ਪੰਜਾਬ ਦੇ ਸੈਰਸਪਾਟਾ ਤੇ ਸੱਭਿਆਚਾਰ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਨਿਯਮਾਂ ਦੇ ਉਲਟ ਜਾ ਕੇ ਮਾਨਯੋਗ ਸ਼ਾਇਰ ਡਾਕਟਰ ਸੁਰਜੀਤ ਪਾਤਰ ਨੂੰ ਪ੍ਰੀਸ਼ਦ ਦਾ ਚੇਅਰਮੈਨ ਨਿਯੁਕਤ ਕਰਨ ਦੇ ਐਲਾਨ ਨੇ ਸਿੱਧੂ ਦੀਆਂ ਆਪਹੁਦੀਆ ਦੀ ਚਰਚਾ ਛੇੜ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਸਿੱਧੂ ਨੇ ਇਸ ਵੱਕਾਰੀ ਪੰਜਾਬ ਕਲਾ ਪ੍ਰੀਸ਼ਦ ਦੇ ਕਿਸੇ ਵੀ ਮੈਂਬਰ ਨੂੰ ਭਰੋਸੇ ‘ਚ ਲਏ ਬਿਨਾਂ ਹੀ ਨਿੱਜੀ ਤੌਰ ‘ਤੇ ਸਤਿੰਦਰ ਸੱਤੀ ਨੂੰ ਕੁਰਸੀ ਤੋਂ ਲਾਂਭੇ ਕਰਕੇ ਪਾਤਰ ਨੂੰ ਇਸ ਕੁਰਸੀ ‘ਤੇ ਬਿਠਾਉਣ ਦਾ ਫ਼ੈਸਲਾ ਲਿਆ ਹੈ। ਉਨ•ਾਂ ਦੇ ਇਸ ਫ਼ੈਸਲੇ ਪਿੱਛਲੇ ਕਾਰਨ ਕੀ ਹਨ, ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ। ਕਿਹਾ ਜਾ ਰਿਹਾ ਹੈ ਕਿ ਪਾਤਰ ਦੀ ਨਿਯੁਕਤੀ ਨੇ ਸਭ ਨੂੰ ਭੰਬਲਭੂਸੇ ‘ਚ ਪਾ ਦਿੱਤਾ ਹੈ। ਸਤਿੰਦਰ ਸੱਤੀ ਤੋਂ ਅਧਿਕਾਰਤ ਤੌਰ ‘ਤੇ ਅਸਤੀਫ਼ਾ ਜਾਂ ਜਾਣਕਾਰੀ ਦਿੱਤੇ ਬਿਗੈਰ ਹੀ ਸੁਰਜੀਤ ਪਾਤਰ ਨੂੰ ਇਹ ਕੁਰਸੀ ਸੌਂਪਣ ਦਾ ਐਲਾਨ ਕਰ ਦਿੱਤਾ ਗਿਆ। ਪੰਜਾਬ ਕਲਾ ਪ੍ਰੀਸ਼ਦ ਦੇ ਸੰਵਿਧਾਨ ਅਨੁਸਾਰ ਪ੍ਰੀਸ਼ਦ ਦੀ ਮਿਆਦ ਖ਼ਤਮ ਹੋਣ ਜਾਂ ਇਸ ਨੂੰ ਭੰਗ ਕਰਕੇ ਹੀ ਸਰਕਾਰ ਕੇਵਲ ਤਿੰਨ ਮੈਂਬਰ ਨਾਮਜ਼ਦ ਕਰ ਸਕਦੀ ਹੈ। ਪਰ ਸਰਕਾਰ ਵੱਲੋਂ ਪ੍ਰੀਸ਼ਦ ਨੂੰ ਭੰਗ ਕੀਤੇ ਬਿਨਾਂ ਤੇ ਸੰਵਿਧਾਨ ਅਨੁਸਾਰ ਪਹਿਲਾਂ ਤਿੰਨ ਮੈਂਬਰ ਨਾਮਜ਼ਦ ਕਰਨ ਬਜਾਏ ਸਿੱਧੇ ਤੌਰ ’ਤੇ ਡਾ ਸੁਰਜੀਤ ਪਾਤਰ ਨੂੰ ਚੇਅਰਮੈਨ ਲਾਏ ਜਾਣ ਕਾਰਨ ਕਲਾ ਪ੍ਰੀਸ਼ਦ ਦੇ ਗਲਿਆਰਿਆਂ ’ਚ ਚਰਚਾ ਛਿੜੀ ਰਹੀ। ਉਧਰ ਪੁਰਾਣੀ ਟੀਮ ਪਹਿਲਾਂ ਵਾਂਗ ਹੀ ਸਰਗਰਮੀਆਂ ਚਲਾ ਰਹੀ ਹੈ ਕਿਉਂਕਿ ਕਲਾ ਪ੍ਰੀਸ਼ਦ ਨੂੰ ਨਵੇਂ ਫੈ਼ਸਲਿਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਰਾਹੀਂ ਸੁਰਜੀਤ ਪਾਤਰ ਨੂੰ ਭੇਜੇ ਪੱਤਰ ’ਚ ਉਨ੍ਹਾਂ ਨੂੰ ਪ੍ਰੀਸ਼ਦ ’ਚ ਬਤੌਰ ਮੈਂਬਰ ਜੁਆਇਨ ਕਰਨ ਅਤੇ ਇਸ ਸੰਸਥਾ ਦੀ ਅਗਵਾਈ ਕਰਨ ਲਈ ਸਹਿਮਤੀ ਦੇਣ ਦੀ ਹੀ ਅਪੀਲ ਕੀਤੀ ਗਈ ਸੀ। ਕਲਾ ਪ੍ਰੀਸ਼ਦ ਦੀ ਪਹਿਲੀ ਚੇਅਰਪਰਸਨ ਸਤਿੰਦਰ ਸੱਤੀ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਪ੍ਰੀਸ਼ਦ ਦਾ ਨਵਾਂ ਚੇਅਰਮੈਨ ਲਾਉਣ ਬਾਰੇ ਲਿਖਤੀ ਜਾਂ ਜ਼ੁਬਾਨੀ ਅਜੇ ਤਕ ਕੋਈ ਜਾਣਕਾਰੀ ਨਹੀਂ ਦਿੱਤੀ। ਪ੍ਰੀਸ਼ਦ ਦੇ ਉਪ ਚੇਅਰਮੈਨ ਐਸ.ਐਸ. ਵਿਰਦੀ ਅਨੁਸਾਰ ਸੁਰਜੀਤ ਪਾਤਰ ਨੂੰ ਨਵਾਂ ਚੇਅਰਮੈਨ ਲਾਉਣ ਜਾਂ ਪ੍ਰੀਸ਼ਦ ਨੂੰ ਭੰਗ ਕਰਕੇ ਉਨ੍ਹਾਂ ਨੂੰ ਅਹੁਦੇ ਤੋਂ ਲਾਹੁਣ ਬਾਰੇ ਅਜੇ ਤਕ ਸਰਕਾਰੀ ਤੌਰ ’ਤੇ ਕੋਈ ਸੂਚਨਾ ਜਾਂ ਜਾਣਕਾਰੀ ਨਹੀਂ ਦਿੱਤੀ ਗਈ। ਹੁਣ ਸਵਾਲ ਉਠ ਰਹੇ ਹਨ ਕਿ ਕਲਾ ਪ੍ਰੀਸ਼ਦ ਨੂੰ ਭੰਗ ਕੀਤੇ ਬਿਨਾਂ ਡਾ ਪਾਤਰ ਨੂੰ ਚੇਅਰਮੈਨ ਨਿਯੁਕਤ ਕੀਤੇ ਜਾਣ ਕਾਰਨ ਸਤਿੰਦਰ ਸੱਤੀ ਦਾ ਕੀ ਸਟੇਟਸ ਹੈ?


