ਫ਼ਿਲਮ ਨਿਰਦੇਸ਼ਕ ਅਮਿਤੋਜ ਮਾਨ ਛੇਤੀ ਹੀ ‘ਮਿਰਜ਼ਾ ਸਾਹਿਬਾ’ ਦੀ ਮਸ਼ਹੂਰ ਪ੍ਰੇਮ ਕਹਾਣੀ ‘ਤੇ ਫ਼ਿਲਮ ਬਣਾਉਣਗੇ। ਅਮਿਤੋਜ ਦਾ ਮੰਨਣਾ ਹੈ ਕਿ ਇਸ ਮਿਰਜ਼ਾ ਸਾਹਿਬਾ ਦੀ ਅਸਲ ਕਹਾਣੀ ਕੋਈ ਨਹੀਂ ਜਾਣਦਾ। ਉਹ ਇਸ ਵਿਸ਼ੇ ‘ਤੇ ਫ਼ਿਲਮ ਬਣਾਉਣ ਲਈ ਲਗਾਤਾਰ ਕਿਤਾਬਾਂ ਤੇ ਹੋਰ ਸਾਧਨਾਂ ਦਾ ਅਧਿਐਨ ਕਰ ਰਹੇ ਹਨ। ਇਸ ਫ਼ਿਲਮ ਜ਼ਰੀਏ ਉਹ ਨਵੇਂ ਚਿਹਰਿਆਂ ਨੂੰ ਵੀ ਪਰਦੇ ‘ਤੇ ਪੇਸ਼ ਕਰਨਗੇ। ਦੱਸ ਦਈਏ ਕਿ ਅਮਿਤੋਜ ਮਾਨ ਉੱਘੇ ਗੀਤਕਾਰ ਬਾਬੂ ਸਿੰਘ ਮਾਨ ਦੇ ਸੁਪੱਤਰ ਹਨ। ਉਹਨਾਂ ਦੀ ਮੁੱਢਲੀ ਪਹਿਚਾਣ 1984 ਦੇ ਦੰਗਿਆਂ ‘ਤੇ ਬਣੀ ਪੰਜਾਬੀ ਫ਼ਿਲਮ ‘ਹਵਾਏ’ ਨਾਲ ਜੁੜੀ ਹੋਈ ਹੈ। ਇਸ ਫ਼ਿਲਮ ‘ਚ ਉਹਨਾਂ ਅਦਾਕਾਰੀ ਵੀ ਕੀਤੀ ਸੀ ਅਤੇ ਫ਼ਿਲਮ ਦਾ ਨਿਰਦੇਸ਼ਨ ਵੀ ਕੀਤਾ ਸੀ। ਸਨੀ ਦਿਓਲ ਨਾਲ ਹਿੰਦੀ ਫ਼ਿਲਮ ‘ਕਾਫ਼ਲੇ’ ਵੀ ਬਣਾਈ ਅਤੇ ਪੰਜਾਬੀ ਸਿਨੇਮੇ ਦੀ ਝੋਲੀ ‘ਹਾਣੀ’ ਵਰਗੀ ਸਾਰਥਿਕ ਫ਼ਿਲਮ ਵੀ ਪਾਈ। ਪੰਜਾਬੀ ਫ਼ਿਲਮ ‘ਮੋਟਰ ਮਿੱਤਰਾਂ ਦੀ’ ਜ਼ਰੀਏ ਪਖੰਡੀ ਸਾਧਾਂ ਦੀ ਖੁੰਭ ਠੱਪਣ ਦੀ ਵੀ ਕੋਸ਼ਿਸ਼ ਕੀਤੀ। ਆਸ ਹੈ ਕਿ ਅਮਿਤੋਜ ਮਾਨ ਮਿਰਜ਼ਾ ਸਾਹਿਬ ਦੇ ਕਿੱਸੇ ਨੂੰ ਸਹੀ ਰੂਪ ‘ਚ ਪਰਦੇ ‘ਤੇ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਪੰਜਾਬੀ ‘ਚ ਹੀਰ ਰਾਂਝਾ ਤੇ ਵਾਰਿਸ਼ ਸ਼ਾਹ, ਸੱਸੀ ਪੰਨੂ ਵਰਗੀਆਂ ਪ੍ਰੇਮ ਕਹਾਣੀਆਂ ‘ਤੇ ਫ਼ਿਲਮਾਂ ਬਣ ਚੁੱਕੀਆਂ ਹਨ। ਮਿਰਜ਼ੇ ਦੇ ਬਾਬਤ ਗੀਤ ਤਾਂ ਬਹੁਤ ਆ ਚੁੱਕੇ ਹਨ ਪਰ ਚੰਗੀ ਫ਼ਿਲਮ ਦੀ ਲੰਮੇ ਸਮੇਂ ਤੋਂ ਉਡੀਕ ਸੀ।- Daman


