ਕੌਮੀ ਸਿਨੇਮੇ ਦੀ ਨਿਸਬਤ ਲੰਮਾ ਇਤਿਹਾਸ ਹੋਣ ਦੇ ਬਾਵਜੂਦ ਵੀ ਪੰਜਾਬੀ ਸਿਨੇਮਾ ਅਜੇ ਬਾਲ ਅਵਸਥਾ ‘ਚੋਂ ਗੁਜ਼ਰ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਲਗਾਤਾਰ ਫ਼ਲਾਪ ਹੋ ਰਹੀਆਂ ਫ਼ਿਲਮਾਂ, ਨਿਰਮਾਤਾ-ਨਿਰਦੇਸਕਾਂ ਦੇ ਝਗੜਿਆਂ ਕਾਰਨ ਅੱਧ ਵਿਚਾਲੇ ਰੁਕੀਆਂ ਫ਼ਿਲਮਾਂ ਅਤੇ ਫੰਡਾਂ ਦੀ ਘਾਟ ਕਾਰਨ ਡੱਬਿਆਂ ‘ਚ ਰੁਲ ਰਹੀਆਂ ਫ਼ਿਲਮਾਂ ਕਰਦੀਆਂ ਹਨ। ਪੰਜਾਬੀ ਫ਼ਿਲਮ ਇੰਡਸਟਰੀ ਨਾਲ ਜੁੜੇ ਬਹੁਤੇ ਲੋਕਾਂ ‘ਚ ਪ੍ਰੋਫੈਸਨਿਜ਼ਮ ਦੀ ਘਾਟ, ਜੁਗਾੜੀ ਲੋਕਾਂ ਦੀਆਂ ਮਾਰੂ ਵਿਊਂਤਬੰਦੀਆਂ, ਕਲਾਕਾਰਾਂ ਦੀਆਂ ਆਪਹੁਦਰੀਆਂ ਅਤੇ ਚੁੱਕ ‘ਚ ਆ ਕੇ ਫ਼ਿਲਮਾਂ ‘ਤੇ ਪੈਸਾ ਲਾਉਣ ਵਾਲੇ ਨੌਸਿਖੀਏ ਲੋਕਾਂ ਦੇ ਗਲਤ ਫ਼ੈਸਲਿਆਂ ਕਾਰਨ ਦਰਜਨਾਂ ਪੰਜਾਬੀ ਫ਼ਿਲਮਾਂ ਇਸ ਵੇਲੇ ਡੱਬੇ ‘ਚ ਬੰਦ ਪਈਆਂ ਹਨ। ਅੱਧੀ ਦਰਜਨ ਤੋਂ ਵੱਧ ਅਜਿਹੀਆਂ ਫ਼ਿਲਮਾਂ ਹਨ ਜੋ ਸ਼ੁਰੂ ਤਾਂ ਹੋਈਆਂ ਪਰ ਸਿਰੇ ਨਹੀਂ ਚੜ• ਸਕੀਆਂ। ਬਥੇਰੀਆਂ ਅਜਿਹੀਆਂ ਫ਼ਿਲਮਾਂ ਵੀ ਹਨ, ਜਿਨ•ਾਂ ਦੀ ਅਨਾਊਸਮੈਂਟ ਤਾਂ ਕੀਤੀ ਗਈ ਪਰ ਅੱਜ ਤੱਕ ਫਲੋਰ ਤੱਕ ਨਹੀਂ ਪਹੁੰਚੀਆਂ। ਇਕ ਅੰਦਾਜ਼ੇ ਮੁਤਾਬਕ ਅਜਿਹੀਆਂ ਫ਼ਿਲਮਾਂ ਕਾਰਨ ਨਿਰਮਾਤਾਵਾਂ ਦੀ 150 ਕਰੋੜ ਤੋਂ ਵੱਧ ਦੀ ਰਕਮ ਲਗਭਗ ਮਿੱਟੀ ਹੋ ਚੁੱਕੀ ਹੈ। ਬਹੁਤ ਸਾਰੇ ਕਲਾਕਾਰਾਂ ਅਤੇ ਨਿਰਦੇਸ਼ਕਾਂ ਦਾ ਕਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਤਬਾਹ ਹੋ ਗਿਆ ਹੈ। ਜਿਥੇ ਅਜਿਹੀਆਂ ਫ਼ਿਲਮਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਉਥੇ ਇਸ ਕਿੱਤੇ ਨਾਲ ਜੁੜੇ ਬਹੁ-ਗਿਣਤੀ ਲੋਕਾਂ ਦੀ ਭਰੋਸੇਯੋਗਤਾ ਵੀ ਸ਼ੱਕ ਦੇ ਘੇਰੇ ‘ਚ ਆ ਰਹੀ ਹੈ। ਦੇਸ਼ ਦੀਆਂ ਵੱਡੀਆਂ ਫ਼ਿਲਮ ਨਿਰਮਾਣ ਕੰਪਨੀਆਂ ਦਾ ਪੰਜਾਬੀ ਫ਼ਿਲਮ ਇੰਡਸਟਰੀ ਤੋਂ ਕਿਨਾਰਾ ਕਰਨ ਦਾ ਵੱਡਾ ਕਾਰਨ ਇਹ ਅਨ-ਪ੍ਰੋਫੈਸਨਿਜ਼ਮ ਵੀ ਮੰਨਿਆ ਜਾ ਰਿਹਾ ਹੈ। ਡੱਬਿਆਂ ‘ਚ ਬੰਦ ਪਈਆਂ, ਲਟਕ ਰਹੀਆਂ ਜਾਂ ਫਿਰ ਅੱਧ ਵਿਚਾਲੇ ਰੁਕੀਆਂ ਇਹਨਾਂ ਫ਼ਿਲਮਾਂ ਨਾਲ ਨਾ ਕੇਵਲ ਨਵੇਂ ਕਲਾਕਾਰਾਂ ਦਾ ਨਾਂ ਜੁੜਿਆ ਹੋਇਆ ਹੈ, ਬਲਕਿ ਹਨੀ ਸਿੰਘ, ਜੈਜ਼ੀ ਬੀ, ਬੀਨੂੰ ਢਿੱਲੋਂ, ਮੈਂਡੀ ਤੱਖਰ, ਸੁਰਵੀਨ ਚਾਵਲਾ, ਹਰੀਸ਼ ਵਰਮਾ, ਕਰਤਾਰ ਚੀਮਾ, ਭਗਵੰਤ ਮਾਨ, ਰਵਿੰਦਰ ਗਰੇਵਾਲ, ਸਰਬਜੀਤ ਚੀਮਾ, ਪ੍ਰੀਤ ਹਰਪਾਲ, ਸਿੱਪੀ ਗਿੱਲ ਅਤੇ ਗੁਰਪ੍ਰੀਤ ਘੁੱਗੀ ਜਿਹੇ ਨਾਮੀਂ ਚਿਹਰੇ ਵੀ ਅਜਿਹੀਆਂ ਫ਼ਿਲਮਾਂ ਦਾ ਹਿੱਸਾ ਹਨ। ਇਹਨਾਂ ‘ਚੋਂ ਜ਼ਿਆਦਾਤਰ ਫ਼ਿਲਮਾਂ ਉਹ ਹਨ ਜੋ ਪੂਰੀ ਤਰ•ਾਂ ਬਣ ਕੇ ਤਿਆਰ ਹਨ, ਪਰ ਇਹਨਾਂ ਨੂੰ ਕੋਈ ਰਿਲੀਜ਼ ਕਰਨ ਲਈ ਤਿਆਰ ਨਹੀਂ ਹੈ। ਉਸ ਤੋਂ ਬਾਅਦ ਗਿਣਤੀ ਉਹਨਾਂ ਫ਼ਿਲਮਾਂ ਦੀ ਹੈ ਜੋ ਪੈਸਿਆਂ ਖੁਣੋਂ ਰੁਕੀਆਂ ਹੋਈਆਂ ਹਨ। ਆਪਸੀ ਲੜਾਈ ਝਗੜਿਆਂ ਦੀ ਬਲੀ ਚੜ•ੀਆਂ ਫ਼ਿਲਮਾਂ ਇਸ ਮਾਮਲੇ ‘ਚ ਤੀਜੇ ਨੰਬਰ ‘ਤੇ ਹਨ। ਕੁਝ ਫ਼ਿਲਮਾਂ ਤਾਂ ਅਜਿਹੀਆਂ ਵੀ ਹਨ, ਜਿਨ•ਾਂ ਦੀ ਰਿਲੀਜ਼ ਤਰੀਕ ਵੀ ਐਲਾਨੀ ਗਈ, ਪਰ ਉਹ ਮਿਥੀ ਤਰੀਕ ‘ਤੇ ਤਾਂ ਕੀ ਅੱਜ ਤੱਕ ਰਿਲੀਜ਼ ਨਹੀਂ ਹੋ ਸਕੀਆਂ। ਇਨ•ਾਂ ਫ਼ਿਲਮਾਂ ਦੀ ਇਕ ਸੂਚੀ ਤਿਆਰ ਕਰਨ ਦੀ ਕੋਸ਼ਸ਼ ਕੀਤੀ ਗਈ ਹੈ, ਜਿਸ ‘ਚ ਉਨ•ਾਂ ਸਾਰੀਆਂ ਫ਼ਿਲਮਾਂ ਨੂੰ ਸ਼ਾਮਲ ਕਰਨ ਦਾ ਯਤਨ ਕੀਤਾ ਗਿਆ ਹੈ, ਜੋ ਵੱਖ- ਵੱਖ ਕਾਰਨਾਂ ਕਰਕੇ ਅਜੇ ਤੱਕ ਸਿਨੇਮਾਘਰਾਂ ਤੱਕ ਨਹੀਂ ਪੁੱਜ ਸਕੀਆਂ।

ਯਮਲੇ ਜੱਟ ਯਮਲੇ : ਇਹ ਫ਼ਿਲਮ ਸਿਨੇਮਾ ਘਰਾਂ ‘ਚ ਪਹੁੰਚਦੀ ਪਹੁੰਚਦੀ ਰੁਕ ਗਈ। ਫ਼ਿਲਮ ਦੇ ਟਰੇਲਰ ਟੀਵੀ ਚੈਨਲਾਂ ‘ਤੇ ਚੱਲਣੇ ਸ਼ੁਰੂ ਹੋ ਗਏ ਸੀ, ਪਰ ਫ਼ਿਲਮ ਦੇ ਨਿਰਦੇਸ਼ਕ, ਨਾਇਕ ਅਤੇ ਕੋ-ਨਿਰਮਾਤਾ ਸੈਵੀ ਡਡਵਾਲ ਅਤੇ ਨਿਰਮਾਤਾ ਜਸਵਿੰਦਰ ਡੋਡਾ (ਫ਼ਿਲਮ ਦੀ ਨਾਇਕਾ ਦੀ ਮਾਂ) ਦਰਮਿਆਨ ਅਜਿਹਾ ਝਗੜਾ ਹੋਇਆ ਕਿ ਅਜੇ ਤੱਕ ਨਹੀਂ ਸੁਲਝਿਆ। ਕਰੀਬ 2 ਸਾਲਾਂ ਤੋਂ ਡੱਬੇ ‘ਚ ਬੰਦ ਇਸ ਫ਼ਿਲਮ ਸਬੰਧੀ ਅਦਾਲਤ ‘ਚ ਕੇਸ ਚੱਲ ਰਿਹਾ ਹੈ। ਇਸ ਫ਼ਿਲਮ ‘ਚ ਸੈਵੀ ਡਡਵਾਲ, ਜੋਨਿਤਾ ਡੋਡਾ, ਗੁਰਪ੍ਰੀਤ ਘੁੱਗੀ ਅਤੇ ਭਾਰਤੀ ਸਿੰਘ, ਰਾਣਾ ਰਣਬੀਰ, ਗੱਗੂ ਗਿੱਲ ਵਰਗੇ ਅਦਾਕਾਰਾਂ ਨੇ ਮੁੱੱਖ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਦੇ ਰਿਲੀਜ਼ ਹੋਣ ਦੀ ਆਸ ਹੁਣ ਮੱਧਮ ਪੈ ਗਈ ਹੈ।

ਬੁਨਿਆਦ : ਮੁੰਬਈਆ ਫ਼ਿਲਮ ਨਿਰਦੇਸ਼ਕ ਚੇਤਨ ਦੀ ਇਹ ਫ਼ਿਲਮ ਵੀ ਅੱਧ ਵਿਚਾਲੇ ਹੀ ਰੁਕ ਗਈ। ਫ਼ਿਲਮ ‘ਚ ਹਰੀਸ਼ ਵਰਮਾ, ਗੁਰਪ੍ਰੀਤ ਘੁੱਗੀ, ਓਮਪੁਰੀ ਅਤੇ ਸ਼ੁਰੂਤੀ ਸੋਢੀ ਵਰਗੇ ਨਾਮੀਂ ਕਲਾਕਾਰ ਕੰਮ ਕਰ ਰਹੇ ਹਨ। ਫ਼ਿਲਮ ਦੀ ਤਕਰੀਬਨ ਅੱਠੀ ਫ਼ੀਸਦੀ ਸ਼ੂਟਿੰਗ ਹੋ ਚੁੱਕੀ ਹੈ, ਪਰ ਇਸ ਦਾ ਅੱਗੇ ਵਧਣਾ ਨਾਮੁਮਕਣ ਹੋ ਗਿਆ ਹੈ। ਇਸ ਦੇ ਕਾਰਨ ਵੀ ਵਿੱਤੀ ਹੀ ਹਨ।
ਜੱਟ ਰਿਸਕੀ : ਇਸ ਫ਼ਿਲਮ ਦਾ ਨਿਰਦੇਸ਼ਕ ਆਰ ਰਾਜਾ ਹੈ। ਇਸ ਫ਼ਿਲਮ ‘ਚ ਜੈਜ਼ੀ ਬੀ, ਸੁਰਵੀਨ ਚਾਵਲਾ, ਬੀਨੂੰ ਢਿੱਲੋਂ ਅਤੇ ਜਸਵਿੰਦਰ ਭੱਲਾ ਵਰਗੇ ਦਿੱਗਜ਼ ਕਲਾਕਾਰ ਸਨ। ਕਰੀਬ ਡੇਢ ਕੁ ਸਾਲ ਪਹਿਲਾਂ ਸ਼ੁਰੂ ਹੋਈ ਇਸ ਫ਼ਿਲਮ ਦੀ ਸ਼ੂÎਟਿੰਗ ਹਫ਼ਤੇ ਕੁ ਬਾਅਦ ਹੀ ਰੁਕ ਗਈ, ਜਿਸ ਦਾ ਕਾਰਨ ਨਿਰਮਾਤਾ ਅਤੇ ਨਿਰਦੇਸ਼ਕ ਦਾ ਅੰਦਰੂਨੀ ਝਗੜਾ ਦੱਸਿਆ ਜਾਂਦਾ ਹੈ।
ਗੱਭਰੂ ਦੇਸ਼ ਪੰਜਾਬ ਦੇ : ਬਹੁ ਚਰਚਿਤ ਡਰੱਗ ਕੇਸ ‘ਚ ਫ਼ਸੇ ਪਹਿਲਵਾਨ ਜਗਦੀਸ਼ ਭੋਲਾ ਦੀ ਇਹ ਫ਼ਿਲਮ ਪੰਜ ਸਾਲਾਂ ਤੋਂ ਡੱਬੇ ‘ਚ ਬੰਦ ਹੈ। ਨਿਰਦੇਸ਼ਕ ਜੇ ਐਸ ਚੀਮਾ ਨੇ ਕਿਵੇਂ ਨਾ ਕਿਵੇਂ ਕਰ ਕੇ ਇਹ ਫ਼ਿਲਮ ਤਾਂ ਬਣਾ ਲਈ, ਪਰ ਰਿਲੀਜ਼ ਲਈ ਜਿੰਨੇ ਪੈਸਿਆਂ ਦੀ ਲੋੜ ਸੀ, ਉਹ ਅਜੇ ਤੱਕ ਇੱਕਠੇ ਨਹੀਂ ਹੋ ਸਕੇ। ਪਹਿਲਵਾਨਾਂ ਦੀ ਜ਼ਿੰਦਗੀ ‘ਤੇ ਅਧਾਰਿਤ ਇਸ ਫ਼ਿਲਮ ‘ਚ ਪਰਮਿੰਦਰ ਡੂੰਮਖੇੜੀ, ਗੁਰਸੇਵਕ ਮਾਨ, ਜਗਦੀਸ਼ ਭੋਲਾ, ਦਾਰਾ ਸਿੰਘ, ਗੁੱਗੂ ਗਿੱਲ, ਸੋਨੀਆ ਮਾਨ ਅਤੇ ਪਨੀਤ ਵਾਲੀਆ ਨੇ ਕੰਮ ਕੀਤਾ ਹੈ। ਇਹ ਵੀ ਸ਼ਾਇਦ ਕਦੇ ਰਿਲੀਜ਼ ਨਹੀਂ ਹੋਵੇਗੀ।

ਮੋਗਾ ਟੂ ਮੈਲਬੋਰਨ : ਇਹ ਫ਼ਿਲਮ ਕਰੀਬ ਦੋ ਸਾਲਾਂ ਤੋਂ ਡੱਬੇ ‘ਚ ਹੈ। ਨਿਰਦੇਸ਼ਕ ਤਰੁਣ ਵਧਵਾ ਦੀ ਇਸ ਫ਼ਿਲਮ ‘ਚ ਕਾਮੇਡੀਅਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਗਾਇਕ ਹਰਜੀਤ ਹਰਮਨ ਅਤੇ ਰਵਿੰਦਰ ਗਰੇਵਾਲ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਦੇ ਰਿਲੀਜ਼ ਨਾ ਹੋਣ ਦਾ ਕਾਰਨ ਵਿੱਤੀ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੁਝ ਅੰਦਰੂਨੀ ਝਗੜੇ ਵੀ ਇਸ ਦੇ ਨਾ ਰਿਲੀਜ਼ ਹੋ ਸਕਣ ਦੀ ਵਜ•ਾ ਦੱਸੇ ਜਾ ਰਹੇ ਹਨ।

ਫ਼ਾਈਟ ਬੈਕ : ਨਿਰਦੇਸ਼ਕ ਗੁਰਚਰਨ ਵਿਰਕ ਦੀ ਇਹ ਫ਼ਿਲਮ ਡੇਢ ਸਾਲ ਤੋਂ ਅੱਧ ਵਿਚਕਾਰ ਰੁਕੀ ਹੋਈ ਹੈ, ਜਿਸ ਦਾ ਕਾਰਨ ਵਿੱਤੀ ਸਮੱਸਿਆ ਹੈ। ਇਸ ਫ਼ਿਲਮ ਦੇ ਨਿਰਮਾਤਾ ਅਮਰੀਕਾ ਨਾਲ ਸਬੰਧਿਤ ਹਨ। ਇਸ ਫ਼ਿਲਮ ‘ਚ ਹਰੀਸ਼ ਵਰਮਾ, ਕਰਤਾਰ ਚੀਮਾ, ਅੰਜਨਾ ਸੁਖਾਨੀ, ਅਮਨਦੀਪ ਸਿੰਘ, ਹਰਮਨ ਬੋਪਾਰਾਏ, ਸਰਦਾਰ ਸੋਹੀ, ਯੋਗਰਾਜ ਸਿੰਘ ਤੇ ਯਾਦ ਗਰੇਵਾਲ ਮੁੱਖ ਭੂਮਿਕਾਵਾਂ ‘ਚ ਹਨ। ਇਸ ਦਾ ਵਿਸ਼ਾ ਪੰਜਾਬ ‘ਚ ਫੈਲੇ ਨਸ਼ੇ ਦੇ ਜਾਲ ਅਤੇ ਵਿਦੇਸ਼ਾਂ ‘ਚ ਸਿੱਖ ਨੌਜਵਾਨਾਂ ਨੂੰ ਆ ਰਹੀਆਂ ਸਮੱਸਿਆਵੀ ‘ਤੇ ਕੇਂਦਰਤ ਹੈ।
ਦਿੱਲੀ ਤੋਂ ਲਾਹੌਰ: ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ‘ਤੇ ਅਧਾਰਤ ਇਹ ਫ਼ਿਲਮ ਵੀ ਕਰੀਬ ਦੋ ਸਾਲ ਤੋਂ ਡੱਬਾ ਬੰਦ ਹੈ। ਇਸ ਦੇ ਨਿਰਮਾਤਾ ਵਿਜੇ ਖੇਪੜ ਤੇ ਨਿਰਦੇਸ਼ਕ ਬਲਬੀਰ ਬੇਗ਼ਮਪੁਰੀ ਹਨ। ਫ਼ਿਲਮ ਦੀ ਨਾÎਇਕਾ ਰਜ਼ੀਆ ਸੁਖਬੀਰ ਤੇ ਨਾਇਕ ਵਿਜੇ ਖੇਪੜ ਹੈ। ਇਹ ਫ਼ਿਲਮ ਵੀ ਰਿਲੀਜ਼ ਲਈ ਤਿਆਰ ਹੈ। ਨਿਰਮਾਤਾ ਕੋਲ ਫ਼ਿਲਮ ਰਿਲੀਜ਼ ਕਰਨ ਲਈ ਕਥਿਤ ਤੌਰ ‘ਤੇ ਪੈਸੇ ਨਹੀਂ ਹਨ। ਕੋਈ ਡਿਸਟੀਬਿਊਟਰ ਜਾਂ ਕੰਪਨੀ ਆਪਣੇ ਪੱਧਰ ‘ਤੇ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ।
ਵੈਲਕਮ ਟੂ ਪੰਜਾਬ: ਨਿਰਦੇਸ਼ਕ ਰਵਿੰਦਰ ਪੀਪਟ ਦੀ ਇਹ ਫ਼ਿਲਮ ਅਜੌਕੀ ਨੌਜਵਾਨ ਪੀੜ•ੀ ‘ਤੇ ਅਧਾਰਿਤ ਪਰਿਵਾਰਕ ਡਰਾਮਾ ਤੇ ਰੁਮਾਂਟਿਕ ਫ਼ਿਲਮ ਹੈ। ਬਲਦੇਵ ਗਿੱਲ ਦੀ ਲਿਖੀ ਇਸ ਫ਼ਿਲਮ ਦਾ ਨਾਇਕ ਗਾਇਕ ਸਰਬਜੀਤ ਚੀਮਾ ਹੈ ਜਦੋਂਕਿ ਨਾਇਕਾ ਸੋਮੀਆ ਟੰਡਨ ਹੈ। ਇਹ ਫ਼ਿਲਮ ਕਰੀਬ ਤਿੰਨ ਸਾਲਾਂ ਤੋਂ ਡੱਬੇ ‘ਚ ਹੈ। ਇਸ ਦੇ ਰਿਲੀਜ਼ ਲਈ ਘੱਟੋ ਘੱਟ 80 ਲੱਖ ਰੁਪਏ ਦੀ ਲੋੜ ਹੈ, ਪਰ ਨਿਰਮਾਤਾ ਇਹ ਪੈਸਾ ਲਗਾਉਂਣਾ ਨਹੀਂ ਚਾਹੁੰਦੇ। ਇਹ ਵੀ ਪਤਾ ਲੱਗਾ ਕਿ ਨਿਰਮਾਤਾਵਾਂ ਦੀ ਆਪਸ ਵਿੱਚ ਖਿਟ-ਪਿਟ ਹੋਣ ਕਾਰਨ ਵੀ ਇਹ ਫ਼ਿਲਮ ਰਿਲੀਜ਼ ਨਹੀਂ ਹੋ ਰਹੀ।
‘ਦਾ ਬੈਟਲ ਆਫ਼ ਸਾਰਾਗੜ•ੀ’ : ਬਹੁ-ਚਰਚਿਤ ਜੰਗ ‘ਸਾਰਾਗੜ•ੀ’ ਵਿੱਚ ਸ਼ਹੀਦ ਹੋਏ ਸਿੱਖਾਂ ਦੀ ਸ਼ਹਾਦਤ ‘ਤੇ ਅਧਾਰਿਤ ਇਹ ਫ਼ਿਲਮ ਚਾਰ ਸਾਲਾਂ ਤੋਂ ਡੱਬੇ ‘ਚ ਸਹਿਕ ਰਹੀ ਹੈ। ਨਿਰਮਾਤਾ ਤੇ ਨਿਰਦੇਸ਼ਕ ਸੁਰਿੰਦਰ ਸ਼ਰਮਾ ਨੇ ਇਹ ਫ਼ਿਲਮ ਬਣਾ ਤਾਂ ਲਈ ਹੈ ਪਰ ਹੁਣ ਇਹ ਸਿਨੇਮਾਘਰਾਂ ਤੱਕ ਕਿਵੇਂ ਪਹੁੰਚਾਈ ਜਾਵੇ? ਇਹ ਗੱਲ ਉਹਨਾਂ ਦੀ ਸਮਝ ਤੋਂ ਬਾਹਰ ਹੈ। ਆਖਰ ਫ਼ਿਲਮ ਨੂੰ ਰਿਲੀਜ਼ ਕਰਨ ਲਈ ਲੱਖਾਂ ਰੁਪਏ ਲੱਗਦੇ ਹਨ। ਜੇਕਰ ਇਹ ਪੈਸੇ ਲਗਾ ਵੀ ਦਿੱਤੇ ਜਾਣ ਤਾਂ ਵੀ ਫ਼ਿਲਮ ਚੱਲਣ ਦੀ ਕੋਈ ਵੱਡੀ ਆਸ ਨਹੀਂ ਹੈ। ਸ਼ਾਇਦ ਇਹ ਗੱਲ ਹੁਣ ਨਿਰਮਾਤਾ ਵੀ ਸਮਝ ਗਿਆ ਹੈ। ਇਸ ਲਈ ਉਹ ਫ਼ਿਲਮ ਨੂੰ ਰਿਲੀਜ਼ ਕਰਨ ‘ਚ ਦਿਲਚਸਪੀ ਨਹੀਂ ਦਿਖਾ ਰਿਹਾ।
ਸੂਹੇ ਫੁੱਲ : ਇਹ ਫ਼ਿਲਮ ਵੀ ਆਪਸੀ ਝਗੜੇ ਅਤੇ ਵਿੱਤੀ ਸਮੱਸਿਆ ਦਾ ਸ਼ਿਕਾਰ ਹੋਈ ਹੈ। ਉੱਘੇ ਲੇਖਕ ਬਲਵੰਤ ਗਾਰਗੀ ਦੀ ਕਹਾਣੀ ‘ਦੇਗਚੀ’ ਤੇ ਬਣੀ ਇਸ ਫ਼ਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ‘ਚ ਕਥਿਤ ਝਗੜਾ ਹੋਣ ਦੀਆਂ ਖ਼ਬਰਾਂ ਹਨ। ਇਸ ਫ਼ਿਲਮ ਦਾ ਹੀਰੋ ਪੰਜਾਬੀ ਗਾਇਕ ਨਿਸ਼ਾਨ ਭੁੱਲਰ ਹੈ ਅਤੇ ਨਾÎਇਕਾ ਮਣੀ ਕਪੂਰ ਹੈ। ਨਿਰਦੇਸ਼ਕ ਹਰਮਨ ਅਗਰਵਾਲ ਦੀ ਇਹ ਪਹਿਲੀ ਫ਼ਿਲਮ ਹੈ। ਫ਼ਿਲਮ ਦੀ ਸ਼ੂਟਿੰਗ ਦੌਰਾਨ ਹੀ ਨਿਰਮਾਤਾ ਅਤੇ ਨਿਰਦੇਸ਼ਕ ‘ਚ ਝਗੜਾ ਹੋ ਗਿਆ ਸੀ। ਫ਼ਿਲਮ ਦੀ ਸ਼ੂਟਿੰਗ ਹੋ ਚੁੱਕੀ ਹੈ, ਪ੍ਰੋਮੋ ਬਣ ਚੁੱਕੇ ਹਨ, ਪਰ ਰਿਲੀਜ਼ ਦੀ ਅਜੇ ਤੱਕ ਕੋਈ ਸੰਭਾਵਨਾ ਨਹੀਂ ਹੈ। ਬਹੁਤ ਥੋੜੇ ਬਜਟ ‘ਚ ਬਣੀ ਇਸ ਫ਼ਿਲਮ ਨੂੰ ਰਿਲੀਜ਼ ਕਰਨ ਲਈ ਆਖਰ ਇਕ ਵੱਡੀ ਅਮਾਊਟ ਲੱਗਣੀ ਹੈ। ਇਹ ਅਮਾਊਟ ਵੀ ਵੱਡਾ ਮਸਲਾ ਬਣਿਆ ਹੋਇਆ ਹੈ।
ਲਵ ਡੌਟ ਕੌਮ : ਨਿਰਦੇਸ਼ਕ ਜੀ ਡੀ ਮਹਿਤੀ ਦੀ ਇਹ ਫਿਲਮ ਵੀ ਲਗਭਗ ਡੱਬੇ ‘ਚ ਹੀ ਹੈ। ਕਾਮੇਡੀ ਅਤੇ ਰੁਮਾਂਸ ਦਾ ਸੁਮੇਲ ਦੱਸੀ ਜਾਂਦੀ ਇਸ ਫ਼ਿਲਮ ‘ਚ ਪੰਜਾਬੀ ਗਾਇਕ ਹਰਿੰਦਰ ਸੰਧੂ, ਗੁਲਜਾਰ ਲਹੋਰੀਆ, ਯੋਗਰਾਜ ਸਿੰਘ, ਉਪਾਸਨਾ ਸਿੰਘ ਅਤੇ ਮਾਡਲ ਵਿਕਟਰ ਜੌਨ ਨੇ ਅਹਿਮ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਵੀ ਅਨਾੜੀਪੁਣੇ ਦੀ ਹੀ ਇਕ ਮਿਸਾਲ ਸਾਬਤ ਹੋ ਰਹੀ ਹੈ।
ਧੀਅ ਪੰਜਾਬ ਦੀ : ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਬਲਜੀਤ ਸਿੰਘ ਦੀ ਇਸ ਫ਼ਿਲਮ ਨੂੰ ਰਿਲੀਜ਼ ਕਰਨ ਦੇ ਕਈ ਵਾਰ ਦਾਅਵੇ ਕੀਤੇ ਜਾ ਚੁੱਕੇ ਹਨ, ਪਰ ਇਹ ਅਜੇ ਤੱਕ ਸਿਨੇਮਾਘਰ ਤੱਕ ਨਹੀਂ ਪਹੁੰਚ ਸਕੀ। ਕਰੀਬ ਦੋ, ਢਾਈ ਸਾਲਾਂ ਤੋਂ ਤਿਆਰ ਪਈ ਇਸ ਫ਼ਿਲਮ ‘ਚ ਜਸਪਿੰਦਰ ਚੀਮਾ, ਸਤਵਿੰਦਰ ਬਿੱਟੀ ਤੇ ਅਰੁਣ ਬਾਲੀ ਨੇ ਮੁਖ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਨੂੰ ਵੀ ਮਾੜੀ ਵਿਉਂਤਬੰਦੀ ਦਾ ਸੰਤਾਪ ਝੱਲਣਾ ਪੈ ਰਿਹਾ ਹੈ।
ਜੁਗਨੀ ਇਨ ਲਵ : ਕਾਮੇਡੀਅਨ ਦਿਲਾਵਰ ਸਿੱਧੂ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫ਼ਿਲਮ ਹੈ। ਕਾਮੇਡੀਅਨ ਗੁਰਚੇਤ ਚਿੱਤਰਕਾਰ ਦੀ ਲਿਖੀ ਅਤੇ ਉਸੇ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ ਰਾਜਸਥਾਨ ‘ਚ ਫਿਲਮਾਈ ਗਈ ਹੈ। ਪੁਰਾਤਨ ਰੀਤੀ ਰਿਵਾਜਾਂ, ਵਿਆਹਾਂ ਨਾਤਿਆਂ ਨੂੰ ਦਰਸਾਉਂਦੀ ਇਸ ਫ਼ਿਲਮ ਨੂੰ ਬਣਿਆ ਵੀ ਦੋ ਸਾਲ ਤੋਂ ਉਪਰ ਹੋ ਗਏ ਹਨ, ਪਰ ਅਜੇ ਤੱਕ ਇਸ ਦੇ ਰਿਲੀਜ਼ ਹੋਣ ਬਾਰ ਥੁਹ ਪਤਾ ਨਹੀਂ ਹੈ।
ਦਿਨ ਦਿਹਾੜੇ ਲੈ ਜਾਂਗੇ : ਇਸ ਫ਼ਿਲਮ ਨੇ ਵੀ ਅਦਾਕਾਰ ਕਰਤਾਰ ਚੀਮਾ ਤੇ ਅਦਾਕਾਰਾ ਸਪਨਾ ਠਾਕੁਰ ਦੇ ਫ਼ਿਲਮੀ ਕਰੀਅਰ ਨੂੰ ‘ਗ੍ਰਹਿਣ’ ਲਾਇਆ ਹੋਇਆ ਹੈ। ਇਸ ਫ਼ਿਲਮ ਨੂੰ ਬਣਿਆ ਵੀ ਲੱਗਭਗ ਢਾਈ ਸਾਲ ਤੋਂ ਉਪਰ ਹੋ ਗਏ ਹਨ। ਨਿਰਦੇਸ਼ਕ ਜੋੜੀ ਹਨੀ ਰੋਮੀ ਦੀ ਇਸ ਰੁਮਾਂਟਿਕ ਸਟੋਰੀ ਫ਼ਿਲਮ ਨੂੰ ਰਿਲੀਜ਼ ਕਰਨ ਲਈ ਜੋ ਬਜ਼ਟ ਚਾਹੀਦੈ, ਉਹ ਨਿਰਮਾਤਾ ਕੋਲ ਨਹੀਂ ਹੈ।
ਹਿੰਮਤ ਸਿੰਘ : ਇਸ ਫ਼ਿਲਮ ਨੇ ਵੀ ਅਦਾਕਾਰ ਅਰਜੁਨ ਬਾਜਵਾ ਦੇ ਕਰੀਅਰ ‘ਚ ਬੰਨ• ਲਾ ਦਿੱਤਾ ਹੈ। ਕਈ ਸਾਲਾਂ ਤੋਂ ਡੱਬੇ ‘ਚ ਰੁਲ ਰਹੀ ਇਸ ਫ਼ਿਲਮ ਦਾ ਨਿਰਦੇਸ਼ਕ ਬਲਜੀਤ ਸਿੰਘ ਦਿਓ ਹੈ। ਦਿਓ ਦੀ ਕੁਝ ਮਹੀਨੇ ਪਹਿਲਾਂ ਹੀ ‘ਹੀਰੋ ਨਾਮ ਯਾਦ ਰੱਖੀਂ’ ਅਤੇ ‘ਫ਼ਰਾਰ’ ਫ਼ਿਲਮ ਰਿਲੀਜ਼ ਹੋਈ ਹੈ। ਪਰ ਇਹ ਫ਼ਿਲਮ ਅਜੇ ਵੀ ਅੜੀ ਹੋਈ ਹੈ, ਜਿਸ ਦਾ ਕਾਰਨ ਵੀ ਹੋਰਾਂ ਫ਼ਿਲਮਾਂ ਵਾਂਗ ਬਜਟ ਦੀ ਘਾਟ ਹੈ। ਇਸ ਫ਼ਿਲਮ ‘ਚ ਕਾਜਲ ਜੈਨ, ਯਾਦ ਗਰੇਵਾਲ ਤੇ ਨਿਹਾਲ ਪੁਰਬਾ ਵੀ ਹਨ।
ਯਾਰ ਮੇਰਾ ਰੱਬ ਵਰਗਾ : ਨਿਰਦੇਸ਼ਕ ਕਪੂਰ ਦਿਨਕਾਰ ਦੀ ਇਹ ਫ਼ਿਲਮ ‘ਚ ਲਗਭਗ ਚਾਰ ਸਾਲਾਂ ਤੋਂ ਅੱਧ ਵਾਟੇ ਹੀ ਹੈ। ਇਸ ਫ਼ਿਲਮ ‘ਚ ਲਖਵਿੰਦਰ ਸਿੰਘ, ਗੁਰਮੀਤ ਚੌਧਰੀ, ਰਾਣਾ ਰਣਬੀਰ ਅਤੇ ਨੀਤੂ ਸਿੰਘ ਨੇ ਕੰਮ ਕੀਤਾ ਹੈ। ਰੁਮਾਂਟਿਕ ਡਰਾਮਾ ਕਿਸਮ ਦੀ ਇਹ ਫ਼ਿਲਮ ਵੀ ਬਿਨਾਂ ਵਿਉਂਤਬੰਦੀ ਤੋਂ ਸ਼ੁਰੂ ਹੋਈ ਸੀ। ਨਤੀਜਾ, ਅੱਜ ਤੱਕ ਰਿਲੀਜ਼ ਨਹੀਂ ਹੋ ਸਕੀ।
ਰੰਗਰੂਟ : ‘ਸਾਡਾ ਹੱਕ’ ਅਤੇ ‘ਯੋਧਾ’ ਵਾਲੇ ਨਿਰਦੇਸ਼ਕ ਮਨਦੀਪ ਬੈਨੀਪਾਲ ਦੀ ਇਹ ਫ਼ਿਲਮ ਵੀ ਕਰੀਬ ਤਿੰਨ ਸਾਲਾਂ ਤੋਂ ਬੰਦ ਹੈ। ਫ਼ਿਲਮ ਦਾ ਅਜੇ ਕੁਝ ਹਿੱਸਾ ਫਿਲਮਾਉਣ ਵਾਲਾ ਵੀ ਦੱਸਿਆ ਜਾਂਦਾ ਹੈ। ਪੰਜਾਬ ਦੇ ਨੌਜਵਾਨਾਂ ‘ਤੇ ਅਧਾਰਿਤ ਇਸ ਫ਼ਿਲਮ ‘ਚ ਸਿੱਪੀ ਗਿੱਲ, ਗੌਰਵ ਕੱਕੜ ਅਤੇ ਅਨੀਤਾ ਕੈਲੇ ਮੁੱਖ ਭੂਮਿਕਾ ‘ਚ ਹਨ। ਇਸ ਫ਼ਿਲਮ ਦੇ ਵੀ ਰਿਲੀਜ਼ ਹੋਣ ਦੇ ਅਸਾਰ ਹੁਣ ਮੁਕ ਗਏ ਹਨ।
ਸਾਡਾ ਜਵਾਈ ਐਨ ਆਰ ਆਈ : ਇਸ ਫ਼ਿਲਮ ਦੀ ਸ਼ੂਟਿੰਗ ਹੀ ਅੱਧ ਵਿਚਾਲੇ ਖੜ ਗਈ ਸੀ, ਜੋ ਦੋ ਸਾਲਾਂ ਤੋਂ ਵੱਧ ਸਮਾਂ ਬੀਤਣ ‘ਤੇ ਵੀ ਸ਼ੁਰੂ ਨਹੀਂ ਹੋ ਸਕੀ। ਨਿਰਦੇਸ਼ਕ ਨਰਿੰਦਰ ਗਰੇਵਾਲ ਦੀ ਇਸ ਫ਼ਿਲਮ ‘ਚ ਗੈਵੀ ਚਾਹਲ, ਮੈਂਡੀ ਤੱਖਰ, ਬੀਨੂੰ ਢਿੱਲੋਂ, ਰਾਣਾ ਰਣਬੀਰ ਤੇ ਜਸਵਿੰਦਰ ਭੱਲਾ ਵਰਗੇ ਸਿਤਾਰੇ ਕੰਮ ਕਰ ਰਹੇ ਹਨ। ਇਸ ਕਾਮੇਡੀ ਫ਼ਿਲਮ ਨਾਲ ਜੋ ਕਾਮੇਡੀ ਹੋਈ ਕਿਸੇ ਤੋਂ ਲੁਕੀ ਨਹੀਂ ਹੈ।
ਜੀਅ ਕਰਦਾ : ਨਿਰਦੇਸ਼ਕ ਵਿਕਰਮ ਢਿੱਲੋ ਦਾ ਵੀ ਜੀਅ ਕਰਦਾ ਹੈ ਕਿ ਇਹ ਫ਼ਿਲਮ ਰਿਲੀਜ਼ ਹੋਵੇ, ਪਰ ਰਿਲੀਜ਼ ਕਰੇ ਕੌਣ? ਵਿੱਤੀ ਸੰਕਟ ਤੇ ਹੋਰ ਅੰਦਰੂਨੀ ਕਾਰਨਾਂ ਕਰਕੇ ਰਿਲੀਜ਼ ਖੁਣੋਂ ਪਈ ਇਸ ਫ਼ਿਲਮ ਦਾ ਹੀਰੋ ਗੀਤਾ ਜ਼ੈਲਦਾਰ ਅਤੇ ਹੀਰੋਇਨ ਇਹਾਨਾ ਢਿੱਲੋਂ ਹੈ। ਪਹਿਲਾਂ ਲੱਗਦਾ ਸੀ ਕਿ ਇਹ ਫ਼ਿਲਮ ਰਿਲੀਜ਼ ਹੋ ਸਕਦੀ ਹੈ, ਪਰ ਹੁਣ ਇਸ ਦੇ ਵੀ ਰਿਲੀਜ਼ ਦੇ ਕੋਈ ਅਸਾਰ ਨਹੀਂ ਹਨ।
ਜੱਟ ਇਨ ਥਾਈਲੈਂਡ : ਇਹ ਫ਼ਿਲਮ ਵੀ ਅਨਾੜੀਪੁਣੇ ਤੇ ਵਿਉਂਤਬੰਦੀ ਕਾਰਨ ਡੱਬਾ ਬੰਦ ਹੈ। ਨਿਰਦੇਸ਼ਕ ਸੁਖਜਿੰਦਰ ਨਿੱਝਰ ਦੀ ਇਸ ਫ਼ਿਲਮ ਦੇ ਪੋਸਟਰ ਕਈ ਮਹੀਨੇ ਫ਼ੇਸਬੁੱਕ ‘ਤੇ ਘੁੰਮਦੇ ਰਹੇ। ਇਸ ਫ਼ਿਲਮ ‘ਚ ਰਿੱਕੀ ਸਹਿਗਲ ਤੇ ਰਾਜਵੀਰ ਸਿੰਘ ਨਾਂ ਦੇ ਦੋ ਨਵੇਂ ਮੁੰਡਿਆਂ ਨੇ ਕੰਮ ਕੀਤਾ ਹੈ। ਇਸ ਦੀ ਸਮੁੱਚੀ ਟੀਮ ਨਵਿਆਂ ਦੀ ਹੀ ਹੈ।

ਡੌਂਟ ਵਰੀ ਯਾਰਾ : ਚਾਰ ਸਾਲ ਤੋਂ ਉਪਰ ਹੋ ਗਏ ਪਰ ਅਜੇ ਤੱਕ ਇਸ ਫ਼ਿਲਮ ਦਾ ਕੋਈ ਪਤਾ ਨਹੀਂ। ਫ਼ਿਲਮ ਦੇ ਨਾਇਕ ਪ੍ਰੀਤ ਹਰਪਾਲ ਨੇ ਤਾਂ ਇਸ ਦੇ ਰਿਲੀਜ਼ ਹੋਣ ਦੀ ਆਸ ਛੱਡ ਦਿੱਤੀ ਹੈ। ਨਿਰਦੇਸ਼ਕ ਰਜਿੰਦਰ ਕਸ਼ਿਯਪ ਦੀ ਇਸ ਫ਼ਿਲਮ ‘ਚ ਬੀਨੂੰ ਢਿੱਲੋਂ, ਉਪਾਸਨਾ ਸਿੰਘ, ਜਸਪਿੰਦਰ ਚੀਮਾ ਅਤੇ ਅਮਨ ਗਰੇਵਾਲ ਵੀ ਹਨ। ਫ਼ਿਲਮ ਤਾਂ ਔਖੇ ਸੌਖੇ ਬਣ ਗਈ, ਪਰ ਹੁਣ ਬਿਨਾਂ ਬਜਟ ਤੋਂ ਰਿਲੀਜ਼ ਕਿਵੇਂ ਕੀਤੀ ਜਾਵੇ, ਨਿਰਮਾਤਾ ਨੂੰ ਇਹੀ ਗੱਲ ਸੁਝ ਨਹੀਂ ਰਹੀ।
ਕਾਲਜੀਏਟ : ਕਈ ਟੀਵੀ ਸੀਰੀਅਲ ਬਣਾ ਚੁੱਕੇ ਨਿਰਦੇਸ਼ਕ ਅਸ਼ੀਸ਼ ਭਾਟੀਆ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਵੀ ਕਰੀਬ ਦੋ ਸਾਲਾਂ ਤੋਂ ਸਿਨੇਮਾਘਰ ਨੂੰ ਤਰਸ ਰਹੀ ਹੈ। ਪਾਖੰਡੀ ਸਾਧਾਂ, ਨਸ਼ਿਆਂ ਅਤੇ ਅਜਿਹੀਆਂ ਹੀ ਹੋਰ ਕੁਰੀਤੀਆਂ ‘ਤੇ ਅਧਾਰਿਤ ਇਹ ਫ਼ਿਲਮ ਵੀ ਕਥਿਤ ਤੌਰ ‘ਤੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਫ਼ਿਲਮ ਦੇ ਨਿਰਮਾਤਾ ਦੇ ਇਸ ਦੇ ਕਲਾਕਾਰਾਂ ਨਾਲ ਵੀ ਮਤਭੇਦ ਹਨ।
ਪੰਜੋ : ਨਿਰਦੇਸ਼ਕ ਗੁਰਿੰਦਰ ਡਿੰਪੀ ਦੀ ਇਸ ਫ਼ਿਲਮ ਦੀ ਨਾਇਕਾ ਜਸਪਿੰਦਰ ਚੀਮਾ ਹੈ। ਫ਼ਿਲਮ ਦੀ ਸ਼ੂਟਿੰਗ ਤਾਂ ਸ਼ੁਰੂ ਹੋਈ, ਪਰ ਮੁਕੰਮਲ ਨਹੀਂ ਹੋ ਸਕੀ। ਪਤਾ ਲੱਗਾ ਹੈ ਕਿ ਇਹ ਫ਼ਿਲਮ ਨਿਰਮਾਤਾ ਅਤੇ ਨਿਰਦੇਸ਼ਕ ਦੇ ਆਪਸੀ ਕਲੇਸ਼ ਕਾਰਨ ਅੱਧ ਵਿਚਾਲੇ ਹੀ ਰੁਕ ਗਈ, ਜਿਸ ਦੇ ਹੁਣ ਸ਼ੁਰੂ ਹੋਣ ਦੇ ਕੋਈ ਆਸਾਰ ਨਹੀਂ ਹਨ।
ਗੇਮ ਆਫ਼ ਲਵ : ਨਵੇਂ ਨਿਰਦੇਸ਼ਕ ਗੋਪੀ ਢਿੱਲੋਂ ਦੀ ਇਹ ਫ਼ਿਲਮ ਵੀ ਸ਼ੂਟਿੰਗ ਤੋਂ ਕੁਝ ਦਿਨ ਬਾਅਦ ਰੁਕ ਗਈ, ਜਿਸ ਦੇ ਮੁੜ ਸ਼ੁਰੂ ਹੋਣ ਦੇ ਕੋਈ ਆਸਾਰ ਨਹੀਂ ਹਨ। ਇਸ ਦੇ ਬੰਦ ਹੋਣ ਦਾ ਕਾਰਨ ਵੀ ਨਿਰਮਾਤਾ ਨੂੰ ਦਿੱਤਾ ਗਿਆ ਝਾਂਸਾ ਹੀ ਬਣਿਆ ਹੈ। ਇਸ ‘ਚ ਪੰਜਾਬੀ ਗਾਇਕ ਫਿਰੋਜ਼ ਖ਼ਾਨ, ਅਦਾਕਾਰਾ ਮਨੀ ਬੋਪਾਰਾਏ, ਪੂਨਮ ਸੂਦ ਅਤੇ ਜੈਜ਼ ਕੌਰ ਮੁੱਖ ਭੂਮਿਕਾ ‘ਚ ਹਨ।
ਇਹਨਾਂ ਫ਼ਿਲਮਾਂ ਤੋਂ ਇਲਾਵਾ ਹੈਪੀ ਹੈਪੀ ਹੋ ਗਿਆ, ਸਾਂਭ ਲਾਂਗੇ ਆਪੇ, ਇਹ ਦਿਲ ਦਾ ਮਾਮਲਾ, ਅਸੀਂ ਨਈਂ ਸੁਧਰਨਾ, ਅਸੀਂ ਦੇਸੀ ਹੀਰੋ, ਅੱਜ ਦੇ ਲਫੰਗੇ, ਐਸ਼ ਕਰ ਲਓ, ਅਸੀਂ ਦੇਸੀ, ਫੁੱਲ ਫੁਕਰੇ, ਮੰਨਤ, ਯਾਰ ਮੇਰਾ ਰੱਬ ਵਰਗਾ, ਆਖਰੀ ਮੌਕਾ, ਐਲ ਏ ਤੋਂ ਬੇਗਸ, ਏਜੰਟ ਲੱਕੀ, ਮੁੰਡੇ ਰੌਕਸਟਰ, ਇਸ਼ਕ ਅਵੱਲਾ, ਇਸ਼ਕ ਵਰਗਾ ਲਵ, ਸਾਊ ਮੁੰਡੇ, ਸੌਰੀ ਬੁੱਗੇ, ਸ਼ਹੀਦੀ, ਹਿੱਕ ਨਾਲ, ਦੋ ਵਿਚਾਰੇ, ਦਸਤਾਰ, ਰਿਸਕ ਇਨ ਇਸ਼ਕ, ਮੁਸ਼ਟੰਡਾ, ਮੌਜ਼ ਮਸਤੀਆਂ, ਹੋ ਜਾਵੇ ਜੇ ਪਿਆਰ, ਕਰਤਾ ਯਾਰ ਕਮਾਲ, ਜੁਗਨੂੰ ਵੈਡਸ ਜੁਗਨੀ ਅਤੇ ਜੀਅ ਕਰਦਾ ਦੇ ਟਾਈਟਲ ਹੇਠ ਵੀ ਕੁਝ ਫ਼ਿਲਮਾਂ ਦਾ ਐਲਾਨ ਹੋਇਆ, ਜਿਨ•ਾਂ ‘ਚ ਕੁਝ ਕੁ ਸ਼ੁਰੂ ਹੋਈਆਂ ਪਰ ਹਫ਼ਤੇ ਦੋ ਹਫ਼ਤੇ ਦੀ ਸ਼ੂਟਿੰਗ ਤੋਂ ਬਾਅਦ ਬੰਦ ਹੋ ਗਈਆਂ। ਕੁਝ ਨਿਰਮਾਤਾਵਾਂ ਨੇ ਤਾਂ ਸਿਰਫ ਕਲਾਕਾਰਾਂ ਨੂੰ ਸਾਈਨਿੰਗ ਅਮਾਊਟ ਦੇਣ ਤੋਂ ਅੱਗੇ ਗੱਲ ਹੀ ਨਹੀਂ ਤੋਰੀ। ਇਨ•ਾਂ ਫ਼ਿਲਮਾਂ ਨਾਲ ਜੁੜੇ ਜ਼ਿਆਦਾਤਰ ਨਿਰਮਾਤਾ ਪ੍ਰਾਪਰਟੀ ਡੀਲਰ ਦੇ ਕਾਰੋਬਾਰ ਨਾਲ ਸਬੰਧਿਤ ਹਨ। ਅਜਿਹੇ ਸ਼ੌਕੀਆਂ ਅਤੇ ਚੁੱਕ ਕੇ ਆ ਕੇ ਫ਼ਿਲਮ ਬਣਾਉਣ ਵਾਲੇ ਲੋਕਾਂ ਕਾਰਨ ਹੀ ਅੱਜ ਪੰਜਾਬੀ ਫ਼ਿਲਮ ਇੰਡਸਟਰੀ ਮੰਦੀ ਦੀ ਮਾਰ ਝੱਲ ਰਹੀ ਹੈ।
ਸਪਨ ਮਨਚੰਦਾ
95016 33900


