ਸਤਿੰਦਰ ਸਰਤਾਜ ਹੁਰਾਂ ਦੇ ਇਕ ਗੀਤ ਦੀ ਸਤਰ ਹੈ ”ਹੁਣ ਦੇਰ ਨਹੀਂ, ਦਿਨਾਂ ‘ਚ ਰੱਬ ਛੇਤੀ ਹੀ ਕਰਾਊ ਬੱਲੇ ਬੱਲੇ… ” ਸ਼ਾਇਦ ਇਹ ਸਤਰਾਂ ਨੌਜਵਾਨ ਫ਼ਿਲਮ ਲੇਖਕ ਖੁਸ਼ਵਿੰਦਰ ਵਰਮਾ ਉਰਫ਼ ਰਾਜੂ ਵਰਮਾ ਲਈ ਹੀ ਹਨ। ਲੰਮੇ ਸੰਘਰਸ਼ ਤੋਂ ਬਾਅਦ ਹੁਣ ਉਸਦੀ ਜ਼ਿੰਦਗੀ ‘ਚ ਉਹ ਘੜੀ ਆਈ ਹੈ, ਜਿਸ ਦਾ ਇਤਜ਼ਾਰ ਕਰਦਿਆਂ ਲੱਖਾਂ ਲੋਕਾਂ ਦੀ ਜ਼ਿੰਦਗੀ ਨਿਕਲ ਜਾਂਦੀ ਹੈ। ਰਾਜੂ ਵਰਮਾ ਦੀ ਕਹਾਣੀ, ਸਕਰੀਨਪਲੇ ਤੇ ਡਾਇਲਾਗ ਲੇਖਕ ਵਜੋਂ ਪੰਜਾਬੀ ਫ਼ਿਲਮ ‘ਆਟੇ ਦੀ ਚਿੜੀ’ ਅੱਜ ਰਿਲੀਜ਼ ਹੋਈ ਹੈ। ਇਹ ਫ਼ਿਲਮ ਉਸਦੇ ਬੇਹੱਦ ਕਰੀਬ ਹੈ। ਰਾਜੂ ਵਰਮਾ ਦਾ ਲੇਖਕ ਵਜੋਂ ਅਸਲ ਸਫ਼ਰ ਇਸ ਫ਼ਿਲਮ ਤੋਂ ਸ਼ੁਰੂ ਹੋ ਰਿਹਾ ਹੈ, ਜੋ ਅਮੁੱਕ ਹੈ।
ਇਹ ਉਸਦੀ ਮਿਹਨਤ ਅਤੇ ਸਬਰ ਦਾ ਹੀ ਫ਼ਲ ਹੈ ਅੱਜ ਤੋਂ ਉਸਦੀ ਕਲਮ ਇਕ ਨਵੀਂ ਰਫ਼ਤਾਰ ਫੜ•ਨ ਜਾ ਰਹੀ ਹੈ। ਇਸ ਅਕਤੂਬਰ ਤੋਂ ਲੈ ਕੇ ਹੁਣ ਅਗਲੇ ਅਕਤੂਬਰ ਤੱਕ ਉਸਦੀਆਂ ਇਕ ਨਹੀਂ, ਦੋ ਨਹੀਂ, ਤਿੰਨ ਨਹੀਂ ਬਲਕਿ ਦਸ ਦੇ ਕਰੀਬ ਫ਼ਿਲਮਾਂ ਰਿਲੀਜ਼ ਹੋਣਗੀਆਂ।

‘ਆਟੇ ਦੀ ਚਿੜ•ੀ’ ਅੱਜ ਰਿਲੀਜ਼ ਹੋਈ ਹੈ ਜਦਕਿ ਉਸਦੀ ਇਕ ਫ਼ਿਲਮ ‘ਮੁਕਲਾਵਾ’ ਜਿਸ ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਮੁੱਖ ਭੂਮਿਕਾ ਨਿਭਾ ਰਹੇ ਹਨ, ਦੀ ਸ਼ੂਟਿੰਗ ਲਗਭਗ ਮੁਕੰਮਲ ਹੋ ਚੁੱਕੀ ਹੈ। 11 ਨਵੰਬਰ ਤੋਂ ਉਸਦੀ ਫ਼ਿਲਮ ‘ਲੁੱਕਣ ਮੀਚੀ’ ਦੀ ਸ਼ੂਟਿੰਗ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਉਸਦੀਆਂ ਫ਼ਿਲਮਾਂ ਛੱਲਾ ਮੁੰਦੀ, ਲੱਡੂ ਬਰਫ਼ੀ, ਲਾਊਂਡ ਸਪੀਕਰ, ਲਾਇਲਪੁਰੀਏ, ਚਿੜੀ ਉੱਡ ਕਾਂ ਉੱਡ, ਲਾਣੇਦਾਰ ਅਤੇ ਸਲੇਡਾ ਦੀ ਸ਼ੂਟਿੰਗ ਅਗਲੇ ਇਕ ਦੋ ਮਹੀਨਿਆਂ ਵਿੱਚ ਸ਼ੁਰੂ ਹੋ ਰਹੀ ਹੈ।

ਰਾਜੂ ਵਰਮਾ ਪੰਜਾਬੀ ਦਾ ਸ਼ਾਇਦ ਪਹਿਲਾ ਅਜਿਹਾ ਫ਼ਿਲਮ ਲੇਖਕ ਹੋਵੇਗਾ, ਜਿਸ ਦੀਆਂ ਬਹੁਤ ਘੱਟ ਸਮੇਂ ‘ਚ ਏਨੀਆਂ ਫ਼ਿਲਮਾਂ ਇੱਕਠੀਆਂ ਰਿਲੀਜ਼ ਜਾਂ ਸ਼ੂਟ ਹੋਣਗੀਆਂ। ਚੀਮਾ ਮੰਡੀ, ਸੰਗਰੂਰ ਨਾਲ ਸਬੰਧਿਤ ਰਾਜੂ ਵਰਮਾ ਥੋੜੇ ਸਮੇਂ ‘ਚ ਪੰਜਾਬੀ ਦਾ ਸਥਾਪਤ ਲੇਖਕ ਹੋਵੇਗਾ। ਸਭ ਉਸ ਨੂੰ ਨਾਮੀਂ ਲੇਖਕ ਵਜੋਂ ਜਾਣਦੇ ਹੋਣਗੇ, ਪਰ ਉਸਦੀ ਜ਼ਿੰਦਗੀ ਦੇ ਸੰਘਰਸ਼ ਅਤੇ ਘਾਲਣਾ ਬਾਰੇ ਸ਼ਾਇਦ ਕਿਸੇ ਨੂੰ ਗਿਆਨ ਨਹੀਂ ਹੋਵੇਗਾ। ਇਹ ਉਹੀ ਲੇਖਕ ਹੈ, ਜਿਸ ਦੀਆਂ ਲਿਖਤਾਂ ਅਤੇ ਹੱਕਾਂ ‘ਤੇ ਕਈ ਵਾਰ ਡਾਕਾ ਪੈ ਚੁੱਕਿਆ ਹੈ। ਉਸ ਨੂੰ ਕਈ ਵਾਰ ਡੇਗਿਆ ਗਿਆ, ਪਰ ਉਹ ਹਰ ਵਾਰ ਆਪਣੇ ਹੌਂਸਲੇ ਨਾਲ ਉਪਰ ਉੱਠਿਆ ਹੈ। ਉਸ ਨੇ ਗੀਤ ਵੀ ਲਿਖੇ, ਟੈਲੀ ਫ਼ਿਲਮਾਂ ਵੀ ਲਿਖੀਆਂ, ਨਿਰਦੇਸ਼ਨਾਂ ਵਿੱਚ ਵੀ ਹੱਥ ਅਜਮਾਇਆ। ਇਸ ਖ਼ੇਤਰ ‘ਚ ਅੱਗੇ ਆਉਣ ਲਈ ਕਈ ਪਾਪੜ ਵੇਲੇ, ਪਰ ਹੁਣ ਉਸਨੇ ਫ਼ਿਲਮ ਇੰਡਸਟਰੀ ‘ਚ ਨਾ ਸਿਰਫ਼ ਖੁਦ ਨੂੰ ਖੜ•ਾ ਕੀਤਾ ਹੈ ਬਲਕਿ ਆਪਣੇ ਬੇਟੇ ਅਨਮੋਲ ਵਰਮਾ ਨੂੰ ਵੀ ਬਰੋਟੇ ਵਾਂਗ ਲਾਇਆ ਹੈ, ਜੋ ਹੁਣ ਦਰਖਤ ਬਣਦਾ ਜਾ ਰਿਹਾ ਹੈ। ਅੱਧੀ ਦਰਜਨ ਤੋਂ ਵੱਧ ਪੰਜਾਬੀ ਫ਼ਿਲਮਾਂ ‘ਚ ਬਾਲ ਕਲਾਕਾਰ ਵਜੋਂ ਕੰਮ ਕਰ ਚੁੱਕਿਆ ਅਨਮੋਲ ਜਿਥੇ ਪੰਜਾਬੀ ਫ਼ਿਲਮ ‘ਆਟੇ ਦੀ ਚਿੜੀ’ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ, ਉਥੇ ਦਰਸ਼ਕ ਭਵਿੱਖ ‘ਚ ਉਸ ਨੂੰ ਕਈ ਫ਼ਿਲਮਾਂ ‘ਚ ਦਮਦਾਰ ਅਦਾਕਾਰ ਵਜੋਂ ਦੇਖਣਗੇ।



