in

ਪੰਜਾਬੀ ਸਿਨੇਮੇ ਦਾ ਇਕ ਹੋਰ ਮਾਸਟਰਪੀਸ ‘ਲਹੌਰੀਏ’

ਪੰਜਾਬੀ ਫ਼ਿਲਮ ਇੰਡਸਟਰੀ ‘ਚ ਇਹ ਆਮ ਡਰ ਹੈ ਕਿ ਪੰਜਾਬੀ ਫ਼ਿਲਮ ਕਿੰਨੀ ਵੀ ਵਧੀਆ ਬਣੀ ਹੋਵੇ, ਜੇ ਬਰਾਬਰ ਹਿੰਦੀ ਦੀ ਵੱਡੀ ਫ਼ਿਲਮ ਰਿਲੀਜ਼ ਹੋਜੇ ਤਾਂ ਦਰਸ਼ਕ ਪੰਜਾਬੀ ਫ਼ਿਲਮ ਵੱਲ ਮੂੰਹ ਨਹੀਂ ਕਰਦੇ। ਬਿੱਲੀ ਅੱਗੇ ਕਬੂਤਰ ਵਾਲਾ ਇਹ ਡਰ ਵੱਡੇ ਵੱਡੇ ਫ਼ਿਲਮਸਾਜ਼ਾਂ ਤੇ ਕਲਾਕਾਰਾਂ ‘ਚ ਹੈ। ‘ਲਹੌਰੀਏ’ ਫ਼ਿਲਮ ਨੇ ਇਹ ਸਾਬਤ ਕਰ ਦਿੱਤਾ ਕਿ ਭਾਵੇ ਕਿਸੇ ਵੀ ਨਾਢੂ ਖਾਂ ਦੀ ਫ਼ਿਲਮ ਆਈ ਹੋਵੇ, ਜੇ ਦਰਸ਼ਕਾਂ ਨੂੰ ਉਹਨਾਂ ਦੀ ਭਾਸ਼ਾ ਦੀ ਫ਼ਿਲਮ, ਉਹਨਾਂ ਦੇ ਲਹਿਜੇ ‘ਚ ਦੇਵੋਗੇ ਤਾਂ ਮਜ਼ਾਲ ਹੈ ਪੰਜਾਬੀ ਦਰਸ਼ਕ ਕਿਸੇ ਹੋਰ ਫ਼ਿਲਮ ਵੱਲ ਮੂੰਹ ਕਰ ਜਾਣ । ਲਹੌਰੀਏ ਅਮਿਤਾਭ ਬੱਚਨ ਵਰਗੇ ਦਿੱਗਜ ਅਦਾਕਾਰ ਦੀ ਫ਼ਿਲਮ ਦੇ ਨਾਲ ਰਿਲੀਜ਼ ਹੋਈ ਸੀ, ਪਰ ਅਮਿਤਾਭ ਬੱਚਨ ਦੀ ਫ਼ਿਲਮ ਸਰਕਾਰ 3 ਨੇ ਪੰਜਾਬ ‘ਚ ਲਹੌਰੀਏ ਮੂਹਰੇ ਪਾਣੀ ਵੀ ਨਹੀਂ ਮੰਗਿਆ। ਇਹੀ ਨਹੀਂ ਲਹੌਰੀਏ ਨਾਲ ਰਿਲੀਜ਼ ਹੋਈਆਂ ਤਿੰਨ ਹੋਰ ਫ਼ਿਲਮਾਂ ਵੀ ਮੂਧੇ ਮੂੰਹ ਡਿੱਗੀਆਂ ਹਨ। ਇਹ ਗੱਲ ਇਸ਼ਾਰਾ ਕਰਦੀ ਹੈ ਕਿ ਪੰਜਾਬੀ ਦਰਸ਼ਕ ਪੰਜਾਬੀ ਫ਼ਿਲਮਾਂ ਦੇਖਣੀਆਂ ਚਾਹੁੰਦੇ ਹਨ, ਬਸਰਤੇ ਉਹ ਫ਼ਿਲਮਾਂ ਪੰਜਾਬੀ ਹੋਣ, ਮੁੰਬਈਆ ਟਾਈਪ ਜਾਂ ਹਿੰਦੀ ਫ਼ਿਲਮਾਂ ਦੀ ਨਕਲ ਨਹੀਂ।
‘ਲਹੌਰੀਏ’ ਫ਼ਿਲਮ ਸਬੰਧੀ ਆਮ ਦਰਸ਼ਕਾਂ ਦੀ ਪ੍ਰਤੀਕਿਰਿਆ ਨੇ ਸੋਸ਼ਲ ਮੀਡੀਆ ਖਾਸ ਕਰਕੇ ਫ਼ੇਸਬੁੱਕ ਨੱਕੋ ਨੱਕ ਭਰ ਦਿੱਤੀ ਹੈ। ਅਜਿਹਾ ਬਹੁਤ ਘੱਟ ਵਾਰੀ ਹੋਇਆ ਹੈ ਜਦੋਂ ਟੈਲੀਵਿਜ਼ਨ ‘ਤੇ ਫ਼ਿਲਮਾਂ ਦੇਖਣ ਵਾਲੇ ਪਰਿਵਾਰ ਵੀ ਘਰੋਂ ਨਿਕਲ ਸਿਨੇਮਾਘਰ ਗਏ ਹੋਣ। ਗੋਰਿਆ ਨੂੰ ਦਫ਼ਾ ਕਰੋ, ਅੰਗਰੇਜ ਤੇ ਲਵ ਪੰਜਾਬ ਵਰਗੀਆਂ ਸ਼ਾਹਕਾਰ ਫ਼ਿਲਮਾਂ ਲਿਖਣ ਵਾਲੇ ਅੰਬਰਦੀਪ ਸਿੰਘ ਨੇ ਇਸ ਫ਼ਿਲਮ ਜ਼ਰੀਏ ਇਹ ਸਾਬਤ ਕੀਤਾ ਹੈ ਕਿ ਉਹ ਕਮਾਲ ਦਾ ਫ਼ਿਲਮਸਾਜ਼ ਹੈ। ਉਹ ਫ਼ਿਲਮ ਲਿਖਦਾ ਨਹਂੀ ਚਿਤਵਦਾ ਹੈ। ਫ਼ਿਲਮ ਦਾ ਵਿਸ਼ਾ ਕਮਾਲ ਹੈ। ਲਹਿੰਦੇ ਤੇ ਚੜ•ਦੇ ਪੰਜਾਬ ਦੀ ਇਸ ਫ਼ਿਲਮ ਜ਼ਰੀਏ ਦੋਹਾਂ ਪੰਜਾਬਾਂ ‘ਚ ਵੱਸਦੇ ਲੋਕਾਂ ਦੀ ਆਪਣੀ ਮਿੱਟੀ ਪ੍ਰਤੀ ਖਿੱਚ ਨੂੰ ਪਰਦੇ ‘ਤੇ ਪੇਸ਼ ਕੀਤਾ ਗਿਆ ਹੈ। ਇਹ ਫ਼ਿਲਮ ਸਹਿਜੇ ਹੀ ਕਿਸੇ ਬੱਚੇ ਵਾਂਗ ਤੁਹਾਨੂੰ ਉਂਗਲ ਫੜ•ਾ ਆਪਣੇ ਨਾਲ ਤੋਰ ਲੈਂਦੀ ਹੈ। ਫਿਰ ਇਹ ਤੁਹਾਨੂੰ ਹਸਾਉਂਦੀ ਵੀ ਹੈ, ਰੁਆਉਂਦੀ ਵੀ ਹੈ ਤੇ ਤੁਹਾਡੇ ਅੰਦਰ ਵੰਡ ਦੀ ਤ੍ਰਾਸਦੀ ਦੇ ਜਜ਼ਬੇ ਨੂੰ ਜਗਾਉਂਦੀ ਹੈ। ‘ਵੰਡ’ ਦਾ ਦਰਦ ਕੀ ਹੁੰਦੈ ਇਹ ਵੀ ਫ਼ਿਲਮ ‘ਚ ਸਾਫ਼ ਝਲਕਦਾ ਹੈ। ਭਾਰਤ ‘ਚ ਉੱਜੜ ਕੇ ਪਾਕਿਸਤਾਨ ਵੱਸੇ ਫ਼ਿਲਮ ਦੀ ਨਾਇਕ ਅਮੀਰਾ ਦੇ ਦਾਦੇ ਵੱਲੋਂ ਬੋਲਿਆ ਸੰਵਾਦ ” ਢਾਹੁਣਾ ਸੌਖਾ, ਬਣਾਉਣਾ ਔਖਾ, ਟੁੱਟਣਾ ਨਹੀਂ ਜੁੜਣੈ, ਅਸੀਂ ਟੁੱਟ ਕੇ ਦੇਖਿਆ” ਫ਼ਿਲਮ ਦੀ ਮੂਲ ਤੰਦ ਹੈ। ਭਰਾ ਦੀ ਆਪਣੀ ਭੈਣ ਪ੍ਰਤੀ ਸੰਵੇਦਨਾ ਤੇ ਫ਼ਿਕਰਮੰਦੀ ਕੀ ਹੁੰਦੀ ਹੈ, ਇਹ ਵੀ ਫ਼ਿਲਮ ਦੇ ਇਕ ਦ੍ਰਿਸ਼ ‘ਚ ਉਦੋਂ ਝਲਕਦੀ ਹੈ, ਜਦੋਂ ਫ਼ਿਲਮ ਦਾ ਨਾਇਕ ਅਮਰਿੰਦਰ ਗਿੱਲ ਭਾਵ ਕਿੱਕਰ ਆਪਣੇ ਭੈਣ ਹਰਲੀਨ ਭਾਵ ਨਿਮਰਤ ਖਹਿਰਾ ਦੀ ਨਾਜੀਬ ਭਾਗ ਯੁਵਰਾਜ ਹੰਸ ਨਾਲ ਨਜਦੀਕੀ ਵੱਧ ਦੇਖਦਾ ਹੈ। ਉਸ ਦਾ ਆਪਣੀ ਭੈਣ ਨੂੰ ਵਰਜਣਾ ਭਰਾ ਦੀ ਭੈਣ ਪ੍ਰਤੀ ਮਾਨਸਿਕਤਾ ਦਾ ਮਜ਼ਾਹਰਾ ਕਰਦਾ ਹੈ। ਫ਼ਿਲਮ ‘ਚ ਕੁਝ ਦ੍ਰਿਸ਼ ਤੇ ਕਲਾਕਾਰਾਂ ਦੇ ਹਾਵ ਭਾਵ ਹਜ਼ਾਰਾਂ ਸ਼ਬਦਾਂ ਨੁੰ ਫਿੱਕਾ ਪਾਉਂਦੇ ਹਨ। ਇਹ ਕਿਸੇ ਨਿਰਦੇਸ਼ਕ ਦੀ ਸਮਝ ਦਾ ਵੱਡਾ ਨੂਮਨਾ ਹੁੰਦਾ ਹੈ। ਕਿਉਂਕਿ ਫ਼ਿਲਮ ਸ਼ਬਦਾਂ ਦੀ ਨਹੀਂ ਦ੍ਰਿਸ਼ਾਂ ਦੀ ਤਰਜਮਾਨੀ ਕਰਦੀ ਹੈ। ਆਮ ਤੌਰ ‘ਤੇ ਪੰਜਾਬੀ ਫ਼ਿਲਮਾਂ ‘ਚ ਭਾਸ਼ਾ ਵੱਲ ਜ਼ਿਆਦਾ ਤਵੱਜੋਂ ਨਹੀਂ ਦਿੱਤੀ ਜਾਂਦੀ। ਪਰ ਲਹੌਰੀਏ ‘ਚ ਬੋਲੀ ਨੂੰ ਆਧਾਰ ਬਣਾਇਆ ਗਿਆ ਹੈ। ਉਧਰਲੇ ਪੰਜਾਬ ਦੀ ਬੋਲੀ ‘ਚ ਕਿਸ ਕਿਸਮ ਦੀ ਮਿਠਾਸ ਹੈ, ਇਸ ਦਾ ਅਹਿਸਾਸ ਫ਼ਿਲਮ ਦੇਖਦਿਆਂ ਹੁੰਦੈ।
ਇਹ ਫ਼ਿਲਮ ਪੰਜਾਬੀ ਦੇ ਖ਼ਾਕੇ ਨਾਲ ਜੁੜੀ ਹੋਈ ਹੈ। ਇਹੋ ਕਾਰਨ ਹੈ ਕਿ ਇਹ ਫ਼ਿਲਮ ਲੋਕਾਂ ਨੂੰ ਆਪਣੀ ਫ਼ਿਲਮ ਲੱਗ ਰਹੀ ਹੈ। ਇਸ ਫ਼ਿਲਮ ਜ਼ਰੀਏ ਅਮਰਿੰਦਰ ਗਿੱਲ ਤੇ ਸਰਗੁਣ ਮਹਿਤਾ ਦੀ ਜੋੜੀ ਤੀਜੀ ਵਾਰ ਨਜ਼ਰ ਆਈ ਹੈ, ਪਰ ਇਸ ਦੇ ਬਾਵਜੂਦ ਇਸ ਜੋੜੀ ‘ਚ ਤਾਜਾਪਣ ਲੱਗਦੈ। ਯੁਵਰਾਜ ਹੰਸ ਦੀ ਅਦਾਕਾਰੀ ਸਹਿਜ ਭਰਪੂਰ ਹੈ, ਪਰ ਨਿਮਰਤ ਖ਼ਹਿਰਾ ਅਦਾਕਾਰੀ ਪੱਖੋਂ ਅਜੇ ਕੱਚੀ ਹੈ। ਸੰਦੀਪ ਮੱਲੀ ਤੇ ਗਗਨ ਮਹਿਰਾ ਸਮੇਤ ਨਿਰਮਲ ਰਿਸ਼ੀ ਅਤੇ ਬੇਗੋ ਮੈਡਮ ਸਮੇਤ ਸਭ ਦਾ ਕੰਮ ਸ਼ਲਾਘਾਯੋਗ ਹੈ। ਪਰ ਇਸ ਵਾਰ ਸਰਦਾਰ ਸੋਹੀ ਦੇ ਕਰਨ ਲਈ ਜ਼ਿਆਦਾ ਕੁਝ ਨਹੀਂ ਸੀ। ਆਮ ਤੌਰ ‘ਤੇ ਪੰਜਾਬੀ ਫ਼ਿਲਮਾਂ ਦਾ ਮਿਊਜ਼ਿਕ , ਕਿਸੇ ਸਿੰਗਰ ਦੀ ਨਿੱਜੀ ਕੈਸੇਟ ਵਰਗਾ ਹੀ ਹੁੰਦੈ, ਪਰ ਲਹੌਰੀਏ ਦਾ ਮਿਊਜ਼ਿਕ ‘ਸੋਨੇ ‘ਤੇ ਸੁਹਾਗੇ’ ਵਾਲਾ ਕੰਮ ਕਰਦਾ ਹੈ।  ਫ਼ਿਲਮ ‘ਚ 6 ਗੀਤ ਹਨ, ਇਹ ਸਾਰੇ ਗੀਤ ਹੀ ਮਨ ਨੂੰ ਸਕੂਨ ਤੇ ਹੁਲਾਰੇ ਦਿੰਦੇ ਹਨ। ਜੇ ਤੁਸੀਂ ਸਹਿਤ ਰਸੀਏ ਹੋ ਤਾਂ ਇਹ ਫ਼ਿਲਮ ਦੇਖਦਿਆਂ ਕੁਲਵੰਤ ਵਿਰਕ ਦੀ ਕਹਾਣੀ ‘ਖੱਬਲ’ ਤੁਹਾਨੂੰ ਜ਼ਰੂਰ ਯਾਦ ਆਵੇਗੀ। ਇਹ ਕਹਾਣੀ ਮੇਰੇ ਬੀਏ ਦੇ ਸਿਲੇਬਸ ਵਿੱਚ ਸੀ, ਪਰ ਅੱਜ ਤੱਕ ਮੇਰੇ ਜ਼ਹਿਨ ‘ਚ ਵੱਸੀ ਹੋਈ ਹੈ। ਲਹੌਰੀਏ ਨੂੰ ਬਿਨਾਂ ਸ਼ੱਕ ਪੰਜਾਬੀ ਦੀਆਂ ਮਾਸਟਰਪੀਸ ਫ਼ਿਲਮਾਂ ‘ਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਫ਼ਿਲਮ ਨਾਲ ਨਾ ਕੇਵਲ ਪੰਜਾਬੀ ਸਿਨੇਮੇ ਨੂੰ ਵੱਡਾ ਹੁਲਾਰਾ ਤੇ ਹੰਗਾਰਾ ਮਿਲਿਆ ਹੈ, ਬਲਕਿ ਇਸ ਫ਼ਿਲਮ ਦੀ ਨਿਰਮਾਣ ਕਰਤਾ ‘ਰਿਦਮ ਬੁਆਏਜ਼’ ਦੀ ਟੀਮ ਦੀ ਸਮਝ ‘ਤੇ ਦਰਸ਼ਕਾਂ ਦੀ ਮੋਹਰ ਲੱਗ ਗਈ ਹੈ। ਇਸ ਟੀਮ ਦੀ ਇਹ ਤੀਜੀ ਫ਼ਿਲਮ ਹੈ, ਜਿਸ ਨੇ ਪੰਜਾਬੀਆਂ ਦੀ ਨਬਜ਼ ਨੂੰ ਫੜ•ਦਿਆਂ ਉਹਨਾਂ ਨੂੰ ਖੇਤਰੀ ਸਿਨੇਮੇ ਦੇ ਦੀਦਾਰ ਕਰਵਾਏ ਹਨ। ਇਸ ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਨਿਰਦੇਸਕ ਅੰਬਰਦੀਪ ਸਿੰਘ ਨੇ ਦਾਅਵਾ ਕੀਤਾ ਸੀ ਕਿ ਜਿਸ ਲਹੌਰੀਏ ਨਹੀਂ ਦੇਖੀ ਉਹ ਜੰਮਿਆ ਨਹੀਂ। ਫ਼ਿਲਮ ਦੇਖਣ ਤੋਂ ਬਾਅਦ ਹੁਣ ਇਹ ਕਹਾਂ ਜਾ ਸਕਦਾ ਹੈ ਕਿ ਲਹੌਰੀਏ ਨੇ ਅੰਬਰ ਦਾ ਜੰਮਣਾ ਸਫ਼ਲ ਕਰ ਦਿੱਤਾ ਹੈ। ਸਦਕੇ ਜਾਈਏ ਉਸਦੇ ਜੰਮਣ ਵਾਲੀ ਦੇ ।
ਸਪਨ ਮਨਚੰਦਾ

Leave a Reply

Your email address will not be published. Required fields are marked *

‘ਲਹੌਰੀਏ’ ਨਾਲ ਫ਼ਿਲਮੀ ਪਰਦੇ ‘ਤੇ ਐਂਟਰੀ ਮਾਰੇਗੀ ਨਿਮਰਤ ਖ਼ਹਿਰਾ

ਰਵਿੰਦਰ ਗਰੇਵਾਲ ਬਣਿਆ ‘ਡੰਗਰ ਡਾਕਟਰ’