ਪੰਜਾਬੀ ਸਿਨੇਮੇ ਦੇ ਰਵਾਇਤੀ ਜਮੂਦ ਨੂੰ ਤੋੜਦੀ ਹੈ ‘ਜੋਰਾ 10 ਨੰਬਰੀਆ’

Posted on September 5th, 2017 in Movie Review

ਲੇਖਕ ਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਫ਼ਿਲਮ ‘ਜੋਰਾ 10 ਨੰਬਰੀਆ’ ਦੇਖਦਿਆਂ ਮੈਨੂੰ ਤਿੰਨ ਕੁ ਸਾਲ ਪਹਿਲਾਂ ਉਹਨਾਂ ਦੇ ਕਹੇ ਉਹ ਸ਼ਬਦ ਯਾਦ ਆ ਗਏ ਜਿਹੜੇ ਉਹਨਾਂ ‘ਯੋਧਾ’ ਫ਼ਿਲਮ ਦੇ ਫ਼ਲਾਪ ਹੋਣ ਤੋਂ ਬਾਅਦ ਕਹੇ ਸਨ। ਉਸ ਵੇਲੇ ਉਹਨਾਂ ਇਹ ਪ੍ਰਤੀਕਿਰਿਆ ਦਿੱਤੀ ਸੀ ਕਿ ਮੈਂ ਯੋਧਾ ਸਿਰਫ਼ ਲਿਖੀ ਹੈ, ਨਿਰਦੇਸ਼ਤ ਨਹੀਂ ਕੀਤੀ। ਜਿਸ ਦਿਨ ਖੁਦ ਨਿਰਦੇਸ਼ਤ ਕੀਤੀ, ਉਸ ਦਿਨ ਮੈਂ ਹਰ ਗੱਲ ਦੀ ਜ਼ਿੰਮੇਵਾਰੀ ਚੁੱਕਾਂਗਾ। ਅਮਰਦੀਪ ਸਿੰਘ ਗਿੱਲ ਦਾ ਉਸ ਵੇਲੇ ਦਾ ਦਰਦ ਜੋਰਾ ਦੇਖਦਿਆਂ ਮਹਿਸੂਸ ਹੋਇਆ। ਜੇ ਨਿਰਦੇਸ਼ਕ ਅਤੇ ਲੇਖਕ ਨੂੰ ਪੂਰਨ ਆਜ਼ਾਦੀ ਦਿੱਤੀ ਜਾਵੇ ਤਾਂ ਹੀ ਉਹ ਆਪਣੇ ਮਨ ਦੀ ਗੱਲ ਪਰਦੇ ‘ਤੇ ਲਿਆ ਸਕਦਾ ਹੈ।
ਪਿਛਲੇ ਕੁਝ ਦਿਨਾਂ ਦੀਆਂ ਰਿਪੋਰਟਾਂ ਮੁਤਾਬਕ ਇਸ ਫ਼ਿਲਮ ਨੂੰ ਭਾਵੇ ਉਸ ਪੱਧਰ ‘ਤੇ ਵਿੱਤੀ ਕਾਮਯਾਬੀ ਨਹੀਂ ਮਿਲੀ, ਜਿਸ ਪੱਧਰ ਦੀ ਇਹ ਫ਼ਿਲਮ ਹੱਕਦਾਰ ਸੀ। ਪਰ ਇਸ ਫ਼ਿਲਮ ਨੇ ਪੰਜਾਬ ‘ਚ ਸਾਰਥਿਕ ਫ਼ਿਲਮਾਂ ਲਈ ਜ਼ਮੀਨ ਜ਼ਰੂਰ ਤਿਆਰ ਕਰ ਦਿੱਤੀ ਹੈ। ਇਹ ਫ਼ਿਲਮ ਪੰਜਾਬੀ ਫ਼ਿਲਮਾਂ ਦੇ ਰਵਾਇਤੀ ਜ਼ਮੂਦ ਨੂੰ ਤੋੜਦੀ ਹੋਈ ਪੰਜਾਬੀ ਸਿਨੇਮੇ ਦਾ ਵਿਸ਼ਾ ਪੱਖ ਤੋਂ ਦਾਇਰਾ ਮੋਕਲਾ ਕਰਦੀ ਹੈ। ਮਾਲਵੇ ਦੇ ਘੱਗ ਵੱਸਦੇ ਬਠਿੰਡਾ ਸ਼ਹਿਰ ਤੋਂ ਤੁਰਦੀ ਫ਼ਿਲਮ ਦੀ ਕਹਾਣੀ ਰਾਜਧਾਨੀ ਚੰਡੀਗੜ• ਤੱਕ ਪਹੁੰਚਦੀ ਹੋਈ ਇਹ ‘ਲੁੱਚੀ ਘੁੱਗੀ ਕਾਂ ਬਦਨਾਮ’ ਦੀ ਕਹਾਵਤ ਨੂੰ ਸੱਚ ਸਾਬਤ ਕਰਦੀ ਹੈ। ਇਹ ਫ਼ਿਲਮ ਪੁਲਿਸ, ਸਿਆਸਤ ਅਤੇ ਗੈਂਗਸਟਰਾਂ ਦੀ ਆਪਸੀ ਮਿਲੀਭੁਗਤ ਨੂੰ ਤਾਂ ਉਧੇੜ ਕੇ ਪੇਸ਼ ਤਾਂ ਕਰਦੀ ਹੀ ਹੈ, ਬਲਕਿ ਇਹ ਵੀ ਦੱਸਦੀ ਹੈ ਕਿ ਇਥੇ ਕੋਈ ਵੀ ਕਿਸੇ ਦਾ ਸਕਾ ਨਹੀਂ, ਹਰ ਕੋਈ ਆਪਣੇ ਮੁਤਾਬਕ ਦੂਜੇ ਨੂੰ ਵਰਤ ਰਿਹਾ ਹੈ। ਜ਼ਰੂਰਤ ਖ਼ਤਮ ਹੋਣ ‘ਤੇ ਲਿਹਾਜਾ ਦਾ ਬੋਝ ਨਹੀਂ ਚੁੱਕਿਆ ਜਾਂਦਾ। ਜੰਗਲ ਹੁੰਦੇ ਜਾ ਰਹੇ ਪੰਜਾਬ ‘ਚ ਵੀ ਹਰ ਵੱਡਾ ਜਾਨਵਰ ਛੋਟੇ ਲਈ ਘਾਤ ਲਾਈ ਬੈਠਾ ਹੈ। ਫ਼ਿਲਮ ਦੀ ਕਹਾਣੀ ਇਕ ਬੱਚੇ ਦੇ ਗੈਂਗਸਟਰ ਬਣਨ ਤੱਕ ਦੀ ਹੈ। ਕੋਈ ਵੀ ਗੈਂਗਸਟਰ ਮਾਂ ਦੀ ਕੁੱਖ ‘ਚ ਨਹੀਂ ਜੰਮਦਾ, ਹਾਲਾਤ ਉਸ ਨੂੰ ਇਸ ਰਾਹ ਤੋਰਦੇ ਹਨ। ਫ਼ਿਲਮ ਦਾ ਪਹਿਲਾ ਤੇ ਆਖਰੀ ਦ੍ਰਿਸ਼ ਇਹ ਗੱਲ ਸਾਬਤ ਕਰਦਾ ਹੈ।
ਫ਼ਿਲਮ ਦਾ ਸਕਰੀਨਪਲੇ ਤਾਂ ਕਮਾਲ ਦਾ ਹੈ ਹੀ ਬਲਕਿ ਸੰਵਾਦ ਉਸ ਤੋਂ ਵੀ ਉੱਤੋਂ ਦੇ ਹਨ। ਪਰ ਕਿਤੇ ਕਿਤੇ ਜਾਪਦਾ ਹੈ ਕਿ ਨਿਰਦੇਸ਼ਕ ਨੇ ਡਾਇਲਾਗ ਕਹਿਣ ਲਈ ਸੀਨ• ਕਰੇਟ ਕੀਤਾ ਹੈ। ਕਈ ਥਾਈਂ ਇੰਨਵਰਮੇਸ਼ਨ ਵੀ ਡਾਇਲਾਗ ਜ਼ਰੀਏ ਦਿੱਤੀ ਗਈ ਹੈ। ਫ਼ਿਲਮ ਦੀ ਪਾਤਰ ਉਸਾਰੀ ਬੇਹੱਦ ਢੁਕਵੀਂ ਹੈ। ਸਰਦਾਰ ਸੋਹੀ, ਹੌਬੀ ਧਾਲੀਵਾਲ ਤੇ ਯਾਦ ਗਰੇਵਾਲ ਫ਼ਿਲਮ ਦੀ ਜਾਨ ਹਨ। ਫ਼ਿਲਮ ‘ਚ ਹੀਰੋਇਨ ਨੂੰ ਜ਼ਿਆਦਾ ਤਵੱਜੋਂ ਨਹੀਂ ਦਿੱਤੀ ਗਈ, ਫ਼ਿਲਮ ਦੀ ਡਿਮਾਂਡ ਵੀ ਇਹੋ ਸੀ। ਪੂਰੀ ਦੀ ਪੂਰੀ ਫ਼ਿਲਮ ਜੋਰੇ ਦੇ ਕਿਰਦਾਰ ‘ਤੇ ਟਿਕੀ ਹੈ। ਇਹ ਕਿਰਦਾਰ ਦੀਪ ਸਿੱਧੂ ਨੇ ਨਿਭਾਇਆ ਹੈ। ਦੀਪ ਸਿੱਧੂ ਦਰਸ਼ਕਾਂ ਲਈ ਨਵਾਂ ਸੀ। ਦੀਪ ਨੇ ਇਹ ਕਿਰਦਾਰ ਬੱਝਵੇਂ ਤਰੀਕੇ ‘ਚ ਨਿਭਾਇਆ ਹੈ। ਹਾਲਾਂਕਿ ਕੁਝ ਦਰਸ਼ਕਾਂ ਦਾ ਕਹਿਣਾ ਹੈ ਕਿ ਜੋਰੇ ਦੇ ਕਿਰਦਾਰ ‘ਚ ਵੇਰੀਏਸ਼ਨ ਹੋਣੀ ਜ਼ਰੂਰੀ ਸੀ, ਪਰ ਉਸ ਨੇ ਪੂਰਾ ਕਿਰਦਾਰ ਇਕੋ ਲੈਅ ‘ਚ ਨਿਭਾਇਆ ਹੈ। ਜੋ ਵੀ ਹੈ ਦੀਪ ਨੇ ਆਪਣੇ ਕਿਰਦਾਰ ਨੂੰ ਪੁਖਤਾ ਤਰੀਕੇ ਨਾਲ ਅਦਾ ਕੀਤਾ ਹੈ। ਇਸ ਨਾਲ ਉਹ ਦਰਸ਼ਕਾਂ ਦੇ ਮਨਾਂ ‘ਚ ਐਕਸ਼ਨ ਹੀਰੋ ਵਜੋਂ ਵੱਸ ਸਕਦਾ ਹੈ। ਬੈਕਰਾਊਡ ਮਿਉਜ਼ਿਕ ਤੇ ਸੰਗੀਤ ਹਟਵਾਂ ਸੀ। ਡਾਰਕ ਫ਼ਿਲਮਾਂ ਦਾ ਸੰਗੀਤ ਇਹੋ ਜਿਹਾ ਹੀ ਹੁੰਦਾ ਹੈ।
ਕਿਹਾ ਜਾ ਸਕਦਾ ਹੈ ਕਿ ਪੰਜਾਬੀ ਸਿਨੇਮੇ ਦਾ ਇਹ ਨਵਾਂ ਤਜ਼ਰਬਾ ਹਮੇਸ਼ਾ ਯਾਦ ਰਹੇਗਾ। ਇਸ ‘ਚ ਕੋਈ ਸ਼ੱਕ ਨਹੀਂ ਕਿ ਇਹ ਤਜਰਬਾ ਸਮੁੱਚੇ ਪੰਜਾਬੀ ਦਰਸ਼ਕਾਂ ਨੂੰ ਪਸੰਦ ਨਹੀਂ ਆਇਆ ਹੋਵੇਗਾ, ਪਰ ਯਕੀਨਣ ਇਸ ਫ਼ਿਲਮ ਨੂੰ ਪੰਜਾਬੀ ਦੀ ਸ਼ਾਨਦਾਰ ਫ਼ਿਲਮ ਵਜੋਂ ਚੇਤੇ ਰੱਖਿਆ ਜਾ ਸਕਦਾ ਹੈ। #Sapanmanchanda #Fivewood

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?