ਸਿਮਰਜੀਤ ਸਿੰਘ ਪੰਜਾਬੀ ਫ਼ਿਲਮ ਇੰਡਸਟਰੀ ਦਾ ਸਤਿਕਾਰਤ ਫ਼ਿਲਮ ਨਿਰਦੇਸ਼ਕ ਹੈ। ਕਰੀਬ 20 ਸਾਲਾਂ ਤੋਂ ਫ਼ਿਲਮਸਾਜ਼ੀ ਨਾਲ ਜੁੜੇ ਸਿਮਰਜੀਤ ਦੇ ਸਿਨੇਮੇ ਦੀ ਇਕ ਵੱਖਰੀ ਭਾਸ਼ਾ ਹੈ। ਇਹ ਭਾਸ਼ਾ ਉਸਦੀਆਂ ਫ਼ਿਲਮਾਂ ਦਾ ਅਧਿਐਨ ਕਰਨ ‘ਤੇ ਸਮਝ ਪੈਂਦੀ ਹੈ। ਸਿਮਰ ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ ‘ਚੱਕ ਜਵਾਨਾਂ’ ਸੀ, ਪਰ ਉਸ ਦੀ ਚਰਚਾ ‘ਅੰਗਰੇਜ਼’ ਫ਼ਿਲਮ ਨਾਲ ਹੋਈ। ਅਮਰਿੰਦਰ ਗਿੱਲ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਨੇ ਨਾ ਸਿਰਫ਼ ਸਫ਼ਲਤਾ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਬਲਕਿ ਉਸ ਸਮੇਤ ਅਮਰਿੰਦਰ ਗਿੱਲ ਤੇ ਐਮੀ ਵਿਰਕ ਨੂੰ ਵੀ ਇਸ ਇੰਡਸਟਰੀ ‘ਚ ਸਥਾਪਤ ਕੀਤਾ। ਐਮੀ ਵਿਰਕ ਨੂੰ ਲੈ ਕੇ ਬਣਾਈ ਉਸਦੀ ਫ਼ਿਲਮ ‘ਨਿੱਕਾ ਜ਼ੈਲਦਾਰ’ ਨੇ ਫਿਰ ਤੋਂ ਸਾਬਤ ਕੀਤਾ ਕਿ ਸਿਮਰ ਪੰਜਾਬੀ ਸਿਨੇਮੇ ਦੇ ਦਰਸ਼ਕਾਂ ਦੀ ਨਬਜ਼ ਸਮਝਦਾ ਹੈ। ਇਸ ਫ਼ਿਲਮ ਦੀ ਆਪਾਰ ਸਫ਼ਲਤਾ ਤੋਂ ਬਾਅਦ ਹੁਣ ਉਹ ‘ਨਿੱਕਾ ਜ਼ੈਲਦਾਰ 2’ ਲੈ ਕੇ ਆ ਰਿਹਾ ਹੈ। ਅੱਜ ਕੱਲ• ਉਹ ਇਸ ਫ਼ਿਲਮ ਦੇ ਪ੍ਰਚਾਰ ਦੇ ਨਾਲ ਨਾਲ ਆਪਣੀ ਅਗਲੀ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ‘ਤੇ ਵੀ ਕੰਮ ਕਰ ਰਿਹਾ ਹੈ। ਮੋਗਾ ਸ਼ਹਿਰ ਨਾਲ ਸਬੰਧਿਤ ਸੂਬੇਦਾਰ ਜੋਗਿੰਦਰ ਸਿੰਘ ਸਾਲ 1962 ‘ਚ ਭਾਰਤ ਤੇ ਚਾਇਨਾ ਦੀ ਲੜਾਈ ਦੌਰਾਨ ਦੇਸ਼ ਦੀ ਪਹਿਲੀ ਸਿੱਖ ਰੈਜੀਮੈਂਟ ਦੇ 25 ਜਵਾਨਾ ਨਾਲ ਬਰਮਾ ‘ਚ ਚਾਇਨਾ ਦੇ 1 ਹਜ਼ਾਰ ਫ਼ੌਜੀਆਂ ਨਾਲ ਕਰੀਬ 6 ਘੰਟੇ ਲੜਿਆ ਸੀ। ‘ਪਰਮਵੀਰ ਚੱਕਰ’ ਨਾਲ ਨਿਵਾਜੇ ਗਏ ਸੂਬੇਦਾਰ ਜੋਗਿੰਦਰ ਸਿੰਘ ਦਾ ਕਿਰਦਾਰ ਗਿੱਪੀ ਗਰੇਵਾਲ ਅਦਾ ਕਰ ਰਿਹਾ ਹੈ।
ਸਿਮਰ ਦੱਸਦਾ ਹੈ ਕਿ ਪੰਜਾਬੀ ਸਿਨੇਮੇ ‘ਚ ਬਦਲਾਅ ਤਾਂ ਹੀ ਸੰਭਵ ਹੈ, ਜੇ ਫ਼ਿਲਮਸਾਜ਼ ਖੁਦ ਰਵਾਇਤੀ ਜਾਮੂਦ ‘ਚੋਂ ਬਾਹਰ ਆਉਂਣਗੇ। ਉਹ ਦੱਸਦਾ ਹੈ ਕਿ ਉਹ ਸਾਲ 1997 ‘ਚ ਮੁੰਬਈ ਗਿਆ ਸੀ। ਕੁਝ ਸੰਘਰਸ਼ ਤੋਂ ਬਾਅਦ ਉਸ ਨੂੰ ਉੱਘੇ ਫ਼ਿਲਮ ਨਿਰਦੇਸ਼ਕ ਅਨੀਸ਼ ਬਜ਼ਮੀ ਦੇ ਸਹਾਇਕ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ। ਸਹਾਇਕ ਨਿਰਦੇਸ਼ਕ ਵਜੋਂ ਉਸਦੀ ਪਹਿਲੀ ਫ਼ਿਲਮ ‘ਪਿਆਰ ਤੋਂ ਹੋਨਾ ਹੀ ਥਾਂ’ ਸੀ। ਇਸ ਤੋਂ ਬਾਅਦ ‘ਹਿੰਦੋਸਤਾਨ ਕੀ ਕਸਮ’, ‘ਰਾਜੂ ਚਾਚਾ’ ਤੇ ਬਲੈਕਮੇਲ ਵਰਗੀਆਂ ਫ਼ਿਲਮਾਂ ਕੀਤੀਆਂ। ਨਾਮੀਂ ਨਿਰਦੇਸ਼ਕ ਰੋਹਿਤ ਸ਼ੈਟੀ ਦੀ ਪਹਿਲੀ ਫ਼ਿਲਮ ‘ਜ਼ਮੀਨ’ ਵਿੱਚ ਵੀ ਉਹ ਸਹਾਇਕ ਨਿਰਦੇਸ਼ਕ ਸੀ। ਮੁੰਬਈ ਤੋਂ ਵਾਪਸ ਪੰਜਾਬ ਆ ਕੇ ਉਸ ਨੇ ਮਰਹੂਮ ਨਿਰਦੇਸ਼ਕ ਮਨੋਜ ਪੁੰਜ ਹੁਰਾਂ ਨਾਲ ‘ਵਾਰਿਸ਼ ਸ਼ਾਹ ਇਸ਼ਕ ਦਾ ਵਾਰਸ’ ਫ਼ਿਲਮ ਬਤੌਰ ਚੀਫ਼ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ। ਇਸ ਫ਼ਿਲਮ ਤੋਂ ਬਾਅਦ ਗੁਰਦਾਸ ਮਾਨ ਨੂੰ ਲੈ ਕੇ ਉਸ ਨੇ ਬਤੌਰ ਨਿਰਦੇਸ਼ਕ ਪਲੇਠੀ ਫ਼ਿਲਮ ‘ਚੱਕ ਜਵਾਨਾਂ ‘ ਬਣਾਈ। ‘ਡੈਡੀ ਕੂਲ ਮੁੰਡੇ ਫੂਲ’ ਫ਼ਿਲਮ ਰਾਹੀਂ ਇਕ ਨਵਾਂ ਤਜਰਬਾ ਕੀਤਾ। ਬੱਬੂ ਮਾਨ ਨਾਲ ‘ਬਾਜ਼’ ਫ਼ਿਲਮ ਵੀ ਬਣਾਈ। ਅਮਰਿੰਦਰ ਗਿੱਲ ਅਭਿਨੀਤ ‘ਅੰਗਰੇਜ਼’ ਵਿੱਚ ਉਸ ਨੂੰ ਆਪਣੇ ਮਨ ਪਸੰਦ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਸ ਨੇ ਨਵੇਂ ਕੀਰਤੀਮਾਨ ਸਥਾਪਤ ਕੀਤੇ। ਇਸ ਫ਼ਿਲਮ ਨੇ ਪੰਜਾਬੀ ਸਿਨੇਮੇ ‘ਚ ਪੀਰੀਅਡ ਫ਼ਿਲਮਾਂ ਦਾ ਨਵਾਂ ਦੌਰ ਸ਼ੁਰੂ ਕੀਤਾ। 22 ਸਤੰਬਰ ਨੂੰ ਰਿਲੀਜ਼ ਹੋ ਰਹੀ ਉਸ ਦੀ ਨਵੀਂ ਫ਼ਿਲਮ ‘ਨਿੱਕਾ ਜ਼ੈਲਦਾਰ 2’ ਵੀ ਇਕ ਪੀਰੀਅਡ ਡਰਾਮਾ ਫ਼ਿਲਮ ਹੀ ਹੈ। ਇਸ ‘ਚ ਉਸ ਨੇ 40 ਸਾਲ ਪੁਰਾਣੇ ਪੰਜਾਬ ਨੂੰ ਚਿਤਰਣ ਦੀ ਕੋਸ਼ਿਸ਼ ਕੀਤੀ ਹੈ। ਚਾਹੇ ਇਸ ਦਾ ਨਾਂ ‘ਨਿੱਕਾ ਜ਼ੈਲਦਾਰ 2’ ਹੈ, ਪਰ ਇਹ ਪਹਿਲੀ ਸਟੋਰੀ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦੀ। ਦੋਹਾਂ ‘ਚ ਇਕੋ ਗੱਲ ਕਾਮਨ ਹੈ, ਉਹ ਹੈ ਨਿੱਕੇ ਦੇ ਵਿਆਹ ਦੀ ਸਮੱਸਿਆ।

ਸਿਮਰ ਮੁਤਾਬਕ ਇਸ ਫ਼ਿਲਮ ‘ਚ ਦਰਸ਼ਕਾਂ ਨੂੰ ਪੁਰਾਤਨ ਵਿਆਹਾਂ ਤੇ ਰੀਤੀ ਰਿਵਾਜਾਂ ਦੇ ਦੀਦਾਰ ਕਰਵਾਏ ਜਾਣਗੇ। ਇਹ ਪਹਿਲੀ ਵਾਰ ਹੋਵੇਗਾ ਜਦੋਂ ਨੂੰਹ ਅਤੇ ਸੱਸ ਦਾ ਆਪਸੀ ਰਿਸ਼ਤਾ ਪਰਦੇ ‘ਤੇ ਉੱਭਰਕੇ ਸਾਹਮਣੇ ਆਵੇਗਾ। ਇਸ ਫ਼ਿਲਮ ਦਾ ਨਿਰਮਾਤਾ ਅਮਨੀਤ ਸ਼ੇਰ ਸਿੰਘ ਹੈ। ਇਸ ਫ਼ਿਲਮ ‘ਚ ਐਮੀ ਵਿਰਕ, ਸੋਨਮ ਬਾਜਵਾ, ਵਾਮਿਕਾ ਗੱਬੀ, ਨਿਰਮਲ ਰਿਸ਼ੀ, ਰਾਣਾ ਰਣਬੀਰ ਤੇ ਸਰਦਾਰ ਸੋਹੀ ਸਮੇਤ ਕਈ ਨਾਮੀਂ ਕਲਾਕਾਰਾਂ ਨੇ ਮੁੱਖ ਭੂਮਿਕਾ ਨਿਭਾਈ ਹੈ। ਸਿਮਰ ਮੁਤਾਬਕ ਕੁਝ ਦਿਨ ਪਹਿਲਾਂ ਆਏ ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਨੇ ਭਰਪੂਰ ਹੰਗਾਰਾ ਦਿੱਤਾ ਹੈ। ਉਹ ਦੱਸਦਾ ਹੈ ਕਿ ਉਹ ਜਿਸ ਕਿਸਮ ਦੇ ਸਿਨੇਮੇ ਦੀ ਕਲਪਨਾ ਕਰਦਾ ਹੈ, ਇਹ ਫ਼ਿਲਮ ਉਸੇ ਕਿਸਮ ਦੀ ਹੀ ਹੈ। ਜੜ•ਾਂ ਨਾਲੋਂ ਟੁੱਟਦੇ ਜਾ ਰਹੇ ਪੰਜਾਬੀ ਸਿਨੇਮੇ ਨੂੰ ਵਾਪਸ ਜੜ•ਾਂ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ, ਜਿਸ ਲਈ ਉਹ ਲਗਾਤਾਰ ਗਤੀਸ਼ੀਲ ਹੈ। ਉਸ ਨੂੰ ਉਮੀਦ ਹੀ ਨਹੀਂ ਬਲਕਿ ਪੂਰਨ ਯਕੀਨ ਹੈ ਕਿ ਦਰਸ਼ਕ ਉਸ ਦੀ ਆਸ ਧੁੰਦਲੀ ਨਹੀਂ ਪੈਣ ਦੇਣਗੇ। ਉਸਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੀ ਨਿੱਕਾ ਜ਼ੈਲਦਾਰ 2 ਨੂੰ ਵੀ ਸ਼ਾਨਦਾਰ ਹੁੰਗਾਰਾ ਮਿਲੇਗਾ। #Sapanmanchanda


