ਇਸ ਸ਼ੁੱਕਰਵਾਰ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਰੁਪਿੰਦਰ ਗਾਂਧੀ 2 ਦਾ ਰੌਬਿਨਹੁੱਡ’ ਨੂੰ ਜਿਸ ਪੱਧਰ ‘ਤੇ ਦਰਸ਼ਕਾਂ ਨੇ ਹੰਗਾਰਾ ਦਿੱਤਾ ਹੈ, ਉਸ ਨੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਈ ਵਹਿਮ ਅਤੇ ਧਾਰਨਾਵਾਂ ਤੋੜੀਆਂ ਹਨ। ਆਮ ਪੰਜਾਬੀ ਫ਼ਿਲਮਾਂ ਦੇ ਬਜ਼ਟ ਨਾਲੋਂ ਅੱਧੇ ਪੈਸਿਆਂ ‘ਚ ਬਣੀ ਇਸ ਫ਼ਿਲਮ ਨੇ ਪਹਿਲੇ ਝਟਕੇ ‘ਚ ਇਹ ਸਾਬਤ ਕੀਤਾ ਹੈ ਕਿ ਚਾਹੇ ਜੋ ਮਰਜ਼ੀ ਹੈ, ਪੰਜਾਬੀ ਦਰਸ਼ਕ ਹੁਣ ਸਿਰਫ਼ ਪੋਸਟਰ ‘ਤੇ ਵੱਡੇ ਚਿਹਰੇ ਦੇਖ ਕੇ ਹੀ ਥੀਏਟਰ ‘ਚ ਨਹੀਂ ਵੜਦੇ। ਦੂਜਾ ਇਹ ਕਿ ਪੰਜਾਬੀ ਦਰਸ਼ਕ ਸਿਰਫ ਤੇ ਸਿਰਫ਼ ਪੰਜਾਬੀ ਖਾਕੇ ਨਾਲ ਸਬੰਧਿਤ ਪੰਜਾਬ ਦੁਆਲੇ ਘੁੰਮਦੀਆਂ ਫ਼ਿਲਮਾਂ ਹੀ ਦੇਖਣਾ ਪਸੰਦ ਕਰਦੇ ਹਨ, ਉਹਨਾਂ ਨੂੰ ਪੰਜਾਬੀ ਦੇ ਨਾਂ ‘ਤੇ ਮੁੰਬਈਆ ਫ਼ਿਲਮਾਂ ਪਰੋਸ ਕੇ ਥੀਏਟਰ ‘ਚ ਨਹੀਂ ਲਿਆਂਦਾ ਜਾ ਸਕਦਾ। ਰੁਪਿੰਦਰ ਗਾਂਧੀ ਚਾਹੇ ਗੈਂਗਸਟਰ ਸੀ ਚਾਹੇ ਰੌਬਿਨਹੁੱਡ, ਇਸ ਨਾਲ ਬਹੁਤਾ ਫ਼ਰਕ ਨਹੀਂ ਪੈਂਦਾ, ਪਰ ਵੱਡੀ ਗੱਲ ਇਹ ਹੈ ਕਿ ਉਹ ਆਮ ਲੋਕਾਂ ‘ਚ ਉੱਠਿਆ ਉਹ ਮੁੰਡਾ ਸੀ, ਜਿਸ ਨੇ ਖੰਨੇ ਵਰਗੇ ਛੋਟੇ ਸ਼ਹਿਰ ਤੋਂ ਲੈ ਕੇ ਰਾਜਧਾਨੀ ਚੰਡੀਗੜ• ਤੱਕ ਆਪਣੀ ਧਾਕ ਜਮਾਈ। ਜੇ ਉਹ ਗੈਂਗਸਟਰ ਸੀ ਤਾਂ ਉਹ ਗੈਂਗਸਟਰ ਕਿਵੇਂ ਬਣਿਆ? ਜੇ Àਸਨੂੰ ਰੌਬਿਨਹੁੱਡ ਦਾ ਦਰਜਾ ਦਿੱਤਾ ਗਿਆ ਤਾਂ ਕਿਉਂ ਦਿੱਤਾ ਗਿਆ, ਉਸ ਨੇ ਅਜਿਹੇ ਕਿਹੜੇ ਕੰਮ ਕੀਤੇ ??? ਰੁਪਿੰਦਰ ਗਾਂਧੀ 2 ਇਹਨਾਂ ਦੋਵਾਂ ਸੁਆਲਾਂ ਦੇ ਜੁਆਬ ਦਿੰਦੀ ਹੋਈ ਰੁਪਿੰਦਰ ਗਾਂਧੀ ਦੇ ਪਹਿਲੇ ਭਾਗ ਤੋਂ ਸ਼ੁਰੂ ਹੋਈ ਕਹਾਣੀ ਨੂੰ ਇਸ ਸੀਕੁਅਲ ਜ਼ਰੀਏ ਸਿਰੇ ਲਾਉਂਦੀ ਹੈ।
ਨਿਰਮਾਤਾ ਰਵਨੀਤ ਚਾਹਲ, ਦਿਲਜੀਤ ਸਿੰਘ ਭੋਲਾ ਤੇ ਰਾਜੇਸ਼ ਕੁਮਾਰ ਦੀ ਇਸ ਫ਼ਿਲਮ ਦਾ ਡਾਇਰੈਕਟਰ ਅਵਤਾਰ ਸਿੰਘ ਹੈ। ਫ਼ਿਲਮ ਦਾ ਸਕਰੀਨਪਲੇ ਉਸ ਨੇ ਅਤੇ ਇੰਦਰਪਾਲ ਸਿੰਘ ਨੇ ਲਿਖੇ ਹਨ।
ਜਦਕਿ ਫ਼ਿਲਮ ਦੇ ਡਾਇਲਾਗ ਫ਼ਿਲਮ ਦੇ ਨਾਇਕ ਦੇਵ ਖਰੌੜ ਨੇ ਲਿਖੇ ਹਨ। ਇਸ ਫ਼ਿਲਮ ਦਾ ਨਾਇਕ ਦੇਵ ਖਰੌੜ ਹੈ। ਦੇਵ ਨੇ ਇਸ ਫ਼ਿਲਮ ਜ਼ਰੀਏ ਇਕ ਵਾਰ ਫਿਰ ਤੋਂ ਆਪਣੇ ਆਪ ਨੂੰ ਮੰਝਿਆ ਹੋਇਆ ਅਦਾਕਾਰਾ ਸਾਬਤ ਕੀਤਾ ਹੈ। ਉਸ ਤੋਂ ਇਲਾਵਾ ਫ਼ਿਲਮ ‘ਚ ਜਗਜੀਤ ਸੰਧੂ, ਲੱਕੀ ਧਾਲੀਵਾਲ, ਸੁਖਦੀਪ ਸੁੱਖ, ਪਾਲੀ ਮਾਂਗਟ, ਸਾਨਵੀ ਧੀਮਾਨ ਤੇ ਕਾਜਲ ਬਹਿਲ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ। ਅਦਾਕਾਰੀ ਪੱਖੋਂ ਭਾਵੇਂ ਸਾਰੇ ਕਲਾਕਾਰਾਂ ਆਪਣੇ ਕਿਰਦਾਰ ‘ਚ ਖਰੇ ਉਤਰੇ, ਪਰ ਦੇਵ ਦੇ ਨਾਲ ਨਾਲ ਭੋਲੇ ਦੇ ਕਿਰਦਾਰ ‘ਚ ਜਗਜੀਤ ਸੰਧੂ ਨੇ ਮੇਲਾ ਲੁੱਟਿਆ। ਪੂਰੀ ਫ਼ਿਲਮ ‘ਚ ਇਕ ਲੜ ਰਿਹਾ ਹੈ, ਦੂਜਾ ਹਸਾ ਰਿਹਾ ਹੈ। ‘ਕੌਮ ਦੇ ਹੀਰੇ’ ਫ਼ਿਲਮ ਨਾਲ ਪਰਦੇ ‘ਤੇ ਆਇਆ ਸੁਖਦੀਪ ਸੁੱਖ ਕਈ ਸਾਲਾਂ ਬਾਅਦ ਮੁੜ ਇਸ ਫ਼ਿਲਮ ਜ਼ਰੀਏ ਕੁਝ ਸਮੇਂ ਲਈ ਪਰਦੇ ‘ਤੇ ਦਿਖਿਆ। ਉਸ ਨੇ ਵੀ ਆਪਣੀ ਕਿਰਦਾਰ ਦੀ ਪਕੜ ਢਿੱਲੀ ਨਹੀਂ ਪੈਣ ਦਿੱਤੀ। ਨਿਰਦੇਸ਼ਨ ਦੇ ਪੱਖ ਤੋਂ ਇਹ ਫ਼ਿਲਮ ਢਿੱਲੀ ਜ਼ਰੂਰੀ ਹੈ, ਪਰ ਫ਼ਿਲਮ ਦੇ ਬਜ਼ਟ ਦੇ ਹਿਸਾਬ ਨਾਲ ਇਹ ਕਮੀਆ ਗਿਣੀਆਂ ਨਹੀਂ ਜਾ ਸਕਦੀਆਂ। ਇਸ ਫ਼ਿਲਮ ਨੇ ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਹੈ ਕਿ ਜੇਕਰ ਕੰਟੈਂਟ ‘ਚ ਦਮ ਹੈ ਤਾਂ ਘੱਟ ਬਜ਼ਟ ‘ਚ ਬਣੀ ਫ਼ਿਲਮ ਦੀਆਂ ਖ਼ਾਮੀਆਂ ਫ਼ਿਲਮ ਦੀ ਸਫ਼ਲਤਾ ‘ਚ ਅੜਚੜ ਨਹੀਂ ਬਣਦੀਆਂ। ਇਹ ਫ਼ਿਲਮ ਨਿਰੋਲ ਰੂਪ ‘ਚ ਯੂਥ ਲਈ ਬਣੀ ਸੀ। ਫ਼ਿਲਮ ਦੀ ਟੀਮ ਵੱਲੋਂ ਯੂਥ ਨੂੰ ਹੀ ਫੋਕਸ ਕੀਤਾ ਗਿਆ ਸੀ, ਇਹ ਫਾਰਮੂਲਾ ਹੀ ਆਖਰ ਕੰਮ ਕੀਤਾ ਹੈ। ਇਸ ਫ਼ਿਲਮ ਦੀ ਵਿੱਤੀ ਸਫ਼ਲਤਾ ਨੇ ਨਵੇਂ ਕਲਾਕਾਰਾਂ ਤੇ ਫ਼ਿਲਮ ਮੇਕਰਾਂ ਨੇ ਹੌਂਸਲ ਬੁਲੰਦ ਕਰ ਦਿੱਤੇ ਹਨ। ਆਸ ਹੈ ਕਿ ਆਉਂਦੇ ਦਿਨਾਂ ‘ਚ ਹੋਰ ਵੀ ਨਵੇਂ ਕਲਾਕਾਰਾਂ ਨੂੰ ਅੱਗੇ ਆਉਣ ਦਾ ਮੌਕਾ ਮਿਲੇਗਾ। #Fivewood
in Movie Review
‘ਰੁਪਿੰਦਰ ਗਾਂਧੀ 2’ ਦੀ ਸਫ਼ਲਤਾ ਨੇ ਬਦਲਿਆ ਪੰਜਾਬੀ ਸਿਨੇਮੇ ਦਾ ਰੁਖ਼


