in

ਪੰਜਾਬੀ ਸਿਨੇਮੇ ਦਾ ਯੂ- ਟਰਨ ‘ਬੰਬੂਕਾਟ’

ਖ਼ੇਤਰੀ ਸਿਨੇਮੇ ਦੀਆਂ ਆਪਣੀਆਂ ਕਹਾਣੀਆਂ, ਲੋੜਾਂ ਤੇ ਸੰਭਾਵਨਾਵਾਂ ਹੁੰਦੀਆਂ ਹਨ। ਜਿਸ ਖ਼ੇਤਰੀ ਫ਼ਿਲਮ ‘ਚ ਉਥੋਂ ਦੀ ਕਹਾਣੀ, ਬੋਲੀ, ਰਹਿਣ ਸਹਿਣ ਤੇ ਸਥਾਨਕ ਲੋਕਾਂ ਦੇ ਜੀਵਨ ਦੀ ਸ਼ੂਮਲੀਅਤ ਨਹੀਂ ਉਹ ਫ਼ਿਲਮ ਕਦੇ ‘ਲੋਕਾਂ ਦੀ ਫ਼ਿਲਮ’ ਨਹੀਂ ਬਣਦੀ। ਇਹ ਸ਼ਰਮ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬੀ ਦੀਆਂ ਬਹੁਤੀਆਂ ਫ਼ਿਲਮਾਂ ਹਿੰਦੀ ਫ਼ਿਲਮਾਂ ਦੀ ਨਕਲ, ਚੋਰੀ ਜਾਂ ਪ੍ਰਭਾਵ ਹੇਠ ਹੀ ਬਣਦੀਆਂ ਹਨ। ਇਹੀ ਕਾਰਨ ਹੈ ਕਿ ਹਰ ਦੂਜੀ ਜਾਂ ਤੀਜੀ ਫ਼ਿਲਮ ਸਿਨੇਮੇ ‘ਚੋਂ ਇਓ ਉਡਦੀ ਹੈ ਜਿਵੇਂ ਥੋੜੀ ਜਿਹੀ ਹਵਾ ਚੱਲੇ ‘ਤੇ ਮਾਈ ਬੁੱਢੀ ਦਾ ਝਾਟਾ।
ਹਿੰਦੀ ਸਿਨਮੇ ਦੀ ਪੂਛ ਫੜ• ਕੇ ਅੱਗੇ ਵੱਧ ਰਹੇ ਪੰਜਾਬੀ ਸਿਨੇਮੇ ਲਈ ‘ਬੰਬੂਕਾਟ’ ਵਰਗੀਆਂ ਫ਼ਿਲਮਾਂ ਯੂ -ਟਰਨ ਹਨ। ਲੰਘੇ ਸ਼ੁੱਕਰਵਾਰ ਰਿਲੀਜ਼ ਹੋਈ ਨਿਰਮਾਤਾ ਅਮੀਕ ਵਿਰਕ ਤੇ ਕਾਰਜ ਗਿੱਲ ਹੁਰਾਂ ਦੀ ਇਹ ਫ਼ਿਲਮ ‘ਬੰਬੂਕਾਟ’ ਨਿਰੋਲ ਰੂਪ ‘ਚ ਟਿਪੀਕਲ ਪੰਜਾਬੀ ਫ਼ਿਲਮ ਕਹੀ ਜਾ ਸਕਦੀ ਹੈ। ਜਿਸ ਨੇ ਇਹ ਸੁਖਦ ਅਹਿਸਾਸ ਕਰਵਾਇਆ ਹੈ ਕਿ ਪੰਜਾਬੀ ਸਿਨੇਮੇ ਕੋਲ ਅਜੇ ਆਪਣੇ ਕਾਬਲ ਲੇਖਕ ਨਿਰਦੇਸ਼ਕ ਹਨ। ਜੱਸ ਗਰੇਵਾਲ ਦੀ ਕਹਾਣੀ ਤੇ ਸਕਰੀਨਪਲੇ ‘ਤੇ ਅਧਾਰਿਤ ਨਿਰਦੇਸ਼ਕ ਪੰਕਜ ਬਤਰਾ ਦੀ ਇਹ ਫ਼ਿਲਮ ਪੰਜਾਬੀ ਪਿਛੋਕੜ ਨੂੰ ਕੇਂਦਰ ‘ਚ ਰੱਖ ਕੇ ਦੋ ਸਾਂਢੂਆਂ ਦੇ ਆਪਸੀ ਰਿਸਤੇ ਦੀ ਬਾਤ ਪਾਉਂਦੀ ਹੈ। ਕਿਸੇ ਫ਼ਿਲਮ ਲਈ ਇਹ ਵਿਸ਼ਾ ਬਹੁਤ ਨਿਰਾਲਾ ਸੀ, ਪਰ ਸਾਡੇ ਬਹੁਤੇ ਨਿਰਦੇਸ਼ਕ, ਲੇਖਕ ਹਿੰਦੀ ਫ਼ਿਲਮਾਂ ਦੇ ਘਸ ਚੁੱਕੇ ਆਈਡੀਜ਼ ‘ਚ ਫ਼ਸੇ ਹੋਣ ਕਾਰਨ ਇਸ ਪਾਸੇ ਕਿਸੇ ਦਾ ਧਿਆਨ ਨਹੀਂ ਗਿਆ ਸੀ। ਫ਼ਿਲਮ ਦਾ ਵਿਸ਼ਾ ਵਸਤੂ ਦੋ ਸਕੀਆਂ ਭੈਣਾਂ ਦੁਆਲੇ ਘੁੰਮਦਾ ਹੈ, ਜਿਨ•ਾਂ ‘ਚੋਂ ਇਕ ਦਾ ਪਤੀ ਰੇਲਵੇ ਮਾਸਟਰ ਹੈ ਤੇ ਦੂਜੀ ਦੀ ਵਿਹਲਾ। ਮਸਲਾ ਦੋਵਾਂ ਦੇ ਰੁਤਬੇ ਵਿਚਲੇ ਪਾੜੇ ਦਾ ਹੈ। ਇਸ ਪਾੜੇ ਦਾ ਅਹਿਸਾਸ ਉਦੋਂ ਹੁੰਦੈ ਜਦੋਂ ਦੋਵਾਂ ਭੈਣਾਂ ਆਪਣੀ ਪਤੀਆਂ ਨਾਲ ਪੇਕੇ ਜਾਂਦੀਆਂ ਹਨ।

ਦੋਵਾਂ ਸਾਂਢੂਆਂ ਚੰਨਣ ਸਿੰਘ (ਐਮੀ ਵਿਰਕ) ਤੇ ਰੇਸ਼ਮ ਸਿੰਘ (ਬੀਨੂੰ ਢਿੱਲੋਂ) ਦੇ ਇੱਕਠੇ ਹੋਣ ‘ਤੇ ਦੋਵਾਂ ਦੇ ਵਿੱਤੀ ਰੁਤਬੇ ਅਤੇ ਇਸ ‘ਚ ਉਪਜੇ ਹੀਣ ਭਾਵਨਾ ਦਾ ਜੋ ਅਹਿਸਾਸ ਹੁੰਦਾ ਹੈ, ਉਹ ਹਕੀਕੀ ਰੂਪ ‘ਚ ਅਕਸਰ ਰਿਸ਼ਤਿਆਂ ਦੇ ਅੰਗ ਸੰਗ ਰਹਿੰਦਾ ਹੈ। ਇਸ ਅਹਿਸਾਸ ‘ਚੋਂ ਹੀ ਇਹ ਸਮਝ ਪੈਂਦੀ ਹੈ ਕਿ ਸ਼ਰੀਕੇਬਾਜ਼ੀ ਕੀ ਹੁੰਦੀ ਹੈ। ਕਿਉਂ ਲੋਕ ਬਰਾਬਰਤਾ ਖ਼ਾਤਰ ਅੱਡੀਆਂ ਚੁੱਕ ਚੁੱਕੇ ਫ਼ਾਹਾ ਲੈਂਦੇ ਹਨ। ਬੇਸ਼ੱਕ ਸ਼ਰੀਕੇਬਾਜ਼ੀ ਅਤੇ ਕਿਸਾਨਾਂ ਦਾ ਇਸ ਫ਼ਿਲਮ ਨਾਲ ਕੋਈ ਸਬੰਧ ਨਹੀਂ ਹੈ, ਪਰ ਦੋਵਾਂ ਸਾਂਢੂਆਂ ਦੇ ਰਿਸ਼ਤੇ ‘ਚੋਂ ਵਕਤੀ ਬਿੰਬ ਦੇ ਤੌਰ ‘ਤੇ ਇਹ ਅਹਿਸਾਸ ਹੁੰਦਾ ਹੈ ਕਿ ਕਿਉਂ ਸਾਡੇ ਬਹੁਤੇ ਲੋਕ ਸਾਹਮਣੇ ਵਾਲੇ ਦੇ ਵਿੱਤੀ ਸਾਧਨਾਂ ਦੇ ਪਿਛੋਕੜ ‘ਚ ਜਾਏ ਬਿਨਾਂ ਬਰਾਬਰੀ ਖ਼ਾਤਰ ਕਰਜ਼ਾ ਚੁੱਕਣ ਅਤੇ ਗਹਿਣੇ- ਗੱਟੇ ਵੇਚਣ ਤੱਕ ਤਿਆਰ ਹੋ ਜਾਂਦੇ ਹਨ। ‘ਵੰਝ ਬਰਾਬਰ ਗੱਡਾਂ ਗੇ…… ‘ ਵਰਗੇ ਗੀਤ ਵੀ ਅਜਿਹੇ ਰਿਸ਼ਤਿਆਂ ਦੀ ਵਿੱਤੀ ਕੜੱਤਣ ਦੀ ਹੀ ਉਪਜ ਹਨ।

ਦੋ ਸਾਂਢੂਆਂ ਦੀ ਕਹਾਣੀ, ਉਨ•ਾਂ ਦੀ ਵਿੱਤੀ ਪਹੁੰਚ ਮੁਤਾਬਕ ਸੁਹਰੇ ਘਰ ‘ਚ ਹੁੰਦੀ ਖ਼ਾਤਰਦਾਰੀ ਅਤੇ ਦੋਵਾਂ ਦੀਆਂ ਪਤਨੀਆਂ ਦੇ ਸੁਹੱਪਣ ਅਤੇ ਉਨ•ਾਂ ਲਈ ਵਰ ਚੁਣਨ ਲਈ ਵਰਤੇ ਗਏ ਪੈਮਾਨੇ ਨੂੰ ਜਿਸ ਖੂਬਸੂਰਤੀ ਨਾਲ ਲੇਖਕ ਨੇ ਫ਼ਿਲਮ ‘ਚ ਬੁਣਿਆ ਹੈ, ਉਹ ਬੇਹੱਦ ਕਮਾਲ ਦਾ ਹੈ। ਫ਼ਿਲਮ ਦੀ ਕਹਾਣੀ ਨੂੰ ਬੰਬੂਕਾਟ ਦੇ ਜ਼ਰੀਏ ਪਟੜੀ ‘ਤੇ ਪਾਇਆ ਗਿਆ ਹੈ। ਇਹ ਬੰਬੂਕਾਟ (ਬੁਲੁੱਟ ਮੋਟਰਸਾਈਕਲ) ਹੀ ਫ਼ਿਲਮ ਦਾ ਅਹਿਮ ਧੁਰਾ ਬਣ ਕੇ ਉਭਰਿਆ ਹੈ। ਫ਼ਿਲਮ ਦੀ ਖ਼ੂਬਸੂਰਤੀ ਇਸ ਗੱਲ ‘ਚ ਵੀ ਹੈ ਕਿ ਫ਼ਿਲਮ ਦਾ ਵਿਸ਼ਾ ਜ਼ਮੀਨੀ ਹਕੀਕਤ, ਪੇਂਡੂ ਸੱਭਿਆਚਾਰ ਤੇ ਸ਼ਰੀਕੇਦਾਰੀ ਦੀ ਇੰਨ ਬਿੰਨ ਪਰਦੇ ‘ਤੇ ਪੇਸ਼ਕਾਰੀ ਕਰਦਾ ਹੈ। ਪਿੰਡਾਂ ਦੇ ਬਹੁਤ ਸਾਰੇ ਮੁੰਡੇ ਪੜ•ਾਈ ਪੱਖੋਂ ਕਮਜ਼ੋਰ ਹੁੰਦੇ ਹਨ, ਪਰ ਮਕੈਨਕੀ ਅਤੇ ਹੋਰ ਅਜਿਹੇ ਕੰਮਾਂ ਦੇ ਐਸੇ ਮਾਹਰ ਹੁੰਦੇ ਹਨ ਕਿ ਵੱਡੇ ਵੱਡੇ ਇੰਜਨੀਅਰਾਂ ਨੂੰ ਪੜ•ਨੇ ਪਾ ਦਿੰਦੇ ਹਨ। ਪਰ ਅਜਿਹੇ ਮੁੰਡਿਆਂ ਦੀ ਇਸ ਕਲਾ ਤੋਂ ਅਕਸਰ ਉਨ•ਾਂ ਦੇ ਪਰਿਵਾਰ ਵੀ ਅਨਜਾਣ ਹੁੰਦੇ ਹਨ। ਇਸ ਗੱਲ ਨੂੰ ਚੰਨਣ ਸਿੰਘ ਦੇ ਰੂਪ ‘ਚ ਬਹੁਤ ਵਧੀਆ ਤਰੀਕੇ ਨਾਲ ਫੜਿਆ ਗਿਆ ਹੈ। ਜਿਸ ਤਰੀਕੇ ਨਾਲ ਲੇਖਕ ਨੇ ਇਸ ਦਾ ਸਕਰੀਨਪਲੇ ਲਿਖਿਆ ਹੈ, ਉਸੇ ਤਰੀਕੇ ਨਾਲ ਨਿਰਦੇਸ਼ਕ ਪੰਕਜ ਬਤਰਾ ਨੇ ਇਸ ਨੂੰ ਪਰਦੇ ‘ਤੇ ਉਤਾਰਿਆ ਹੈ। ਐਮੀ ਵਿਰਕ ਨੇ ਆਪਣੀ ਸਹਿਜ ਭਰਪੂਰ ਅਦਾਕਾਰੀ ਨਾਲ ਦਿਲ ਜਿੱਤਿਆ ਹੈ। ਬੀਨੂੰ ਢਿੱਲੋਂ ਤਾਂ ਹੈ ਹੀ ਜਨਮਜਾਤ ਅਦਾਕਾਰ ਹੈ। ਬੀਨੂੰ ਨੇ ਪੂਰੀ ਫ਼ਿਲਮ ‘ਚ ਇਹ ਅਹਿਸਾਸ ਕਰਵਾਇਆ ਹੈ ਕਿ ਉਹ ਫ਼ਿਲਮ ਨੂੰ ਆਪਣੇ ਮੋਢਿਆਂ ‘ਤੇ ਚੁੱਕਣ ਦਾ ਦਮ ਰੱਖਦਾ ਹੈ। ਫ਼ਿਲਮ ਦੀਆਂ ਦੋਵਾਂ ਹੀਰੋਇਨਾਂ ਨਵੀਆਂ ਹਨ, ਪਰ ਦੋਵਾਂ ਦਾ ਕੰਮ ਕਮਾਲ ਦਾ ਹੈ, ਖਾਸ ਕਰਕੇ ਪੱਕੋ ਦੇ ਰੂਪ ‘ਚ ਸਿੰਮੀ ਚਾਹਲ ਨੇ ਬਹੁਤ ਵਧੀਆ ਕੰਮ ਕੀਤਾ ਹੈ। ਬਾਕੀ ਕਲਾਕਾਰਾਂ ‘ਚ ਸਰਦਾਰ ਸੋਹੀ, ਹੋਬੀ ਧਾਲੀਵਾਲ, ਕਰਮਜੀਤ ਅਨਮੋਲ, ਅਨੀਤਾ ਦੇਵਗਣ, ਸੰਘਾ ਅਤੇ ਮਲਕੀਤ ਰੌਣੀ ਨੇ ਵੀ ਆਪਣੀ ਭੂਮਿਕਾ ਇਮਾਨਦਾਰੀ ਨਾਲ ਅਦਾ ਕੀਤੀ ਹੈ। ਫ਼ਿਲਮ ਦਾ ਸੰਗੀਤ ਵੀ ਖੂਬਸੂਰਤ ਤੇ ਦਿਲ ਟੰਬਵਾ ਹੈ। ਅੰਗਰੇਜ਼, ਅਰਦਾਸ ਅਤੇ ਲਵ ਪੰਜਾਬ ਵਰਗੀਆਂ ਫ਼ਿਲਮਾਂ ਦੀ ਲੜੀ ‘ਚ ਇਸ ਫ਼ਿਲਮ ਨੂੰ ਮਾਣ ਨਾਲ ਸ਼ਾਮਲ ਕੀਤਾ ਜਾ ਸਕਦਾ ਹੈ। ਆਸ ਹੈ ਕਿ ਇਸ ਲੜੀ ਛੇਤੀ ਚਾਲੂ ਫ਼ਿਲਮਾਂ ਦੀ ਬਹੁ ਅਕਾਰੀ ਲੜੀ ਨੂੰ ਪਿੱਛੇ ਛੱਡੇਗੀ। ਪੰਜਾਬੀ ਸਿਨੇਮਾ ਜ਼ਿੰਦਾਬਾਦ।

ਸਪਨ ਮਨਚੰਦਾ #sapanmanchanda

Leave a Reply

Your email address will not be published. Required fields are marked *

…ਜੋ ਸਿਨੇਮਾ ਘਰ ਤੱਕ ਨਹੀਂ ਪਹੁੰਚ ਸਕੀਆਂ

ਫ਼ਿਲਮਾਂ ਅਤੇ ਖੇਡਾਂ