ਪੰਜਾਬੀ ਸਿਨੇਮਾ ਜਗਤ ਲਈ ਇਹ ਖੁਸ਼ੀ ਦੀ ਖ਼ਬਰ ਹੈ ਕਿ ਹੁਣ ਪੰਜਾਬ ਦੇ ਮਲਟੀਪਲੈਕਸ ਸਿਨੇਮਾਘਰਾਂ ‘ਚ ਪੰਜਾਬੀ ਫ਼ਿਲਮਾਂ ਦਾ ਘੱਟੋ ਘੱਟ ਇਕ ਸ਼ੋਅ ਰੋਜ਼ਾਨਾ ਜ਼ਰੂਰ ਚੱਲੇਗਾ। ਸਿਨੇਮਾਮਾਲਕ ਕਿਸੇ ਵੀ ਪੰਜਾਬੀ ਫ਼ਿਲਮ ਦੇ ਸਾਰੇ ਸ਼ੋਅ ਖ਼ਤਮ ਨਹੀਂ ਕਰ ਸਕਦੇ। ਪੰਜਾਬ ਸਰਕਾਰ ਇਸ ਫ਼ੈਸਲੇ ਨੂੰ ਲਾਗੂ ਕਰਨ ਸਬੰਧੀ ਕਿਸੇ ਵੇਲੇ ਵੀ ਨੋਟੀਫਿਕੇਸ਼ਨ ਜਾਰੀ ਕਰ ਸਕਦੀ ਹੈ। ਇਹ ਮਾਮਲਾ ਪੰਜਾਬ ਆਰਟ ਕੌਂਸਲ ਦੀ ਚੇਅਰਮੈਨ ਸਤਿੰਦਰ ਸੱਤੀ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਉਠਇਆ ਸੀ। ਸੱਤੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਰਕਾਰ ਕਿਸੇ ਵੀ ਵੇਲੇ ਇਸ ਸਬੰਧੀ ਵੱਡਾ ਐਲਾਨ ਕਰ ਸਕਦੀ ਹੈ। ਦੱਸਦਈਏ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਪੰਜਾਬੀ ਫ਼ਿਲਮਾਂ ਨੂੰ ਸਾਊਥ ਦੇ ਸਿਨੇਮੇ ਵਾਂਗ ਹੀ ਤਰਜ਼ੀਹ ਦਿੱਤੀ ਜਾਵੇ। ਫ਼ਿਲਮ ਮੇਕਰਾਂ ਦੀ ਅਕਸਰ ਹੀ ਇਹ ਸ਼ਿਕਾਇਤ ਹੁੰਦੀ ਸੀ ਕਿ ਸਿਨੇਮਾਘਰ ਪੰਜਾਬੀ ਫ਼ਿਲਮਾਂ ਨੂੰ ਉਹ ਤਰਜ਼ੀਹ ਨਹੀਂ ਦਿੰਦੇ, ਜਿਸ ਕਿਸਮ ਦੀ ਤਰਜ਼ੀਹ ਹਿੰਦੀ ਫ਼ਿਲਮਾਂ ਨੂੰ ਪੰਜਾਬੀ ਖ਼ੇਤਰਾਂ ‘ਚ ਦਿੱਤੀ ਜਾਂਦੀ ਹੈ। ਸਤਿੰਦਰ ਸੱਤੀ ਮੁਤਾਬਕ ਉਹ ਇਸ ਸਬੰਧੀ ਕਾਫ਼ੀ ਸਮੇਂ ਤੋਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਇਸ ਨੂੰ ਲਾਗੂ ਕਰਵਾਉਣ ਲਈ ਯਤਨਸ਼ੀਲ ਸੀ। ਹੁਣ ਸਰਕਾਰ ਨੇ ਇਸ ਤਜਵੀਜ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਉਸ ਨੇ ਕਿਹਾ ਕਿ ਜੇਕਰ ਹੁਣ ਇਹ ਨਿਯਮ ਲਾਗੂ ਹੁੰਦਾ ਹੈ ਤਾਂ ਇਹ ਸੁਮੱਚੀ ਪੰਜਾਬੀ ਫ਼ਿਲਮ ਜਗਤ ਦੀ ਵੱਡੀ ਪ੍ਰਾਪਤੀ ਹੋਵੇਗੀ। ਕਾਬਲੇਗੌਰ ਹੈ ਕਿ ਪੰਜਾਬੀ ‘ਚ ਹਰ ਵਰ•ੇ 35 ਤੋਂ 40 ਫ਼ਿਲਮਾਂ ਬਣਦੀਆਂ ਹਨ। ਇਹਨਾਂ ਫ਼ਿਲਮਾਂ ਜ਼ਰੀਏ ਹਰ ਸਾਲ ਫ਼ਿਲਮ ਇੰਡਸਟਰੀ ‘ਚ ਸਵਾਂ ਸੌ ਕਰੋੜ ਰੁਪਏ ਦੇ ਨੇੜੇ ਬਿਜ਼ਨਸ ਹੁੰਦਾ ਹੈ। ਫ਼ਿਲਮਾਂ ਸਬੰਧੀ ਕੋਈ ਨਿਯਮ ਨਾ ਹੋਣ ਅਤੇ ਵੱਡੇ ਫ਼ਿਲਮ ਮੇਕਰਾਂ ਦੀ ਮਨੌਪਲੀ ਹੋਣ ਕਰਨ ਬਹੁਤ ਸਾਰੇ ਛੋਟੇ ਫ਼ਿਲਮ ਮੇਕਰ ਆਮ ਲੋਕਾਂ ਤੱਕ ਆਪਣੀ ਫ਼ਿਲਮ ਪਹੁੰਚਣ ‘ਚ ਨਾਕਾਮਯਾਬ ਹੁੰਦੇ ਸਨ। ਜੇਕਰ ਸਰਕਾਰ ਪੰਜਾਬੀ ਸਿਨੇਮੇ ਦੇ ਹਿੱਤ ‘ਚ ਅਜਿਹੇ ਫ਼ੈਸਲੇ ਲੈਂਦੀ ਹੈ ਤਾਂ ਇਸ ਨਾਲ ਸਿੱਧੇ ਤੌਰ ‘ਤੇ ਪੰਜਾਬੀ ਫ਼ਿਲਮਾਂ ਨੂੰ ਵੱਡਾ ਹੁੰਗਾਰਾ ਮਿਲੇਗਾ।
ਜੇਕਰ ਇਹ ਫ਼ੈਸਲਾ ਲਾਗੂ ਹੁੰਦਾ ਹੈ ਤਾਂ ਪੰਜਾਬ ਸਰਕਾਰ ਵੱਲੋਂ ਸਤਿੰਦਰ ਸੱਤੀ ਨੂੰ ਪੰਜਾਬ ਆਰਟ ਕੌਂਸਲ ਦੀ ਚੇਅਰਮੇਨ ਲਾਉਣ ਦੇ ਫ਼ੈਸਲੇ ਦਾ ਸਭ ਤੋਂ ਵੱਡਾ ਫ਼ਾਇਦਾ ਪੰਜਾਬੀ ਫ਼ਿਲਮ ਉਦਯੋਗ ਨੁੰ ਹੋਵੇਗਾ। ਸੱਤੀ ਮੁਤਾਬਕ ਉਹ ਇਸ ਤੋਂ ਬਾਅਦ ਛੇਤੀ ਹੀ ਪੰਜਾਬੀ ਸਿਨੇਮੇ ਦੇ ਹਿੱਤ ‘ਚ ਇਕ ਵੱਡਾ ਐਲਾਨ ਵੀ ਕਰਨ ਜਾ ਰਹੀ ਹੈ,ਜਿਸ ਨਾਲ ਪੰਜਾਬੀ ਸਿਨੇਮੇ ਦਾ ਹੋਰ ਪ੍ਰਚਾਰ ਅਤੇ ਪ੍ਰਸਾਰ ਹੋਵੇਗਾ। ਸਪਨ ਮਨਚੰਦਾ
in News
ਪੰਜਾਬੀ ਫ਼ਿਲਮ ਇੰਡਸਟਰੀ ਲਈ ਸ਼ੁਭ ਖ਼ਬਰ, ਪੰਜਾਬੀ ਫ਼ਿਲਮਾਂ ਨੂੰ ਲਾਜ਼ਮੀ ਤੌਰ ‘ਤੇ ਥੀਏਟਰ ‘ਚ ਮਿਲਣਗੇ ਸ਼ੋਅ


