ਅਸਲੋਂ ਨਵੇਂ ਕਲਾਕਾਰਾਂ ਨੂੰ ਲੈ ਕੇ ਬਣੀ ਮਰਾਠੀ ਫ਼ਿਲਮ ‘ਸੈਰਾਟ’ ਨੇ 100 ਕਰੋੜ ਰੁਪਏ ਦੀ ਕੁਲੈਕਸ਼ਨ ਨਾਲ ਭਾਰਤੀ ਸਿਨੇਮਾ ਜਗਤ ‘ਚ ਸਫ਼ਲਤਾ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਸਨ। ਅੰਤਰਜਾਤੀ ਤੇ ਅੰਤਰ ਰੁਤਬਾ ਵਿਆਹਾਂ ‘ਤੇ ਕਟਾਕਸ਼ ਕਰਦੀ ਇਸ ਫ਼ਿਲਮ ਦਾ ਅਧਿਕਾਰਤ ਰੀਮੇਕ ਪੰਜਾਬੀ ‘ਚ ਚੰਨਾ ਮੇਰਿਆ’ ਦੇ ਨਾਂ ਹੇਠ ਦੇਖਣ ਨੂੰ ਮਿਲੇਗਾ। 14 ਜੁਲਾਈ ਨੂੰ ਪਰਦਾਪੇਸ਼ ਹੋਣ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਕ ਪੰਕਜ ਬਤਰਾ ਹੈ। ਪੰਕਜ ਇਸ ਤੋਂ ਪਹਿਲਾਂ ‘ਗੋਰਿਆਂ ਨੂੰ ਦਫ਼ਾ ਕਰੋ’ ਤੇ ‘ਬੰਬੂਕਾਟ’ ਸਮੇਤ ਅੱਧੀ ਦਰਜਨ ਫ਼ਿਲਮਾਂ ਨਿਰਦੇਸ਼ਤ ਕਰ ਚੁੱਕਾ ਹੈ। ‘ਵਾਈਟ ਹਿੱਲ ਸਟੂਡੀਓ ਤੇ ਜ਼ੀ ਸਟੂਡੀਓ’ ਦੇ ਬੈਨਰ ਹੇਠ ਬਣੀ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਤੇ ਮਨਮੋੜ ਸਿੱਧੂ ਦੀ ਇਸ ਫ਼ਿਲਮ ਦੇ ਮੁੱਖ ਕਲਾਕਾਰ ‘ਸਾਰਾਟ’ ਵਾਂਗ ਅਸਲੋਂ ਨਵੇਂ ਹਨ। ਫ਼ਿਲਮ ‘ਚ ਪੰਜਾਬੀ ਗਾਇਕ ਨਿੰਜਾ, ਅੰਮ੍ਰਿਤ ਮਾਨ ਤੇ ਪਾਇਲ ਰਾਜਪੂਤ ਨੇ ਮੁੱਖ ਭੂਮਿਕਾ ਨਿਭਾਈ ਹੈ। ਤਿੰਨਾਂ ਦੀ ਇਹ ਪਹਿਲੀ ਫ਼ਿਲਮ ਹੈ। ਉਹਨਾਂ ਤੋਂ ਇਲਾਵਾ ਯੋਗਰਾਜ ਸਿੰਘ, ਕਰਮਜੀਤ ਅਨਮੋਲ ਤੇ ਬੀਐਨ ਸ਼ਰਮਾ ਸਮੇਤ ਪੰਜਾਬੀ ਫ਼ਿਲਮਾਂ ਦੇ ਕਈ ਚਰਚਿਤ ਚਿਹਰੇ ਇਸ ਫ਼ਿਲਮ ‘ਚ ਨਜ਼ਰ ਆਉਂਣਗੇ।
ਨਿਰਦੇਸ਼ਕ ਪੰਕਜ ਬਤਰਾ ਮੁਤਾਬਕ ਕਿਸੇ ਭਾਸ਼ਾ ਦੀ ਫ਼ਿਲਮ ਦਾ ਉਥਲਾ ਕਰਨ ਸਭ ਤੋਂ ਔਖਾ ਕਾਰਜ ਹੈ। ਹਰ ਭਾਸ਼ਾ ਦੀਆਂ ਫ਼ਿਲਮਾਂ ਦੀਆਂ ਆਪਣੀਆਂ ਕੁਝ ਲੋੜਾਂ ‘ਤੇ ਬੰਦਿਸ਼ਾਂ ਹੁੰਦੀਆਂ ਹਨ। ‘ਸਾਰਾਟ’ ਦਾ ਪੰਜਾਬੀ ‘ਚ ਅਧਿਕਾਰਤ ਰੀਮੇਕ ਬਣਾਉਂਦਿਆਂ ਬਹੁਤ ਸਾਰੀਆਂ ਗੱਲਾਂ ਦਾ ਖ਼ਿਆਲ ਰੱਖਣਾ ਪਿਆ। ਸਾਰਾਟ ਨਿਰੋਲ ਰੂਪ ‘ਚ ਜਾਤੀਵਾਦ ‘ਤੇ ਅਧਾਰਿਤ ਸੀ, ਜਦਕਿ ਚੰਨਾ ਮੇਰਿਆ ‘ਚ ਜਾਤੀਵਾਦ ਦੀ ਥਾਂ ਜਿਮੀਂਦਾਰਾਂ ਦੇ ਆਰਥਿਕ ਪਾੜੇ ਨੂੰ ਆਧਾਰ ਬਣਾਇਆ ਗਿਆ ਹੈ। ਪੰਜਾਬ ‘ਚ ਇਸ ਵੇਲੇ ਦੋ ਤਰ•ਾਂ ਦੇ ਜੱਟ ਹਨ, ਇਕ ਜੱਟ ਉਹ ਹਨ, ਜਿਹੜੇ ਜੱਦੀ ਜ਼ਮੀਨਾਂ ਦੇ ਮਾਲਕ ਹਨ, ਇਕ ਉਹ ਹਨ ਜੋ ਜ਼ਮੀਨ ਠੇਕੇ ‘ਤੇ ਲੈ ਕੇ ਖੇਤੀ ਕਰਦੇ ਹਨ। ਦੋਹਾਂ ਦੀ ਆਰਥਿਕ ਸਥਿਤੀ ‘ਚ ਵੱਡਾ ਫ਼ਰਕ ਹੈ। ਇਹ ਫ਼ਿਲਮ ਇਸੇ ਫ਼ਰਕ ‘ਤੇ ਅਧਾਰਿਤ ਹੈ। ਫ਼ਿਲਮ ਦਾ ਨਾਇਕ ਜਗਤਾ ਨਿੰਜਾ ਇਕ ਦਰਮਿਆਨੇ ਕਿਸਾਨ ਦਾ ਮੁੰਡਾ ਹੈ। ਉਸ ਦਾ ਬਾਪ ਪਿੰਡ ਦੇ ਹੀ ਇਕ ਵੱਡੇ ਜਿਮੀਂਦਾਰ ਅਤੇ ਇਲਾਕੇ ਦੇ ਐਮਐਲਏ ਦੀ ਕੁਝ ਕਿੱਲੇ ਜ਼ਮੀਨ ਠੇਕੇ ‘ਤੇ ਲੈ ਕੇ ਵਾਹੀ ਕਰਦਾ ਹੈ। ਐਮਐਲਏ ਦੀ ਧੀ ਕਾਇਨਾਤ ਢਿੱਲੋਂ (payal Rajput)ਪਿੰਡ ਤੋਂ ਬਾਹਰ ਸ਼ਹਿਰ ‘ਚ ਇਕ ਹੋਸਟਲ ‘ਚ ਰਹਿੰਦੀ ਹੈ। ਇਥੇ ਹੀ ਜਗਤ (Ninja) ਵੀ ਪੜ•ਦਾ ਹੈ। ਦੋਵਾਂ ‘ਚ ਮੁਹੱਬਤ ਪੈਦਾ ਹੰਦੀ ਹੈ ਤਾਂ ਦੋਵਾਂ ਪਰਿਵਾਰਾਂ ਦਾ ਆਰਥਿਕ ਪਾੜਾ ਇਸ ਮੁਹੱਬਤ ‘ਚ ਦਰਾਰ ਬਣਦਾ ਹੈ। ਫ਼ਿਲਮ ਜ਼ਰੀਏ ਆਰਥਿਕ ਸਥਿਤੀ ਕਾਰਨ ਪੈਦਾ ਹੋਏ ਹਊਮੇ ਅਤੇ ਸਮਾਜਿਕ ਰੁਤਬੇ ਕਾਰਨ ਟੁੱਟਦੇ ਰਿਸ਼ਤਿਆਂ ਨੁੰ ਵੀ ਦਰਸਾਇਆ ਗਿਆ ਹੈ। ਫ਼ਿਲਮ ਦੀ ਟੀਮ ਮੁਤਾਬਕ ਪੰਜਾਬ ‘ਚ ਇਸ ਵੇਲੇ ਸਮਾਜਿਕ ਪਾੜਾ ਵੱਡਾ ਮੁੱਦਾ ਹੈ। ਇੱਕਲੀ ਕਿਸਾਨੀ ਹੀ ਨਹੀਂ ਬਲਕਿ ਦੁਕਾਨਦਾਰੀ ਤੇ ਹੋਰ ਖੇਤਰਾਂ ‘ਚ ਵੀ ਇਸ ਸਮਾਜਿਕ ਪਾੜੇ ਤੋਂ ਪ੍ਰਭਾਵਤ ਹਨ। ਫ਼ਿਲਮ ‘ਚ ਲਵ ਸਟੋਰੀ ਦੇ ਨਾਲ ਨਾਲ ਸਮਾਜਿਕ ਮੁੱਦੇ ਵੀ ਆਧਾਰ ਬਣਾਏ ਗਏ ਹਨ। ਇਸ ਫ਼ਿਲਮ ਜ਼ਰੀਏ ਦੇਸ਼ ਦੀ ਨਾਮੀਂ ਫ਼ਿਲਮ ਤੇ ਮਿਊਜ਼ਿਕ ਕੰਪਨੀ ‘ਜ਼ੀ ਸਟੂਡੀਓ’ ਵੀ ਪੰਜਾਬੀ ਫ਼ਿਲਮ ਇੰਡਸਟਰੀ ‘ਚ ਕਦਮ ਰੱਖ ਰਹੀ ਹੈ। ਫ਼ਿਲਮ ਦਾ ਟ੍ਰੇਲਰ ਸੋਸ਼ਲ ਮੀਡੀਆ ‘ਤੇ ਖੂਬ ਦੇਖਿਆ ਜਾ ਰਿਹਾ ਹੈ। ਨਿਰਦੇਸ਼ਕ ਮੁਤਾਬਕ ਇਸ ਕਿਸਮ ਦੀਆਂ ਫ਼ਿਲਮਾਂ ‘ਚ ਸੰਗੀਤ ਦੀ ਬਹੁਤ ਅਹਿਮੀਅਤ ਹੁੰਦੀ ਹੈ। ਇਸ ਫ਼ਿਲਮ ਦਾ ਸੰਗੀਤ ਫ਼ਿਲਮ ਲਈ ਸੋਨੇ ‘ਤੇ ਸੁਹਾਗੇ ਦਾ ਕੰਮ ਕਰ ਰਿਹਾ ਹੈ।
ਸਪਨ ਮਨਚੰਦਾ
95016 33900
in News
ਚੰਨਾ ਮੇਰਿਆ : ਸੈਰਾਟ ਦਾ ਰੀਮੇਕ, ਪਰ ਜਾਤੀਵਾਦ ‘ਤੇ ਨਹੀਂ ਜੱਟਵਾਦ ‘ਤੇ ਕਰੇਗੀ ਕਟਾਕਸ਼


