ਪੰਜਾਬੀ ਗਾਇਕ ਤੇ ਅਦਾਕਾਰ ਰਵਿੰਦਰ ਗਰੇਵਾਲ ਦੀਵਾਲੀ ‘ਤੇ 20 ਅਕਤੂਬਰ ਨੂੰ ਆਪਣੀ ਫ਼ਿਲਮ ‘ਡੰਗਰ ਡਾਕਟਰ’ ਨਾਲ ਹਾਸਿਆਂ ਦੇ ਟੀਕੇ ਲਗਾਵੇਗਾ। ਰਿਲੀਜ਼ ਤੋਂ ਪਹਿਲਾਂ ਚਰਚਾ ‘ਚ ਆਈ ਨਿਰਦੇਸ਼ਕ ਅਥਰਵ ਬਲੂਜਾ ਦੀ ਇਸ ਫ਼ਿਲਮ ‘ਚ ਰਵਿੰਦਰ ਗਰੇਵਾਲ ਨਾਲ ਖੂਬਸੂਰਤ ਮਾਡਲ ਸਾਰਾ ਗੁਰਪਾਲ ਹੀਰੋਇਨ ਵਜੋਂ ਨਜ਼ਰ ਆਵੇਗੀ। ‘ਓਹਰੀ ਪ੍ਰੋਡਕਸ਼ਨ’ ਦੇ ਬੈਨਰ ਬਣੀ ਹੇਠ ਨਿਰਮਾਤਾ ਵਿਵੇਕ ਓਹਰੀ ਦੀ ਇਸ ਫ਼ਿਲਮ ‘ਚ ਪੰਜਾਬੀ ਸਿਨੇਮੇ ਦੇ ਨਾਮੀਂ ਅਦਾਕਾਰ ਸਰਦਾਰ ਸੋਹੀ, ਬੀਐਨ ਸ਼ਰਮਾ, ਕਰਮਜੀਤ ਅਨਮੋਲ ਤੇ ਰਾਜੀਵ ਠਾਕੁਰ ਸਮੇਤ ਕਈ ਚਿਹਰੇ ਨਜ਼ਰ ਆਉਂਣਗੇ। ਕਾਮੇਡੀ ਜ਼ੋਨਰ ਦੀ ਇਹ ਫ਼ਿਲਮ ਇਕ ਸਧਾਰਨ ਜਿਹੇ ਪੇਂਡੂ ਵਿਅਕਤੀ ਜੱਗੀ ਸਿੰਘ ਦੀ ਕਹਾਣੀ ਹੈ, ਜੋ ਜਾਨਵਰਾਂ ਨੂੰ ਬੇਹੱਦ ਪਿਆਰ ਕਰਦਾ ਹੈ। ਉਹ ਜਾਨਵਰਾਂ ਦਾ ਇਲਾਜ ਕਰਨਾ ਵੀ ਜਾਣਦਾ ਹੈ, ਜਿਸ ਕਾਰਨ ਉਸ ਨੂੰ ਡੰਗਰ ਡਾਕਟਰ ਵੀ ਕਹਿੰਦੇ ਹਨ। ਇਹ ਫ਼ਿਲਮ ਉਸਦੇ ਕਿਰਦਾਰ ਦੁਆਲੇ ਹੀ ਘੁੰਮਦੀ ਹੈ। ਫ਼ਿਲਮ ‘ਚ ਇਕ ਪ੍ਰੇਮ ਕਹਾਣੀ ਵੀ ਹੈ, ਜਿਸ ‘ਚ ਜੱਗੀ ਦਾ ਜਾਨਵਰਾਂ ਨਾਲ ਪਿਆਰ ਅੜਿੱਕਾ ਬਣਦਾ ਹੈ। ਫ਼ਿਲਮ ਜ਼ਰੀਏ ਪਿੰਡਾਂ ਦੇ ਆਮ ਜਿਹੇ ਲੋਕਾਂ ਦੀ ਜ਼ਿੰਦਗੀ ‘ਤੇ ਵੀ ਝਾਤ ਪਾਉਂਣ ਦੀ ਕੋਸ਼ਿਸ਼ ਕੀਤੀ ਗਈ ਹੈ। ਯਾਦ ਰਹੇ ਕਿ ਨਿਰਦੇਸ਼ਕ ਅਥਰਵ ਬਲੂਜਾ ਤੇ ਗਾਇਕ ਤੇ ਅਦਾਕਾਰ ਰਵਿੰਦਰ ਗਰੇਵਾਲ ਦੀ ਜੋੜੀ ਦੀ ਇਹ ਤੀਜੀ ਫ਼ਿਲਮ ਹੈ। ਉਹ ਆਪਣੀ ਹਰ ਫ਼ਿਲਮ ਜ਼ਰੀਏ ਕਿਸੇ ਮੁੱਦੇ ‘ਤੇ ਕਟਾਕਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਫ਼ਿਲਮ ਜ਼ਰੀਏ ਵੀ ਉਨ•ਾਂ ਇਕ ਗੰਭੀਰ ਮੁੱਦੇ ‘ਤੇ ਕਰਾਰੀ ਚੋਟ ਕੱਸੀ ਹੈ। ਸੈਂਕੜੇ ਗੀਤਾਂ ‘ਚ ਮਾਡਲਿੰਗ ਕਰ ਚੁੱਕੀ ਸਾਰਾ ਗੁਰਪਾਲ ਦੀ ਬਤੌਰ ਹੀਰੋਇਨ ਇਹ ਪਹਿਲੀ ਫ਼ਿਲਮ ਹੋਵੇਗੀ।


