ਦਿਲਪ੍ਰੀਤ ਢਿੱਲੋਂ ਦੀ ਗਾਇਕੀ ਨੂੰ ਹਰ ਕਿਸੇ ਨੇ ਸੁਣਿਆ ਹੈ। ਉਸ ਦੇ ਸਰੋਤਿਆਂ ਦਾ ਵੱਡਾ ਕਾਫ਼ਲਾ ਹੈ। ਗਾਇਕ ਦੇ ਨਾਲ ਨਾਲ ਉਹ ਵਧੀਆ ਅਦਾਕਾਰ ਵੀ ਹੈ। ਇਸ ਗੱਲ ਦਾ ਸਬੂਤ ਉਹ ਨਿਰਦੇਸ਼ਕ ਹਰਜੀਤ ਰਿੱਕੀ ਦੀ ਫ਼ਿਲਮ ‘ਵੰਨਸ ਅਪੋਨ ਆ ਟਾਈਮ ਇਨ ਅੰਮ੍ਰਿਤਸਰ’ ਵਿੱਚ ਦੇ ਚੁੱਕਿਆ ਹੈ। ਹੁਣ ਬਤੌਰ ਹੀਰੋ ਪੰਜਾਬੀ ਫ਼ਿਲਮ ‘ਗ੍ਰੇਟ ਸਰਦਾਰ’ ਵਿੱਚ ਨਜ਼ਰ ਆਵੇਗਾ। 30 ਜੂਨ ਨੂੰ ਰਿਲੀਜ਼ ਹੋ ਰਹੀ ਨਿਰਦੇਸ਼ਕ ਰਣਜੀਤ ਬੱਲ ਦੀ ਇਸ ਫ਼ਿਲਮ ਜ਼ਰੀਏ ਦਰਸ਼ਕ ਦਿਲਪ੍ਰੀਤ ਨੂੰ ਇਕ ਬਦਲੇ ਅੰਦਾਜ਼ ‘ਚ ਦੇਖਣਗੇ।
ਦਿਲਪ੍ਰੀਤ ਨੇ ਦੱਸਿਆ ਕਿ ਇਹ ਫ਼ਿਲਮ ਪੰਜਾਬ ਵਿੱਚ ਡੇਰਾਵਾਦ ਤੇ ਸਿਆਸਤ ਦੀ ਭਿਆਨਕ ਤਸਵੀਰ ਦਿਖਾਵੇਗੀ। ਪੰਜਾਬ ਦੇ ਲੋਕ ਬੁਰੀ ਤਰ•ਾ ਡੇਰਾਵਾਦ ਵਿੱਚ ਫੱਸ ਚੁੱਕੇ ਹਨ। ਉਹਨਾਂ ਨੂੰ ਸਹੀ/ਗਲਤ ਦੇ ਵਿਚਕਾਰਲਾ ਅੰਤਰ ਪਤਾ ਨਹੀਂ ਲੱਗ ਰਿਹਾ। ‘ਗ੍ਰੇਟ ਸਰਦਾਰ’ ਵਿੱਚ ਇਸੇ ਮੁੱਦੇ ਨੂੰ ਦਿਖਾਇਆ ਗਿਆ ਹੈ ਕਿ ਕਿਸ ਤਰ•ਾਂ ਇਹ ਬਾਬੇ ਆਪਣੇ ਮੱਕੜ ਜਾਲ ਭੋਲੇ-ਭਾਲੇ ਲੋਕਾਂ ਨੂੰ ਫਸਾ ਲੈਂਦੇ ਹਨ। ਦਿਲਪ੍ਰੀਤ ਨੇ ਦੱਸਿਆ ਕਿ ਸਾਡੇ 10 ਗੁਰੂ ਸਾਹਿਬਾਨਾਂ ਨੇ ਹਮੇਸ਼ਾ ਦੇਹਧਾਰੀ ਗੁਰੂ ਬਣਾਉਣ ਤੋਂ ਵਰਜਿਆ ਸੀ ਤੇ ਅੱਜ ਅਸੀਂ ਆਪਣੇ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਵਿਸਾਰ ਕੇ ਬਾਬਿਆਂ ਦੇ ਡੇਰਿਆਂ ‘ਤੇ ਜਾ ਕੇ ਬੈਠੇ ਹੋਏ ਹਾਂ। ‘ਆਪਣਾ ਹੈਰੀਟੇਜ’ ਦੇ ਬੈਨਰ ਹੇਠ ਬਣੀ ਨਿਰਮਾਤਾ ਅੰਮ੍ਰਿਤਪਾਲ ਸਿੰਘ ਸਰਾਂ ਦੀ ਇਸ ਫ਼ਿਲਮ ਜ਼ਰੀਏ ਸਿੱਖ ਇਤਿਹਾਸ ਉੱਤੇ ਵੀ ਚਾਨਣਾ ਪਾਇਆ ਗਿਆ ਹੈ। ਇਸ ਫਿਲਮ ਰਾਹੀਂ ਅਸੀਂ ਲੋਕਾਂ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਮੀਦ ਹੈ ਕਿ ਅਸੀਂ ਆਪਣੀ ਇਸ ਕੋਸ਼ਿਸ਼ ਵਿੱਚ ਕਾਮਯਾਬ ਹੋਵਾਂਗੇ। ਦਿਲਪ੍ਰੀਤ ਨੇ ਦੱਸਿਆ ਕਿ ਜਿੱਥੇ ਅੱਜ ਕਾਮੇਡੀ ਫ਼ਿਲਮਾਂ ਬਣਨ ਦਾ ਰੁਝਾਨ ਵੱਧ ਹੈ ਉੱਥੇ ਹੀ ਉਹਨੂੰ ਗੰਭੀਰ ਤੇ ਸਿੱਖਿਆ ਅਧਾਰਿਤ ਫ਼ਿਲਮਾਂ ਜ਼ਿਆਦਾ ਪਸੰਦ ਨੇ ਤੇ ਉਹ ਕੋਸ਼ਿਸ਼ ਕਰਦਾ ਹੈ ਕਿ ਉਹੀ ਕੰਮ ਕਰੇ ਜੋ ਉਹਦੇ ਦਿਲ ਨੂੰ ਵਧੀਆ ਲੱਗੇ ਤੇ ਦਰਸ਼ਕ ਉਸਨੂੰ ਪਸੰਦ ਕਰਨ।

ਫਿਲਮ ਵਿੱਚ ਸੀਨੀਅਰ ਅਦਾਕਾਰਾਂ ਨਾਲ ਕੰਮ ਕਰਨਾ ਉਸ ਲਈ ਬਹੁਤ ਮਾਣ ਵਾਲੀ ਗੱਲ ਸੀ। ਯੋਗਰਾਜ ਸਿੰਘ, ਨਿਰਮਲ ਰਿਸ਼ੀ, ਆਸ਼ੀਸ਼ ਦੁੱਗਲ ਆਪਣੇ ਆਪ ਵਿੱਚ ਇੱਕ ਸੰਸਥਾ ਹਨ, ਉਹਨਾਂ ਨਾਲ ਕੰਮ ਕਰਕੇ ਉਸਨੂੰ ਸਿੱਖਣ ਨੂੰ ਬਹੁਤ ਕੁੱਝ ਮਿਲਿਆ। ਉਹਨੇ ਕਿਹਾ ਕਿ ਸਾਡੀ ਪੰਜਾਬੀ ਇੰਡਸਟਰੀ ਵਿੱਚ ਕਲਾਕਾਰੀ ਦੇ ਅਮੀਰ ਕਲਾਕਾਰ ਹਨ, ਜਦੋਂ ਤੁਸੀਂ ਉਹਨਾਂ ਨਾਲ ਕੰਮ ਕਰਦੇ ਹੋ ਤਾਂ ਤੁਹਾਨੂੰ ਅੰਦਰੋਂ ਮਹਿਸੂਸ ਹੁੰਦਾ ਹੈ ਕਿ ਤੁਸੀਂ ਕਿੰਨੇ ਦਿੱਗਜ਼ ਤੇ ਸਿੱਖੇ ਹੋਏ ਕਲਾਕਾਰਾਂ ਨਾਲ ਕੰਮ ਕਰ ਰਹੇ ਹੋ।
ਸਾਲ 2014 ‘ਚ ‘ਗੁੰਡੇ ਨੰ.1’ ਗਾਣੇ ਤੋਂ ਆਪਣੇ ਗਾਇਕੀ ਸਫ਼ਰ ਦੀ ਸ਼ੁਰੂਆਤ ਕਰਨ ਵਾਲਾ ਦਿਲਪ੍ਰੀਤ ਢਿੱਲੋਂ ਬੇਸ਼ੱਕ ਹੁਣ ਫ਼ਿਲਮਾਂ ਕਰ ਰਿਹਾ ਹੈ ਪਰ ਉਸਦਾ ਕਹਿਣਾ ਹੈ ਕਿ ਗਾਇਕੀ ਅੱਜ ਵੀ ਉਸਦੀ ਪਹਿਲੀ ਤਰਜੀਹ ਪਰ ਜੇਕਰ ਉਹਨੂੰ ਵਧੀਆ ਫ਼ਿਲਮਾਂ ਕਰਨ ਦਾ ਮੌਕਾ ਮਿਲਦਾ ਰਿਹਾ ਤਾਂ ਉਹ ਫ਼ਿਲਮਾਂ ਵੀ ਗਾਇਕੀ ਦੇ ਨਾਲ-ਨਾਲ ਕਰੇਗਾ। ਉਸਦਾ ਕਹਿਣਾ ਹੈ ਕਿ ਉਹ ਫਤਹਿਗੜ• ਸਾਹਿਬ ਦੇ ਪਿੰਡ ਮਾਨੋਪੁਰ ਦਾ ਰਹਿਣ ਵਾਲਾ ਹੈ ਤੇ ਉਸਦੇ ਸੁਪਨੇ ਕੁੱਝ ਕਰ ਦਿਖਾਉਣ ਤੇ ਆਪਣੇ ਪੈਰਾਂ ‘ਤੇ ਖੜੇ ਹੋਣ ਦੇ ਸਨ। ਗਾਉਣ ਦਾ ਸ਼ੌਂਕ ਉਸਨੂੰ ਸ਼ੁਰੂ ਤੋਂ ਸੀ ਪਰ ਪੜ•ਾਈ ਤੋਂ ਬਾਅਦ ਉਹ ਨਿਊਜ਼ੀਲੈਂਡ ਚਲਾ ਗਿਆ ਜਿੱਥੇ ਜਾ ਕੇ ਉਹਨੇ ਸਖ਼ਤ ਮਿਹਨਤ ਕੀਤੀ ਕਿ ਉਹ ਆਪਣੀ ਜ਼ਿੰਦਗੀ ਵਿੱਚ ਕੁੱਝ ਬਣ ਸਕੇ। ਪਰ ਸ਼ਾਇਦ ਉਹ ਗਾਇਕ ਹੀ ਬਣਨਾ ਚਾਹੁੰਦਾ ਸੀ ਤੇ ਨਿਊਜ਼ੀਲੈਂਡ ਤੋਂ ਵਾਪਿਸ ਆ ਕੇ ਉਸਨੇ ਗਾਉਣ ਵੱਲ ਧਿਆਨ ਦਿੱਤਾ ਤੇ ਆਪਣਾ ਪਹਿਲਾ ਗਾਣਾ ‘ਗੁੰਡੇ ਨੰ.1’ ਦਰਸ਼ਕਾਂ ਅੱਗੇ ਰੱਖਿਆ ਜਿਸਨੂੰ ਕਾਫੀ ਸਲਾਹਿਆ ਗਿਆ। ਉਸਦਾ ਮੰਨਣਾ ਹੈ ਕਿ ਜੇਕਰ ਤੁਸੀਂ ਕਿਸੇ ਚੀਜ਼ ਨੂੰ ਲਗਨ ਨਾਲ ਕਰਦੇ ਤਾਂ ਉਸਦਾ ਸਿੱਟਾ ਤੁਹਾਨੂੰ ਯਕੀਨਨ ਮਿਲਦਾ ਹੈ।
ਦਮਨਜੀਤ ਕੌਰ
73072 47842


