ਖੂਬਸੂਰਤ ਸੂਰਤ ਤੇ ਸੀਰਤ ਦਾ ਸੁਮੇਲ ਪੰਜਾਬੀ ਗਾਇਕਾ ਨਿਮਰਤ ਖ਼ਹਿਰਾ ਆਪਣੀ ਬੁਲੰਦ ਆਵਾਜ਼ ਨਾਲ ਲੱਖਾਂ ਲੋਕਾਂ ਨੂੰ ਆਪਣਾ ਮੁਰੀਦ ਬਣਾਉਣ ਤੋਂ ਬਾਅਦ ਹੁਣ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਮਨਾਂ ਨੂੰ ਟੁੰਬੇਗੀ। 12 ਮਈ ਨੂੰ ਰਿਲੀਜ਼ ਹੋ ਰਹੀ ਨਿਰਦੇਸ਼ਕ ਤੇ ਲੇਖਕ ਅੰਬਰਦੀਪ ਸਿੰਘ ਦੀ ਫ਼ਿਲਮ ‘ਲਹੌਰੀਏ’ ਵਿੱਚ ਦਰਸ਼ਕ ਉਸ ਨੂੰ ਇਕ ਅਹਿਮ ਕਿਰਦਾਰ ‘ਚ ਦੇਖ ਸਕਣਗੇ। ਨਿਮਰਤ ਇਸ ਫ਼ਿਲਮ ‘ਚ ਇਕ ਅਹਿਮ ਕਿਰਦਾਰ ਅਦਾ ਨਿਭਾ ਰਹੀ ਹੈ। ਅਮਰਿੰਦਰ ਅਤੇ ਸਰਗੁਣ ਦੀ ਜੋੜੀ ਵਾਂਗ ਇਸ ਫ਼ਿਲਮ ‘ਚ ਉਹ ਪੰਜਾਬੀ ਗਾਇਕ ਯੁਵਰਾਜ ਹੰਸ ਨਾਲ ਨਜ਼ਰ ਆਵੇਗੀ। ਗਿੱਪੀ ਗਰੇਵਾਲ ਦੀ ਫ਼ਿਲਮ ‘ਮੰਜੇ ਬਿਸਤਰੇ’ ਦੇ ਗੀਤ ਦੁਬਈ ਵਾਲੇ ਸ਼ੇਖ ਨਾਲ ਚੁਫੇਰੇ ਚਰਚਾ ‘ਚ ਨਿਮਰਤ ਦਾ ਕਹਿਣਾ ਹੈ ਕਿ ਉਸ ਨੂੰ ਲਗਾਤਾਰ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਆ ਰਹੀਆਂ ਹਨ, ਪਰ ਉਹ ਜ਼ਰਾ ਵੀ ਕਾਹਲੀ ਨਹੀਂ ਕਰ ਰਹੀ। ਉਸ ਦੀ ਪਹਿਚਾਣ ਗਾਇਕੀ ਹੈ ਤੇ ਉਹ ਸਦਾ ਇਸ ਨੂੰ ਕਾਇਮ ਰੱਖੇਗੀ। ‘ਲਹੌਰੀਏ’ ‘ਚ ਉਸ ਨੂੰ ਇਕ ਸਾਦ ਮੁਰਾਦੀ ਕੁੜੀ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ। ਅਜਿਹੇ ਕਿਰਦਾਰ ਹੀ ਉਸ ਨੂੰ ਪਸੰਦ ਹਨ। ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਜੇਕਰ ਉਸ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਪਸੰਦ ਕੀਤਾ ਤਾਂ ਉਹ ਅਜਿਹੀਆਂ ਫ਼ਿਲਮਾਂ ‘ਚ ਜ਼ਰੂਰ ਕੰਮ ਕਰੇਗੀ, ਜੋ ਉਸ ਦੀ ਇਮੇਜ਼ ਨੂੰ ਬਰਕਰਾਰ ਰੱਖਦੇ ਹਨ, ਪੰਜਾਬੀ ਸੱਭਿਆਚਾਰ ਦੀ ਬਾਤ ਪਾਉਂਣਗੀਆਂ। Sapan Manchanda


