in

ਕੁਦਰਤ ਦੀ ਬੇਮਿਸਾਲ ਸਿਰਜਣਾ ਹੈ ਬੱਬੂ ਮਾਨ

ਬੱਬੂ ਮਾਨ ਬੇਮਿਸਾਲ ਕਲਾ ਦਾ ਸਿਰਨਾਵਾਂ ਹੈ। ਉਹ ਸਾਰੇ ਦਾ ਸਾਰਾ ਹੀ ਮੌਲਿਕ ਹੈ। ਧੁਰ ਅੰਦਰੋਂ ਕਲਾਕਾਰ ਹੋਣ ਕਰਕੇ ਬੱਬੂ ਦੀ ਹਰ ਅਦਾ ਨਿਰਾਲੀ ਹੈ। ਗ਼ੈਰਤ ਤੇ ਅਣਖ ਨੂੰ ਬਰਕਰਾਰ ਰੱਖਦਿਆਂ ਉਸ ਨੇ ਹਰ ਮਰਹੱਲਾ ਆਪਣੇ ਦਮ ‘ਤੇ ਸਰ ਕੀਤਾ ਹੈ। ਅਗਲੀ ਮੰਜ਼ਿਲ ਤਕ ਪੁੱਜਣ ਲਈ ਕਦੇ ਵੀ ਉਹ ਕਿਸੇ ਦੇ ਥੱਲੇ ਨਹੀਂ ਲੱਗਿਆ। ਆਮ ਲੋਕਾਂ ਦਾ ਖਾਸ ਗਾਇਕ ਬੱਬੂ ਮਾਨ  ਬਿਨਾਂ ਸਹਾਰਿਆਂ ਤੋਂ ਕਰੀਬ ਡੇਢ ਦਹਾਕੇ ਤੋਂ ਸੱਤਵੇਂ ਆਸਮਾਨ ਵਿਚ ਪਰਵਾਜ਼ ਭਰ ਰਿਹਾ ਹੈ। ਉਸ ਦੀ ਆਵਾਜ਼, ਤਰਜ਼ਾਂ, ਸ਼ਾਇਰੀ ਸਭ ਕੁਝ ਦੁਨੀਆਂ ਤੋਂ ਵੱਖਰਾ ਹੈ। ਉਸ ਦੀ ਸ਼ਾਇਰੀ ਵਿਚ ਕਮਾਲ ਦਾ ਪੁਖਤਾਪਣ ਹੈ ਤੇ ਵਪਾਰਕ ਗੀਤਕਾਰੀ ਵਿਚ ਸਿਰੇ ਦਾ ਵਪਾਰ। ਉਹ ਨਾ ਕਦੇ ਕਿਸੇ ਚੈਨਲ ਦਾ ਮੁਥਾਜ ਹੋਇਆ ਹੈ ਤੇ ਨਾ ਹੀ ਕਿਸੇ ਹੋਰ ਸ਼ੋਸ਼ੇ ਦਾ। ਅੱਜ ਤਕ ਉਹ ਪੰਜਾਬ ਦੇ ਚੈਨਲਾਂ ਵਲੋਂ ਕਰਵਾਏ ਜਾਂਦੇ ਐਵਾਰਡ ਸਮਾਗਮਾਂ ਵਿਚ ਨਹੀਂ ਗਿਆ ਤੇ ਸ਼ਾਇਦ ਭਵਿੱਖ ਵਿਚ ਵੀ ਨਾ ਜਾਵੇ। ਰੋਜ਼ਮਰਾ ਜ਼ਿੰਦਗੀ ਦੌਰਾਨ ਰੋਜ਼ਾਨਾ ਉਹ 14 ਤੋਂ 16 ਘੰਟੇ ਸੰਗੀਤ ਨੂੰ ਸਮਰਪਿਤ ਕਰਦਾ ਹੈ।
ਜਦੋਂ ਕਸਰਤ ਜਾਂ ਜਿੰਮ ਕਰਦਾ ਹੈ ਤਾਂ ਵੀ ਲਤਾ ਮੰਗੇਸ਼ਕਰ, ਮੁਹੰਮਦ ਰਫ਼ੀ ਦੇ ਗਾਣੇ ਨਾਲ-ਨਾਲ ਸੁਣਦਾ ਹੈ। ਮੁਹੰਮਦ ਰਫ਼ੀ ਦੀ ਗਾਇਕੀ ਦਾ ਪ੍ਰਭਾਵ ਕਈ ਵਾਰ ਉਸ ਦੇ ਰੂਹਾਨੀ ਗੀਤਾਂ ਵਿਚੋਂ ਸਾਫ ਝਲਕਦਾ ਹੈ। ਗਿਟਾਰ, ਹਰਮੋਨੀਅਮ ਸਮੇਤ ਉਹ ਕਈ ਸਾਜ਼ ਬੜੀ ਮੁਹਾਰਤ ਨਾਲ ਵਜਾ ਲੈਂਦਾ ਹੈ ਪਰ ਸਿੱਖਿਆ ਕਦੇ ਕਿਸੇ ਤੋਂ ਨਹੀਂ। ਉਸ ਦੀ ਹਰੇਕ ਲੜਾਈ ਉਸ ਦੇ ਚਾਹੁਣ ਵਾਲੇ ਮੂਹਰੇ ਹੋ ਕੇ ਲੜਦੇ ਹਨ। ਬੇਸ਼ੱਕ ਗਾਉਣਾ ਉਸ ਦਾ ਪੇਸ਼ਾ ਹੈ ਪਰ ਉਹ ਕਦੇ ਪੈਸੇ ਦੇ ਪਿੱਛੇ ਨਹੀਂ ਭੱਜਿਆ। ਉਸ ਨੇ ਆਪਣੀਆਂ ਸ਼ਰਤਾਂ ‘ਤੇ ਹੀ ਸ਼ੋਅ ਤੇ ਪ੍ਰਾਜੈਕਟ ਕੀਤੇ ਹਨ। ਉਸ ਦੀ ਪਹਿਲੀ ਟੇਪ ਕਹਿੰਦੀਆਂ-ਕਹਾਉਂਦੀਆਂ ਕੰਪਨੀਆਂ ਨੇ ਇਸ ਕਰਕੇ ਵਾਪਸ ਕਰ ਦਿੱਤੀ ਸੀ ਕਿ ‘ਪੰਜਾਬ ਵਿਚ ਅਜਿਹੇ ਗਾਣੇ ਨਹੀਂ ਚੱਲ ਸਕਦੇ’। ਚੇਤੇ ਰਹੇ ਕਿ ਜਿਸ ਵੇਲੇ ‘ਤੂੰ ਮੇਰੀ ਮਿਸ ਇੰਡੀਆ’ ਕੈਸਿਟ ਨੇ ਸਫਲਤਾ ਦੇ ਝੰਡੇ ਗੱਡੇ ਸਨ, ਉਸ ਵੇਲੇ ਆਸ਼ਕੀ-ਮਾਸ਼ੂਕੀ ਵਾਲਾ ਅਰਥੀ-ਡੋਲੀ ਰੁਝਾਨ ਸਿਖਰਾਂ ‘ਤੇ ਸੀ। ‘ਇਕ ਬਾਬਾ ਨਾਨਕ  ਸੀ’ ਵੀ ਬੱਬੂ ਦਾ ਇਕ ਇਨਕਲਾਬੀ ਕਦਮ ਸੀ। ਕਈ ਗੀਤ ਉਸ ਦੇ ਬਹੁਤ ਔਖੇ ਹੁੰਦੇ ਹਨ। ਕਈ ਸ਼ਬਦ ਅਤੇ ਜੜ•ਤ ਵੀ ਐਨੀ ਪੇਚੀਦਾ ਹੁੰਦੀ ਹੈ ਕਿ ਕਹਿੰਦੇ-ਕਹਾਉਂਦੇ ਸਾਹਿਤਕ ਬੰਦੇ ਵੀ ਉਲਝ ਜਾਂਦੇ ਹਨ ਪਰ ਉਸ ਦੇ ਸਰੋਤੇ ਉਸ ਦੇ ਔਖੇ ਗੀਤਾਂ ਨੂੰ ਵੀ ਹੱਸ ਕੇ ਕਬੂਲ ਕਰਦੇ ਹਨ। ਉਸ ਨੇ ਪਿੰਡਾਂ ਦੇ ਸਾਧਾਰਨ ਲੋਕਾਂ ਨੂੰ ਵੀ ਅਰਬੀ, ਫ਼ਾਰਸੀ ਤੇ ਉਰਦੂ ਦੇ ਅਲਫਾਜ਼ ਸਿਖਾ ਦਿੱਤੇ ਹਨ।
ਕਦੇ-ਕਦੇ ‘ਚੱਕ ਲਓ ਰਿਵਾਲਵਰ’ ਵਰਗੇ ਗੀਤ ਗਾਉਣ ਵਾਲੇ ਬੱਬੂ ਦੀ ਅਸਲ ਰ”ਹ ਮਿੱਠੇ ਗੀਤਾਂ ਵਿਚ ਖਿੜਦੀ ਹੈ। ਖਾਸ ਤੌਰ ‘ਤੇ ਹਿੰਦੀ ਗੀਤਾਂ ਵਿਚ ਤਾਂ ਉਹ ਗੱਲ ਸਿਰੇ ਹੀ ਲਗਾ ਦਿੰਦਾ ਹੈ। ਉਸ ਦੀ ਇਕੋ ਹਿੰਦੀ ਐਲਬਮ ਦੇ ਨਗਮੇ ‘ਮੇਰਾ ਗ਼ਮ’ ਦੇ ਗੀਤ ‘ਭੀਗੀ ਪਲਕੋਂ ਪਰ ਨਾਮ ਤੁਮਹਾਰਾ ਹੈ’, ‘ਅਜਨਬੀ ਅਜਨਬੀ’ ਕਿਸੇ ਬਾਲੀਵੁੱਡ ਦੇ ਗਾਣੇ ਤੋਂ ਘੱਟ ਨਹੀਂ ਚਿਤਵੇ ਜਾ ਸਕਦੇ। ਬੇਸ਼ੱਕ ਕੁਝ ਗਾਇਕਾਂ ਦੀਆਂ  ਫ਼ਿਲਮਾਂ ਵਧੇਰੇ ਹਿੱਟ ਹੋ ਗਈਆਂ ਹਨ ਤਾਂ ਵੀ ‘ਕਰਾਊਡ ਪੁੱਲਰ’ ਹਾਲੇ ਬੱਬੂ ਮਾਨ ਹੀ ਹੈ। ਪਿਛਲੇ ਦਿਨੀਂ ਜਦੋਂ ਰੁੜਕਾ ਕਲਾਂ (ਜ਼ਿਲ•ਾ ਜਲੰਧਰ) ਵਿਖੇ ਉਸ ਦਾ ਸ਼ੋਅ ਹੋਇਆ ਤਾਂ ਕਈ-ਕਈ ਕਿਲੋਮੀਟਰ ਤਕ ਸੜਕਾਂ ‘ਤੇ ਜਾਮ ਲੱਗੇ ਵੇਖੇ ਗਏ। ਸੁਣਿਐ ਕਿ ਕਦੇ ਦਾਰਾ ਸਿੰਘ ਦੀਆਂ ਕੁਸ਼ਤੀਆਂ ਵੇਖਣ ਲਈ ਇਸ ਤਰ•ਾਂ ਜਨ ਸੈਲਾਬ ਉਮੜਦਾ ਸੀ ਤੇ ਜਾਂ ਫਿਰ ਹੁਣ ਬੱਬੂ ਦਾ ਅਖਾੜਾ ਵੇਖਣ ਲਈ ਐਨੇ ਲੋਕ ਆਉਂਦੇ ਨੇ।
ਬੱਬੂ ਮਾਨ ਕਦੇ ਵੀ ਆਮ ਨਹੀਂ ਹੋਇਆ। ਉਸ ਨੂੰ ਭਾਲਣਾ ਗੁਰਦਾਸ ਮਾਨ ਨਾਲੋਂ ਵੀ ਔਖਾ ਹੈ। ਅਨਜਾਣੇ ਨੰਬਰ ਤੋਂ ਉਹ ਕਦੇ ਵੀ ਫ਼ੋਨ ਨਹੀਂ ਚੁੱਕਦਾ। ਕਿਸੇ ਵੀ ਤਰ•ਾਂ ਦੇ ਨਸ਼ੇ ਤੋਂ ਉਹ ਕੋਹਾਂ ਦੂਰ ਹੈ, ਉਹ ਗੱਲ ਵੱਖਰੀ ਹੈ ਕਿ ਕਈ ਲੋਕ ਉਸ ਨੂੰ ਐਵੇਂ ਹੀ ਨਸ਼ੇੜੀ ਦਾ ਖਿਤਾਬ ਦਿੰਦੇ ਰਹਿੰਦੇ ਹਨ।  ਟਰਾਂਸਪੋਰਟਰਾਂ ਦੇ ਘਰ ਜਵਾਨ ਹੋਣ ਕਰਕੇ ਉਹ ਸ਼ਰਾਰਤੀ ਜ਼ਰੂਰ ਹੈ। ਸਮਾਜ ਖਾਸ ਤੌਰ ‘ਤੇ ਟੁੱਟ ਰਹੀ ਕਿਸਾਨੀ ਪ੍ਰਤੀ ਉਸ ਦੇ ਦਿਲ ਵਿਚ ਡਾਢ•ਾ ਦਰਦ ਹੈ। ਉਸ ਨੇ ਇਸ ਦਰਦ ਨੂੰ ਸਿਰਫ ਆਪਣੇ ਗੀਤਾਂ ਦਾ ਵਿਸ਼ਾ ਹੀ ਨਹੀਂ ਬਣਾਇਆ ਸਗੋਂ ਕੈਨੇਡਾ ਸ਼ੋਅਜ਼ ਦੀ ਕਮਾਈ ਦਾ 20 ਫ਼ੀਸਦੀ ਹਿੱਸਾ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੀ ਮਦਦ ਲਈ ਖਰਚ ਕਰਨ ਦਾ ਐਲਾਨ ਕਰਕੇ ਆਪਣੀ ਪ੍ਰਤੀਬੱਧਤਾ ਦਾ ਸਬੂਤ ਦਿੱਤਾ ਹੈ। ਜ਼ੁਬਾਨ ਉਸ ਦੀ ਕੁਹਾੜੇ ਪਾਟੀ ਹੈ, ਕੋਈ ਪਤਾ ਨਹੀਂ ਕਦੋਂ ਕੀ ਆਖ ਦੇਵੇ। ਸਿਰਜਣਾਤਮਕਤਾ ਉਸ ਨੂੰ ਚੰਗੀ ਲਗਦੀ ਹੈ। ਉਸ ਦੇ ਗੀਤਾਂ ਦੇ ਵਿਸ਼ੇ ਇਸੇ ਕਰਕੇ ਹਟਵੇਂ ਹੁੰਦੇ ਹਨ। ਸਾਹਿਰ ਲੁਧਿਆਣਵੀ ਤੋਂ ਬਾਅਦ ਬੱਬੂ ਦੂਸਰਾ ਕਲਾਕਾਰ ਹੈ, ਜਿਸ ਨੇ ਉਰਦੂ ਦੀ ਐਮਏ ਕੀਤੀ ਹੋਈ ਹੈ।
ਹੈਰਾਨੀ ਦੀ ਗੱਲ ਵੇਖੋ ਕਿ ਸਰਦੀ ਦੀ ਰੁੱਤ ਵਿਚ ਹਰੇਕ ਕਲਾਕਾਰ ਸੀਜ਼ਨ ਲਗਾਉਣ ਲਈ ਪੰਜਾਬ ਵਿਚ ਭੱਜਦਾ ਹੈ ਪਰ ਨਿਰਾਲਾ ਬੰਦਾ ਬੱਬੂ ਮਾਨ ਇਸ ਰੁੱਤੇ ਵਿਦੇਸ਼ ‘ਚ ਹੁੰਦੈ। ਆਮ ਤੌਰ ‘ਤੇ ਹਰੇਕ ਫ਼ਨਕਾਰ ਦਾ ਇਕ ਖਾਸ ਸਰੋਤਾ ਵਰਗ ਹੁੰਦਾ ਹੈ ਪਰ ਬੱਬੂ ਇਸ ਗੱਲ ਵਿਚ ਵੀ ਅਪਵਾਦ ਹੈ। ਉਸ ਨੂੰ ਅਸਲੀਂ ਪੇਂਡੂ ਵੀ ਆਪਣਾ ਸਮਝਦੇ ਹਨ ਅਤੇ ਹਿੰਦੀ ਨੁਮਾ ਪੰਜਾਬੀ ਬੋਲਣ ਵਾਲੇ ਸ਼ਹਿਰੀ ਵੀ। ਵਿਦੇਸ਼ਾਂ ਵਿਚ ਉਹ ਇਕੱਲਾ ਸ਼ੋਅ ਕਰਦਾ ਹੈ ਅਤੇ ਲਗਭਗ ਉਸ ਦਾ ਹਰ ਸ਼ੋਅ ਸੋਲਡ ਆਊਟ ਜਾਂਦਾ ਹੈ। ਕਈ ਲੋਕ ਬੱਬੂ ਮਾਨ ਨੂੰ ਗੀਤਕਾਰ ਬਾਬੂ ਸਿੰਘ ਮਾਨ ਮਰਾੜ•ਾਂ ਵਾਲੇ ਦਾ ਬੇਟਾ ਸਮਝਦੇ ਹਨ ਪਰ ਇਤਫ਼ਾਕਨ ਬੱਬੂ ਦੇ ਪਿਤਾ ਦਾ ਨਾਂ ਵੀ ਬਾਬੂ ਸਿੰਘ ਮਾਨ ਹੀ ਸੀ, ਜੋ ਕੁਝ ਵਰ•ੇ ਪਹਿਲਾਂ ਦੁਨੀਆਂ ਤੋਂ ਚਲੇ ਗਏ। ਬੱਬੂ ਹਰ ਗਾਣਾ ਖ਼ੁਦ ਲਿਖਣ ਦੇ ਨਾਲ ਉਸ ਨੂੰ ਸੰਗੀਤਕ ਛੋਹਾਂ ਵੀ ਅਕਸਰ ਉਹ ਖ਼ੁਦ ਹੀ ਦਿੰਦਾ ਹੈ| ਉਸ ਦਾ ਅਸਲ ਨਾਂ ਤੇਜਿੰਦਰ ਤੇ ਪਿੰਡ ਹੈ ਖੰਟ, ਜੋ ਲੁਧਿਆਣਾ-ਚੰਡੀਗੜ• ਮਾਰਗ ‘ਤੇ ਹੈ। ਪਿੰਡ ਵਿਚ ਉਸ ਨੇ ਕਰੋੜਾਂ ਰੁਪਏ ਦੀ ਲਾਗਤ ਨਾਲ ਇਕ ਆਲੀਸ਼ਾਨ ਸੈੱਟ ਦਾ ਨਿਰਮਾਣ ਕੀਤਾ ਹੈ, ਜਿਥੇ ਉਸ ਦੀਆਂ ਫ਼ਿਲਮਾਂ ਦਾ ਵੱਡਾ ਹਿੱਸਾ ਸ਼ੂਟ ਹੋਇਆ ਹੈ। ਉਸ ਦਾ ਸਟੂਡੀਓ ਤੇ ਦਫ਼ਤਰ ਮੋਹਾਲੀ 10 ਫੇਜ਼ ਵਿਚ ਹੈ। ਫ਼ਿਲਮਾਂ ਦੇ ਖੇਤਰ ਵਿਚੋਂ ਉਸ ਦੀ ਗੈਰਹਾਜ਼ਰੀ ‘ਤੂਫ਼ਾਨ’ ਦਾ ਸੰਕੇਤ ਸਾਬਿਤ ਹੋ ਸਕਦੀ ਹੈ। ਅੱਜ ਕੱਲ• ਉਹ ਕੈਨੇਡਾ ‘ਚ ਆਪਣੀ ਨਵੀਂ ਫ਼ਿਲਮ ‘ ਵਣਜਾਰਾ  ਦਾ ਟਰੱਕ ਡਰਾਈਵਰ’ ਦੀ ਸ਼ੂਟਿੰਗ ਕਰ ਰਿਹਾ ਹੈ।
ਅਜੀਤਪਾਲ ਜੀਤੀ

Leave a Reply

Your email address will not be published. Required fields are marked *

ਭਾਰਤੀ ਬਾਸਕਟਬਾਲ ਟੀਮ ਦੀ ਸਾਬਕਾ ਕੈਪਟਨ ਬਣੀ ਬੀਨੂੰ ਢਿੱਲੋਂ ਦੀ ਹੀਰੋਇਨ

ਜ਼ਿੰਦਗੀ ‘ਚ ਲਏ ਗਲਤ ਫ਼ੈਸਲਿਆਂ ਦਾ ਹੁਣ ਅਹਿਸਾਸ ਹੋ ਰਿਹੈ : ਰਾਣਾ ਰਣਬੀਰ