ਪੰਜਾਬੀ ਸਿਨੇਮੇ ਦਾ ਸ਼ਾਇਦ ਹੀ ਕੋਈ ਅਜਿਹਾ ਦਰਸ਼ਕ ਹੋਵੇਗਾ, ਜਿਸ ਨੇ ‘ਨਿੱਕਾ ਜ਼ੈਲਦਾਰ’ ਫ਼ਿਲਮ ਨਾ ਦੇਖੀ ਹੋਵੇ। ਇਸ ਫ਼ਿਲਮ ਦੀ ਆਪਾਰ ਸਫ਼ਲਤਾ ਤੋਂ ਬਾਅਦ ਹੁਣ 22 ਸਤੰਬਰ ਨੂੰ ‘ਨਿੱਕਾ ਜ਼ੈਲਦਾਰ 2’ ਰਿਲੀਜ਼ ਹੋਣ ਜਾ ਰਹੀ ਹੈ। ਕਹਿਣ ਨੂੰ ਭਾਵੇਂ ਇਹ ਨਿੱਕਾ ਜ਼ੈਲਦਾਰ ਫ਼ਿਲਮ ਦੀ ਅਗਲੀ ਕੜੀ ਹੈ, ਪਰ ਇਸ ‘ਚ ਸਭ ਕੁਝ ਵੱਖਰਾ ਹੋਵੇਗਾ। ਨਿਰਦੇਸ਼ਕ ਸਿਮਰਜੀਤ ਸਿੰਘ ਦੀ ਇਸ ਫ਼ਿਲਮ ‘ਚ ਦਰਸ਼ਕ ਇਕ ਵਾਰ ‘ਅੰਗਰੇਜ਼’ ਤੋਂ ਬਾਅਦ 1970 ਵੇਲੇ ਦੇ ਪੰਜਾਬ ਦੇ ਦੀਦਾਰ ਕਰ ਸਕਣਗੇ। ਨਿੱਕਾ ਜ਼ੈਲਦਾਰ ਵਾਂਗ ਭਾਵੇ ਇਸ ‘ਚ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਜੋੜੀ ਨਜ਼ਰ ਆਵੇਗੀ, ਪਰ ਇਸ ਵਾਰ ਫ਼ਿਲਮ ‘ਚ ਇਹ ਜੋੜੀ ਸੌਖੀ ਨਹੀਂ ਬਣੇਗੀ, ਕਿਉਂਕਿ ਸੋਨਮ ਤੋਂ ਇਲਾਵਾ ਵੀ ਫ਼ਿਲਮ ‘ਚ ਕੋਈ ਹੋਰ ਹੀਰੋਇਨ ਐਂਟਰੀ ਮਾਰ ਚੁੱਕੀ ਹੈ। ਇਸ ਵਾਰ ਐਮੀ ਦਾ ਵਿਆਹ ਤਾਂ ਹੋਵੇਗਾ, ਪਰ ਕਿਸ ਨਾਲ ??? ਇਹ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ, ਪਰ ਇਸ ਵਾਰ ਡਬਲ ਧਮਾਲ ਹੋਵੇਗੀ। ਐਮੀ ਦੇ ਨਾਲ ਉਸ ਦੀ ਦਾਦੀ ਨਿਰਮਲ ਰਿਸ਼ੀ ਤਾਂ ਹੋਵੇਗੀ ਬਲਕਿ ਕਰਮਜੀਤ ਅਨਮੋਲ, ਰਾਣਾ ਰਣਬੀਰ, ਸਰਦਾਰ ਸੋਹੀ, ਬਨਿੰਦਰ ਬਨੀ, ਅਨੀਤਾ ਦੇਵਗਣ, ਪ੍ਰਕਾਸ਼ ਗਾਧੂ ਤੇ ਪ੍ਰਿੰਸ ਕੰਵਲਜੀਤ ਸਮੇਤ ਹੋਰ ਵੀ ਬਹੁਤ ਸਾਰੇ ਹੋਣਗੇ। ਨਿਰਦੇਸ਼ਕ ਸਿਮਰਜੀਤ ਸਿੰਘ ਦੀ ਇਸ ਫ਼ਿਲਮ ਦੀ ਕਹਾਣੀ ਲਿਖੀ ਹੈ ਜਗਦੀਪ ਸਿੰਘ ਸਿੱਧੂ ਨੇ। ‘ਪਟਿਆਲਾ ਮੋਸ਼ਨ ਪਿਕਚਰਸ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਨਿਰਮਾਤਾ ਹਨ ਅਮਨੀਤ ਸ਼ੇਰਸਿੰਘ ਕਾਕੂ ਤੇ ਰਮਨੀਤ ਸ਼ੇਰਸਿੰਘ। ਇਸ ਨੂੰ ਨਾਮਵਰ ਡਿਸਟੀਬਿਊਟਰ ਮੁਨੀਸ਼ ਸਾਹਨੀ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ।


