ਦੇਸ਼ ਦੀ ਸਰਹੱਦ ਹੋਵੇ ਜਾਂ ਫਿਰ ਖੇਡ ਦਾ ਮੈਦਾਨ, ਕੋਈ ਵੀ ਅਜਿਹੀ ਥਾਂ ਨਹੀਂ ਹੈ ਜਿਥੇ ਸਿੱਖ ਕੌਮ ਨੇ ਆਪਣੀ ਹੋਂਦ ਦਾ ਅਹਿਸਾਸ ਨਾ ਕਰਵਾਇਆ ਹੋਵੇ। ਕੁਰਬਾਨੀ ਦੇਣ ਦੀ ਗੱਲ ਹੋਵੇ ਜਾਂ ਫਿਰ ਕੋਈ ਮੈਦਾਨ ਫ਼ਤਹਿ ਕਰਨ ਦੀ ਹਮੇਸ਼ਾ ‘ਸਰਦਾਰ’ ਅੱਗੇ ਰਹੇ ਹਨ। ਓਹਰੀ ਪ੍ਰੋਡਕਸ਼ਨ ਵੱਲੋਂ ਗਲੋਬ ਮੂਵੀਜ਼ ਦੇ ਬੈਨਰ ਹੇਠ 29 ਸਤੰਬਰ ਨੂੰ ਰਿਲੀਜ਼ ਕੀਤੀ ਜਾ ਰਹੀ ਇਹ ਫ਼ਿਲਮ ਪੰਜਾਬੀ ਫ਼ਿਲਮ ਇਸੇ ਸਿੱਖ ਕੌਮ ਦੀ ਸ਼ਹਾਦਤ, ਹੌਂਸਲੇ ਅਤੇ ਦ੍ਰਿੜਤਾ ਨੂੰ ਪਰਦੇ ‘ਤੇ ਪੇਸ਼ ਕਰੇਗੀ। ਇਹ ਫ਼ਿਲਮ ਇਕ ਅਜਿਹੇ ਕਿਰਦਾਰ ਦੀ ਹੈ, ਜੋ ਸੰਸਾਰ ਭਰ ‘ਚ ਆਪਣੀਆਂ ਕੁਰਬਾਨੀਆਂ, ਜਜ਼ਬੇ ਤੇ ਬਹਾਦਰੀ ਦਾ ਪ੍ਰਤੀਕ ਹੈ। ਇਸ ਦੀ ਕਹਾਣੀ ਇਕ ਅਜਿਹੇ ਸਰਦਾਰ ‘ਤੇ ਅਧਾਰਿਤ ਹੈ, ਜਿਸ ਨੇ ਆਪਣੇ ਕਰੀਅਰ ਨੂੰ ਸਿਰਫ ਆਪਣੀ ‘ਪੱਗੜੀ’ ਕਰਕੇ ਛੱਡ ਦਿੱਤਾ। ਨਿਰਮਾਤਾ ਜਸਵਿੰਦਰ ਕੌਰ ਅਤੇ ਹੈਪਸ ਮਿਊਜ਼ਿਕ ਦੀ ਇਸ ਫ਼ਿਲਮ ਦਾ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ ਹੈ। ਫ਼ਿਲਮ ਦੀ ਕਹਾਣੀ ਉਸ ਨੇ ਹੀ ਲਿਖੀ ਹੈ, ਜਦਕਿ ਸਕਰੀਨਪਲੇ ਤੇ ਡਾਇਲਾਗ ਕੁਦਰਤ ਪਾਲ ਦੇ ਲਿਖੇ ਹਨ। ਫ਼ਿਲਮ ‘ਚ ਮੁੱਖ ਭੂਮਿਕਾ ਨਵ ਬਾਜਵਾ ਨੇ ਨਿਭਾਈ ਹੈ। ਉਸ ਤੋਂ ਇਲਾਵਾ ਗਾਇਕ ਤੇ ਅਦਾਕਾਰ ਕੇ ਐਸ ਮੱਖਣ, ਅਦਾਕਾਰਾ ਨੇਹਾ ਪਵਾਰ, ਰਜ਼ਾ ਮੁਰਾਦ, ਰਾਣਾ ਜੰਗ ਬਹਾਦਰ, ਮਹਾਂਵੀਰ ਭੁੱਲਰ, ਗੁਰਪ੍ਰੀਤ ਕੌਰ ਚੱਡਾ ਤੇ ਡੌਲੀ ਬਿੰਦਰਾ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਦੇ ਨਿਰਦੇਸ਼ਕ ਮੁਤਾਬਕ ਇਹ ਫ਼ਿਲਮ ਇਕ ਆਮ ਬੌਕਸਰ ਨੌਜਵਾਨ ਦੀ ਜ਼ਿੰਦਗੀ ਤੋਂ ਸ਼ੁਰੂ ਹੁੰਦੀ ਹੈ ਤੇ ਹੌਲੀ ਹੌਲੀ ਸਿੱਖੀ ਵੱਲ ਵੱਧਦੀ ਹੈ। ਫ਼ਤਿਹ ਨਾਂ ਦੇ ਇਸ ਨੌਜਵਾਨ ਦਾ ਕਿਰਦਾਰ ਨਵ ਬਾਜਵਾ ਨੇ ਅਦਾ ਕੀਤਾ ਹੈ। ਫ਼ਤਿਹ ਇਕ ਆਮ ਨੌਜਵਾਨ ਹੈ, ਜੋ ਨਸ਼ਿਆਂ ਤੇ ਹੋਰ ਸਮਾਜਿਕ ਅਲਾਮਤਾਂ ਦੇ ਖ਼ਿਲਾਫ਼ ਹੈ। ਰਿੰਗ ‘ਚ ਆਪਣੀ ਤਾਕਤ ਤੇ ਤਕਨੀਕ ਦਾ ਲੋਹਾ ਮੰਨਵਾਉਣ ਵਾਲੇ ਇਸ ਨੌਜਵਾਨ ਦੀ ਜ਼ਿੰਦਗੀ ‘ਚ ਇਕ ਅਜਿਹੀ ਤਬਦੀਲੀ ਆਉਂਦੀ ਹੈ ਕਿ ਉਹ ਦਾੜੀ, ਕੇਸ ਰੱਖ ਲੈਂਦਾ ਹੈ। ਉਸ ਦੇ ਕਿਰਦਾਰ ‘ਚ ਆਈ ਇਹ ਅਚਾਨਕ ਤਬਦੀਲੀ ਹੀ ਦਰਸ਼ਕਾਂ ਨੂੰ ਫ਼ਿਲਮਾਂ ਨਾਲ ਜੋੜ ਕੇ ਰੱਖੇਗੀ। ਨਵ ਬਾਜਵਾ ਮੁਤਾਬਕ ਉਸ ਦਾ ਇਹ ਕਿਰਦਾਰ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਮੁੜ ਕੇਸ ਰੱਖਣ ਲਈ ਪ੍ਰੇਰਿਤ ਕਰੇਗਾ, ਜਿਨ•ਾਂ ਸ਼ੌਕੀਨੀ ਜਾਂ ਕਿਸੇ ਹੋਰ ਕਾਰਨਾਂ ਲਈ ਸਿੱਖੀ ਤੋਂ ਮੂੰਹ ਮੋੜਿਆ ਸੀ। ਉਸਦਾ ਇਹ ਕਿਰਦਾਰ ਸਰਦਾਰ ਦੇ ਅਸਲ ਕਿਰਦਾਰ ਨੂੰ ਪਰਦੇ ‘ਤੇ ਪੇਸ਼ ਕਰਦਾ ਹੈ। ਫ਼ਿਲਮ ਦੀ ਟੀਮ ਮੁਤਾਬਕ ਇਸ ਪਰਿਵਾਰਕ ਫ਼ਿਲਮ ‘ਚ ਦਰਸ਼ਕਾਂ ਨੂੰ ਸਿਨੇਮੇ ਦੇ ਹਰ ਰੰਗ ਦੇਖਣ ਨੂੰ ਮਿਲਣਗੇ। ਫ਼ਿਲਮ ਜ਼ਰੀਏ ਘਰਾਂ ‘ਚ ਬਜ਼ੁਰਗਾਂ ਦੀ ਹੁੰਦੀ ਬੇਕਦਰੀ ਨੂੰ ਵੀ ਮੁੱਦਾ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਅਰਦਾਸ ਦੇ ਮਨੁੱਖੀ ਸਰੀਰ ‘ਤੇ ਅਸਰ ਨੂੰ ਵੀ ਪਰਦੇ ‘ਤੇ ਦਰਸਾਇਆ ਗਿਆ ਹੈ। ਕੁਝ ਦਿਨ ਪਹਿਲਾਂ ਆਏ ਫ਼ਿਲਮ ਦੇ ਟ੍ਰੇਲਰ ਅਤੇ ਸੰਗੀਤ ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਦਾ ਸੰਗੀਤ ਦਿਲਜੀਤ ਸਿੰਘ ਨੇ ਤਿਆਰ ਕੀਤਾ ਹੈ। ਫ਼ਿਲਮ ਵਿਚਲੇ ਗੀਤਾਂ ਨੂੰ ਨਛੱਤਰ ਗਿੱਲ, ਲਹਿੰਬਰ ਹੁਸੈਨਪੁਰੀ, ਗੁਰਲੇਜ ਅਖ਼ਤਰ, ਹਰਸ਼ਦੀਪ ਕੌਰ, ਅਭਿਸ਼ੇਕ ਅਤੇ ਨੂਰਾ ਸਿਸਟਰਸ ਨੇ ਆਵਾਜ਼ ਦਿੱਤੀ ਹੈ। ਆਸ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਦਰਸ਼ਕਾਂ ਦੀ ਕਸਵੱਟੀ ‘ਤੇ ਖ਼ਰਾ ਉਤਰੇਗੀ। 
in News
ਸਿੱਖ ਕੌਮ ਦੇ ਮਾਣ ‘ਚ ਹੋਰ ਵਾਧਾ ਕਰੇਗੀ ਪੰਜਾਬੀ ਫ਼ਿਲਮ ‘ਕਿਰਦਾਰ ਏ ਸਰਦਾਰ’


