in

ਫ਼ਿਲਮਾਂ ਅਤੇ ਖੇਡਾਂ

ਖੇਡਾਂ ਦਾ ਭਾਵੇਂ ਆਪਣਾ ਇੱਕ ਵੱਖਰਾ ਖੇਤਰ ਹੈ, ਪਰ ਇਸ ਦਾ ਪ੍ਰਭਾਵ ਸਮਾਜ ਦੇ ਹਰ ਖੇਤਰ ‘ਤੇ ਪਿਆ ਹੈ। ਰਾਜਨੀਤੀ ਤੇ ਫ਼ਿਲਮਾਂ ਅਜਿਹੇ ਦੋ ਵੱਡੇ ਖੇਤਰ ਹਨ ਜਿਹੜੇ ਖੇਡਾਂ ਨਾਲ ਸਭ ਤੋਂ ਵੱਧ ਰਲਗੱਡ ਰਹੇ ਹਨ। ਰਾਜਸੀ ਆਗੂਆਂ ਦਾ ਖੇਡ ਫੈਡਰੇਸ਼ਨਾਂ ਨਾਲ ਜੁੜਨਾ ਅਤੇ ਖਿਡਾਰੀਆਂ ਦਾ ਰਾਜਨੀਤੀ ਵਿੱਚ ਆਉਣਾ ਆਮ ਜਿਹਾ ਵਰਤਾਰਾ ਹੈ। ਇਸੇ ਤਰ•ਾਂ ਬਾਲੀਵੁੱਡ ਵੀ ਖੇਡ ਖੇਤਰ ਤੋਂ ਅਛੂਤਾ ਨਹੀਂ ਰਿਹਾ। ਫ਼ਿਲਮ ਸਨਅਤ ਨੇ ਹਮੇਸ਼ਾਂ ਹੀ ਖੇਡਾਂ ਦੀ ਮਕਬੂਲੀਅਤ ਦਾ ਲਾਹਾ ਲੈਂਦਿਆਂ ਖੇਡਾਂ ਤੇ ਖਿਡਾਰੀਆਂ ਨਾਲ ਸਬੰਧਤ ਵਿਸ਼ਿਆਂ ‘ਤੇ ਫ਼ਿਲਮਾਂ ਬਣਾ ਕੇ ਖੇਡ ਪ੍ਰੇਮੀਆਂ ਨੂੰ ਫ਼ਿਲਮੀ ਦਰਸ਼ਕਾਂ ਦੇ ਘੇਰੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਮਹੀਨਾ ਕੁ ਪਹਿਲਾਂ ਹੀ ਆਈ ਫ਼ਿਲਮ ‘ਸੁਲਤਾਨ’ ਵਿੱਚ ਸਲਮਾਨ ਖ਼ਾਨ ਇਕ ਪਹਿਲਵਾਨ ਵਜੋਂ ਨਜ਼ਰ ਆਇਆ ਸੀ। ਹੁਣ ‘ਮਿਸਟਰ ਪਰਫੈਕਸ਼ਨਿਸਟ’ ਦੇ ਨਾਂ ਨਾਲ ਜਾਣਿਆ ਜਾਂਦਾ ਆਮਿਰ ਖ਼ਾਨ ਪਹਿਲਵਾਨਾਂ ਬਾਰੇ ‘ਦੰਗਲ’ ਫ਼ਿਲਮ ਲੈ ਕੇ ਆਵੇਗਾ। ਫ਼ਿਲਮ ਦੀ ਸ਼ੂਟਿੰਗ ਲਈ ਪੰਜਾਬ ਦੇ ਲੁਧਿਆਣਾ ਜ਼ਿਲ•ੇ ਵਿੱਚ ਕੀਤੀ ਗਈ ਹੈ। ਇਹ ਫ਼ਿਲਮ ਹਰਿਆਣਾ ਦੇ ਇੱਕ ਪਰਿਵਾਰ ਦੀ ਕਹਾਣੀ ‘ਤੇ ਆਧਾਰਿਤ ਹੈ ਜਿਸ ਦੀਆਂ ਧੀਆਂ ਨੇ ਕੁਸ਼ਤੀ ਵਿੱਚ ਕੌਮਾਂਤਰੀ ਪੱਧਰ ‘ਤੇ ਵਾਹ ਵਾਹ ਖੱਟੀ ਹੈ। ਰਾਸ਼ਟਰਮੰਡਲ ਖੇਡਾਂ ਦੀਆਂ ਚੈਂਪੀਅਨ ਭੈਣਾਂ ਗੀਤਾ ਫੋਗਟ ਤੇ ਬਬੀਤਾ ਕੁਮਾਰੀ ਦੇ ਪਿਤਾ ਮਹਾਂਬੀਰ ਫੋਗਟ ਦਾ ਕਿਰਦਾਰ ਨਿਭਾ ਰਹੇ ਆਮਿਰ ਖ਼ਾਨ ਦੀ ਇਹ ਚੌਥੀ ਫ਼ਿਲਮ ਹੈ ਜਿਹੜੀ ਖੇਡਾਂ ਨਾਲ ਸਬੰਧਤ ਹੈ। ਆਮਿਰ ਖ਼ਾਨ ਦੀਆਂ ਖੇਡਾਂ ਨਾਲ ਸਬੰਧਤ ਇਸ ਤੋਂ ਪਹਿਲਾਂ ਆਈਆਂ ਤਿੰਨ ਫ਼ਿਲਮਾਂ ‘ਅੱਵਲ ਨੰਬਰ’, ‘ਜੋ ਜੀਤਾ ਵੋਹੀ ਸਿਕੰਦਰ’ ਤੇ ‘ਲਗਾਨ’ ਦੀ ਖ਼ਾਸੀਅਤ ਇਹ ਰਹੀ ਹੈ ਕਿ ਇਨ•ਾਂ ਵਿੱਚ ਸਾਧਾਰਨ, ਮੱਧਵਰਗੀ ਤੇ ਸੰਘਰਸ਼ੀ ਜੀਵਨ ਜਿਉਂ ਰਹੇ ਪਰਿਵਾਰਾਂ ਵੱਲੋਂ ਖੇਡਾਂ ਵਿੱਚ ਸਿਖਰ ਛੂਹਣ ਲਈ ਕੀਤੀ ਸਿਰਤੋੜ ਮਿਹਨਤ ਨੂੰ ਫ਼ਿਲਮੀ ਪਰਦੇ ਉੱਪਰ ਦਿਖਾਇਆ ਗਿਆ ਅਤੇ ਹੁਣ ਇਹੋ ਗੱਲ ‘ਦੰਗਲ’ ਵਿੱਚ ਵੀ ਦਿਸੇਗੀ। ਮਹਾਂਬੀਰ ਵੱਲੋਂ ਸਮਾਜ ਦੀ ਸੌੜੀ ਸੋਚ ਦੇ ਉਲਟ ਆਪਣੀਆਂ ਧੀਆਂ ਦੇ ਕੀਤੇ ਪਾਲਣ-ਪੋਸ਼ਣ ਅਤੇ ਫੇਰ ਕੁਸ਼ਤੀ ਖੇਤਰ ਵਿੱਚ ਸਿਖਰ ਤਕ ਪਹੁੰਚਾੳੁਣ ਬਾਰੇ ਦਰਸਾਉਂਦੀ ਇਸ ਫ਼ਿਲਮ ਨਾਲ ਭਿਵਾਨੀ ਨੇੜੇ ਬਿਲਾਲੀ ਪਿੰਡ ਦਾ ਫੋਗਟ ਪਰਿਵਾਰ ਵੱਡੇ ਪਰਦੇ ਉੱਪਰ ਦਰਸ਼ਕਾਂ ਦੇ ਸਾਹਮਣੇ ਆਵੇਗਾ। ਗੀਤਾ ਤੇ ਬਬੀਤਾ ਦੀ ਚਚੇਰੀ ਭੈਣ ਵਿਨੇਸ਼ ਫੋਗਟ ਵੀ ਰਾਸ਼ਟਰਮੰਡਲ ਖੇਡਾਂ ਵਿੱਚ ਤਮਗਾ ਜਿੱਤ ਚੁੱਕੀ ਹੈ।dangelਆਮਿਰ ਖ਼ਾਨ ਦੀ ਸ਼ੁਰੂਆਤ ਦੌਰਾਨ 1990 ਵਿੱਚ ਦੇਵ ਅਨੰਦ ਦੀ ਫ਼ਿਲਮ ‘ਅੱਵਲ ਨੰਬਰ’ ਫ਼ਿਲਮ ਵਿੱਚ ਉਸ ਨੇ ਕ੍ਰਿਕਟਰ ਸਨੀ ਦਾ ਰੋਲ ਕੀਤਾ ਸੀ। ਇਹ ਫ਼ਿਲਮ ਪੂਰੀ ਤਰ•ਾਂ ਕ੍ਰਿਕਟ ਉੱਪਰ ਆਧਾਰਿਤ ਸੀ। ਇਸ ਤੋਂ ਬਾਅਦ 1992 ਵਿੱਚ ਆਈ ‘ਜੋ ਜੀਤਾ ਵੋਹੀ ਸਿਕੰਦਰ’ ਵਿੱਚ ਉਸ ਨੇ ਸਾਈਕਲਸਿਟ ਦਾ ਰੋਲ ਕੀਤਾ। ਇਸ ਫ਼ਿਲਮ ਦਾ ਵਿਸ਼ਾ ਭਾਵੇਂ ਸਾਈਕਲਿੰਗ ਸੀ, ਪਰ ਇਸ ਦੀ ਕਹਾਣੀ ਇੱਕ ਮੱਧਵਰਗੀ ਇਨਸਾਨ ਵੱਲੋਂ ਆਪਣੇ ਬੇਟੇ ਨੂੰ ਖੇਡ ਖੇਤਰ ਵਿੱਚ ਸਿਖਰਾਂ ਛੂਹਣ ਦੇ ਲਏ ਸੁਫ਼ਨੇ ਬਾਰੇ ਸੀ। ਕਰੀਬ ਇੱਕ ਦਹਾਕਾ ਬਾਅਦ ਆਮਿਰ ਖ਼ਾਨ 2001 ਵਿੱਚ ‘ਲਗਾਨ’ ਫ਼ਿਲਮ ਜ਼ਰੀਏ ਇੱਕ ਕ੍ਰਿਕਟਰ ਦੇ ਰੂਪ ਵਿੱਚ ਸਾਹਮਣੇ ਆਇਆ।ਤਿੰਨ ਵੱਡੇ ਫ਼ਿਲਮ-ਫੇਅਰ ਐਵਾਰਡ ਜਿੱਤਣ ਵਾਲੀ ‘ਲਗਾਨ’ ਬਾਲੀਵੁੱਡ ਦੀ ਪਹਿਲੀ ਹਿੱਟ ਫ਼ਿਲਮ ਸੀ ਜਿਹੜੀ ਖੇਡਾਂ ਨਾਲ ਸਬੰਧਤ ਵਿਸ਼ੇ ‘ਤੇ ਬਣੀ ਸੀ। ਆਮਿਰ ਖ਼ਾਨ ਹੁਣ ਡੇਢ ਦਹਾਕੇ ਬਾਅਦ ਖੇਡਾਂ ਵੱਲ ਵਾਪਸ ਮੁੜਿਆ ਹੈ ਅਤੇ ਦੰਗਲ ਵਿੱਚ ਕੁੱਦਿਆ ਹੈ। ਇਸ ਫ਼ਿਲਮ ਦੀ ਕਹਾਣੀ ਭਾਵੇਂ ਹਰਿਆਣਾ ਦੇ ਇੱਕ ਪਰਿਵਾਰ ਦੀ ਹੈ, ਪਰ ਇਸ ਦੀ ਸ਼ੂਟਿੰਗ ਲਈ ਲੁਧਿਆਣਾ ਦੇ ਅਜਿਹੇ ਪਿੰਡਾਂ ਦੀ ਚੋਣ ਕੀਤੀ ਗਈ ਹੈ ਜਿਨ•ਾਂ ਨੂੰ ਪੇਂਡੂ ਖੇਡਾਂ ਦਾ ਮੱਕਾ ਕਿਹਾ ਜਾਂਦਾ ਹੈ। ਕਿਲਾ ਰਾਏਪੁਰ (ਜਿੱਥੇ ਅੱਠ ਦਹਾਕਿਆਂ ਤੋਂ ਪੇਂਡੂ ਓਲੰਪਿਕਸ ਕਰਵਾਈਆਂ ਜਾਂਦੀਆਂ ਹਨ) ਅਤੇ ਗੁੱਜਰਵਾਲ ਵਿਖੇ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਅਤੇ ਇਸ ਫ਼ਿਲਮ ਨੂੰ ਅਗਲੇ ਸਾਲ ਕ੍ਰਿਸਮਿਸ ‘ਤੇ ਰਿਲੀਜ਼ ਕਰਨ ਦੀ ਯੋਜਨਾ ਹੈ। ਆਮਿਰ ਖ਼ਾਨ ਨੇ ਆਪਣੇ ਪਿਛਲੇ ਰਿਕਾਰਡ ਮੁਤਾਬਕ ਇਸ ਵਾਰ ਵੀ ਆਪਣੇ ਸਰੀਰ ਨੂੰ ਫ਼ਿਲਮ ਦੀ ਲੋੜ ਅਨੁਸਾਰ ਢਾਲਿਆ ਹੈ। ਉਸ ਨੇ 20 ਕਿਲੋ ਭਾਰ ਵਧਾਇਆ ਹੈ ਅਤੇ ਪਹਿਲਵਾਨੀ ਦੇ ਵੀ ਗੁਰ ਸਿੱਖੇ ਹਨ। ਪਿਛਲੇ ਦੋ-ਢਾਈ ਦਹਾਕਿਆਂ ਤੋਂ ਖੇਡਾਂ ਬਾਰੇ ਫ਼ਿਲਮਾਂ ਬਣਾਉਣ ਦਾ ਰੁਝਾਨ ਬਹੁਤ ਵਧਿਆ ਹੈ। 60 ਦੇ ਦਹਾਕੇ ਵਿੱਚ ਪਹਿਲਵਾਨ ਤੋਂ ਅਦਾਕਾਰ ਬਣੇ ਦਾਰਾ ਸਿੰਘ ਦੀਆਂ ‘ਕਿੰਗ ਕੌਂਗ’, ‘ਰੁਸਤਮ-ਏ-ਬਗ਼ਦਾਦ’ ਤੇ ‘ਰੁਸਤਮ-ਏ-ਹਿੰਦ’ ਫ਼ਿਲਮਾਂ ਬਹੁਤ ਪ੍ਰਚੱਲਿਤ ਹੋਈਆਂ ਸਨ। ਮੌਜੂਦਾ ਦੌਰ ਵਿੱਚ ਖੇਡਾਂ ਬਾਰੇ ਫ਼ਿਲਮਾਂ ਨੂੰ ਮਕਬੂਲ ਕਰਨ ਦਾ ਸਿਹਰਾ ਆਮਿਰ ਖ਼ਾਨ ਨੂੰ ਜਾਂਦਾ ਹੈ। 90 ਦੇ ਦਹਾਕੇ ਵਿੱਚ ਆਮਿਰ ਖ਼ਾਨ ਨੇ ਹੀ ਖੇਡਾਂ ਵੱਲ ਬਾਲੀਵੁੱਡ ਦਾ ਧਿਆਨ ਦਿਵਾਇਆ ਸੀ। 2001 ਵਿੱਚ ਲਗਾਨ ਰਾਹੀਂ ਕ੍ਰਿਕਟ ਖੇਡ ਵੱਲ ਅਤੇ ਹੁਣ ਫੇਰ ਉਸ ਨੇ ਨਵੀਂ ਖੇਡ ਵੱਲ ਬਾਲੀਵੁੱਡ ਦਾ ਧਿਆਨ ਦਿਵਾਇਆ ਹੈ। ਖੇਡਾਂ ਬਾਰੇ ਫ਼ਿਲਮਾਂ ਬਣਾਉਣ ਪਿੱਛੇ ਮੁੱਖ ਕਾਰਨ ਇਹ ਵੀ ਰਿਹਾ ਹੈ ਕਿ ਖੇਡਾਂ ਦਾ ਜਾਦੂ ਵੀ ਭਾਰਤੀ ਲੋਕਾਂ ‘ਤੇ ਸਿਰ ਚੜ• ਬੋਲਦਾ ਰਿਹਾ ਹੈ। ਖੇਡਾਂ ਵਿੱਚ ਕ੍ਰਿਕਟ ਦੀ ਮਕਬੂਲੀਅਤ ਹੋਣ ਕਾਰਨ ਭਾਵੇਂ ਖੇਡਾਂ ਬਾਰੇ ਬਣੀਆਂ ਫ਼ਿਲਮਾਂ ਵਿੱਚ ਬਹੁਤੀਆਂ ਫ਼ਿਲਮਾਂ ਕ੍ਰਿਕਟ ਬਾਰੇ ਹੀ ਹਨ, ਪਰ ਹੋਰਨਾਂ ਖੇਡਾਂ ਵੱਲ ਵੀ ਬਾਲੀਵੁੱਡ ਦੀ ਖਿੱਚ ਰਹੀ ਹੈ। ਜੇਕਰ ਕਾਮਯਾਬੀ ਦੀ ਗੱਲ ਕਰੀਏ ਤਾਂ ਦੂਜੀਆਂ ਖੇਡਾਂ ਨੇ ਹੀ ਬਾਜ਼ੀ ਮਾਰੀ ਹੈ। ਬਾਲੀਵੁੱਡ ਵਿੱਚ ਹੁਣ ਤਕ ਤਿੰਨ ਦਰਜਨ ਤੋਂ ਵੱਧ ਫ਼ਿਲਮਾਂ ਖੇਡਾਂ ਨਾਲ ਸਬੰਧਤ ਬਣੀਆਂ ਹਨ, ਪਰ ਹਿੱਟ ਫ਼ਿਲਮਾਂ ਦੀ ਗਿਣਤੀ ਕਾਫ਼ੀ ਘੱਟ ਰਹੀ ਹੈ। ਸਫ਼ਲਤਾ ਦੇ ਲਿਹਾਜ਼ ਨਾਲ ‘ਭਾਗ ਮਿਲਖਾ ਭਾਗ’, ‘ਚੱਕ ਦੇ ਇੰਡੀਆ’, ‘ਲਗਾਨ’ ਅਤੇ ‘ਅਪਨੇ’ ਹੀ ਪ੍ਰਮੁੱਖ ਹਨ। ਇਸ ਤੋਂ ਇਲਾਵਾ ‘ਪਾਨ ਸਿੰਘ ਤੋਮਰ’, ‘ਬੈਂਡ ਇਟ ਲਾਈਕ ਬੈਕਹਮ’, ‘ਤਾ ਰਾ ਰਮ ਪਮ’,  ‘ਦਿਲ ਬੋਲੇ ਹੜਿੱਪਾ’, ‘ਜੋ ਜੀਤਾ ਵੋਹੀ ਸਿਕੰਦਰ’, ‘ਦੇ ਦਨਾ ਦਨ ਗੋਲ’, ‘ਮੇਰੀ ਕੌਮ’, ‘ਇਕਬਾਲ’, ‘ਅੱਵਲ ਨੰਬਰ’ ਅਜਿਹੀਆਂ ਫ਼ਿਲਮਾਂ ਹਨ ਜਿਨ•ਾਂ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ। ਉਪਰੋਕਤ ਫ਼ਿਲਮਾਂ ਨੂੰ ਛੱਡ ਕੇ ਖੇਡਾਂ ‘ਤੇ ਬਣੀਆਂ ਬਾਕੀ ਫ਼ਿਲਮਾਂ ਫਲਾਪ ਰਹੀਆਂ। ਇਨ•ਾਂ ਫ਼ਿਲਮਾਂ ਵਿੱਚ ਵੱਡੀ ਗਿਣਤੀ ਕ੍ਰਿਕਟ ਬਾਰੇ ਬਣੀਆਂ ਫ਼ਿਲਮਾਂ ਦੀ ਸੀ। ਕ੍ਰਿਕਟ ਵਿਸ਼ਵ ਕੱਪ ਦੇ ਨੇੜੇ ਆਉਂਦਿਆਂ ਫ਼ਿਲਮ ਨਿਰਮਾਤਾਵਾਂ ਵਿੱਚ ਕ੍ਰਿਕਟ ਬਾਰੇ ਫ਼ਿਲਮਾਂ ਬਣਾਉਣ ਦੀ ਹੋੜ ਜਿਹੀ ਲੱਗ ਜਾਂਦੀ ਹੈ। ਇਸ ਪਿੱਛੇ ਕਈ ਵਾਰ ਫਲਾਪ ਹੋਣ ਦਾ ਮੁੱਖ ਕਾਰਨ ਕ੍ਰਿਕਟ ਮੁਕਾਬਲਿਆਂ ਵਿੱਚ ਭਾਰਤੀ ਟੀਮ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਵੀ ਰਿਹਾ ਹੈ।
ਉਂਜ, ਅਸਲੀਅਤ ਆਧਾਰਿਤ ਫ਼ਿਲਮਾਂ ਹੀ ਮੁੱਖ ਤੌਰ ‘ਤੇ ਹਿੱਟ ਰਹੀਆਂ ਹਨ। ‘ਭਾਗ ਮਿਲਖਾ ਭਾਗ’, ‘ਮੇਰੀ ਕੌਮ’ ਤੇ ‘ਪਾਨ ਸਿੰਘ ਤੋਮਰ’ ਅਜਿਹੀਆਂ ਫ਼ਿਲਮਾਂ ਸਨ ਜਿਹੜੀਆਂ ਖਿਡਾਰੀਆਂ ਦੀ ਅਸਲ ਜ਼ਿੰਦਗੀ ਉੱਪਰ ਆਧਾਰਿਤ ਸਨ ਅਤੇ ਇਨ•ਾਂ ਫ਼ਿਲਮਾਂ ਨੂੰ ਪਸੰਦ ਵੀ ਬਹੁਤ ਕੀਤਾ ਗਿਆ। ਹੁਣ ‘ਦੰਗਲ’ ਵੀ ਇੱਕ ਪਰਿਵਾਰ ਦੀ ਅਸਲ ਕਹਾਣੀ ‘ਤੇ ਆਧਾਰਿਤ ਹੈ। ਸਫ਼ਲਤਾ ਦੀਆਂ ਸਿਖਰਾਂ ਛੂਹਣ ਵਾਲੀ ‘ਚੱਕ ਦੇ ਇੰਡੀਆ’ ਦੀ ਕਹਾਣੀ ਵੀ ਅਸਲੀਅਤ ਦੇ ਬਹੁਤ ਨੇੜੇ ਸੀ। ਬੇਸ਼ੱਕ ਫ਼ਿਲਮ ਦੀ ਸਫ਼ਲਤਾ ਲਈ ਇਸ ਦੀ ਕਹਾਣੀ ਨੂੰ ਫ਼ਿਲਮੀ ਤੜਕਾ ਵੀ ਲਾਇਆ ਗਿਆ। ਇਸ ਫ਼ਿਲਮ ਦੀ ਕਹਾਣੀ ਭਾਰਤੀ ਹਾਕੀ ਟੀਮ ਦੇ ਸਾਬਕਾ ਗੋਲਕੀਪਰ ਮੀਰ ਰੰਜਨ ਨੇਗੀ ਦੇ ਜੀਵਨ ਨਾਲ ਸਬੰਧਤ ਹੈ। ਅਸਲੀਅਤ ਵਿੱਚ ਮੀਰ ਰੰਜਨ ਨੇਗੀ ਨੇ ਭਾਰਤੀ ਮਹਿਲਾ ਟੀਮ ਨੂੰ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਬਣਾਇਆ ਸੀ, ਪਰ ਫ਼ਿਲਮ ਦੀ ਕਹਾਣੀ ਅਨੁਸਾਰ ਭਾਰਤੀ ਮਹਿਲਾ ਟੀਮ ਨੂੰ ਵਿਸ਼ਵ ਚੈਂਪੀਅਨ ਬਣਦਿਆਂ ਦਿਖਾਇਆ ਗਿਆ। ਹਾਲਾਂਕਿ ਅਸਲ ਜ਼ਿੰਦਗੀ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਤਕ ਵਿਸ਼ਵ ਕੱਪ ਵਿੱਚ ਕਾਂਸੀ ਦਾ ਤਮਗਾ ਵੀ ਨਹੀਂ ਜਿੱਤਿਆ। ਕਨੀਕ, ਵਿਸ਼ੇ ਅਤੇ ਸੰਗੀਤ ਪੱਖੋਂ ਫ਼ਿਲਮ ‘ਚੱਕ ਦੇ ਇੰਡੀਆ’ ਦਾ ਕੋਈ ਮੁਕਾਬਲਾ ਨਹੀਂ ਸੀ। ਫ਼ਿਲਮ ਦੀ ਸ਼ੂਟਿੰਗ ਖਾਤਰ ਇਸ ਵਿੱਚ ਹਾਕੀ ਖਿਡਾਰਨਾਂ ਦਾ ਰੋਲ ਨਿਭਾਉਣ ਵਾਲੀਆਂ ਕੁੜੀਆਂ ਨੂੰ ਕੁਝ ਸਮਾਂ ਹਾਕੀ ਫੀਲਡ ਉੱਪਰ ਖੇਡ ਦੇ ਗੁਰ ਸਿਖਾਏ ਗਏ ਤਾਂ ਜੋ ਫ਼ਿਲਮ ਵਿੱਚ ਹਾਕੀ ਖੇਡਦੀਆਂ ਇਹ ਖਿਡਾਰਨਾਂ ਅਸਲ ਲੱਗਣ। ‘ਭਾਗ ਮਿਲਖਾ ਭਾਗ’ ਹਰ ਲਿਹਾਜ਼ ਪੱਖੋਂ ਖੇਡਾਂ ਬਾਰੇ ਹੁਣ ਤਕ ਬਣੀਆਂ ਫ਼ਿਲਮਾਂ ਵਿੱਚ ਸਭ ਤੋਂ ਉਤਮ ਮੰਨੀ ਗਈ ਹੈ। ਹਾਲਾਂਕਿ ਇਸ ਫ਼ਿਲਮ ਵਿੱਚ ਮਿਲਖਾ ਸਿੰਘ ਦੀ ਸਭ ਤੋਂ ਵੱਡੀ ਪ੍ਰਾਪਤੀ ਭਾਰਤ-ਪਾਕਿਸਤਾਨ ਅਥਲੈਟਿਕਸ ਮੀਟ ਵਿੱਚ ਉਸ ਦੀ ਜਿੱਤ ਨੂੰ ਦਿਖਾਇਆ ਗਿਆ। ਮਿਲਖਾ ਸਿੰਘ ਦੀ ਏਸ਼ੀਆਈ ਤੇ ਰਾਸ਼ਟਰਮੰਡਲ ਖੇਡਾਂ ਦੀ ਜਿੱਤ ਸਭ ਤੋਂ ਵੱਡੀ ਸੀ, ਪਰ ਫ਼ਿਲਮ ਵਿੱਚ ਇਨ•ਾਂ ਜਿੱਤਾਂ ਨੂੰ ਸਾਧਾਰਨ ਦਿਖਾਇਆ ਗਿਆ ਹੈ। ਇਸ ਫ਼ਿਲਮ ਰਾਹੀਂ ਮਿਲਖਾ ਸਿੰਘ ਦੇ ਮਹਾਨ ਅਥਲੀਟ ਬਣਨ ਤਕ ਦੇ ਸੰਘਰਸ਼ ਦੀ ਗਾਥਾ ਦੇ ਨਾਲ ਭਾਰਤ-ਪਾਕਿਸਤਾਨ ਵੰਡ ਦੇ ਦੁਖਾਂਤ ਨੂੰ ਬਾਖੂਬੀ ਵੱਡੇ ਪਰਦੇ ‘ਤੇ ਫ਼ਿਲਮਾਇਆ ਗਿਆ। ‘ਅਪਨੇ’ ਫ਼ਿਲਮ ਮੁੱਕੇਬਾਜ਼ੀ ‘ਤੇ ਆਧਾਰਿਤ ਸੀ ਜਿਸ ਵਿੱਚ ਖੇਡਾਂ ਵਿੱਚ ਡੋਪਿੰਗ ਦੇ ਪ੍ਰਭਾਵ ਨੂੰ ਦਿਖਾਇਆ ਗਿਆ। ਇਸ ਫ਼ਿਲਮ ਦੀ ਸਫਲਤਾ ਦਾ ਇੱਕ ਕਾਰਨ  ਧਰਮਿੰਦਰ, ਸੰਨੀ ਤੇ ਬੌਬੀ ਦਿਓਲ ਦੀ ਤਿੱਕੜੀ ਵੀ ਸੀ।dd
‘ਮੇਰੀ ਕੌਮ’ ਤੇ ‘ਪਾਨ ਸਿੰਘ ਤੋਮਰ’ ਫ਼ਿਲਮਾਂ ਵੀ ਦੋ ਖਿਡਾਰੀਆਂ ਦੀ ਅਸਲ ਜ਼ਿੰਦਗੀ ਉੱਪਰ ਆਧਾਰਿਤ ਸਨ ਜਿਨ•ਾਂ ਨੇ ਚੰਗਾ ਪ੍ਰਭਾਵ ਛੱਡਿਆ। ਕ੍ਰਿਕਟ ਅਤੇ ਭਾਰਤ-ਪਾਕਿਸਤਾਨ ਵਿਸ਼ੇ ਉੱਪਰ ਬਣੀ ਫ਼ਿਲਮ ‘ਦਿਲ ਬੋਲ ਹੜਿੱਪਾ’ ਵਿੱਚ ਰਾਣੀ ਮੁਖਰਜੀ ਨੇ ਅਜਿਹਾ ਕਿਰਦਾਰ ਨਿਭਾਇਆ ਜਿਸ ਨੂੰ ਕੁੜੀ ਹੋਣ ਕਾਰਨ ਖੇਡਾਂ ਤੋਂ ਦੂਰ ਰੱਖਿਆ ਜਾਂਦਾ ਹੈ। ‘ਦੇ ਦਨਾ ਦਨ ਗੋਲ’ ਤੇ ‘ਬੈਂਡ ਇਟ ਲਾਈਕ ਬੈਕਹਮ’ ਫੁਟਬਾਲ ਬਾਰੇ ਬਣੀਆਂ ਫ਼ਿਲਮਾਂ ਹਨ। ‘ਤਾ ਰਾ ਰਮ ਪੱਮ’ ਫਾਰਮੂਲਾ ਵਨ ਰੇਸਿੰਗ ਉੱਪਰ ਆਧਾਰਿਤ ਸੀ। ‘ਇਕਬਾਲ’ ਫ਼ਿਲਮ ਇੱਕ ਨਿਮਨ ਵਰਗ ਦੇ ਗੂੰਗੇ ਨੌਜਵਾਨ ਦੀ ਕ੍ਰਿਕਟ ਖੇਡ ਪ੍ਰਤੀ ਜਨੂੰਨ ਦੀ ਕਹਾਣੀ ਸੀ। ਖੇਡਾਂ ਬਾਰੇ ਫ਼ਿਲਮਾਂ ਲਈ ਫ਼ਿਲਮੀ ਨਾਇਕਾਂ ਤੇ ਨਾਇਕਾਵਾਂ ਨੂੰ ਖਿਡਾਰੀ ਵਜੋਂ ਮਿਹਨਤ ਵੀ ਕਾਫ਼ੀ ਕਰਨੀ ਪੈਂਦੀ ਹੈ। ਮੇਰੀ ਕੌਮ ਦੇ ਕਿਰਦਾਰ ਵਿੱਚ ਪ੍ਰਿਅੰਕਾ ਚੋਪੜਾ ਅਤੇ ਮਿਲਖਾ ਸਿੰਘ ਦੇ ਕਿਰਦਾਰ ਵਿੱਚ ਫਰਹਾਨ ਅਖ਼ਤਰ ਇਸ ਗੱਲ ਦੇ ਗਵਾਹ ਹਨ।
ਇਸ ਤੋਂ ਇਲਾਵਾ ਹੋਰ ਵੀ ਕੲੀ ਖੇਡਾਂ ਫ਼ਿਲਮਾਂ ਦਾ ਹਿੱਸਾ ਬਣ ਚੁੱਕੀਆਂ ਹਨ, ਜਿਵੇਂ: ‘ਵੀਰ ਜ਼ਾਰਾ’ ਫ਼ਿਲਮ ਵਿੱਚ ਹਾਕੀ, ‘ਹਮ ਆਪਕੇ ਹੈ ਕੌਣ’ ਵਿੱਚ ਕ੍ਰਿਕਟ, ‘ਕਰਿੱਸ਼’ ਤੇ ‘ਕੁਛ ਕੁਛ ਹੋਤਾ ਹੈ’ ਵਿੱਚ ਬਾਸਕਟਬਾਲ, ‘ਦਿਲ’ ਵਿੱਚ ਮੁੱਕੇਬਾਜ਼ੀ ਨੂੰ ਵੀ ਸ਼ਾਮਿਲ ਕੀਤਾ ਗਿਆ। ‘ਸ਼ੋਲਾ ਔਰ ਸ਼ਬਨਮ’ ਵਿੱਚ ਦਿਖਾਇਆ ਕਬੱਡੀ ਮੈਚ ਅਤੇ ‘ਮਿਸਟਰ ਐਂਡ ਮਿਸਿਜ਼ ਖਿਲਾੜੀ’ ਵਿੱਚ ਡਬਲਿਊ ਡਬਲਿਊ ਈ ਵਾਲੀ ਕੁਸ਼ਤੀ ਦਾ ਮੈਚ ਕਾਫ਼ੀ ਮਕਬੂਲ ਰਿਹਾ। ਇਸੇ ਤਰ•ਾਂ ‘ਖਿਲਾੜਿਓਂ ਕਾ ਖਿਲਾੜੀ’ ਵਿੱਚ ਅੰਡਰਟੇਕਰ ਦਾ ਰੋਲ ਮਸ਼ਹੂਰ ਰਿਹਾ। ਇਸ ਤੋਂ ਇਲਾਵਾ ‘ਮੁਝ ਸੇ ਸ਼ਾਦੀ ਕਰੋਗੀ’ ਫ਼ਿਲਮ ਦਾ ਕਲਾਈਮੈਕਸ ਕ੍ਰਿਕਟ ਦੇ ਮੈਦਾਨ ਉੱਪਰ ਫ਼ਿਲਮਾਇਆ ਗਿਆ ਸੀ। ਇਸ ਫ਼ਿਲਮ ਵਿੱਚ ਕਪਿਲ ਦੇਵ, ਨਵਜੋਤ ਸਿੱਧੂ, ਅਜੇ ਜਡੇਜਾ, ਹਰਭਜਨ ਸਿੰਘ, ਜ਼ਹੀਰ ਖ਼ਾਨ, ਆਸ਼ੀਸ ਨੇਹਰਾ, ਜਵਾਗਲ ਸ੍ਰੀਨਾਥ, ਮੁਹੰਮਦ ਕੈਫ਼, ਇਰਫ਼ਾਨ ਪਠਾਨ ਦੇ ਛੋਟੇ ਜਿਹੇ ਰੋਲ ਨੇ ਚੰਗਾ ਰੰਗ ਬੰਨਿ•ਆ। ਇਸ ਤੋਂ ਇਲਾਵਾ ਬਿਲੀਅਰਡ, ਸਨੂਕਰ, ਗੌਲਫ, ਕ੍ਰਿਕਟ, ਕਾਰ ਰੇਸਿੰਗ, ਕਰਾਟੇ, ਜੂਡੋ, ਨਿਸ਼ਾਨੇਬਾਜ਼ੀ ਆਦਿ ਖੇਡਾਂ ਵੀ ਬਹੁਤੀਆਂ ਫ਼ਿਲਮਾਂ ਦਾ ਹਿੱਸਾ ਰਹੀਆਂ ਹਨ। ਪੁਰਾਣੇ ਦੌਰ ਦੀਆਂ ਫ਼ਿਲਮਾਂ ਵਿੱਚ ਘੋੜਸਵਾਰੀ ਤੇ ਤਲਵਾਰਬਾਜ਼ੀ ਨੂੰ ਜੰਗਾਂ-ਯੁੱਧਾਂ ਤੇ ਲੜਾਈਆਂ ਰਾਹੀਂ ਦਿਖਾਇਆ ਜਾਂਦਾ ਰਿਹਾ ਹੈ। ਇਸ ਤੋਂ ਇਲਾਵਾ ਖੇਡਾਂ ‘ਤੇ ਆਧਾਰਿਤ ਹੋਰ ਫ਼ਿਲਮਾਂ ਵਿੱਚ ਪਟਿਆਲਾ ਹਾਊਸ, ਫੇਰਾਰੀ ਕੀ ਸਵਾਰੀ, ਸਟੰਪਸ, ਜੰਨਤ, ਹੈਟ ਟਰਿੱਕ, ਵਰਲਡ ਕੱਪ 2011 ਸ਼ਾਮਿਲ ਹਨ, ਪਰ ਇਹ ਕ੍ਰਿਕਟ ‘ਤੇ ਆਧਾਰਿਤ ਹੋਣ ਕਾਰਨ ਟਿਕਟ ਖਿੜਕੀ ਉੁੱਪਰ ਕਲੀਨ ਬੋਲਡ ਹੋ ਗਈਆਂ। ਬਦਲਾਪੁਰ ਬੁਆਏਜ਼, ਹਿੱਪ ਹਿੱਪ ਹੋਰੇ, ਫੁਟਬਾਲ, ਸਟੈਂਡ ਬਾਏ, ਕਾਈ ਪੋ ਚੇ, ਸੇਅ ਸਲਾਮ, ਬ੍ਰਦਰਜ਼, ਖਵਾਬ ਫ਼ਿਲਮਾਂ ਵੀ ਖੇਡਾਂ ਬਾਰੇ ਬਣੀਆਂ ਫ਼ਿਲਮਾਂ ਦੀ ਸੂਚੀ ਵਿੱਚ ਆਉਂਦੀਆਂ ਹਨ। ਦੱਖਣੀ ਭਾਰਤੀ ਫ਼ਿਲਮਾਂ ਦੀ ਗੱਲ ਕਰੀਏ ਤਾਂ ‘ਗੋਲਕੁੰਡਾ ਹਾਈ ਸਕੂਲ’, ‘ਧੋਨੀ’, ‘ਚੇਨਈ’, ‘ਗੋਲ’, ‘ਆਸਟੇਰਲੀਆ’ ‘ਬਦਰੀ’ ਅਜਿਹੀਆਂ ਫ਼ਿਲਮਾਂ ਖੇਡਾਂ ਬਾਰੇ ਬਣੀਆਂ। ਪੰਜਾਬੀ ਫ਼ਿਲਮਾਂ ਵਿੱਚ ‘ਕਬੱਡੀ ਵੰਨਸ ਅਗੇਨ’ ਪ੍ਰਮੁੱਖ ਫ਼ਿਲਮ ਹੈ ਜਿਹੜੀ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਉੱਪਰ ਆਧਾਰਿਤ ਸੀ। ਇਸ ਫ਼ਿਲਮ ਰਾਹੀਂ ਕਬੱਡੀ ਨੂੰ ਲੱਗਿਆ ਡੋਪ ਦਾ ਡੰਗ ਵੀ ਦਿਖਾਇਆ ਗਿਆ। ਤਾਮਿਲ ਭਾਸ਼ਾ ਵਿੱਚ ਨੈਸ਼ਨਲ ਸਟਾਈਲ ਕਬੱਡੀ ਬਾਰੇ ‘ਕਬੱਡੀ’ ਫ਼ਿਲਮ ਵੀ ਬਣੀ ਹੈ।
ਨਵਦੀਪ ਸਿੰਘ ਗਿੱਲ

97800 36216

Leave a Reply

Your email address will not be published. Required fields are marked *

ਪੰਜਾਬੀ ਸਿਨੇਮੇ ਦਾ ਯੂ- ਟਰਨ ‘ਬੰਬੂਕਾਟ’

ਰਣਜੀਤ ਬਾਵਾ ਨੇ ਮਾਰ ਹੀ ਦਿੱਤਾ ‘ਸ਼ੇਰ’