in

ਭਾਰਤੀ ਸਿਨਮੇ ਦੇ ਸਦਾਬਹਾਰ ਅਦਾਕਾਰ ਓਮਪੁਰੀ ਨਹੀਂ ਰਹੇ

ਹਿੰਦੀ ਅਤੇ ਪੰਜਾਬੀ ਫ਼ਿਲਮਾਂ ਦੇ ਸਦਾਬਹਾਰ ਅਦਾਕਾਰ ਓਮ ਪੁਰੀ ਨਹੀਂ ਰਹੇ। ਉਹਨਾਂ ਦੀ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੀ ਹਾਲਤ ਵੀ ਢਿੱਲੀ ਚੱਲ ਰਹੀ ਸੀ। ਅੱਜ ਸਵੇਰੇ ਕਰੀਬ 4 ਵਜੇ ਉਹਨਾਂ ਨੂੰ ਅਚਾਨਕ ਹਾਰਟ ਅਟੈਕ ਆਇਆ। ਪਲਾਂ ‘ਚ ਹੀ ਉਹ ਸਾਥੋਂ ਸਦਾ ਲਈ ਵਿਛੜ ਗਏ।  ਓਮਪੁਰੀ ਨੇ ਫ਼ਿਲਮ ਜਗਤ ‘ਚ ਚੌਖਾ ਨਾਮਾਣਾ ਖੱਟਿਆ ਹੈ। ਸਿਨੇਮਾ ਜਗਤ ਕਦੇ ਵੀ ਉਹਨਾਂ ਦੇ ਯੋਗਦਾਨ ਨੂੰ ਭੁਲਾ ਨਹੀਂ ਸਕਦਾ। ਸਧਾਰਨ ਜਿਹੇ ਸਰੀਰ ਤੇ ਚੇਚਕ ਦੇ ਦਾਗਾਂ ਨਾਲ ਭਰੇ ਚਿਹਰੇ ਵਾਲਾ ਇਹ ਇਨਸਾਨ ਕਿਸ ਤਰ•ਾਂ ਫ਼ਿਲਮ ਜਗਤ ਦਾ ਨਾਮੀ ਸਿਤਾਰਾ ਬਣਿਆ। ਇਸ ‘ਤੇ ਝਾਤ ਪਾਉਂਦਾ ਹੈ ਸਪਨ ਮਨਚੰਦਾ ਦਾ ਇਹ ਲੇਖ
                                                                                  ਇੰਝ ਬਣਿਐ ਅਦਾਕਾਰ  ਓਮ ਪੁਰੀ
ਸਧਾਰਨ ਜਿਹੀ ਦਿਖ, ਛਟਾਂਗ ਜਿਹਾ ਸਰੀਰ ਤੇ ਚੇਚਕ ਦੇ ਦਾਗਾਂ ਨਾਲ ਭਰਿਆ ਚਿਹਰਾ। ਸ਼ਾਇਦ ਹੀ ਕੋਈ ਕਿਆਸ ਕਰ ਸਕੇ ਕਿ ਇਸ ਤਰ•ਾਂ ਦੇ ਹੁਲੀਏ ਵਾਲਾ ਕੋਈ ਸ਼ਖ਼ਸ ‘ਅਦਾਕਾਰ’ ਬਣ ਸਕਦਾ ਹੈ। ਪਰ ਦ੍ਰਿੜ ਹੌਂਸਲਾ ਤੇ ਮੰਜ਼ਿਲ ‘ਤੇ ਪੁਹੰਚਣ ਦੀ ਲਲਕ ਨਾ ਮੁਮਕਿਨ ਨੂੰ ਵੀ ਮੁਮਕਿਨ ਬਣਾ ਦਿੰਦੀ ਹੈ, ਜਿਸ ਦੀ ਪੁਖਤਾ ਮਿਸਾਲ ਹੈ ਅਦਾਕਾਰ ਓਮ ਪੁਰੀ। ਪਹਿਲਾਂ ਪਾਲੀਵੁੱਡ ਫਿਰ ਬਾਲੀਵੁੱਡ ਤੇ ਬਾਅਦ ‘ਚ ਹਾਲੀਵੁੱਡ ‘ਚ ਆਪਣੀ ਦਮਦਾਰ ਤੇ ਸੰਵੇਦਨਸ਼ੀਲ ਅਦਾਕਾਰੀ ਨਾਲ ਵੱਖਰਾ ਹਸਤਾਖ਼ਰ ਬਣ ਚੁੱਕੇ ਓਮ ਪੁਰੀ ਦੀ ਜ਼ਿੰਦਗੀ ਦਾ ਸਫਰ ‘ਵੈਤਰਣੀ’ ਪਾਰ ਕਰਨ ਤੋਂ ਘਟ ਨਹੀਂ ਰਿਹ। ਉਨ•ਾਂ ਨੇ ਲੱਖਾਂ ਝੱਖੜ ਝੁੱਲਣ ਦੇ ਬਾਵਜੂਦ ਵੀ ਆਪਣੀ ਮੰਜ਼ਿਲ ਸਰ ਕੀਤੀ। ਅਭਿਨੈ ਦੀ ਪਹਿਲੀ ਪੌੜੀ ਮੰਨੇ ਜਾਂਦੇ ਰੰਗਮੰਚ ਤੋਂ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਇਸ ਅਭਿਨੇਤਾ ਨੇ ਜਿਸ ਦੌਰ ‘ਚ ਫ਼ਿਲਮੀ ਖੇਤਰ ‘ਚ ਪੈਰ ਧਰਿਆ। ਉਸ ਸਮੇਂ ਇਸ ਖੇਤਰ ‘ਚ ਸਿਰਫ ਹੁਸੀਨ ਚਿਹਰੇ ਵੀ ਵਿਕਦੇ ਸਨ। ਪ੍ਰੰਤੂ ਓਮ ਪੁਰੀ ਨੇ ਆਪਣੀ ਦਮਦਾਰ ਅਦਾਕਾਰੀ ਸਦਕਾ ਇਹ ਅਹਿਸਾਸ ਕਰਵਾ ਦਿੱਤਾ ਕਿ ਸਭ ਤੋਂ ਪਹਿਲਾਂ ਕਿਸੇ ਕਲਾਕਾਰ ਕੋਲ ਪ੍ਰਭਾਵਸ਼ਾਲੀ ਅਦਾ ਹੋਣੀ ਚਾਹੀਦੀ ਹੈ। ਨਿਰੇ ਹੁਸੀਨ ਚਿਹਰੇ ਵੀ ਖੋਟੇ ਸਿੱਕੇ ਵਾਂਗ ਹੁੰਦੇ ਹਨ।  350 ਦੇ ਕਰੀਬ ਫ਼ਿਲਮਾਂ (ਹਿੰਦੀ, ਅੰਗਰੇਜ਼ੀ ਤੇ ਕੁੱਝ ਪੰਜਾਬੀ ਦੀਆਂ)  ਤੇ 100 ਦੇ ਕਰੀਬ ਸੀਰੀਅਲਾਂ ‘ਚ ਵੱਖ-ਵੱਖ ਤਰ•ਾਂ ਦੀਆਂ ਦਿਲਚਸਪ ਭੂਮਿਕਾਵਾਂ ਨਿਭਾ ਚੁੱਕੇ ਇਸ ‘ਕਲਾਕਾਰ’ ਨੇ ਜ਼ਿੰਦਗੀ ਵਿੱਚ ਜਿਸ ਤਰ•ਾਂ ਦੇ ਉਤਰਾਅ-ਚੜਾਅ ਦੇਖੇ ਅਤੇ ਜਿਨ•ਾਂ ਪ੍ਰਸਥਿਤੀਆਂ ਦਾ ਉਸ ਨੇ ਸਾਹਮਣਾ ਕੀਤਾ ਉਸ ਤੋਂ ਉਸ ਦੀ ਜ਼ਿੰਦਗੀ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਜਾਪਦੀ।


18 ਅਕਤੂਬਰ 1950 ਨੂੰ ਅੰਬਾਲਾ ਵਿਖੇ ਸ੍ਰੀਮਤੀ ਤਾਰਾ ਦੇਵੀ ਅਤੇ ਸ੍ਰੀ ਟੇਕ ਚੰਦ ਦੇ ਘਰ ਜਨਮੇ ਓਮ ਪੁਰੀ ਦਾ ਵਾਹ ਨਿਆਣੀ ਉਮਰ ‘ਚ ਹੀ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨਾਲ ਪੈ ਗਿਆ ਸੀ। ਆਪਣਾ ਬਚਪਨ ਅੱਤ ਦੀ ਗਰੀਬੀ ‘ਚ ਬਿਤਾਉਣ ਵਾਲੇ ਓਮ ਪੁਰੀ ਨੇ ਜ਼ਿੰਦਗੀ ਦੇ ਸ਼ੁਰੂਆਤੀ ਵਰ•ੇ ਮੁੱਲਾਂਪੁਰ, ਰਿਵਾੜੀ, ਦਗੇਦਾ ਤੇ ਬਠਿੰਡਾ ਵਿਖੇ ਗੁਜਾਰੇ। ਚੜ•ਦੀ ਉਮਰ ‘ਚ ਉਹ ਆਪਣੇ ਮਾਮੇ ਕੋਲ ਸਿਨੌਰ (ਪਟਿਆਲਾ) ਰਹਿਣ ਲੱਗਾ। ਇਥੇ ਰਹਿੰਦਿਆਂ ਹੀ  Àਸ ਦੀ ਜ਼ਿੰਦਗੀ ਦਾ ਅਸਲ ਸੰਘਰਸ਼ ਸ਼ੁਰੂ ਹੁੰਦਾ ਹੈ। ਅਦਾਕਾਰੀ ਦੀ ਲਲਕ ਉਸ ਨੂੰ ਰੰਗਮੰਚ ਵੱਲ ਖਿੱਚਦੀ ਹੈ ਤੇ ਢਿੱਡ ਦੀ ਭੁੱਖ  ਪੈਸਿਆਂ ਖ਼ਾਤਰ ਕੋਈ ਓਹੜ -ਪੋਹੜ ਕਰਨ ਲਈ ਮਜਬੂਰ ਕਰਦੀ ਹੈ। ਕਿਸੇ ਤਰ•ਾਂ ਬੀ.ਏ ਕਰਨ ਤੋਂ ਬਾਅਦ ਉਹ ਕਿਤੇ ਟਿਊਸ਼ਨ ਪੜਾਉਣ ਲੱਗਦਾ ਹੈ ਤੇ ਕਿਤੇ  ਵਕੀਲ ਦੀ ਮੁਨਸ਼ੀਗਿਰੀ ਕਰਦਾ ਹੈ। ਪਰ ਉਹ ਆਪਣੇ ਅੰਦਰਲੇ ਕਲਾਕਾਰ ਨੂੰ ਮਰਨ ਨਹੀਂ ਦਿੰਦਾ।  ਇਕ ਦਿਨ ਮੰਚ ‘ਤੇ ਨਾਟਕ ਖੇਡ ਰਹੇ ਓਮ ਪੁਰੀ ‘ਤੇ ਪੰਜਾਬੀ ਰੰਗਮੰਚ ਦੇ ਖ਼ੈਰਖਾਹ ਸਵ. ਹਰਪਾਲ ਟਿਵਾਣਾ ਦੀ ਸਵੱਲੀ ਨਜ਼ਰ ਪੈਂਦੀ ਹੈ।  ਪਹਿਲੀ ਨਜ਼ਰੇ ਹੀ ਓਮ ਪੁਰੀ ਦੀ ਅਦਾਕਾਰੀ ਤੋਂ ਕਾਇਲ ਹੋਇਆ ਹਰਪਾਲ ਟਿਵਾਣਾ ਉਸ ਨੂੰ ਪੰਜਾਬ ਕਲਾ ਮੰਚ ‘ਚ 150 ਰੁਪਏ ‘ਤੇ ਮੁਲਾਜ਼ਮ ਰੱਖ ਲੈਂਦਾ ਹੈ। ਇਥੇ ਹੀ ਉਸ ਦੇ ਲਈ ਨਵੇਂ ਮੁਹਾਜ ਖੁੱਲ•ਦੇ ਹਨ।  ਹਰਪਾਲ ਟਿਵਾਣਾ ਹੀ ਪੁਰੀ ਦੀ ਕਲਾ ਨੂੰ ਨਿਖਾਰਦਾ ਤੇ ਤਰਸ਼ਦਾ ਹੈ। ਟਿਵਾਣਾ ਨਾਲ ਹਿੰਦੀ ਨਾਟਕ ‘ਅਧੂਰੇ ਸੁਪਨੇ ‘ਤੇ ਪੰਜਾਬੀ ਨਾਟਕ ‘ਰੱਤਾਸਾਲੂ’  ਦੇਸ਼ ਭਰ ‘ਚ ਖੇਡਦਿਆਂ ਹੀ ਉਸ ਨੂੰ ਅਹਿਸਾਸ  ਹੁੰਦਾ ਹੈ ਕਿ ਉਹ ਤਾਂ ਛੱਪੜ ਦਾ ਡੱਡੂ ਬਣਿਆ ਬੈਠਾ ਹੈ ਉਸ ਦੀ ਜਗ•ਾ ਤਾਂ ਸੁਮੰਦਰ ‘ਚ ਹੈ।  ਇਸ ਤੋਂ ਬਾਅਦ ਉਹ ਆਪਣਾ ਸੁਪਨਾ ਸਾਕਾਰ ਕਰਨ ਲਈ ਨੈਸ਼ਨਲ ਸਕੂਲ ਆਫ਼ ਡਰਾਮਾ ‘ਚ ਦਾਖ਼ਲਾ ਲੈਂਦਾ ਹੈ। ਇਥੇ ਉਸ ਲਈ ਸਭ ਤੋਂ ਵੱਡੀ ਪ੍ਰੇਸ਼ਾਨੀ ਬਣਦੀ ਹੈ ‘ਅੰਗਰੇਜ਼ੀ ਭਾਸਾ’।  ਅੰਗਰੇਜ਼ੀ ਭਾਸ਼ਾ ਦਾ ਅਨਾੜੀ ਪੁਰੀ ਜਦੋਂ ਆਪਣੇ ਸੁਪਨੇ ਸਮੇਟ ਇਥੋਂ ਵਾਪਸ ਪਰਤਣ ਦਾ ਮਨ ਬਣਾਉਂਦਾ ਹੈ ਤਾਂ ਨੈਸ਼ਨਲ ਸਕੂਲ ਆਫ਼ ਡਰਾਮਾ ਦਾ ਡਾਇਰੈਕਟਰ ਅਲਕਾਜ਼ੀ ਉਸ ਨੂੰ ਡਰਪੋਕਾਂ ਦੀ ਤਰ•ਾਂ ਸੁਪਨਾ ਤਿਆਗਣ ਦੀ ਥਾਂ ਮਜ਼ਬੂਤ ਹੋ ਕੇ  ਨਾਮੁਮਕਿਨ ਨੂੰ ਮੁਮਕਿਨ ਕਰਨ ਲਈ ਪ੍ਰੇਰਿਤ ਕਰਦਾ ਹੈ।  ਅਲਕਾਜ਼ੀ ਦੀ ਇਹ ਪ੍ਰੇਰਣਾ ਹੀ ਉਸ ਦੇ ਪਰ•ਾਂ ਨੂੰ ਪਰਵਾਜ਼ ਬਖ਼ਸ਼ਦੀ ਹੈ। ਸੁਪਨਿਆਂ ਦੇ ਅੰਬਰ ‘ਤੇ ਉਡਾਰੀ ਭਰਦਿਆਂ ਉਹ ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ,ਪੂਨੇ ਦੇ ਵਿਹੜੇ  ਜਾ ਉਤਰਦਾ ਹੈ।  ਇਥੇ ਕੁਝ ਸੌੜੀ ਕਿਸਮ ਦੇ ਲੋਕ ਉਸ ਦਾ ਹੌਸਲਾ ਇਹ ਕਹਿ ਕੇ ਪਸਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਉਸ ਦਾ ਚਿਹਰਾ ਤਾਂ ਦਾਗਾਂ ਭਰਿਆ ਹੈ। ਉਹ ਨਾ ਤਾਂ ‘ਨਾਇਕ’ ਦੇ ਕਾਬਲ ਹੈ ਤੇ ਨਾ ਹੀ ਕਿਸੇ ਪਾਸਿਓਂ ‘ਖਲਨਾÎਇਕ’ ਦਿੱਖਦਾ ਹੈ।  ਮਨਸਿਕ ਤੌਰ ‘ਤੇ ਉਲਝੇ ਪੁਰੀ ਦੀਆਂ ਪ੍ਰੇਸ਼ਾਨੀ ਦੀਆਂ ਤੰਦਾਂ ਨੂੰ ਇੰਸਟੀਚਿਊਟ ਦਾ ਨਿਰਦੇਸ਼ਕ ਗਰੀਸ਼ ਕਰਨਾਡ ਸੁਲਝਾਉਂਦਾ ਹੈ।  1976 ‘ਚ ਇਥੋਂ ਡਿਪਲੋਮਾ ਕਰਨ ਤੋਂ ਬਾਅਦ ਉਹ ਆਪਣੇ ਸੁਪਨਿਆਂ ਦੀ ਧਰਤੀ ਬੰਬਈ (ਮੁੰਬਈ) ਆ ਪਹੁੰਚਦਾ ਹੈ।  ਕੁਝ ਸਮਾਂ ਰੰਗਮੰਚ ਕਰਨ ਤੋਂ ਬਾਅਦ ਉਹ ਫ਼ਿਲਮਾਂ ਵੱਲ ਰੁਖ਼ ਕਰਦਾ ਹੈ। (ਇਸ ਤੋਂ ਪਹਿਲਾਂ ਉਹ ਪੰਜਾਬੀ ਫ਼ਿਲਮ ‘ਚੰਦ ਪ੍ਰਦੇਸੀ ‘ ਵਿਚ ਕੰਮ ਕਰ ਚੁੱਕੇ ਸਨ) । ਕੁੱਝ ਛੋਟੀਆਂ-ਮੋਟੀਆਂ ਫ਼ਿਲਮਾਂ ਕਰਨ ਤੋਂ ਬਾਅਦ 1978 ‘ਚ  ਆਈ ਹਿੰਦੀ ਫ਼ਿਲਮ ‘ਗੋਧੁਲੀ’ ਨਾਲ ਉਹ ਬਾਲੀਵੁੱਡ ‘ਚ ਆਪਣੇ ਫ਼ਿਲਮੀ ਕਰੀਅਰ ਦੀ ਅਸਲ ਸ਼ੁਰੂਆਤ ਕਰਦਾ ਹੈ। ਪਰ ਉਸਦੀ ਪਹਿਚਾਣ 1980 ‘ਚ ਆਈ ਫ਼ਿਲਮਸਾਜ਼ ਗੋਬਿੰਦ ਨਿਹਲਾਨੀ ਦੀ ਫ਼ਿਲਮ ‘ਆਕ੍ਰੋਸ਼’ ਨਾਲ ਬਣਦੀ ਹੈ। ਇਸ ਫ਼ਿਲਮ ‘ਚ ਉਸ ਵਲੋਂ ਨਿਭਾਇਆ ਭੀਖੂ ਦਾ ਕਿਰਦਾਰ ਉਨ•ਾਂ ਦੀ ਅਦਾਕਾਰੀ ਸਮਰਥਾ ਨੂੰ ਦਰਸਾਉਂਦਾ ਹੈ।  ਇਸ ਫ਼ਿਲਮ ਤੋਂ ਬਾਅਦ ਉਨ•ਾਂ ਦੇ ਫ਼ਿਲਮ ਕਰੀਅਰ ਨੇ ਐਸੀ ਸਪੀਡ ਫੜ•ੀ ਕਿ ਅੱਜ ਤੱਕ ਕੋਈ ਹੋਰ ਅਦਾਕਾਰ ਉਨ•ਾਂ ਨਾਲ ਕਦਮ ਨਹੀਂ ਮਿਲਾ ਸਕਿਆ। ਆਪਣੇ ਸ਼ੁਰੂਆਤੀ ਦੌਰ ‘ਚ ਪੁਰੀ ਨੇ ਜ਼ਿਆਦਾਤਰ ਕਿਰਦਾਰ ਕਰੂਰ ਜਾਂ ਖਲਨਾਇਕ ਦੇ ਹੀ ਨਿਭਾਏ ਪਰ ਪਿਛਲੇ ਡੇਢ ਦਹਾਕੇ ਤੋਂ ਉਹ ਹਲਕੀ ਫੁਲਕੀ ਕਮੇਡੀ ਭਰਪੂਰ ਕਿਰਦਾਰ ਹੀ ਨਿਭਾ ਰਹੇ ਹਨ। ਜਦੋਂ ਉਨ•ਾਂ ਤੋਂ ਕੋਈ ਇਸ ਦੀ ਵਜ•ਾ ਪੁੱਛਦਾ ਤਾਂ ਉਹ  ਅਕਸਰ ਹੱਸਦਿਆਂ ਕਹਿੰਦੇ ਕਿਹਾ ਕਿ ” ਯਾਰ ਸਾਰੀ ਉਮਰ ਗੁੰਡਾ ਬਣ ਕੇ ਕੱਟ ਲਈ,ਹੁਣ ਢੱਲਦੀ ਉਮਰ ਤਾਂ ਚੱਜ ਦਾ ਕੰਮ ਕਰ ਲੈਣ ਦਿਓ”।  ਖ਼ੈਰ!  ਫ਼ਿਲਮੀ ਜ਼ਿੰਦਗੀ ਦੇ ਨਾਲ-ਨਾਲ ਉਨ•ਾਂ ਦੀ ਨਿੱਜੀ ਜ਼ਿੰਦਗੀ ਵੀ ਚੱਲਦੀ ਰਹੀ। ਕਦੇ ਉਹ ਵੱਖ-ਵੱਖ ਔਰਤਾਂ ਨਾਲ ਆਪਣੇ ਸਬੰਧਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਦੇ ਰਹੇ ਤੇ ਕਿਧਰੇ ਆਪਣੀ ਪਹਿਲੀ ਪਤਨੀ ਮਾਲਾ ਨੂੰ ਤਲਾਕ ਦੇ ਕੇ ਪੱਤਰਕਾਰ ਤੇ ਲੇਖਿਕਾ ਨੰਦਿਤਾ ਦਾਸ ਨਾਲ ਵਿਆਹ ਕਰਵਾਉਣ ਨਾਲ। ਉਨ•ਾਂ ਦੀ ਜ਼ਿੰਦਗੀ ‘ਚ ਹਮੇਸ਼ਾ ਉਨ•ਾਂ ਦੇ ਦੋਸਤ ਜਸਪਾਲ ਤੇ ਅਦਾਕਾਰ ਨਸੀਰੂਦੀਨ ਸ਼ਾਹ ਦਾ ਬੇਹੱਦ ਸਹਿਯੋਗ ਰਿਹਾ ਹੈ। ਇਨ•ਾਂ ਦੋਸਤਾਂ ਦੀਆਂ ਸਲਾਹਾਂ ਤੇ ਪ੍ਰੇਰਣਾ ਹੀ ਉਨ•ਾਂ ਨੂੰ ਇਸ ਖੇਤਰ ‘ਚ ਕਦਮ-ਦਰ-ਕਦਮ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਰਹੀ।  ਓਮ ਪੁਰੀ ਨੇ ਆਪਣੇ ਇਸ ਫ਼ਿਲਮ ਕਰੀਅਰ ਦੌਰਾਨ ਜਿਥੇ ਖੂਬ ਸ਼ੌਹਰਤ ਹਾਸਲ ਕੀਤੀ ਹੈ ਉਥੇ ਖੂਬ ਦੌਲਤ ਵੀ ਕਮਾਈ ਹੈ। ਉਸ ਨੇ ਜ਼ਿਆਦਾਤਰ ਫ਼ਿਲਮਾਂ ਪੈਸਿਆਂ ਖਾਤਰ ਹੀ ਕੀਤੀਆਂ ਹਨ। ਪਰ ਹੁਣ ਜਦੋਂ ਉਹ ਉਮਰ ਦੇ ਇਕ ਖਾਸ ਪੜਾਅ ‘ਤੇ ਪਹੁੰਚ ਗਏ ਹਨ ਤਾਂ ਉਹ ਪੈਸਿਆਂ ਦੀ ਥਾਂ ਆਪਣੇ ਕਿਰਦਾਰ ਨੂੰ ਅਹਿਮੀਅਤ ਦੇਣ ਲੱਗੇ ਹਨ। ਉਨ•ਾਂ ਦਾ ਕਹਿਣਾ ਸੀ ਕਿ ਜ਼ਿੰਦਗੀ ‘ਚ ਬਹੁਤ ਕੁਝ ਪੈਸਿਆਂ ਖਾਤਰ ਕਰ ਲਿਆ ਹੈ,ਹੁਣ ਕੁਝ ਆਪਣੇ ਖਾਤਰ ਕਰਨਾ ਚਾਹੁੰਦਾ ਹਾਂ। ਉਹ ਸਾਫ਼ ਸ਼ਬਦਾਂ ‘ਚ ਕਹਿੰਦੇ ਹਨ ਕਿ ਜੇਕਰ ਤੁਹਾਡੇ ਕੋਲ ਪੈਸਾ ਹੈ ਤਾਂ ਇਹ ਦੁਨੀਆਂ ਤੁਹਾਡੀ ਹੈ ਵਰਨਾ ਸਭ ਬਿਗਾਨਾ ਹੈ। ਆਰਟ ਫ਼ਿਲਮਾਂ ‘ਚ ਕਿਰਦਾਰ ਨਿਭਾ ਕੇ ਖ਼ੁਸ਼ੀ ਮਹਿਸੂਸ ਕਰਨ ਵਾਲੇ ਓਮ ਪੁਰੀ ਦੇ ਦਿਲ ਦੀਆਂ ਕਈ ਖੁਆਇਸ਼ਾ ਅਧੂਰੀਆਂ ਰਹਿ ਗਈਆਂ । ਉਹ ਵੀ ਆਪਣੇ ਅਜ਼ੀਜ਼ ਮਿੱਤਰ ਤੇ ਸਮਕਾਲੀ ਅਦਾਕਾਰ ਨਸੀਰੂਦੀਨ ਸ਼ਾਹ ਦੀ ਤਰ•ਾਂ ਫ਼ਿਲਮ ਨਿਰਦੇਸ਼ਕ ਬਣਨਾ ਲੋਚਦੇ ਸਨ। ਉਨ•ਾਂ ਦੀ ਦਿਲੀ ਇੱਛਾ ਚਰਚਿਤ ਪੰਜਾਬੀ ਲੇਖਿਕਾ ਦਲੀਪ ਕੌਰ ਟਿਵਾਣਾ ਦੇ ਨਾਵਲ ‘ਇਹੋ ਹਮਾਰਾ ਜੀਵਨਾ’  ‘ਤੇ ਫ਼ਿਲਮ ਬਣਾਉਣ ਦੀ ਸੀ। ਪਟਿਆਲਾ ‘ਚ  ਮਰਹੂਮ ਰੰਗਕਰਮੀ ਹਰਪਾਲ ਟਿਵਾਣਾ ਦੀ ਯਾਦ ‘ਚ ਬਣੇ ਆਧੁਨਿਕ ਰੰਗਮੰਚ (ਥੀਏਟਰ) ਜ਼ਰੀਏ ਉਹ ਪੰਜਾਬ ‘ਚੋਂ ਰੰਗਮੰਚ ਨੂੰ ਉੱਚੇ ਮੁਕਾਮ ‘ਤੇ ਪਹੁੰਚਣ ਦੀ ਇੱਛਾ ਵੀ ਰੱਖਦੇ ਸਨ।  ਪਰ ਉਹ ਇਨ•ਾਂ ਕੰਮਾਂ ਲਈ ਪੰਜਾਬ ਸਰਕਾਰ ਦਾ ਸਹਿਯੋਗ ਚਾਹੁੰਦੇ ਸਨ, ਪਰ ਹੁਣ ਉਹਨਾਂ ਦੇ ਇਹ ਸੁਪਨੇ ਅਧੂਰੇ ਹੀ ਰਹਿ ਗਏ।  ਓਮ ਪੁਰੀ ਜੀ ਅੱਜ ਸਾਡੇ ਵਿਚਕਾਰ ਨਹੀਂ, ਪਰ ਉਹਨਾਂ ਦਾ ਕੰਮ ਹਮੇਸ਼ਾ ਸਾਡੇ ਅੰਗ ਸੰਗ ਰਹੇਗਾ।  ਅਲਵਿਦਾ
ਸਪਨ ਮਨਚੰਦਾ
95016 33900

Leave a Reply

Your email address will not be published. Required fields are marked *

‘ਲਾਹੌਰੀਏ’ ਖੋਲਣਗੇ ਯੁਵਰਾਜ ਹੰਸ ਦੀ ਕਿਸਮਤ ਦੇ ਜ਼ਿੰਦੇ 

ਪੰਜਾਬੀ ਦੀ ਸਭ ਤੋਂ ਮਹਿੰਗੀ ਫ਼ਿਲਮ ਹੋਵੇਗੀ ‘ਭਾਈ ਜੈਤਾ’, 20 ਕਰੋੜ ਤੋਂ ਵੱਧ ਹੈ ਬਜ਼ਟ