ਦੀਪ ਸਿੱਧੂ ਪੰਜਾਬੀ ਫ਼ਿਲਮ ‘ਜ਼ੋਰਾ 10 ਨੰਬਰੀਆ’ ਦਾ ਹੀਰੋ ਹੈ। ਗੀਤਕਾਰ ਵਜੋਂ ਮਕਬੂਲ ਅਮਰਦੀਪ ਸਿੰਘ ਗਿੱਲ ਵੱਲੋਂ ਲਿਖੀ ਤੇ ਨਿਰਦੇਸ਼ਤ ਕੀਤੀ ਇਸ ਫ਼ਿਲਮ ‘ਚ ਦੀਪ ਨੂੰ ਦਰਸ਼ਕ ਜੋਰੇ ਦੇ ਕਿਰਦਾਰ ‘ਚ ਇਕ ਐਕਸ਼ਨ ਹੀਰੋ ਵਜੋਂ ਦੇਖਣਗੇ। ਪੰਜਾਬ ਦੇ ਮਾਲਵਾ ਖ਼ੇਤਰ ਨਾਲ ਸਬੰਧਿਤ ਦੀਪ ਮੁੰਬਈ ‘ਚ ਜਵਾਨ ਹੋਇਆ ਹੈ। ਮੁੰਬਈ ਨੇ ਹੀ ਉਸਨੂੰ ਪੈਰਾਂ ਸਿਰ ਕੀਤਾ ਹੈ। ਵਿਦੇਸ਼ ਤੋਂ ਵਕਾਲਤ ਦੀ ਪੜ•ਾਈ ਕਰਕੇ ਮੁੰਬਈ ਪਰਤੇ ਦੀਪ ਨੇ ਕਈ ਸਾਲ ਪੇਸ਼ਾਵਰ ਵਕੀਲ ਵਜੋਂ ਬਾਲੀਵੁੱਡ ਦੀਆਂ ਕਈ ਉੱਘੀਆਂ ਹਸਤੀਆਂ ਦਾ ਕੰਮ ਸੰਭਾਲਿਆ। ਵਕਾਲਤ ਨੇ ਉਸ ਨੂੰ ਆਰਥਿਕ ਤੇ ਸਮਾਜਿਕ ਪੱਖੋਂ ਤਾਂ ਮਜਬੂਤ ਕਰ ਦਿੱਤਾ, ਪਰ ਸ਼ੌਕ ਪੱਖੋਂ ਉਹ ਕਈ ਸਾਲਾਂ ਤੋਂ ਅਧੂਰਾ ਮਹਿਸੂਸ ਕਰ ਰਿਹਾ ਸੀ।
‘ਜ਼ੋਰਾ 10 ਨੰਬਰੀਆ’ ਨਾਲ ਭਾਵੇ ਉਹ ਵੱਡੇ ਪੱਧਰ ‘ਤੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰ ਰਿਹਾ ਹੈ, ਪਰ ਉਹ ਇਸ ਫ਼ਿਲਮ ਤੋਂ ਪਹਿਲਾਂ ਨਿਰਦੇਸ਼ਕ ਗੁੱਡੂ ਧਨੌਆ ਦੀ ਫ਼ਿਲਮ ‘ਰਮਤਾ ਜੋਗੀ’ ਵਿੱਚ ਮੁੱਖ ਭੂਮਿਕਾ ਨਿਭਾ ਚੁੱਕਿਆ ਹੈ। ਦੀਪ ਦੱਸਦਾ ਹੈ ਕਿ ਪਹਿਲੀ ਫ਼ਿਲਮ ਰਾਹੀਂ ਉਸ ਨੇ ਅਦਾਕਾਰੀ ਦੀਆਂ ਬਰੀਕੀਆਂ ਸਿੱਖੀਆਂ ਤੇ ਪੰਜਾਬੀ ਦਰਸ਼ਕਾਂ ਦੀ ਰਮਜ਼ ਨੂੰ ਪਹਿਚਾਨਣ ਦੀ ਕੋਸ਼ਿਸ਼ ਕੀਤੀ ਸੀ। ‘ਜ਼ੋਰਾ 10 ਨੰਬਰੀਆ’ ਜ਼ਰੀਏ ਉਹ ਆਪਣੀ ਅਸਲ ਸ਼ੁਰੂਆਤ ਕਰੇਗਾ। ਦਰਸ਼ਕ ਉਸ ਨੂੰ ਇਸ ਫ਼ਿਲਮ ‘ਚ ਨਾਇਕ ਵਜੋਂ ਦੇਖਣਗੇ। ਇਹ ਫ਼ਿਲਮ ਪੰਜਾਬ ਦੀ ਸਿਆਸਤ, ਗੁੰਡਾਤੰਤਰ ਤੇ ਪੁਲਿਸ ਤੰਤਰ ਦੁਆਲੇ ਘੁੰਮਦੀ ਹੈ। ਫ਼ਿਲਮ ਜ਼ਰੀਏ ਇਹ ਦਰਸਾਉਂਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪੰਜਾਬ ‘ਚ ਜੋ ਕੁਝ ਵਾਪਰ ਰਿਹਾ ਹੈ, ਇਸ ਲਈ ਸਿਰਫ ਇਕ ਧਿਰ ਜ਼ਿੰਮੇਵਾਰ ਨਹੀਂ ਬਲਕਿ ਕਈ ਧਿਰਾਂ ਕਟਾਹਿਰੇ ‘ਚ ਹਨ। ਉਸ ਦੇ ਕਿਰਦਾਰ ਜ਼ਰੀਏ ਦਿਖਾਇਆ ਗਿਆ ਹੈ ਕਿ ਕਿਸ ਤਰ•ਾਂ ਸਧਾਰਨ ਜ਼ਿੰਦਗੀ ਜਿਉਂਣ ਦੀ ਇੱਛਾ ਰੱਖਣ ਵਾਲੇ ਨੌਜਵਾਨ ਗੁੰਡਾਗਰਦੀ ‘ਚ ਆਉਂਦੇ ਹਨ ਤੇ ਕਿਵੇਂ ਉਹਨਾਂ ਦੇ ਸੁਫ਼ਨਿਆਂ ਦਾ ਕਤਲ ਹੁੰਦਾ ਹੈ। ਇਹ ਨੌਜਵਾਨ ਗੈਂਗਸਟਰ ਬਣਦੇ ਨਹੀਂ ਬਲਕਿ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਉਹਨਾਂ ਨੂੰ ਇਸ ਰਾਹ ‘ਤੇ ਤੋਰਿਆ ਜਾਂਦਾ ਹੈ। ਇਹ ਫ਼ਿਲਮ ਸਿਆਸੀ ਆਗੂਆਂ, ਗੈਂਗਸਟਰਾਂ ਤੇ ਪੁਲਿਸ ਦੀ ਮਿਲੀਭੁਗਤ ਤੋਂ ਪਰਦਾ ਚੁੱਕੇਗੀ। ਫ਼ਿਲਮ ਦੀ ਟੈਗ ਲਾਈਨ ਵੀ ਇਹੀ ਹੈ ਕਿ ”ਰਾਜਨੀਤੀ ਗੁੰਡਿਆਂ ਦੀ ਆਖਰੀ ਪਨਾਹ ਹੁੰਦੀ ਹੈ।” ‘ਬਠਿੰਡੇ ਵਾਲੇ ਬਾਈ’ ਦੇ ਬੈਨਰ ਹੇਠ ਬਣੀ ਇਹ ਫ਼ਿਲਮ ਅਜੌਕੀਆਂ ਪੰਜਾਬੀ ਫ਼ਿਲਮਾਂ ਦੇ ਰੁਝਾਨ ਤੋਂ ਅਸਲੋਂ ਵਿਪਰੀਤ ਹੈ। ਇਸ ਫ਼ਿਲਮ ਲਈ ਉਸਨੇ ਕਈ ਮਿਹਨਤ ਕੀਤੀ ਹੈ। ਜੋਰੇ ਦਾ ਕਿਰਦਾਰ ਅਦਾ ਕਰਨ ਲਈ ਨਾ ਸਿਰਫ਼ ਉਸ ਨੂੰ ਮਾਨਸਿਕ ਤੌਰ ‘ਤੇ ਤਿਆਰ ਹੋਣਾ ਪਿਆ ਬਲਕਿ ਸਰੀਰਿਕ ਤੌਰ ‘ਤੇ ਵੀ ਉਸ ਨੂੰ ਸਖ਼ਤ ਮਿਹਨਤ ਕਰਨੀ ਪਈ।

ਦੀਪ ਦੱਸਦਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਮੁੰਬਈ ਫ਼ਿਲਮ ਇੰਡਸਟਰੀ ‘ਚ ਵਿਚਰ ਰਿਹਾ ਹੈ, ਪਰ ਉਸ ਨੇ ਕਦੇ ਵੀ ਸੌਖੇ ਤਰੀਕੇ ਨਾਲ ਇਸ ਖ਼ੇਤਰ ‘ਚ ਅੱਗੇ ਆਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਮਿਹਨਤ ਤੇ ਕੁੱਝ ਵੱਖਰਾ ਕਰਨ ‘ਚ ਯਕੀਨ ਰੱਖਦਾ ਹੈ। ਇਹ ਫ਼ਿਲਮ ਉਸ ਦੀ ਇਸ ਸੋਚ ਦਾ ਸਬੂਤ ਹੈ। ਇਸ ਫ਼ਿਲਮ ‘ਚ ਉਸ ਨੇ ਧਰਮਿੰਦਰ ਵਰਗੇ ਦਿੱਗਜ ਸਮੇਤ ਮੁਕਲ ਦੇਵ, ਸਰਦਾਰ ਸੋਹੀ, ਅਸ਼ੀਸ਼ ਦੁੱਗਲ, ਹੌਬੀ ਧਾਲੀਵਾਲ ਤੇ ਯਾਦ ਗਰੇਵਾਲ ਵਰਗੇ ਮੰਝੇ ਹੋਏ ਅਦਾਕਾਰਾਂ ਨਾਲ ਕੰਮ ਕੀਤਾ ਹੈ। ਦੀਪ ਮੁਤਾਬਕ ਬੇਸ਼ੱਕ ਪੰਜਾਬੀ ਫ਼ਿਲਮਾਂ ਦੇ ਜ਼ਿਆਦਾਤਰ ਨਾਇਕ ਪੰਜਾਬੀ ਗਾਇਕ ਹੀ ਹੁੰਦੇ ਹਨ। ਬਹੁ ਗਿਣਤੀ ਦਰਸ਼ਕ ਵੀ ਗਾਇਕਾਂ ਨੂੰ ਹੀ ਹੀਰੋ ਵਜੋਂ ਦੇਖਣ ਦੇ ਆਦੀ ਹੋ ਚੁੱਕੇ ਹਨ, ਪਰ ਇਹ ਫ਼ਿਲਮ ਇਸ ਰੁਝਾਨ ਨੂੰ ਵੱਢ ਮਾਰੇਗੀ। ਫ਼ਿਲਮ ਦਾ ਟੀਜ਼ਰ ਨੂੰ ਜਿਸ ਕਿਸਮ ਦਾ ਹੁੰਗਾਰਾ ਮਿਲਿਆ ਹੈ, ਉਸ ਤੋਂ ਉਸ ਸਮੇਤ ਪੂਰੀ ਟੀਮ ਦੇ ਹੌਂਸਲੇ ਹੋਰ ਬੁਲੰਦ ਹੋ ਗਏ ਹਨ। ਉਸ ਨੂੰ ਆਸ ਹੀ ਨਹੀਂ ਪੂਰਨ ਵਿਸ਼ਵਾਸ ਹੈ ਕਿ ਉਹ ਜਿਸ ਸੋਚ ਨੂੰ ਲੈ ਕੇ ਪੰਜਾਬੀ ਸਿਨੇਮੇ ਨਾਲ ਜੁੜਿਆ ਹੈ, ਉਸ ‘ਤੇ ਉਹ ਖ਼ਰਾ ਉਤਰੇਗਾ।
ਸਪਨ ਮਨਚੰਦਾ


