in

ਗਾਇਕੀ  ਦੇ ਅੰਬਰ ਦੀ ਸਤਰੰਗੀ ਪੀਂਘ ਸੁਨੰਦਾ ਸ਼ਰਮਾ

ਪਿੰਕੀ ਧਾਲੀਵਾਲ ਪੰਜਾਬੀ ਸੰਗੀਤ ਨਾਲ ਜੁੜਿਆ ਉਹ ਮਾਣਮੱਤਾ ਹਸਤਾਖ਼ਰ ਹੈ, ਜਿਸ ਨੇ ਹਮੇਸ਼ਾ ਆਪਣੀ ਨਿਵੇਕਲੀ ਤੋਰ ਬਰਕਰਾਰ ਰੱਖੀ ਹੈ। ਕਦੇ ਦਿਲਸ਼ਾਦ ਅਖ਼ਤਰ, ਸੁਰਿੰਦਰ ਛਿੰਦਾ ਨਾਲ ਕੰਮ ਕਰਨ ਵਾਲੇ ਪਿੰਕੀ ਨੂੰ ਨਵੇਂ ਤਜਰਬੇ ਕਰਨ ਦਾ ਚਸਕਾ ਹੈ। ਦੋ ਕੁ ਵਰ•ੇ ਪਹਿਲਾਂ ਉਸ ਨੇ ਇਕ ਅਸਲੋਂ ਨਵੇਂ ਚਿਹਰੇ ਨੂੰ ਸੁਨੰਦਾ ਦੇ ਨਾਂ ਨਾਲ ਹਿੱਟ ਕਰਕੇ ਆਪਣੀ ਸੂਝ ਦਾ ਸਬੂਤ ਇਕ ਵਾਰ ਫਿਰ ਨਸ਼ਰ ਕੀਤਾ ਹੈ।  ਬਿਨਾਂ ਸ਼ੱਕ ਸ਼ੋਸ਼ਲ ਮੀਡੀਏ ‘ਤੇ ਚਰਚਾ ਵਿਚ ਰਹਿਣ ਵਾਲੀਆਂ ਗਾਇਕਾਵਾਂ ਨੇ ਜਦੋਂ ਲੋਕਾਂ ਸਾਹਮਣੇ ਪੈਰ ਰੱਖੇ ਤਾਂ ਉਹ ਕਿਧਰੇ ਵੀ ਨਹੀਂ ਟਿਕ ਸਕੀਆਂ। ਪਰ ਸੁਨੰਦਾ ਇਸ ਗੱਲ ਦਾ ਅਪਵਾਦ ਬਣ ਕੇ ਸਾਹਮਣੇ ਆਈ ਹੈ। ਇਸ ਗੱਲ ਵਿਚ ਕੋਈ ਦੋ ਰਾਵਾਂ ਨਹੀਂ ਕਿ ਹੋਰ ਕਲਾਕਾਰਾਂ ਦੇ ਗੀਤ ਗਾ ਕੇ ਫੇਸਬੁੱਕ ਜਾਂ ਯੂ ਟਿਊਬ ‘ਤੇ ਪਾਉਣ ਕਾਰਨ  ਸੁਨੰਦਾ ਚਰਚਾ ਵਿਚ ਤਾਂ ਪਹਿਲਾਂ ਹੀ ਸੀ ਪਰ ਅਮਰ ਆਡੀਓ ਵਲੋਂ ਲਾਂਚ ਕੀਤੇ ਗਏ ਵੀਡੀਓ ‘ਬਿੱਲੀ ਅੱਖ’ ਨਾਲ ਨਾ ਉਹ ਸਿਰਫ ਹਿੱਟ ਹੋਈ ਸਗੋਂ ਕਹਿੰਦੀਆਂ-ਕਹਾਉਂਦੀਆਂ ਗਾਇਕਾਵਾਂ ਤੋਂ ਅੱਗੇ ਲੰਘ ਗਈ। ‘ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ’ ਨਾਲ ਤਾਂ ਉਸ ਦਾ ਕੱਦ ਐਨਾ ਵੱਡਾ ਹੋ ਗਿਆ ਕਿ ਉਸ ਦਾ ਫ਼ਿਲਮਾਂ ਲਈ ਵੀ ਰਾਹ ਪੱਧਰਾ ਹੋ ਗਿਆ। ‘ਜੱਟ ਯਮਲਾ’ ਗੀਤ ਦੀ ਬੇਸ਼ੱਕ ਚਰਚਾ ਤਾਂ ਓਨੀ ਨਹੀਂ ਹੋਈ ਪਰ ਵਿਆਹਾਂ ਦੇ ਸੀਜ਼ਨ ਵਿਚ ਇਸ ਦਾ ਸੁਨੰਦਾ ਨੂੰ ਫਾਇਦਾ ਹੋਵੇਗਾ। ਕੁੱਲ ਮਿਲਾ ਕੇ ਹਾਲਾਤ ਇਹ ਹਨ ਕਿ ਅਮਰ ਆਡੀਓ ਨੇ ਆਪਣੇ ਰਿਕਾਰਡ ਆਪ ਹੀ ਤੋੜ ਕੇ ਇਕ ‘ਵੱਡੀ ਗਾਇਕਾ’ ਸੰਗੀਤ ਦੀ ਦੁਨੀਆਂ ਵਿਚ ਲਿਆਂਦੀ ਹੈ। ਕੰਪਨੀ ਦਾ ਸਾਰਾ ਧਿਆਨ ਸੁਨੰਦਾ ਦੇ ਕੈਰੀਅਰ ‘ਤੇ ਹੋਣ ਕਾਰਨ ਨਤੀਜੇ ਹੀ ਉਮੀਦ ਤੋਂ ਵੱਡੇ ਹੀ ਸਾਹਮਣੇ ਆ ਰਹੇ ਹਨ। ਸੁਨੰਦਾ ਦੀਆਂ ਹੋਰ ਗੱਲਾਂ ਨਾਲ ਉਸ ਦੇ ਸਰੀਰ ਦਾ ਕੁਦਰਤੀ ਰਿਦਮ ਵਿਚ ਹੋਣਾ ਉਸ ਦਾ ਸਾਕਾਰਾਤਮਕ ਬਿੰਦੂ ਬਣ ਕੇ ਉਭਰਿਆ ਹੈ। ਸੰਗੀਤ ਦੇ ਖੇਤਰ ਵਿਚ ਆ ਰਹੀਆਂ ਨਵੀਆਂ ਕੁੜੀਆਂ ਲਈ ਉਹ ਰੋਲ ਮਾਡਲ ਬਣ ਗਈ ਹੈ। ਮਾਝੇ ਦੇ ਕਸਬੇ ਫਤਿਹਗੜ• ਪੰਜਤੂਰ ਦੀ ਜੰਮਪਲ ਸੁਨੰਦਾ ਵਿਚ ਕੁਝ ਕਰ ਦਿਖਾਉਣ ਦੀ ਚਿਣਗ ਪਹਿਲਾਂ ਹੀ ਸੀ ਪਰ ਅਮਰ ਆਡੀਓ ਵਰਗੀ ਸੁਲਝੀ ਹੋਈ ਟੀਮ ਮਿਲ ਜਾਣ ਕਾਰਨ ਉਸ ਦੀ ਊਰਜਾ ਸਾਰਥਿਕ ਦਿਸ਼ਾ ਵਿਚ ਲੱਗਣੀ ਸ਼ੁਰੂ ਹੋ ਗਈ। ਸੁਨੰਦਾ ਦੀ ਸਟੇਜ ਅਦਾਇਗੀ ਵੇਖ ਕੇ ਕਿਸੇ ਹੰਢੀ ਵਰਤੀ ਅਦਾਕਾਰਾ ਦਾ ਝਾਉਲਾ ਪੈਣ ਲੱਗ ਜਾਂਦਾ ਹੈ। ਉਸ ਦਾ ਨੱਚਣ ਦਾ ਅੰਦਾਜ਼ ਦਰਸ਼ਕਾਂ ‘ਤੇ ਜਾਦੂ ਹੀ ਕਰ ਦਿੰਦਾ ਹੈ। ਵੇਲੇ ਸਿਰ ਬਰੇਕ ਮਿਲ ਜਾਣ ਦਾ ਚੋਖਾ ਫਾਇਦਾ ਵੀ ਉਸ ਨੂੰ ਮਿਲਣਾ ਸੁਭਾਵਿਕ ਹੈ।

ਸੁਨੰਦਾ ਦਾ ਕਹਿਣਾ ਹੈ ਕਿ ਗਾਉਣਾ ਉਸ ਦੇ ਜਿਊਣ ਦੀ ਲੋੜ ਹੈ ਅਤੇ ਉਸ ਦਾ ਹਰ ਪਲ-ਛਿਣ ਸੰਗੀਤਕ ਦੁਨੀਆਂ ਵਿਚ ਹੀ ਬਸਰ ਹੁੰੰਦਾ ਹੈ। ਹਸੂੰ-ਹਸੂੰ ਕਰਦੇ ਚਿਹਰੇ ਵਾਲੀ ਸੁਨੰਦਾ ਜਦੋਂ ਸਟੇਜ ‘ਤੇ ਮੁਸਕਰਾਉਂਦੀ ਹੈ ਤਾਂ ਸੱਚੀਂ ਇੰਜ ਲਗਦਾ ਹੈ ਜਿਵੇਂ ਫੁੱਲ ਕਰਦੇ ਹੋਣ।
ਉਹਦੇ ਸੁਪਨੇ ਬਹੁਤ ਵੱਡੇ ਨੇ, ਜਿਨ•ਾਂ ਨੂੰ ਸਾਕਾਰ ਕਰਨ ਲਈ ਉਹ ਦਿਨ-ਰਾਤ ਤਰੱਦਦ ਕਰਦੀ ਹੈ। ਜੇਕਰ ਸੁਨੰਦਾ ਨੂੰ ਇਕ ਵਾਰ ਕੋਈ ਮਿਲ ਲਵੇ ਤਾਂ ਉਸ ਵਿਚ ਜ਼ਿੰਦਗੀ ਦਾ ਅਹਿਸਾਸ ਆਪ ਮੁਹਾਰੇ ਪਨਪ ਪੈਂਦਾ ਹੈ। ਸੁਨੰਦਾ ਦਾ ਔਰਾ ਹੀ ਆਕਰਸ਼ਤ ਕਰਨ ਵਾਲਾ ਹੈ। ਇਹ ਵੀ ਗੱਲ ਨਹੀਂ ਕਿ ਉਹ ਬਹੁਤ ਸੁਰੀਲੀ ਹੈ ਪਰ ਚੱਲ ਰਹੀਆਂ ਗਾਇਕਾਵਾਂ ਤੋਂ ਕਿਤੇ ਵਧੀਆ ਗਾਉਂਦੀ ਹੈ। ਸਿਰਫ ਇਕ ਗੀਤ ਤੋਂ ਬਾਅਦ ਹੀ ਲੋਕਾਂ ਦਾ ਉਸ ਦੇ ਸਟੇਜ ਪ੍ਰੋਗਰਾਮਾਂ ਵੱਲ ਝੁਕਾਅ ਹੋ ਜਾਣਾ ਉਸ ਦੇ ਭਵਿੱਖ ਲਈ ਇਕ ਸ਼ੁਭ ਸੰਕੇਤ ਹੈ। ਸੁਨੰਦਾ ਆਪਣੀ ਉਮਰ ਤੋਂ ਕਿਤੇ ਪ੍ਰੌੜ ਹੈ। ਫਾਲਤੂ ਦੀਆਂ ਗੱਲਾਂ ਵਿਚ ਉਹ ਕਦਾਚਿਤ ਨਹੀਂ ਉਲਝਦੀ ਸਗੋਂ ਉਹ ਆਪਣੀ ਸੂਈ ਸੰਗੀਤ ‘ਤੇ ਹੀ ਟਿਕਾ ਕੇ ਰੱਖਦੀ ਹੈ। ਉਹ ਹਰ ਗੱਲ ਨੂੰ ਬੜੀ ਸੰਜੀਦਗੀ ਨਾਲ ਲੈਂਦੀ ਹੈ ਅਤੇ ਆਪਣੇ ਕੈਰੀਅਰ ‘ਤੇ ਕੋਈ ਗੁਛੈਲ ਪ੍ਰਛਾਵਾਂ ਨਹੀਂ ਪੈਣ ਦੇਣਾ ਚਾਹੁੰਦੀ। ਗਾਇਕੀ ਦੇ ਨਾਲ-ਨਾਲ ਉਸ ਦੀ ਜ਼ੁਬਾਨ ਵਿਚ ਵੀ ਰਸ ਹੈ। ਉਸ ਦੇ 24 ਘੰਟਿਆਂ ਵਿਚ 16 ਘੰਟੇ ਸੰਗੀਤ ਦੀ ਦੁਨੀਆ ਵਿਚ ਹੀ ਬਸਰ ਹੁੰਦੇ ਹਨ। ਇਥੇ ਖਾਸ ਤੌਰ ‘ਤੇ ਜ਼ਿਕਰਯੋਗ ਹੈ ਕਿ ਜਿਥੇ ਰੋਜ਼ਾਨਾ4-5 ਘੰਟੇ ਸੁਨੰਦਾ ਅਮਰ ਆਡੀਓ ਟੀਮ ਦੀ ਅਗਵਾਈ ਵਿਚ ਗਾਉਣ ਦੀ ਰਿਹਰਸਲ ਕਰਦੀ ਹੈ, ਉਥੇ ਢੋਲ ਵਜਾਉਣ ਤੇ ਨੱਚਣ ਦੀ ਤਾਲੀਮ ਵੀ ਘੰਟਿਆਂ ਬੱਧੀ ਹਾਸਲ ਕਰ ਰਹੀ ਹੈ। ਗੀਤਾਂ ਦੇ ਨਾਲ ਉਸ ਨੂੰ  ਫ਼ਿਲਮਾਂ ‘ਚ ਵੀ ਬਰੇਕ ਮਿਲ ਗਈ ਹੈ।  ਪੰਜਾਬੀ ਫ਼ਿਲਮਾਂ ਦੇ ਸੁਪਰਸਟਾਰ ਦਿਲਜੀਤ ਦੁਸਾਂਝ ਨਾਲ ਉਹ ਛੇਤੀ ਹੀ ਬਤੌਰ ਹੀਰੋਇਨ ਨਜ਼ਰ ਆਵੇਗੀ। ਇਸ ਫ਼ਿਲਮ ਦੀ ਸ਼ੂਟਿੰਗ ਅੱਜ ਕੱਲ• ਰਾਜਸਥਾਨ ‘ਚ ਹੋ ਰਹੀ ਹੈ। ਵਿਦੇਸ਼ਾਂ ਵਿਚ ਉਸ ਦੀ ਐਨੀ ਕੁ ਮੰਗ ਹੈ ਕਿ ਵੱਡੇ-ਵੱਡੇ ਪਰਮੋਟਰ ਉਸ ਨੂੰ ਮੂੰਹੋਂ ਮੰਗੀਆਂ ਰਕਮਾਂ ਦੇਣ ਲਈ ਮਗਰ-ਮਗਰ ਘੁੰਮ ਰਹੇ ਹਨ।
ਅਜੀਤਪਾਲ ਜੀਤੀ

Leave a Reply

Your email address will not be published. Required fields are marked *

ਵੇਖ ਬਰਾਤਾਂ ਚੱਲੀਆਂ’ ‘ਚ ਬੀਨੂੰ ਢਿੱਲੋਂ ਨਾਲ ਕੁੱਤੇਖਾਣੀ ਨਹੀਂ ਕੁੱਤੀਖਾਣੀ ਹੋਵੇਗੀ 

ਚੰਨਾ ਮੇਰਿਆ : ਸੈਰਾਟ ਦਾ ਰੀਮੇਕ, ਪਰ ਜਾਤੀਵਾਦ ‘ਤੇ ਨਹੀਂ ਜੱਟਵਾਦ ‘ਤੇ ਕਰੇਗੀ ਕਟਾਕਸ਼