ਪੰਜਾਬੀ ਗਾਇਕ ਗਗਨ ਕੋਕਰੀ ਦੀ ਬਤੌਰ ਅਦਾਕਾਰ ਪਹਿਲੀ ਪੰਜਾਬੀ ਫ਼ਿਲਮ ‘ਲਾਟੂ’ ਕੱਲ• ਯਾਨੀ 16 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ। ਕਈ ਫ਼ਿਲਮਾਂ ‘ਚ ਬਤੌਰ ਨਿਰਦੇਸ਼ਕ ਅਤੇ ਐਸੋਸੀਏਟ ਨਿਰਦੇਸ਼ਕ ਕੰਮ ਕਰ ਚੁੱਕੇ ਮਾਨਵ ਸ਼ਾਹ ਦੀ ਵੀ ਬਤੌਰ ਨਿਰਦੇਸ਼ਕ ਇਹ ਪਹਿਲੀ ਪੰਜਾਬੀ ਫ਼ਿਲਮ ਹੈ। ‘ਫ਼ਰੀਦ ਇੰਟਰਟੇਨਮੈਂਟ’ ਅਤੇ ‘ਨਿਊ ਏਰਾ ਮੂਵੀਜ਼’ ਦੇ ਬੈਨਰ ਹੇਠ ਬਣੀ ਨਿਰਮਾਤਾ ਜਗਜੀਤ ਸਿੰਘ ਰਾਣਾ (ਰਾਜਾ ਢਾਬਾ ਖਮਾਣੋ), ਵਿਕਾਸ ਵਧਵਾ ਦੀ ਇਸ ਫ਼ਿਲਮ ‘ਚ ਗਗਨ ਕੋਕਰੀ ਨਾਲ ਖੂਬਸੂਰਤ ਅਦਾਕਾਰਾ ਅਦਿਤੀ ਸ਼ਰਮਾ ਨੇ ਮੁੱਖ ਭੂਮਿਕਾ ਨਿਭਾਈ ਹੈ।

ਪੰਜਾਬੀ ਸਿਨੇਮੇ ਦੇ ਦਿੱਗਜ ਅਦਾਕਾਰ ਸਰਦਾਰ ਸੋਹੀ, ਕਰਮਜੀਤ ਅਨਮੋਲ, ਹਰਦੀਪ ਗਿੱਲ, ਹਾਰਬੀ ਸੰਘਾ, ਅਸ਼ੀਸ਼ ਦੁੱਗਲ, ਮਲਕੀਤ ਰੌਣੀ, ਪ੍ਰਿੰਸ ਕੰਵਲਜੀਤ ਸਿੰਘ, ਨਿਸ਼ਾ ਬਾਨੋਂ, ਨਿਰਮਲ ਰਿਸ਼ੀ, ਅਨੀਤਾ ਦੇਵਗਨ, ਰਾਹੁਲ ਜੁਗਰਾਲ, ਪ੍ਰਕਾਸ਼ ਗਾਧੂ, ਦਿਲਾਵਰ ਸਿੱਧੂ, ਜਤਿੰਦਰ ਕੌਰ ਅਤੇ ਸੁਖਦੇਵ ਬਰਨਾਲਾ ਇਸ ਫ਼ਿਲਮ ‘ਚ ਪ੍ਰਮੁੱਖ ਭੂਮਿਕਾਵਾਂ ‘ਚ ਨਜ਼ਰ ਆਉਂਣਗੇ। ਨਾਮਵਰ ਫ਼ਿਲਮ ਲੇਖਕ ਧੀਰਜ ਰਤਨ ਦੀ ਲਿਖੀ ਇਹ ਫ਼ਿਲਮ ਪੀਰੀਅਡ ਫ਼ਿਲਮਾਂ ਦੀ ਲੜੀ ‘ਚ ਸ਼ਾਮਲ ਹੈ। ਇਹ ਫ਼ਿਲਮ ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਦਾ ਸੁਮੇਲ ਕਹੀ ਜਾ ਸਕਦੀ ਹੈ।

ਫ਼ਿਲਮ ਦੇ ਟ੍ਰੇਲਰ ਮੁਤਾਬਕ ਇਹ ਫ਼ਿਲਮ ਉਸ ਦੌਰ ਦੀ ਕਹਾਣੀ ਹੈ ਜਦੋਂ ਬਿਜਲੀ ਕਿਸੇ ਟਾਂਵੇ ਟਾਂਵੇ ਅਮੀਰ ਵਿਅਕਤੀ ਦੇ ਘਰ ‘ਚ ਹੁੰਦੀ ਸੀ। ਉਸ ਵੇਲੇ ਬਲਬ ਨੂੰ ਲਾਟੂ ਕਿਹਾ ਜਾਂਦਾ ਸੀ। ਹਰ ਬੰਦੇ ਨੂੰ ਲਾਟੂ ਜਗਦਾ ਦੇਖਣ ਦਾ ਚਾਅ ਹੁੰਦਾ ਸੀ। ਹਰ ਬੰਦੇ ਦੀ ਇੱਛਾ ਹੁੰਦੀ ਸੀ ਕਿ ਉਸ ਦੇ ਘਰੇ ਵੀ ਲਾਟੂ ਜਗੇ, ਪਰ ਇਹ ਸੌਖਾ ਕੰਮ ਨਹੀਂ ਹੁੰਦਾ ਸੀ। ਸਾਲ 1960 ਦੇ ਦੌਰ ਦੀ ਇਸ ਫ਼ਿਲਮ ‘ਚ ਉਸ ਵੇਲੇ ਦੇ ਨੇੜਲੇ ਦੋ ਪਿੰਡਾਂ ਸਲੇਮਪੁਰੀਏ ਅਤੇ ਦੋਦੜੇ ਦੇ ਦੋ ਸਰਦਾਰਾਂ ਦਾ ਆਪਸੀ ਟਕਰਾਅ ਦਿਖਾਇਆ ਗਿਆ ਹੈ। ਜਿਨ•ਾਂ ਲਈ ਹਰ ਗੱਲ ਮੁੱਛ ਦਾ ਸੁਆਲ ਯਾਨੀ ਇੱਜਤ ਦਾ ਸੁਆਲ ਬਣਦੀ ਹੈ।

ਫ਼ਿਲਮ ਦੇ ਹੀਰੋ ਗਗਨ ਕੋਕਰੀ ਦੀ ਮੁਹੱਬਤ ‘ਚ ਰਾਹ ਦਾ ਰੋੜਾ ਇਹ ਲਾਟੂ ਹੀ ਬਣਦਾ ਹੈ। ਆਪਣਾ ਪਿਆਰ ਹਾਸਲ ਕਰਨ ਲਈ ਉਹ ਪਿੰਡ ‘ਚ ਲਾਟੂ ਜਗਾਉਂਦਾ ਹੈ। ਇਹ ਲਾਟੂ ਕਿਵੇਂ ਅਤੇ ਕਿੰਨਾ ਮੁਸ਼ਕਲਾਂ ਨੂੰ ਪਾਰ ਕਰਨ ਤੋਂ ਬਾਅਦ ਲੱਗਦਾ ਹੈ, ਇਹ ਦੇਖਣਾ ਦਿਲਚਸਪ ਹੈ। ਪੁਰਾਤਨ ਸੱਭਿਆਚਾਰ ਦੀ ਪੇਸ਼ਕਾਰੀ ਕਰਦੀ ਇਸ ਫ਼ਿਲਮ ਦੇ ਟ੍ਰੇਲਰ ਨੂੰ ਮਿਲੇ ਹੰਗਾਰੇ ਤੋਂ ਜਾਪਦਾ ਹੈ ਕਿ ਇਹ ਫ਼ਿਲਮ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰੇਗੀ।


