈ।
ਪਸੰਦੀਦਾ ਫ਼ਿਲਮ  : ਚੱਕ ਦੇ ਇੰਡੀਆ, ਥ੍ਰੀ ਇੰਡੀਅਟ, ਦੰਗਲ, ਕੁਇਨ ਤੇ ਕਹਾਣੀ
ਐਕਟਰ   : ਸਲਮਾਨ ਖ਼ਾਨ, ਸ਼ਾਹਰੁਖ ਖਾਨ, ਸੰਜੇ ਦੱਤ ਤੇ ਰਣਬੀਰ ਕਪੂਰ ਐਕਟਰਸ ਵਿਦਿਆ ਬਾਲਨ
ਡਾਇਰੈਕਟਰ  : ਜੋਇਆ ਅਖ਼ਤਰ, ਰਾਜੂ ਹਿਰਾਨੀ ਤੇ ਇਮਿਤਆਜ਼ ਅਲੀ
‘ਫ਼ਾਈਵਵੁੱਡ ਟੀਮ’

Leave a Reply

Your email address will not be published. Required fields are marked *

‘ ਜੱਜ ਸਿੰਘ ਐਲ ਐਲ ਬੀ’ ਫ਼ਿਲਮ ਦਾ ਮਾਮਲਾ,  ਕੰਪਨੀ ਦੇ ਮਾਲਕ ਅਧਿਕਾਰੀਆਂ ਨੂੰ ਨਹੀਂ ਮਿਲੀ ਜ਼ਮਾਨਤ

ਮੇਰੀਆਂ ਫ਼ਿਲਮਾਂ ਮੇਰੀ ਪਹਿਚਾਣ ਬਣਨਗੀਆਂ : ਮਨਦੀਪ ਸਿੰਘ