in

ਸਿਆਸਤ ਤੇ ਡੇਰਾਵਾਦ ਦੀ ਮਿਲੀਭੁਗਤ ‘ਤੇ ਕਟਾਕਸ਼ ਕਰੇਗੀ ‘ਗ੍ਰੇਟ ਸਰਦਾਰ’, 30 ਜੂਨ ਨੂੰ ਹੋਵੇਗੀ ਰਿਲੀਜ਼

ਪੰਜਾਬੀ ਸਿਨੇਮਾ ਹੁਣ ਸਿਰਫ ਕਾਲਪਨਿਕ ਕਹਾਣੀਆਂ ਜੋਗਾ ਨਹੀਂ ਰਿਹਾ, ਬਲਕਿ ਪੰਜਾਬੀ ਫ਼ਿਲਮਾਂ ‘ਚ ਹੁਣ ਸਮੇਂ ਦੀ ਹਕੀਕਤ ਤੇ ਪੰਜਾਬ ਦੀ ਸਥਿਤੀ ਵੀ ਪੇਸ਼ ਹੋਣ ਲੱਗੀ ਹੈ। ਇਹ ਪੰਜਾਬੀ ਫ਼ਿਲਮ ‘ਗ੍ਰੇਟ ਸਰਦਾਰ’ ਵੀ ਪੰਜਾਬ ਦੇ ਡੇਰਾਵਾਦ ਅਤੇ ਸਿਆਸਤ ‘ਤੇ ਕਟਾਕਸ਼ ਕਰਦੀ ਹੋਈ, ਦੋਵਾਂ ਦੇ ਆਪਸੀ ਸਬੰਧਾਂ ਦੀ ਪਾਜ਼ ਉਧੇੜੇਗੀ। ‘ਆਪਣਾ ਹੈਰੀਟੇਜ਼’ ਬੈਨਰ ਥੱਲੇ ਬਣੀ ਨਿਰਮਾਤਾ ਅੰਮ੍ਰਿਤਜੀਤ ਸਿੰਘ ਸਰਾਂ ਦੀ ਇਸ ਫ਼ਿਲਮ ਦੀ ਕਹਾਣੀ ਤੇਜੀ ਸੰਧੂ ਨੇ ਲਿਖੀ ਹੈ। ਫ਼ਿਲਮ ਦਾ ਨਿਰਦੇਸ਼ਕ ਰਣਜੀਤ ਬੱਲ ਹੈ। ਇਸ ਫ਼ਿਲਮ ਦਾ ਹੀਰੋ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋ ਹੈ। ਹੀਰੋਇਨ ਰੌਸ਼ਨੀ ਸਹੋਤਾ ਤੇ ਬਾਕੀ ਕਲਾਕਾਰਾਂ ‘ਚ ਯੋਗਰਾਜ ਸਿੰਘ, ਅਸ਼ੀਸ਼ ਦੁੱਗਲ, ਪ੍ਰਕਾਸ਼ ਗਾਧੂ, ਅਮਰਜੀਤ ਸਰਾਂ, ਅਮਰਿੰਦਰ ਬਿਲਿੰਗ, ਸੋਨੂੰ ਬਾਜਵਾ, ਨਿਰਮਲ ਰਿਸ਼ੀ, ਤੇਜ਼ੀ ਸੰਧੂ, ਗੁਰਕਿਰਤ ਸੰਧੂ, ਤੇ ਧੀਰਜ ਕੁਮਾਰ ਦਾ ਨਾਂ ਅਹਿਮ ਹੈ। ਸ਼ੀ੍ਰ ਅੰਮ੍ਰਿਤਸਰ ਸਾਹਬ ਅਤੇ ਆਸ ਪਾਸ ਦੇ ਪਿੰਡਾਂ ‘ਚ ਫ਼ਿਲਮਾਈ ਗਈ ਇਸ ਫ਼ਿਲਮ ਸਬੰਧੀ ਨਿਰਦੇਸ਼ਕ ਰਣਜੀਤ ਬੱਲ ਨੇ ਦੱਸਿਆ ਕਿ ਇਹ ਫ਼ਿਲਮ ਐਕਸ਼ਨ ਤੇ ਸਿਆਸੀ ਡਰਾਮਾ ਹੈ। ਪੰਜਾਬੀ ‘ਚ ਅਜਿਹੇ ਵਿਸ਼ਿਆਂ ‘ਤੇ ਫ਼ਿਲਮਾਂ ਨਾ ਮਾਤਰ ਹੀ ਬਣੀਆਂ ਹਨ। ਇਹ ਫ਼ਿਲਮ ਇਕ ਪਾਸੇ ਜਿਥੇ ਪੰਜਾਬ ਦੇ ਸਿਆਸੀ ਆਗੂਆਂ ਦੇ ਪੰਜਾਬ ਦੇ ਡੇਰਿਆਂ ਦੇ ਮੁਖੀਆਂ ਨਾਲ ਸਬੰਧਾਂ ਨੂੰ ਉਜਾਗਰ ਕਰਦੀ ਹੈ, ਦੂਜੇ ਪਾਸੇ ਇਸ ਫ਼ਿਲਮ ਜ਼ਰੀਏ ਕਾਲਜਾਂ, ਯੂਨੀਵਰਸਿਟੀਆਂ ‘ਚ ਪੜ•ਦੇ ਨੌਜਵਾਨਾਂ ਦੀ ਜ਼ਿੰਦਗੀ, ਮੁਸ਼ਕਲਾਂ ਤੇ ਹਾਲਤਾਂ ਨੂੰ ਸਾਹਮਣੇ ਲਿਆਂਦਾ ਗਿਆ ਹੈ।  ਫ਼ਿਲਮ ਜ਼ਰੀਏ ਸਿੱਖ ਕੌਮ ਦੀ ਮਹਾਨਤਾਂ ਅਤੇ ਕੁਰਬਾਨੀਆਂ ਦੀ ਵੀ ਗੱਲ ਕੀਤੀ ਗਈ ਹੈ। ਇਸ ਫ਼ਿਲਮ ਦਾ ਨਾਇਕ ਭਾਵੇਂ ਦਿਲਪ੍ਰੀਤ ਢਿੱਲੋਂ ਹੈ, ਪਰ ਪੰਜਾਬੀ ਦੇ ਮੰਝੇ ਹੋਏ ਅਦਾਕਾਰ ਯੋਗਰਾਜ ਸਿੰਘ ਨੂੰ ਵੀ ਇਕ ਵੱਖਰੇ ਅੰਦਾਜ਼ ‘ਚ ਨਾਇਕ ਦੇ ਤੌਰ ‘ਤੇ ਉਭਾਰਿਆ ਗਿਆ ਹੈ। ਫ਼ਿਲਮ ਦੇ ਹੀਰੋ ਦਿਲਪ੍ਰੀਤ ਢਿੱਲੋਂ ਮੁਤਾਬਕ ਅਦਾਕਾਰ ਵਜੋਂ ਇਹ ਉਸ ਦੀ ਦੂਜੀ ਫ਼ਿਲਮ ਹੈ। ਇਸ ‘ਚ ਉਹ ਗੁਰਜੰਟ ਸਿੰਘ ਨਾਂ ਦੇ ਕਾਲਜ ਵਿਦਿਆਰਥੀ ਦਾ ਕਿਰਦਾਰ ਨਿਭਾ ਰਿਹਾ ਹੈ। ਉਸਦੇ ਕਿਰਦਾਰ ਦੁਆਲੇ ਹੀ ਇਹ ਫ਼ਿਲਮ ਬੁਣੀ ਗਈ ਹੈ।

ਇਹ ਨੌਜਵਾਨ ਹੀ ਸਿਆਸਤ ਤੇ ਡੇਰਾਵਾਦ ਦਾ ਸ਼ਿਕਾਰ  ਹੁੰਦਾ ਹੈ ਅਤੇ ਇਸ ਖ਼ਿਲਾਫ਼ ਲੜਾਈ ਲੜਦਾ ਹੈ। ਦਰਸ਼ਕ ਉਸ ਨੂੰ ਇਸ ਕਿਰਦਾਰ ‘ਚ ਪਸੰਦ ਕਰਨਗੇ। ਫ਼ਿਲਮ ‘ਚ ਉਸਦਾ ਰੁਮਾਂਟਿਕ ਟਰੈਕ ਵੀ ਹੈ, ਜਿਸ ਜ਼ਰੀਏ ਦਰਸਾਇਆ ਗਿਆ ਹੈ ਕਿ ਕਿਸ ਤਰ•ਾਂ ਰਿਸ਼ਤਿਆਂ ‘ਚ ਵਿੱਤੀ ਫ਼ਰਕ ਦਰਾਰ ਪਾਉਂਦਾ ਹੈ। ਯੋਗਰਾਜ ਸਿੰਘ ਫ਼ਿਲਮ ‘ਚ ਪਿੰਡ ਦੇ ਸਰਪੰਚ ਦਾ ਕਿਰਦਾਰ ਅਦਾ ਕਰ ਰਹੇ ਹਨ। ਫ਼ਿਲਮ ਦਾ ਟਾਈਟਲ ਉਨ•ਾਂ ‘ਤੇ ਹੀ ਢੁੱਕਦਾ ਹੈ। ਉਹੀ ਸਮਾਜ ਵਿਰੋਧੀ ਅਨਸਰਾਂ ਨਾਲ ਟਾਕਰਾ ਲੈਂਦੇ ਹਨ। ਕਈ ਪੰਜਾਬੀ ਫ਼ਿਲਮਾਂ ‘ਚ ਅਹਿਮ ਭੂਮਿਕਾ ਨਿਭਾ ਚੁੱਕੇ ਅਸ਼ੀਸ਼ ਦੁੱਗਲ ਇਸ ‘ਚ ਇਕ ਨਾਮਵਰ ਡੇਰੇ ਦੇ ਮੁਖੀ ਦੀ ਭੂਮਿਕਾ ਨਿਭਾ ਰਹੇ ਹਨ। ਉਹਨਾਂ ਦੇ ਕਿਰਦਾਰ ਜ਼ਰੀਏ ਇਹਨਾਂ ਡੇਰਿਆਂ ਦੀ ਅਸਲ ਹਕੀਕਤ ਸਾਹਮਣੇ ਲਿਆਉਂਣ ਦਾ ਯਤਨ ਕੀਤਾ ਜਾ ਰਿਹਾ ਹੈ। ਫ਼ਿਲਮ ਦੀ ਟੀਮ ਮੁਤਾਬਕ ਹੁਣ ਫ਼ਿਲਮਾਂ ਦਾ ਸੰਗੀਤ ਵੀ ਅਹਿਮ ਮਹੱਤਤਾ ਰਖਵਾਉਂਦਾ ਹੈ।

ਕਈ ਵਾਰ ਫ਼ਿਲਮ ਦੇ ਗੀਤ ਹੀ ਫ਼ਿਲਮ ਦੀ ਸਫ਼ਲਤਾ ਦਾ ਕਾਰਨ ਬਣਦੇ ਹਨ। ਇਸ ਲਈ ਫ਼ਿਲਮ ਦੇ ਸੰਗੀਤ ਵੱਲ ਉਚੇਚੀ ਮਿਹਨਤ ਕੀਤੀ ਗਈ ਹੈ। ਫ਼ਿਲਮ ਦਾ ਸੰਗੀਤ ਜੱਗੀ ਸਿੰਘ, ਬੀ ਟ੍ਰਿਕਸ ਤੇ ਦੇਸੀ ਕਰਿਓਂ ਨੇ ਤਿਆਰ ਕੀਤਾ ਹੈ। ਗੀਤ  ਫ਼ਤਿਹ ਸ਼ੇਰਗਿੱਲ, ਜੱਗੀ ਸਿੰਘ, ਹੈਪੀ ਰਾਏਕੋਟੀ, ਨਰਿੰਦਰ ਬਾਠ ਤੇ ਬੀ ਹਾਰਪ ਨੇ ਲਿਖੇ ਹਨ, ਜਿਨ•ਾਂ ਨੂੰ ਆਵਾਜ਼ ਰਣਜੀਤ ਬਾਵਾ, ਫਿਰੋਜ਼ ਖ਼ਾਨ, ਪ੍ਰਭ ਗਿੱਲ, ਦਿਲਪ੍ਰੀਤ ਢਿੱਲੋਂ, ਜੱਗੀ ਸਿੰਘ ਤੇ ਸ਼ਿਪਰਾ ਗੋਇਲ ਨੇ ਦਿੱਤੀ ਹੈ। 30 ਜੂਨ ਨੂੰ ਰਿਲੀਜ਼ ਹੋ ਰਹੀ ਇਹ ਫ਼ਿਲਮ ਜੇਕਰ ਦਰਸ਼ਕਾਂ ਦੀ ਕਸਵੱਟੀ ‘ਤੇ ਖ਼ਰਾ ਉਤਰਦੀ ਹੈ ਤਾਂ ਬਿਨਾਂ ਸ਼ੱਕ ਹੋਰਾਂ ਫ਼ਿਲਮ ਨਿਰਦੇਸ਼ਕਾਂ ਦੇ ਵੀ ਕੁਝ ਵੱਖਰਾ ਕਰਨ ਲਈ ਹੌਂਸਲੇ ਬੁਲੰਦ ਹੋਣਗੇ।
ਬਲਜਿੰਦਰ ਉਪਲ
99141 89080

Leave a Reply

Your email address will not be published. Required fields are marked *

ਅਮਿਤੋਜ ਮਾਨ ਦੀ ਅਗਲੀ ਫ਼ਿਲਮ ‘ਮਿਰਜ਼ਾ ਸਾਹਿਬਾ’ ਦੀ ਪ੍ਰੇਮ ਕਹਾਣੀ ‘ਤੇ

ਮੌਤ ਦੇ ਮੂੰਹ ‘ਚ ਨਿਕਲ ਕੇ ਆਈ ਹੈ ਇਹ ਹੀਰੋਇਨ, ਲਿਆ ਦੂਸਰਾ ਜਨਮ,