ਅਮਰਦੀਪ ਸਿੰਘ ਗਿੱਲ ਦੀ ਬਤੌਰ ਫ਼ਿਲਮਸਾਜ਼ ਪਹਿਲੀ ਫ਼ੀਚਰ ਫ਼ਿਲਮ ‘ਜੋਰਾ 10 ਨੰਬਰੀਆ’ ਪਹਿਲੀ ਸਤੰਬਰ ਨੂੰ ਪਰਦਾਪੇਸ਼ ਹੋਣ ਜਾ ਰਹੀ ਹੈ। ਇਹ ਫ਼ਿਲਮ ਉਹਨਾਂ ਖੁਦ ਲਿਖੀ ਹੈ। ਪੰਜਾਬੀ ਫ਼ਿਲਮ ‘ਰਮਤਾ ਜੋਗੀ’ ਨਾਲ ਪੰਜਾਬੀ ਸਿਨੇਮੇ ‘ਚ ਪੈਰ ਧਰਾਵਾ ਕਰਨ ਵਾਲਾ ਦੀਪ ਸਿੱਧੂ ਇਸ ਫ਼ਿਲਮ ਦਾ ਨਾਇਕ ਹੈ। ਫ਼ਿਲਮ ਦੇ ਵਿਸ਼ਾ ਵਸਤੂ ਤੇ ਪੋਸਟਰ ਮੁਤਾਬਕ ਇਹ ਫ਼ਿਲਮ ਅਜੌਕੀਆਂ ਫ਼ਿਲਮਾਂ ਤੋਂ ਹਰ ਪੱਖ ਤੋਂ ਵੱਖਰੀ ਫ਼ਿਲਮ ਹੈ। ਇਸ ਫ਼ਿਲਮ ਦਾ ਆਧਾਰ ਪੰਜਾਬ ਦੀ ਰਾਜਨੀਤੀ, ਪੁਲਿਸ ਤੇ ਗੈਂਗਸਟਰ ਹਨ। ਇਹ ਫ਼ਿਲਮ ਪੁਲਿਸ, ਸਿਆਸੀ ਆਗੂਆਂ ਤੇ ਗੈਂਗਸਟਰਾਂ ਦੀ ਆਪਸੀ ਸਾਂਝ ਦੀਆਂ ਤੰਦਾਂ ਨੂੰ ਬਰੀਕੀ ਨਾਲ ਬਿਆਨ ਕਰਦੀ ਹੈ। ਇਸ ਫ਼ਿਲਮ ਦੀ ਟੈਗ ਲਾਇਨ ਵੀ ਇਹ ਹੀ ਹੈ ” ਰਾਜਨੀਤੀ ਗੁੰਡਿਆਂ ਦੀ ਆਖਰੀ ਪਨਾਹ ਹੁੰਦੀ ਹੈ।” ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਮੁਤਾਬਕ ਸਾਡੇ ਦੇਸ਼ ‘ਚ ਕਿੰਨੇ ਦਾਗੀ ਮੰਤਰੀ ਹਨ, ਕਿੰਨੇ ਰਾਜਨੀਤਕ ਆਗੂਆਂ ‘ਤੇ ਕੇਸ ਚੱਲਦੇ ਹਨ। ਇਹ ਖ਼ਬਰਾਂ ਅਸੀਂ ਅਕਸਰ ਪੜ•ਦੇ ਸੁਣਦੇ ਹਾਂ। ਇਹ ਫ਼ਿਲਮ ਇਸੇ ਮੁੱਦੇ ਨੂੰ ਉਭਾਰਦੀ ਹੈ। ਇਸ ਫ਼ਿਲਮ ਦੇ ਸਾਰੇ ਪਾਤਰ ਲਗਭਗ ਅਸਲ ਜ਼ਿੰਦਗੀ ‘ਚੋਂ ਲਏ ਗਏ ਹਨ। ਫ਼ਿਲਮ ‘ਚ ਦਰਸਾਈਆਂ ਗਈਆਂ ਬਹੁਤ ਸਾਰੀਆਂ ਘਟਨਾਵਾਂ ਵੀ ਪੰਜਾਬ ਦੇ ਗੈਂਗਸਟਰਾਂ ਦੀ ਅਸਲ ਜ਼ਿੰਦਗੀ ਨਾਲ ਮੇਲ ਖਾਂਦੀਆਂ ਹਨ। ਫ਼ਿਲਮ ‘ਚ ਜ਼ੋਰੇ ਦੀ ਭੂਮਿਕਾ ਦੀਪ ਸਿੱਧੂ ਨਿਭਾ ਰਿਹਾ ਹੈ। ਪੰਜਾਬੀ ਪੁੱਤਰ ਧਰਮਿੰਦਰ ਫ਼ਿਲਮ ‘ਚ ਮਹਿਮਾਨ ਭੂਮਿਕਾ ‘ਚ ਨਜ਼ਰ ਆਵੇਗਾ। ਫ਼ਿਲਮ ਦੇ ਅਹਿਮ ਕਿਰਦਾਰ ਮੁਕਲ ਦੇਵ, ਯਾਦ ਗਰੇਵਾਲ, ਹੌਬੀ ਧਾਲੀਵਾਲ, ਅਸ਼ੀਸ਼ ਦੁੱਗਲ ਤੇ ਸਰਦਾਰ ਸੋਹੀ ਨੇ ਅਦਾ ਕੀਤੇ ਹਨ। ਆਸ ਹੈ ਇਹ ਫ਼ਿਲਮ ਪੰਜਾਬ ਨੂੰ ‘ਸ਼ੀਸ਼ਾ’ ਦਿਖਾਏਗੀ।