ਗਾਇਕ ਤੋਂ ਅਦਾਕਾਰ ਬਣੇ ਜੌਰਡਨ ਸੰਧੂ ਦੀ ਤੀਜੀ ਪੰਜਾਬੀ ਫ਼ਿਲਮ ’ਗਿੱਦੜਸਿੰਗੀ’ 29 ਨਵੰਬਰ ਨੂੰ ਰਿਲੀਜ਼ ਹੋਵੇਗੀ। ਇਹ ਫ਼ਿਲਮ ‘ਓਮਜੀ ਸਟਾਰ ਸਟੂਡੀਓ’ ਵੱਲੋਂ ਰਿਲੀਜ਼ ਕੀਤੀ ਜਾ ਰਹੀ ਹੈ। ‘ਡਰੀਮਸਪੀਕ ਮੂਵੀਜ਼’ ਦੇ ਬੈਨਰ ਹੇਠ ਬਣ ਰਹੀ ਨਿਰਮਾਤਾ ਅਭਿਸ਼ੇਕ ਤਿਆਗੀ ਅਤੇ ਨਿਰਦੇਸ਼ਕ ਵਿਪਨ ਪ੍ਰਾਸ਼ਰ ਦੀ ਇਸ ਫਿਲਮ ਵਿੱਚ ਜੌਰਡਨ ਨਾਲ ਰੁਬੀਨਾ ਬਾਜਵਾ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ।
ਫ਼ਿਲਮ ਵਿੱਚ ਰਵਿੰਦਰ ਗਰੇਵਾਲ, ਕਰਨ ਮਹਿਤਾ, ਸਾਨਵੀ ਧੀਮਾਨ, ਗੁਰਮੀਤ ਸਾਜਨ, ਮਲਕੀਤ ਰੌਣੀ, ਸੀਮਾ ਕੌਸ਼ਲ, ਪ੍ਰਿੰਸ ਕੰਵਲਜੀਤ ਸਿੰਘ ਅਤੇ ਦੀਦਾਰ ਗਿੱਲ ਸਮੇਤ ਕਈ ਹੋਰ ਚਿਹਰੇ ਨਜ਼ਰ ਆਉਣਗੇ।
ਹਰਭਜਨ ਮਾਨ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਸਾਡੇ ਸੀਐਮ ਸਾਹਬ’ ਦਾ ਨਿਰਦੇਸ਼ਨ ਕਰ ਚੁੱਕੇ ਵਿਪਨ ਪ੍ਰਾਸ਼ਰ ਦੀ ਫ਼ਿਲਮ ਕਾਮੇਡੀ, ਰੁਮਾਂਸ ਅਤੇ ਡਰਾਮੇ ਦਾ ਸੁਮੇਲ ਹੈ। ਪੰਜਾਬੀ ਫ਼ਿਲਮ ‘ਕਾਕੇ ਦਾ ਵਿਆਹ’ ਅਤੇ ‘ਕਾਲਾ ਸ਼ਾਹ ਕਾਲਾ’ ਤੋਂ ਬਾਅਦ ਜੌਰਡਨ ਸੰਧੂ ਦੀ ਇਹ ਤੀਜੀ ਪੰਜਾਬੀ ਫ਼ਿਲਮ ਹੈ। ਜਦਕਿ ਰੁਬੀਨਾ ਬਾਜਵਾ ਦੀ ਇਹ ਪੰਜਵੀਂ ਫ਼ਿਲਮ ਹੋਵੇਗੀ। ਇਸ ਸਾਲ ਉਸਦੀਆਂ ਇਸ ਫ਼ਿਲਮ ਸਮੇਤ ਤਿੰਨ ਫ਼ਿਲਮਾਂ ਰਿਲੀਜ਼ ਹੋਣਗੀਆਂ।




