” ਸ਼ੌਹਰਤ ਦੇ ਦੀਵੇ ‘ਚ ਖੂਨ ਜਿਗਰ ਦਾ ਪੈਂਦਾ ਹੈ, ਦੁਨੀਆ ਦੇ ਵਿੱਚ ਨਾਮ ਕਮਾਉਣਾ ਸੌਖਾ ਨਹੀਂ ਹੁੰਦਾ’‘ ਜਨਾਬ ਦੇਬੀ ਮਖਸੂਸਪੁਰੀ ਹੁਰਾਂ ਦਾ ਇਹ ਸ਼ੇਅਰ ਬੀਨੂੰ ਢਿੱਲੋਂ ਦੇ ਸੰਘਰਸ਼ ਤੇ ਸਫ਼ਲਤਾ ਦੀ ਤਰਜ਼ਮਾਨੀ ਕਰਦਾ ਹੈ। ਬੀਨੂੰ ਢਿੱਲੋਂ ਇਸ ਵੇਲੇ ਪੰਜਾਬੀ ਫ਼ਿਲਮਾਂ ਦਾ ਚਮਕਦਾ ਸਿਤਾਰਾ ਹੈ। ਆਲਮ ਹੈ ਕਿ ਉਸ ਨੂੰ ਕੇਂਦਰ ‘ਚ ਰੱਖ ਕੇ ਪੰਜਾਬੀ ਫ਼ਿਲਮਾਂ ਬਣ ਰਹੀਆਂ ਹਨ। ਉਸ ਲਈ ਵੱਖਰੇ ਤੌਰ ‘ਤੇ ਕਿਰਦਾਰ ਤੇ ਕਹਾਣੀਆਂ ਲਿਖੀਆਂ ਜਾ ਰਹੀਆਂ ਹਨ। ਉਹ ਅੱਜ ਜਿਸ ਮੁਕਾਮ ‘ਤੇ ਹੈ, ਇਹ ਉਸ ਨੇ ਰਾਤੋ ਰਾਤ ਹਾਸਲ ਨਹੀਂ ਕੀਤਾ। ਇਸ ਪਿੱਛੇ ਸੰਘਰਸ਼ ਦੀ ਇਕ ਲੰਮੀ ਕਹਾਣੀ ਹੈ। ਥੀਏਟਰ, ਥੀਏਟਰ ਤੋਂ ਟੈਲੀਵਿਜ਼ਨ ਤੇ ਫਿਰ ਟੈਲੀਵਿਜ਼ਨ ਤੋਂ ਫ਼ਿਲਮਾਂ। ਇਸ ਦਰਮਿਆਨ ਭੰਗੜਾ ਤੇ ਹੋਰ ਬਹੁਤ ਕੁਝ ਆਇਆ। ਉਹ ਆਪਣੀ ਮਿਹਨਤ, ਕਲਾ ਤੇ ਲਿਆਕਤ ਨਾਲ ਪੌੜੀ ਦਰ ਪੌੜੀ ਅੱਗੇ ਵੱਧਦਾ ਗਿਆ ਤੇ ਅੱਜ ਉਹ ਸਫ਼ਲਤਾ ਦੀ ਉਸ ਟੀਸੀ ‘ਤੇ ਹੈ, ਜਿਥੇ ਪਹੁੰਚਣਾ ਹਰ ਕਲਾਕਾਰ ਦੀ ਹਸਰਤ ਹੁੰਦੀ ਹੈ।
ਮੇਹਲ ਮਿੱਤਲ ਸਾਹਬ ਹੁਰਾਂ ਤੋਂ ਬਾਅਦ ਬੀਨੂੰ ਦੂਜਾ ਕਾਮੇਡੀਅਨ ਹੈ, ਫ਼ਿਲਮ ‘ਚ ਜਿਸਦੀ ਮੌਜੂਦਗੀ ਹੀਰੋ ਨੂੰ ਵੀ ਫਿੱਕਾ ਪਾ ਦਿੰਦੀ ਹੈ। ਉਸ ਨੂੰ ਕਿਰਦਾਰ ‘ਚ ਵੜਨਾ ਤੇ ਉਸ ਨੂੰ ਨਿਭਾਉਣਾ ਬਾਖੂਬੀ ਆਉਂਦਾ ਹੈ। ਥੀਏਟਰ ਦਾ ਚੰਡਿਆਂ ਬੀਨੂੰ ਲਗਾਤਾਰ ਨਵੇਂ ਕੀਰਤੀਮਾਨ ਸਥਾਪਤ ਕਰਦਾ ਜਾ ਰਿਹਾ ਹੈ। ਇਹ ਉਸਦੀ ਮਿਹਨਤ, ਸਬਰ ਤੇ ਕਾਬਲੀਅਤ ਦਾ ਹੀ ਸਬੂਤ ਹੈ ਕਿ ਫ਼ਿਲਮਾਂ ‘ਚ ਛੋਟੇ ਛੋਟੇ ਕਿਰਦਾਰ ਨਿਭਾਉਂਦਾ ਹੋਇਆ ਅੱਜ ਉਹ ਇਸ ਮੁਕਾਮ ‘ਤੇ ਪਹੁੰਚ ਗਿਆ ਹੈ ਕਿ ਪੂਰੀ ਦੀ ਪੂਰੀ ਫ਼ਿਲਮ ਉਸ ਦੁਆਲੇ ਘੁੰਮਦੀ ਹੈ।
ਉਹ ਦੱਸਦਾ ਹੈ ਕਿ ਟੈਲੀਵਿਜ਼ਨ ਤੋਂ ਬਾਅਦ ਜਦੋਂ ਉਹ ਫ਼ਿਲਮਾਂ ‘ਚ ਆਇਆ ਤਾਂ ਕਾਮੇਡੀਅਨ ਤੌਰ ‘ਤੇ ਕੰਮ ਕਰਨ ਦਾ ਉਸ ਦਾ ਕੋਈ ਇਰਾਦਾ ਨਹੀਂ ਸੀ। ਨਿਰਦੇਸ਼ਕ ਮਨਮੋਹਨ ਸਿੰਘ ਦੀ ਫ਼ਿਲਮ ‘ਮੁੰਡੇ ਯੂ ਕੇ ਦੇ’ ਵਿੱਚ ਉਸਨੇ ਖਲਨਇਕ ਦੇ ਤੌਰ ‘ਤੇ ਸ਼ੁਰੂਆਤ ਕੀਤੀ ਸੀ, ਪਰ ਉਸ ਦੀ ਖਲਨਾਇਕੀ ਬਹੁਤੀ ਦੇਰ ਰਾਸ ਨਹੀਂ ਆਈ। ਨਿਰਦੇਸ਼ਕ ਨਵਨੀਅਤ ਸਿੰਘ ਦੀ ਫ਼ਿਲਮ ‘ਚ ਵੀ ਉਸਨੇ ਖਲਨਾਇਕ ਦੀ ਭੂਮਿਕਾ ਨਿਭਾਈ, ਪਰ ਦਰਸ਼ਕਾਂ ਨੂੰ ਉਸ ਦੇ ਗੁੱਸੇ ਨਾਲ ਮਜ਼ਾਕ ਜ਼ਿਆਦਾ ਪਸੰਦ ਆਇਆ। ਇਸ ਮਗਰੋਂ ਉਸ ਨੇ ਕਾਮੇਡੀ ਕਿਰਦਾਰ ਕਰਨੇ ਸ਼ੁਰੂ ਕਰ ਦਿੱਤੇ। ਕਾਮੇਡੀ ਇਸ ਕਦਮ ਰਾਸ ਆਈ ਕਿ ਹੁਣ ਉਹ ਕਾਮੇਡੀ ਦਾ ਸੁਪਰ ਸਟਾਰ ਹੈ। ਨਿਰਦੇਸ਼ਕ ਸਮੀਪ ਕੰਗ ਦੀ ਫ਼ਿਲਮ ‘ਕੈਰੀ ਆਨ ਜੱਟਾ’ ਤੋਂ ਬਾਅਦ ਉਸਦੇ ਕਰੀਅਰ ਨੇ ਐਸੀ ਰਫਤਾਰ ਫੜ•ੀ ਕਿ ਸਭ ਸਟੇਸ਼ਨ ਪਿੱਛੇ ਰਹਿ ਗਏ।

ਕੁਝ ਕੁ ਸਾਲਾਂ ਤੋਂ ਉਹ ਫ਼ਿਲਮਾਂ ‘ਚ ਮੁੱਖ ਕਿਰਦਾਰ ਵਾਂਗ ਨਜ਼ਰ ਆਉਂਣ ਲੱਗਾ ਹੈ। ‘ਬੰਬੂਕਾਟ’ ਦੀ ਸਫ਼ਲਤਾ ‘ਚ ਬੀਨੂੰ ਦੀ ਅਹਿਮ ਭੂਮਿਕਾ ਰਹੀ ਤਾਂ ਨੀਰੂ ਬਾਜਵਾ ਨੇ ‘ਚੰਨੋ, ਕਮਲੀ ਯਾਰ ਦੀ’ ਵਿੱਚ ਉਸ ਨੂੰ ਆਪਣੇ ਨਾਲ ਨਾਇਕ ਦੇ ਤੌਰ ‘ਤੇ ਪਰਦੇ ‘ਤੇ ਪੇਸ਼ ਕੀਤਾ। ‘ਦੁੱਲਾ ਭੱਟੀ’ ਵਿੱਚ ਵੀ ਉਹ ਮੁੱਖ ਭੂਮਿਕਾ ‘ਚ ਨਜ਼ਰ ਆਇਆ। ਨਿਰਦੇਸ਼ਕ ਸਿਤਿਜ਼ ਚੌਧਰੀ ਦੀ ਫ਼ਿਲਮ ‘ਵੇਖ ਬਰਾਤਾਂ ਚੱਲੀਆਂ’ ਨਾਲ ਉਸ ਨੇ ਸਾਬਤ ਕਰ ਦਿੱਤਾ ਕਿ ਅਦਾਕਾਰੀ ‘ਚ ਉਸਦਾ ਕੋਈ ਸਾਨ•ੀ ਨਹੀਂ। ਇਸ ਫ਼ਿਲਮ ਦੀ ਆਪਾਰ ਸਫ਼ਲਤਾ ਨੇ ਬੀਨੂੰ ਦੇ ਹੌਂਸਲੇ ਹੋਰ ਬੁਲੰਦ ਕੀਤੇ। ਇਸ ਫ਼ਿਲਮ ਨਾਲ ਨਿਰਮਾਤਾ, ਨਿਰਦੇਸ਼ਕਾਂ ਦਾ ਬੀਨੂੰ ‘ਚ ਹੋਰ ਵਿਸ਼ਵਾਸ ਵਧਿਆ।
ਹਣ ਉਹ ਆਪਣੇ ਪ੍ਰੋਡਕਸ਼ਨ ਹਾਊਸ ‘ਨੌਟੀ ਮੈਨ ਪ੍ਰੋਡਕਸ਼ਨਸ’ ਹੇਠ ਪਹਿਲੀ ਫ਼ਿਲਮ ‘ਬਾਈਲਾਰਸ’ ਲੈ ਕੇ ਆ ਰਿਹਾ ਹੈ। ਨਿਰਦੇਸ਼ਕ ਸਿਤਿਜ਼ ਚੌਧਰੀ ਦੀ ਇਸ ਫ਼ਿਲਮ ‘ਚ ਬੀਨੂੰ ਨੇ ਹੀ ਮੁੱਖ ਭੂਮਿਕਾ ਨਿਭਾਈ ਹੈ। ਉਂਝ ਮਹਿਮਾਨ ਕਲਾਕਾਰ ਵਜੋਂ ਐਮੀ ਵਿਰਕ ਤੇ ਰਣਜੀਤ ਬਾਵਾ ਵੀ ਨਜ਼ਰ ਆਉਂਣਗੇ। 6 ਅਕਤੂਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ‘ਚ ਦੇਵ ਖਰੌੜ, ਕਰਮਜੀਤ ਅਨਮੋਲ, ਰਵਨੀਤ ਤੇ ਹੌਬੀ ਧਾਲੀਵਾਲ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।

ਇਸ ਫ਼ਿਲਮ ਬਾਰੇ ਉਹ ਦੱਸਦਾ ਹੈ ਕਿ ਨਿਰਮਾਤਾ ਵਜੋਂ ਇਹ ਉਸ ਦੀ ਪਹਿਲੀ ਫ਼ਿਲਮ ਹੈ। ਫ਼ਿਲਮ ਦਾ ਨਾਂ ਇਕ ਪੁਰਾਣੇ ਟਰੈਕਟਰ ਬਾਈਲਾਰਸ ‘ਤੇ ਰੱਖਿਆ ਗਿਆ ਹੈ। ਦਰਅਸਲ ਇਸ ਫ਼ਿਲਮ ‘ਚ ਇਸ ਟਰੈਕਟਰ ਦੀ ਬੇਹੱਦ ਅਹਿਮੀਅਤ ਹੈ। ਜਿਸ ਤਰ•ਾਂ ਫ਼ਿਲਮ ਦੇ ਟ੍ਰੇਲਰ ‘ਚ ਦਿਖਾਇਆ ਗਿਆ ਹੈ ਕਿ ਫ਼ਿਲਮ ਦੇ ਹੀਰੋ ਜੱਗੇ ਨੂੰ ਆਪਣੇ ਟਰੈਕਟਰ ਨਾਲ ਬੇਹੱਦ ਪਿਆਰ ਹੈ, ਪਰ ਕੁਝ ਮਜਬੂਰੀਆਂ ਕਾਰਨ ਉਸ ਨੂੰ ਉਸ ਤੋਂ ਦੂਰ ਹੋਣਾ ਪੈਂਦਾ ਹੈ। ਫ਼ਿਲਮ ਦੀ ਪੂਰੀ ਕਹਾਣੀ ਟਰੈਕਟਰ ਦੀ ਵਾਪਸੀ ਅਤੇ ਉਸ ਦੀ ਜਿੱਤ ਦੁਆਲੇ ਘੁੰਮਦੀ ਹੈ। ਫ਼ਿਲਮ ‘ਚ ਇਕ ਖੂਬਸੂਰਤ ਲਵ ਸਟੋਰੀ ਵੀ ਹੈ। ਦਰਅਸਲ 30 ਸਾਲਾਂ ਦੇ ਇਸ ਦੇਸੀ ਜੱਟ ਜੱਗੇ ਨੂੰ ਪਿੰਡ ‘ਚ ਸ਼ੂਟਿੰਗ ਕਰਨ ਲਈ ਆਈ ਸ਼ਿਮਲੇ ਦੀ ਇਕ ਐਕਟਰਸ ਸੋਨਾਲੀ ਨਾਲ ਪਿਆਰ ਹੋ ਜਾਂਦਾ ਹੈ। ਇਹ ਇਕ ਵੱਖਰੇ ਕਿਸਮ ਦੀ ਪ੍ਰੇਮ ਕਹਾਣੀ ਹੋਵੇਗੀ, ਜੋ ਦਰਸ਼ਕਾਂ ਨੂੰ ਪਸੰਦ ਆਵੇਗੀ। ਇਸ ਫ਼ਿਲਮ ਜ਼ਰੀਏ ਪੁਰਾਤਨ ਪੰਜਾਬੀ ਸੱਭਿਆਚਾਰ, ਪਿੰਡਾਂ ਦੇ ਰਹਿਣ ਸਹਿਣ ਅਤੇ ਪ੍ਰਹੁਣਚਾਰੀ ਨੂੰ ਵੀ ਦਿਖਾਇਆ ਜਾਵੇਗਾ।
Sapan Manchanda
95016 33900



