ਇਹ ਖੂਬਸੂਰਤ ਅਦਾਕਾਰਾ ਛੇਤੀ ਹੀ ਪੰਜਾਬੀ ਫ਼ਿਲਮ ‘ਕੰਡੇ’ ਵਿੱਚ ਬਤੌਰ ਹੀਰੋਇਨ ਨਜ਼ਰ ਆਵੇਗੀ। ਕਮਲ ਵਿਰਕ ਦੀ ਇਹ ਪਹਿਲੀ ਫ਼ਿਲਮ ਹੈ। ਥੀਏਟਰ ਅਤੇ ਫ਼ੈਸ਼ਨ ਇੰਡਸਟਰੀ ਨਾਲ ਜੁੜੀ ਰਹੀ ਕਮਲ ਹੁਣ ਪੰਜਾਬੀ ਫ਼ਿਲਮਾਂ ‘ਚ ਆਪਣੀ ਕਿਸਮਤ ਅਜ਼ਮਾਏਗੀ। ਕਮਲ ਦੱਸਦੀ ਹੈ ਕਿ ਐਕਟਿੰਗ ਦਾ ਸ਼ੌਕ ਉਸ ਨੂੰ ਲੰਮੇ ਸਮੇਂ ਤੋਂ ਹੈ, ਪਰ ਉਹ ਇਸ ਖ਼ੇਤਰ ‘ਚ ਅਨਾੜੀ ਵਜੋਂ ਨਹੀਂ ਆਉਂਣਾ ਚਾਹੁੰਦੀ ਸੀ। ਫ਼ਿਲਮਾਂ ‘ਚ ਆਉਂਣ ਤੋਂ ਪਹਿਲਾਂ ਉਸ ਨੇ ਬਕਾਇਦਾ ਨਿਊਯਾਰਕ ਤੋਂ ਐਕਟਿੰਗ ਦਾ ਡਿਪਲੋਮਾ ਕੀਤਾ ਹੈ। ਇਸ ਮਗਰੋਂ ਉਹ ਮੁੰਬਈ ‘ਚ ਰਹੀ ਅਤੇ ਕਈ ਕੰਪਨੀਆਂ ਲਈ ਮਾਡਲਿੰਗ ਕੀਤੀ। ਹੁਣ ਉਹ ਫ਼ਿਲਮਾਂ ‘ਚ ਕੰਮ ਕਰੇਗੀ। ਉਸ ਦੀ ਪਹਿਲੀ ਫ਼ਿਲਮ ‘ਕੰਡੇ’ ਸਤੰਬਰ ‘ਚ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਨੂੰ ਹਾਲੀਵੁੱਡ ਨਿਰਦੇਸ਼ਕ ਕਵੀ ਰਾਜ ਨੇ ਡਾਇਰੈਕਟ ਕੀਤਾ ਹੈ। ਕਵੀ ਰਾਜ ਅੱਜ ਕੱਲ• ਆਪਣੀ ਫ਼ਿਲਮ ‘ਦਾ ਬਲੈਕ ਪ੍ਰਿੰਸ’ ਨੂੰ ਲੈ ਕੇ ਚਰਚਾ ‘ਚ ਹਨ। ਕੰਡੇ ‘ਚ ਉਸ ਨਾਲ ਪ੍ਰੀਤ ਬਾਠ ਨੇ ਮੁੱਖ ਭੂਮਿਕਾ ਨਿਭਾਈ ਹੈ। ਕਮਲ ਮੁਤਾਬਕ ਇਸ ਫ਼ਿਲਮ ਨਾਲ ਦਰਸ਼ਕਾਂ ਅਤੇ ਫ਼ਿਲਮ ਇੰਡਸਟਰੀ ਨੂੰ ਉਸਦੇ ਐਕਟਿੰਗ ਸਕਿੱਲ ਬਾਰੇ ਪਤਾ ਲੱਗੇਗਾ। ਕਮਲ ਮੁਤਾਬਕ ਉਹ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੱਖਰਾ ਮੁਕਾਮ ਹਾਸਲ ਕਰਨਾ ਚਾਹੁੰਦੀ ਹੈ, ਪਰ ਇਸ ਲਈ ਉਹ ਕੋਈ ਕਾਹਲ ਨਹੀਂ ਕਰ ਰਹੀ। ਕੰਡੇ ਤੋਂ ਬਾਅਦ ਉਸ ਲਈ ਇਸ ਖ਼ੇਤਰ ‘ਚ ਰਾਹ ਖੁੱਲ•ਣਗੇ। #Fivewood


