ਮਿਊਜ਼ਿਕ ਤੇ ਫ਼ਿਲਮ ਨਿਰਮਾਣ ਨਾਲ ਜੁੜੀ ਕਰਨਾਲ ਦੀ ਕੰਪਨੀ ਯੂਨੀਸਿਸ ਦੇ ਮਾਲਕ ਅਧਿਕਾਰੀ ਸੁਮਿਤ ਮਨਚੰਦਾ ਅਤੇ ਅਲਪਿਤ ਭਾਟੀਆ ਨੂੰ ਮੁਹਾਲੀ ਅਦਾਲਤ ਨੇ ਮੁੜ ਜੇਲ• ਭੇਜ ਦਿੱਤਾ ਹੈ। ਸ਼ੁੱਕਰਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਸੀ। ਅਦਾਲਤ ਨੇ ਜ਼ਮਾਨਤ ਸਬੰਧੀ ਕੋਈ ਸੁਣਵਾਈ ਨਹੀਂ ਕੀਤੀ। ਸ਼ਿਕਾਇਤਕਰਤਾ ਧਿਰ ਦੇ ਵਕੀਲ ਵੱਲੋਂ ਕਥਿਤ ਮੁਲਜ਼ਮਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਹੈ, ਜਿਸ ‘ਤੇ ਸੋਮਵਾਰ ਨੂੰ ਸੁਣਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਤੇ ਅਦਾਕਾਰ ਰਵਿੰਦਰ ਗਰੇਵਾਲ ਅਤੇ ਫ਼ਿਲਮ ਨਿਰਦੇਸ਼ਕ ਅਥਰਵ ਬਲੂਜਾ ਦੀ ਸਾਲ 2015 ‘ਚ ਪੰਜਾਬੀ ਫ਼ਿਲਮ ‘ਜੱਜ ਸਿੰਘ ਐਲਐਲਬੀ’ ਆਈ ਸੀ। ਇਸ ਫ਼ਿਲਮ ਨੂੰ ਉਕਤ ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ ਸੀ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਕੰਪਨੀ ਆਪਣੇ ਵਾਅਦੇ ‘ਤੇ ਖਰਾ ਨਹੀਂ ਉੱਤਰੀ, ਜਿਸ ਕਾਰਨ ਫ਼ਿਲਮ ਨੂੰ ਵੱਡਾ ਵਿੱਤੀ ਨੁਕਸਾਨ ਹੋਇਆ ਹੈ। ਫ਼ਿਲਮ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਵੀ ਕੰਪਨੀ ਨੇ ਚੁੱਕੀ ਸੀ, ਜਿਸ ‘ਚ ਉਹ ਬੁਰੀ ਤਰ•ਾਂ ਫ਼ੇਲ ਹੋ ਗਈ। ਨਤੀਜਣ ਫ਼ਿਲਮ ਸਹੀ ਰੂਪ ‘ਚ ਦਰਸ਼ਕਾਂ ਤੱਕ ਪਹੁੰਚ ਹੀ ਨਹੀਂ ਰਹੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਉਕਤ ਕੰਪਨੀ ਨੇ ਸਿੱਧੇ ਤੌਰ ‘ਤੇ ਉਹਨਾਂ ਨਾਲ ਠੱਗੀ ਮਾਰੀ ਹੈ। ਇਸ ਸਬੰਧੀ ਉਹਨਾਂ ਵੱਲੋਂ ਕੰਪਨੀ ਦੇ ਤਿੰਨ ਮਾਲਕ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ, ਜਿਨ•ਾਂ ‘ਚੋਂ ਸਿਮਰਜੀਤ ਸਿੰਘ ਅਜੇ ਫ਼ਰਾਰ ਹੈ।
ਦੋਸ਼ ਹੈ ਕਿ ਇਸ ਫ਼ਿਲਮ ਦੇ ਰਾਈਟਸ ਸਬੰਧੀ ਉਕਤ ਕੰਪਨੀ ਨਾਲ ਡੀਲ ਕੀਤੀ ਗਈ ਸੀ, ਜਿਸ ਤਹਿਤ ਕੰਪਨੀ ਨੇ ਫ਼ਿਲਮ ਦੇ ਮਿਊਜਿਕ ਰਾਈਟਸ, ਸੈਟੇਲਾਈਟ ਰਾਈਟਸ ਤੇ ਓਵਰਸਿਜ ਰਾਈਟਰ ਦੇ ਬਦਲੇ 70 ਲੱਖ ਰੁਪਏ ਦੀ ਅਦਾਇਗੀ ਕਰਨੀ ਸੀ। ਇਸ ਦੇ ਨਾਲ ਹੀ ਇਹ ਵੀ ਤੈਅ ਹੋਇਆ ਸੀ ਥੀਏਟਰਾਂ ‘ਚ ਫ਼ਿਲਮ ਦੀ ਕੁਲੈਕਸ਼ਨ ਦਾ 57 ਫ਼ੀਸਦੀ ਹਿੱਸਾ ਵੀ ਦਿੱਤਾ ਜਾਵੇਗਾ। ਦੋਸ਼ ਹੈ ਕਿ ਕੰਪਨੀ ਨੇ ਫ਼ਿਲਮ ਦੀ ਸੁਮੱਚੀ ਪਬਲੀਸਿਟੀ ਦੀ ਜ਼ਿੰਮੇਵਾਰੀ ਵੀ ਚੁੱਕੀ ਸੀ, ਜਿਸ ‘ਤੇ 60 ਲੱਖ ਰੁਪਏ ਖਰਚਣ ਦੀ ਗੱਲ ਕੀਤੀ ਗਈ ਸੀ। ਕੰੰਪਨੀ ਕਥਿਤ ਤੌਰ ‘ਤੇ ਕਿਸੇ ਵੀ ਗੱਲ ‘ਤੇ ਖ਼ਰੀ ਨਹੀਂ ਉਤਰੀ। ਸ਼ਿਕਾਇਤਕਰਤਾ ਮੁਤਾਬਕ ਕੰਪਨੀ ਨੇ ਗਲਤ ਤਰੀਕੇ ਨਾਲ ਫਰਜੀ ਖਰਚ ਦਿਖਾ ਕੇ ਉਹਨਾਂ ਨੂੰ ਧੋਖੇ ‘ਚ ਰੱਖਿਆ। ਇਹ ਵੀ ਦੋਸ਼ ਹੈ ਕਿ ਕੰਪਨੀ ਨੇ ਗਲਤ ਢੰਗ ਨਾਲ ਫ਼ਿਲਮ ਦੀ ਡੀਵੀਡੀ ਵੀ ਬਾਜ਼ਾਰ ‘ਚ ਉਤਾਰ ਦਿੱਤੀ ਹੈ।
ਦੱਸ ਦਈਏ ਕਿ ਇਹ ਫ਼ਿਲਮ 4 ਦਸੰਬਰ 2015 ਨੂੰ ਰਿਲੀਜ਼ ਹੋਈ ਸੀ। ਫ਼ਿਲਮ ਦੀ ਆਮ ਲੋਕਾਂ ਦੇ ਨਾਲ ਨਾਲ ਫ਼ਿਲਮ ਸਮੀਖਿਅਕਾਂ ਨੇ ਵੀ ਰੱਜ ਕੇ ਤਰੀਫ਼ ਕੀਤੀ ਸੀ। ਸੋਸ਼ਲ ਮੀਡੀਆ ‘ਤੇ ਫ਼ਿਲਮ ਨੂੰ ਭਰਵਾਂ ਹੰਗਾਰਾ ਮਿਲਿਆ ਸੀ। ਹੁਣ ਦੋਸ਼ ਹੈ ਕਿ ਫ਼ਿਲਮ ਨੂੰ ਸਚਾਰੂ ਢੰਗ ਨਾਲ ਸਿਨੇਮਾਘਰਾਂ ‘ਚ ਨਹੀਂ ਲਗਵਾਇਆ ਗਿਆ ਅਤੇ ਨਾ ਹੀ ਇਸ ਦੇ ਪ੍ਰਚਾਰ ਸਬੰਧੀ ਕੋਈ ਖਾਸ ਕੋਸ਼ਿਸ਼ਾਂ ਕੀਤੀਆਂ ਗਈਆਂ। ਨਤੀਜਣ ਫ਼ਿਲਮ ਉਸ ਪੱਧਰ ‘ਤੇ ਸਫ਼ਲਤਾ ਨਹੀਂ ਹਾਸਲ ਕਰ ਸਕੀ, ਜਿਸ ਦੀ ਉਹ ਹੱਕਦਾਰ ਸੀ। ਇਹ ਵੀ ਦੱਸ ਦਈਏ ਇਸ ਕਿਸਮ ਦੇ ਝਗੜੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ, ਪਰ ਇਹ ਆਪਣੀ ਕਿਸਮ ਦਾ ਪਹਿਲਾਂ ਮਾਮਲਾ ਹੈ ਜਦੋਂ ਫ਼ਿਲਮ ਦੀ ਟੀਮ ਨੇ ਆਪਣੇ ਨਾਲ ਹੋਈ ਕਥਿਤ ਬੇਇਨਸਾਫ਼ੀ ਨੂੰ ਲੈ ਕੇ ਕਾਨੂੰਨ ਦਾ ਸਹਾਰਾ ਲੈਂਦਿਆਂ ਕਿਸੇ ਕੰਪਨੀ ਦੇ ਮਾਲਕ ਅਧਿਕਾਰੀਆਂ ਨੂੰ ਜੇਲ• ਦਾ ਰਾਹ ਦਿਖਾਇਆ ਹੋਵੇ।
ਫ਼ਿਲਮੀ ਹਲਕਿਆਂ ‘ਚ ਇਸ ਮਾਮਲੇ ਦੀ ਪੂਰੀ ਚਰਚਾ ਹੈ। ਮੰਨਿਆ ਜਾ ਰਿਹਾ ਹੈ ਕਿ ਇਕ ਨਾਮੀਂ ਕੰਪਨੀ ‘ਤੇ ਲੱਗੇ ਦੋਸ਼ਾਂ ਅਤੇ ਕੰਪਨੀ ਦੇ ਮਾਲਕ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਾਇਦ ਹੋਰ ਕੰਪਨੀਆਂ ਅਤੇ ਫ਼ਿਲਮ ਦੇ ਵਿੱਤੀ ਮਾਲਕ ਫ਼ਿਲਮ ਸਬੰਧੀ ਕਿਸੇ ਕਿਸਮ ਦਾ ਐਗਰੀਮੈਂਟ ਕਰਨ ਤੋਂ ਪਹਿਲਾਂ ਹਰ ਨੁਕਤਾ ਜ਼ਰੂਰ ਵਿਚਾਰਣਗੇ।
ਇਹ ਵੀ ਜ਼ਿਕਰਯੋਗ ਹੈ ਕਿ ਫ਼ਿਲਮ ਦੀ ਪਹਿਲੀ ਕਾਪੀ ਤਿਆਰ ਹੋਣ ਤੋਂ ਬਾਅਦ ਉਸ ਦੀ ਸਫ਼ਲਤਾ ‘ਚ ਸਭ ਤੋਂ ਵੱਡਾ ਯੋਗਦਾਨ ਫ਼ਿਲਮ ਦੀ ਪ੍ਰੋਮੋਸ਼ਨ ਅਤੇ ਉਸ ਨੂੰ ਮਿਲਣ ਵਾਲੇ ਸ਼ੋਅਜ਼ ਨਿਭਾਉਂਦੇ ਹਨ। ਇਸ ਪੱਧਰ ‘ਤੇ ਆ ਕੇ ਕੀਤੀ ਗਈ ਕਿਸੇ ਕਿਸਮ ਦੀ ਕੁਤਾਹੀ ਫ਼ਿਲਮ ਨੂੰ ਵਿੱਤੀ ਸੱਟ ਮਾਰਦੀ ਹੈ।
in News
‘ ਜੱਜ ਸਿੰਘ ਐਲ ਐਲ ਬੀ’ ਫ਼ਿਲਮ ਦਾ ਮਾਮਲਾ, ਕੰਪਨੀ ਦੇ ਮਾਲਕ ਅਧਿਕਾਰੀਆਂ ਨੂੰ ਨਹੀਂ ਮਿਲੀ ਜ਼ਮਾਨਤ


