ਪੰਜਾਬੀ ਫ਼ਿਲਮ ‘ਡੰਗਰ ਡਾਕਟਰ’ ਦਾ ਨਾਂ ਬਦਲ ਕੇ ‘ਡੰਗਰ ਡਾਕਟਰ ਜੈਲੀ’ ਰੱਖ ਦਿੱਤਾ ਗਿਆ ਹੈ। ਫ਼ਿਲਮ ਦਾ ਨਾਂ ਪੰਜਾਬ ਦੇ ਵੈਟਨਿਰੀ ਡਾਕਟਰਾਂ ਦੀ ਨਰਾਜ਼ਗੀ ਤੋਂ ਬਾਅਦ ਬਦਲਿਆ ਗਿਆ ਹੈ। ਹੁਣ ਉਹਨਾਂ ਦੀ ਸਹਿਮਤੀ ਨਾਲ ਹੀ ਫ਼ਿਲਮ ਦਾ ਨਾਂ ‘ਡੰਗਰ ਡਾਕਟਰ ਜੈਲੀ’ ਰੱਖਿਆ ਗਿਆ ਹੈ। ਇਹ ਫ਼ਿਲਮ ਦੀਵਾਲੀ ‘ਤੇ 20 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਕਾਬਲੇਗੌਰ ਹੈ ਕਿ ਫ਼ਿਲਮ ਦੇ ਨਾਂ ‘ਤੇ ਪੰਜਾਬ ਦੇ ਵੈਟਨਿਰੀ ਡਾਕਟਰਾਂ ਨੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਸੀ ਕਿ ਇਹ ਨਾਂ ਉਹਨਾਂ ਦੇ ਪ੍ਰੋਫੈਸ਼ਨ ਦਾ ਮਜ਼ਾਕ ਉਡਾਉਂਦਾ ਹੈ। ਫ਼ਿਲਮ ਦੀ ਟੀਮ ਅਤੇ ਪੰਜਾਬ ਵੈਟਨਿਰੀ ਔਫੀਸਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਅੱਜ ਇਥੇ ਚੰਡੀਗੜ• ਪ੍ਰੈਸ ਕਲੱਬ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ।
ਇਸ ਮੌਕੇ ਫ਼ਿਲਮ ਦੇ ਨਿਰਮਾਤਾ ਵਿਵੇਕ ਓਹਰੀ, ਨਿਰਦੇਸ਼ਕ ਅਥਰਵ ਬਲੂਜਾ, ਹੀਰੋ ਰਵਿੰਦਰ ਗਰੇਵਾਲ, ਹੀਰੋਇਨ ਸਾਰਾ ਗੁਰਪਾਲ,ਗੀਤ ਗੰਭੀਰ ਅਤੇ ਵੈਟਨਿਰੀ ਡਾਕਟਰਾਂ ਦੀ ਐਸੋਸੀਏਸ਼ਨ ਵੱਲੋਂ ਡਾਕਟਰ ਅਸ਼ੋਕ ਕੁਮਾਰ , ਡਾਕਟਰ ਪਲਟਾ, ਡਾਕਟਰ ਗੁਰਿੰਦਰ ਸਿੰਘ ਵਾਲੀਆ ਤੇ ਡਾਕਟਰ ਕਲੇਰ ਹਾਜ਼ਰ ਸਨ। ਇਸ ਮੌਕੇ ਫ਼ਿਲਮ ਦੇ ਨਿਰਦੇਸ਼ਕ ਅਥਰਵ ਬਲੂਜਾ ਨੇ ਦੱਸਿਆ ਕਿ ਉਹਨਾਂ ਦੀ ਇਹ ਫ਼ਿਲਮ ਨਿਰੋਲ ਰੂਪ ‘ਚ ਕਾਮੇਡੀ ਅਤੇ ਪਰਿਵਾਰਕ ਫ਼ਿਲਮ ਹੈ। ਫ਼ਿਲਮ ਦਾ ਹੀਰੋ ਜੈਲੀ ਇਕ ਆਮ ਪਿੰਡ ਦਾ ਸਧਾਰਨ ਜਿਹਾ ਨੌਜਵਾਨ ਹੈ, ਜਿਸ ਨੂੰ ਜਾਨਵਰਾਂ ਨਾਲ ਬੇਹੱਦ ਪਿਆਰ ਹੈ। ਉਹ ਜਾਨਵਰ ਦੀ ਹਰ ਰਮਜ ਜਾਣਦਾ ਤੇ ਉਹਨਾਂ ਦੀ ਹਰ ਬੀਮਾਰੀ ਦਾ ਇਲਾਜ ਵੀ। ਇਸੇ ਲਈ ਉਹ ਡੰਗਰ ਡਾਕਟਰ ਅਖਵਾਉਂਦਾ ਹੈ। ਉਹਨਾਂ ਕਿਹਾ ਕਿ ਇਹ ਫ਼ਿਲਮ ਕਿਸੇ ਦੀਆਂ ਵੀ ਭਾਵਨਾਵਾਂ ਦੇ ਉਲਟ ਨਹੀਂ ਹੈ। ਉਹ ਅਤੇ ਉਹਨਾਂ ਦੀ ਸਮੁੱਚੀ ਟੀਮ ਵੈਟਨਿਰੀ ਡਾਕਟਰਾਂ ਦਾ ਸਤਿਕਾਰ ਕਰਦੀ ਹੈ। ਫ਼ਿਲਮ ਦੇ ਹੀਰੋ ਰਵਿੰਦਰ ਗਰੇਵਾਲ ਨੇ ਵੀ ਕਿਹਾ ਕਿ ਉਹ ਕਦੇ ਵੀ ਕਿਸੇ ਧਰਮ ਜਾਂ ਪੇਸ਼ੇ ਦੇ ਖ਼ਿਲਾਫ਼ ਨਹੀਂ ਜਾ ਸਕਦੇ। ਉਹਨਾਂ ਦਾ ਮਕਸਦ ਫ਼ਿਲਮ ਜ਼ਰੀਏ ਦਰਸ਼ਕਾਂ ਦਾ ਮਨੋਰੰਜਨ ਕਰਨਾ ਹੈ, ਕਿਸੇ ਦਾ ਨਿਰਾਦਰ ਕਰਨਾ ਨਹੀਂ। ਇਸ ਫ਼ਿਲਮ ‘ਚ ਦਰਸ਼ਕ ਉਸ ਨੂੰ ਵੱਖ ਵੱਖ ਜਾਨਵਰਾਂ ਦਾ ਇਲਾਜ ਤੇ ਪਿਆਰ ਕਰਦੇ ਦੇਖਣਗੇ। ਫ਼ਿਲਮ ‘ਚ ਦਿਖਾਇਆ ਗਿਆ ਹੈ ਕਿ ਇਹ ਜਾਨਵਰ ਵੀ ਉਸ ਦੀ ਜ਼ਿੰਦਗੀ ਹਨ। ਫ਼ਿਲਮ ਦੇ ਨਿਰਮਾਤਾ ਵਿਵੇਕ ਓਹਰੀ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਫ਼ਿਲਮਾਂ ਦਾ ਨਿਰਮਾਣ ਕਰ ਰਹੇ ਹਨ। ਉਹਨਾਂ ਦੀ ਕੋਈ ਵੀ ਫ਼ਿਲਮ ਅਜਿਹੀ ਨਹੀਂ ਹੈ, ਜਿਸ ਨਾਲ ਕਿਸੇ ਵੀ ਵਿਅਕਤੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇ। ਇਹ ਫ਼ਿਲਮ ਵੀ ਨਿਰੋਲ ਰੂਪ ‘ਚ ਮਨੋਰੰਜਨ ਲਈ ਬਣਾਈ ਗਈ ਹੈ। ਉਹਨਾਂ ਨੇ ਫ਼ਿਲਮ ਦਾ ਨਾਂ ਇਕ ਕਾਮੇਡੀ ਲਹਿਜੇ ‘ਚ ਰੱਖਿਆ ਸੀ। ਇਸ ਦਾ ਅਰਥ ਕਿਸੇ ਪੇਸ਼ੇ ‘ਤੇ ਟਿੱਪਣੀ ਕਰਨਾ ਨਹੀਂ ਸੀ। ਪੰਜਾਬ ਦੇ ਕੁਝ ਵੈਟਨਿਰੀ ਡਾਕਟਰਾਂ ਨੇ ਜਦੋਂ ਇਸ ਗੱਲ ਦਾ ਇਤਰਾਜ਼ ਪ੍ਰਗਟ ਕੀਤਾ ਤਾਂ ਉਹਨਾਂ ਫ਼ਿਲਮ ਦੇ ਟਾਈਟਲ ਨਾਲ ਫ਼ਿਲਮ ਦੇ ਮੁੱਖ ਕਿਰਦਾਰ ਦਾ ਨਾਂ ਜੋੜਦਿਆਂ ਇਸ ‘ਚ ਸੋਧ ਕਰ ਦਿੱਤੀ, ਜਿਸ ‘ਤੇ ਡਾਕਟਰਾਂ ਨੇ ਵੀ ਤਸੱਲੀ ਤੇ ਸਹਿਮਤੀ ਪ੍ਰਗਟ ਕੀਤੀ ਹੈ। ਇਸ ਮੌਕੇ ਹਾਜ਼ਰ ਡਾਕਟਰਾਂ ਨੇ ਫ਼ਿਲਮ ਦੀ ਟੀਮ ਵੱਲੋਂ ਦਿੱਤੀ ਗਈ ਤਸੱਲੀ ਤੇ ਭਰੋਸੇ ‘ਤੇ ਸਹਿਮਤੀ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਵੈਟਨਿਰੀ ਡਾਕਟਰਾਂ ਦਾ ਪੇਸ਼ਾ ਵੀ ਸਤਿਕਾਰਤ ਹੈ। ਇਸ ਲਈ ਉਸ ਨੂੰ ਹਲਕੇ ‘ਚ ਨਹੀਂ ਲਿਆ ਜਾ ਸਕਦਾ। ਇਨਸਾਨ ਆਪਣੀ ਸਮੱÎਸਿਆ ਬੋਲ ਕੇ ਦੱਸ ਸਕਦਾ ਹੈ, ਪਰ ਜਾਨਵਰਾਂ ਦੀ ਤਕਲੀਫ਼ ਡਾਕਟਰ ਨੂੰ ਖੁਦ ਲੱਭਣੀ ਤੇ ਸਮਝਣੀ ਪੈਂਦੀ ਹੈ। ਇਸ ਲਈ ਉਹਨਾਂ ਦਾ ਪ੍ਰੋਫੈਸ਼ਨ ਆਮ ਡਾਕਟਰਾਂ ਨਾਲੋਂ ਵੀ ਜ਼ਿਆਦਾ ਗੰਭੀਰ ਹੈ। ਇਸ ਲਈ ਉਹ ਕਦੇ ਇਸ ਦਾ ਮਜ਼ਾਕ ਬਰਦਾਸ਼ਤ ਨਹੀਂ ਕਰਦੇ। ਫ਼ਿਲਮ ਦੀ ਟੀਮ ਵੱਲੋਂ ਫ਼ਿਲਮ ਸਬੰਧੀ ਜੋ ਜਾਣਕਾਰੀ ਦਿੱਤੀ ਗਈ ਅਤੇ ਫ਼ਿਲਮ ਦੇ ਨਾਂ ‘ਚ ਜੋ ਤਬਦੀਲੀ ਕੀਤੀ ਗਈ ਹੈ। ਉਸ ਤੋਂ ਬਾਅਦ ਹੁਣ ਉਹਨਾਂ ਨੂੰ ਇਸ ਫ਼ਿਲਮ ਤੋਂ ਕੋਈ ਇਤਰਾਜ਼ ਨਹੀਂ ਹੈ।

in News
ਰਵਿੰਦਰ ਗਰੇਵਾਲ ਦੀ ਫ਼ਿਲਮ ‘ਡੰਗਰ ਡਾਕਟਰ ਜੈਲੀ’ ਦੇ ਨਾਂ ਨੂੰ ਮਿਲੀ ਹਰੀ ਝੰਡੀ


