ਨਿਰਦੇਸ਼ਕ ਅਥਰਵ ਬਲੂਜਾ ਤੇ ਗਾਇਕ ਤੇ ਅਦਾਕਾਰ ਰਵਿੰਦਰ ਗਰੇਵਾਲ ਦੀ ਨਵੀਂ ਫ਼ਿਲਮ ‘ਡੰਗਰ ਡਾਕਟਰ’ ਨੂੰ ਲੈ ਕੇ ਪੰਜਾਬ ‘ਚ ਵੱਡਾ ਵਿਵਾਦ ਖੜਾ ਹੋ ਗਿਆ ਹੈ। ਦੀਵਾਲੀ ‘ਤੇ 20 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੇ ਟਾਈਟਲ ਨੂੰ ਲੈ ਕੇ ਪੰਜਾਬ ਦੇ ਵੈਟਨਰੀ ਡਾਕਟਰ ਸੜਕਾਂ ‘ਤੇ ਆ ਗਏ ਹਨ। ਉਹਨਾਂ ਦਾ ਕਹਿਣਾ ਹੈ ਕਿ ਫ਼ਿਲਮ ਦਾ ਟਾਈਟਲ ਡੰਗਰ ਡਾਕਟਰ ਉਹਨਾਂ ਦੇ ਪੇਸ਼ੇ ਦਾ ਮਜ਼ਾਕ ਉਡਾਉਂਦਾ ਹੈ। ਪੰਜਾਬ ਦੇ ਵੈਟਨਰੀ ਡਾਕਟਰਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਅਸ਼ੋਕ ਸ਼ਰਮਾ ਨੇ ਫ਼ਿਲਮ ਦੀ ਟੀਮ ਨੂੰ ਹਦਾਇਤ ਦਿੱਤੀ ਹੈ ਕਿ ਫ਼ਿਲਮ ਦਾ ਨਾਂ ਇਕ ਹਫ਼ਤੇ ਦੇ ਅੰਦਰ ਅੰਦਰ ਬਦਲਿਆ ਜਾਵੇ, ਅਜਿਹਾ ਨਾ ਕਰਨ ਦੀ ਸੂਰਤ ‘ਚ ਉਹ ਫ਼ਿਲਮ ਦੇ ਨਿਰਮਾਤਾ, ਨਿਰਦੇਸ਼ਕ ਤੇ ਹੀਰੋ ਦੇ ਘਰਾਂ ਦਾ ਘਿਰਾਓ ਕਰਨਗੇ। ਕਾਬਲੇਗੌਰ ਹੈ ਕਿ ਨਾਮਵਰ ਫ਼ਿਲਮ ਨਿਰਮਾਤਾ ਵਿਵੇਕ ਓਹਰੀ ਵੱਲੋਂ ਬਣਾਈ ਗਈ ਇਹ ਫ਼ਿਲਮ ਇਕ ਅਜਿਹੇ ਨੌਜਵਾਨ ਦੀ ਕਹਾਣੀ ਹੈ, ਜੋ ਜਾਨਵਰਾਂ ਤੇ ਪਸ਼ੂਆਂ ਨੂੰ ਬੇਹੱਦ ਪਿਆਰ ਕਰਦਾ ਹੈ। ਸਧਾਰਨ ਜਿਹਾ ਪਿੰਡ ‘ਚ ਰਹਿਣ ਵਾਲਾ ਇਹ ਮੁੰਡਾ ਡੰਗਰਾਂ ਦਾ ਇਲਾਜ ਵੀ ਕਰ ਲੈਂਦਾ ਹੈ ਤੇ ਪਿੰਡ ‘ਚ ਹੀ ਇਕ ਡਿਸਪੈਂਸਰੀ ਚਲਾ ਰਿਹਾ ਹੈ। ਇਸ ਫ਼ਿਲਮ ਦੀਆਂ ਕੁਝ ਤਸਵੀਰਾਂ ਥੋੜੇ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਆਈਆਂ ਸਨ, ਜਿਸ ‘ਚ ਫ਼ਿਲਮ ਦਾ ਨਾਇਕ ਰਵਿੰਦਰ ਗਰੇਵਾਲ ਇਕ ਬੱਕਰੀ ਅਤੇ ਹੋਰ ਵੱਖ ਵੱਖ ਜਾਨਵਰਾਂ ਦਾ ਇਲਾਜ ਕਰਦਾ ਦਿਖਾਇਆ ਗਿਆ ਹੈ। ਇਸ ਫਿਲਮ ‘ਚ ਜਾਨਵਰਾਂ ਨੂੰ ਨਫ਼ਰਤ ਕਰਨ ਵਾਲੇ ਅਦਾਕਾਰ ਸਰਦਾਰ ਸੋਹੀ ਦੀਆਂ ਵੀ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ•ਾਂ ‘ਚ ਉਹ ਕੁਝ ਪਸ਼ੂਆਂ ਨੂੰ ਦੂਰ ਭਜਾ ਰਿਹਾ ਹੈ।

ਫ਼ਿਲਮ ‘ਚ ਉੱਘੀ ਮਾਡਲ ਸਾਰਾ ਗੁਰਪਾਲ, ਨਾਮਵਰ ਕਮੇਡੀਅਨ ਰਾਜੀਵ ਠਾਕੁਰ ਸਮੇਤ ਕਈ ਚਰਚਿਤ ਚਿਹਰਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਉਣ ਤੋਂ ਬਾਅਦ ਹੀ ਪੰਜਾਬ ਦੇ ਡਾਕਟਰਾਂ ਨੇ ਫ਼ਿਲਮ ‘ਤੇ ਇਤਰਾਜ ਪ੍ਰਗਟ ਕੀਤਾ ਹੈ। ਉਹ ਇਸ ਫ਼ਿਲਮ ਨੂੰ ਵੈਟਰਨਰੀ ਡਾਕਟਰਾਂ ਦੇ ਆਤਮ ਸਨਮਾਨ ਦੇ ਖ਼ਿਲਾਫ਼ ਦੱਸ ਰਹੇ ਹਨ। ਦੱਸ ਦਈਏ ਕਿ ਨਿਰਦੇਸ਼ਕ ਅਥਰਵ ਬਲੂਜਾ ਤੇ ਗਾਇਕ ਤੇ ਅਦਾਕਾਰ ਰਵਿੰਦਰ ਗਰੇਵਾਲ ਦੀ ਜੋੜੀ ਆਪਣੀ ਹਰ ਫ਼ਿਲਮ ‘ਚ ਕਿਸੇ ਨਾ ਕਿਸੇ ਵਿਸ਼ੇ ‘ਤੇ ਕਟਾਕਸ਼ ਜ਼ਰੂਰ ਕਰਦੀ ਹੈ। ‘ਜੱਜ ਸਿੰਘ ਐਲਐਲਬੀ’ ਵਿੱਚ ਵੀ ਚੰਦ ਪੈਸਿਆਂ ਬਦਲੇ ਈਮਾਨ ਵੇਚਣ ਵਾਲੇ ਵਕੀਲਾਂ ‘ਤੇ ਟਿੱਪਣੀ ਕੀਤੀ ਗਈ ਸੀ। ਇਸੇ ਤਰ•ਾਂ ਜਾਪ ਰਿਹਾ ਹੈ ਕਿ ਇਸ ਫ਼ਿਲਮ ‘ਚ ਵੀ ਕਿਸੇ ਨਾ ਕਿਸੇ ਤਬਕੇ ‘ਤੇ ਜ਼ਰੂਰ ਕੋਈ ਟਿੱਪਣੀ ਹੋਵੇਗੀ।


