ਪੰਜਾਬੀ ਗਾਇਕੀ ਦੀ ਉੱਧੜੀ ਫੁਲਕਾਰੀ ‘ਤੇ ਤੋਪੇ ਲਗਾਉਂਦੀ ‘ਸਤਰੰਗੀ ਪੀਂਘ 3 ਜਿੰਦੜੀਏ’

Posted on October 4th, 2017 in Article

ਪੰਜਾਬੀ ਗਾਇਕੀ ਨੇ ਕਦੇ ਉਹ ਵੇਲਾ ਵੀ ਤੱਕਿਆ ਹੈ, ਜਿਸ ਦੇ ਸ਼ੀਸ਼ੇ ਵਿੱਚੋਂ ਪੰਜਾਬ ਦੇ ਸਾਦ-ਮੁਰਾਦੇ ਸੱਭਿਆਚਾਰ ਦਾ ਰੰਗ, ਪੁਰਾਤਨ ਸਾਜ਼ਾਂ ਦੀਆਂ ਦਿਲ ਟੁੰਬਵੀਆਂ ਆਵਾਜ਼ਾਂ ਅਤੇ ਮਨੁੱਖ ਦੇ ਜਜ਼ਬਾਤ ਝਲਕਾਰੇ ਮਾਰਦੇ ਸਨ। ਉਸ ਵੇਲੇ ਦੇ ਰੰਗ  ਹਰਭਜਨ ਮਾਨ ਅਤੇ ਗੁਰਸੇਵਕ ਮਾਨ ਦੀ ਨਵੀਂ ਐਲਬਮ ‘ਸਤਰੰਗੀ ਪੀਂਘ 3 ਜਿੰਦੜੀਏ’ ਨਾਲ ਮੁੜ ਪਰਤ ਆਏ ਹਨ।
ਅਜੋਕੇ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਸਤਰੰਗੀ ਪੀਂਘ 3 ਜਿਸ ਤਰ•ਾਂ ਦੇ ਕਵੀਸ਼ਰੀ ਦੇ ਛੰਦ, ਢੱਡ-ਸਾਰੰਗੀ ਅਤੇ ਪੰਜਾਬੀ ਵਿਰਸੇ ਨੂੰ ਪਰਨਾਏ ਗੀਤ ਲੈ ਕੇ ਗਾਇਕੀ ਦੇ ਅਸਮਾਨ ਵਿੱਚ ਚੜ•ੀ ਹੈ, ਉਸ ਨੂੰ ਮੌਜੂਦਾ ਸਮੇਂ ਪੰਜਾਬੀ ਗਾਇਕੀ ਵਿੱਚ ਇੱਕ ‘ਹਾਈ ਰਿਸਕ’ ਮੰਨਿਆ ਜਾਂਦਾ ਹੈ। ਪਰ ਸ਼ਾਇਦ ਇਹ ਪੰਜਾਬੀ ਗਾਇਕੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਇਸ ਐਲਬਮ ਦੀ ਆਮਦ ਤੋਂ ਪਹਿਲਾਂ ਸਿਰਫ ਪੰਜਾਬ ਜਾਂ ਪੱਛਮੀ ਮੁਲਕ ਹੀ ਨਹੀਂ, ਸਗੋਂ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਵੀ ਜਿਸ ਤਰ•ਾਂ ਸ੍ਰੋਤਿਆਂ ਨੇ ਇਸ ਐਲਬਮ ਨੂੰ ‘ਜੀ ਆਇਆਂ ਨੂੰ’ ਆਖਣ ਲਈ ਆਪਣੇ-ਆਪਣੇ ਪੱਧਰ ‘ਤੇ ਉਤਸ਼ਾਹ ਦਿਖਾਇਆ, ਉਹ ਸੁਖਦ ਅਹਿਸਾਸ ਕਰਵਾਉਂਦਾ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਅਸ਼ਲੀਲ ਹਰਫ਼ਾਂ ਅਤੇ ਸਾਜ਼ਾਂ ਦੇ ਸ਼ੋਰ ਦੀ ਢੋਹ ਲਗਾ ਕੇ ਸ੍ਰੋਤਿਆਂ ਦੇ ਦਿਲਾਂ ਨਾਲ ਲੰਮੇਰੇ ਰਿਸ਼ਤੇ ਕਾਇਮ ਨਹੀਂ ਕੀਤੇ ਜਾ ਸਕਦੇ, ਸਗੋਂ ਸੱਚੇ-ਸੁੱਚੇ ਗੀਤਾਂ ਅਤੇ ਪੁਰਾਤਨ ਸਾਜ਼ਾਂ ਦੀ ਉਂਗਲ ਫੜ• ਕੇ ਹੀ ਸਰੋਤਿਆਂ ਦੇ ਦਿਲਾਂ ਨਾਲ ਅਟੁੱਟ ਸਾਂਝਾਂ ਪਾਈਆਂ ਜਾ ਸਕਦੀਆਂ ਹਨ।
ਕਰੀਬ ਪੰਜ ਸਾਲ ਦੀ ਉਡੀਕ ਪਿੱਛੋਂ ਹਰਭਜਨ ਮਾਨ ਅਤੇ ਗੁਰਸੇਵਕ ਮਾਨ ਦੀ ਆਈ ਇਸ ਨਵੀਂ ਐਲਬਮ ਵਿੱਚ ਸੰਗੀਤਕਾਰ ਗੁਰਮੀਤ ਸਿੰਘ ਅਤੇ ਟਾਈਗਰ ਸਟਾਈਲ ਦੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਸੰਗੀਤਕ ਧੁਨਾਂ ਵਿੱਚ ‘ਜਿੰਦੜੀਏ’, ‘ਰੇਸ਼ਮੀ ਲਹਿੰਗੇ’, ‘ਕੱਚ ਦਾ ਖਿਲੌਣਾ’, ‘ਨੀਵੇਂ ਨੀਵੇਂ ਝੌਂਪੜੇ’, ‘ਬੂਟਾ ਮਹਿੰਦੀ ਦਾ’, ‘ਮਾਂ’, ‘ਦਰਦ 84 ਦਾ’, ਅਤੇ ‘ਪਰਛਾਵੇਂ’ ਗੀਤ ਅਤੇ ਕਵੀਸ਼ਰੀ ਦੇ ਛੰਦ ਪਰੋਏ ਹੋਏ ਹਨ।ਐਲਬਮ ਦੀਆਂ ਇਨ•ਾਂ ਅੱਠ ਰਚਨਾਵਾਂ ਨੂੰ ਸਵ. ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਅਤੇ ਬਾਬੂ ਸਿੰਘ ਮਾਨ ਨੇ ਕਲਮਬੱਧ ਕੀਤਾ ਹੈ।ਸਤਰੰਗੀ ਪੀਂਘ 3 ਹਰਭਜਨ ਮਾਨ ਦੇ ਆਪਣੇ ਰਿਕਾਰਡ ਲੇਬਲ ‘ਐੱਚ.ਐੱਮ. ਰਿਕਾਰਡਜ਼’ ਉੱਤੇ ਰਿਲੀਜ਼ ਕੀਤੀ ਗਈ ਹੈ, ਜੋ ਕਿ ਪੰਜਾਬੀ ਸੰਗੀਤ ਜਗਤ ਨੂੰ ਪੰਜਾਬ ਦੀ ਮਿੱਟੀ ਨਾਲ ਪਰਨਾਇਆ ਸੰਗੀਤ ਦੇਣ ਦੇ ਨਕਸ਼ੇ ਕਦਮ ਉੱਤੇ ਤੁਰਿਆ ਹੈ।
ਮੌਜੂਦਾ ਸਮੇਂ ਪੰਜਾਬੀ ਸੰਗੀਤ ਜਗਤ ਵਿਚਲੇ ਸਿੰਗਲ ਟਰੈਕ ਦੇ ਰੁਝਾਣ ਵਿੱਚ ਕੈਸੇਟ ਅਤੇ ਸੀ.ਡੀਜ਼ ਦਾ ਰੁਝਾਣ ਬਿਲਕੁਲ ਖ਼ਤਮ ਹੋ ਚੁੱਕਾ ਹੈ। ਬੇਸ਼ੱਕ ਸਮੇਂ ਦੇ ਨਾਲ ਤੁਰਨ ਲਈ ਤਕਨੀਕ ਦੇ ਹਾਣ ਦਾ ਹੋਣਾ ਲਾਜ਼ਮੀ ਹੈ, ਪਰ ਇਸ ਤਕਨੀਕ ਦੀ ਰਫ਼ਤਾਰ ਵਿੱਚ ਗਾਇਕ ਕਲਾਕਾਰ ਨੂੰ ਆਪਣੇ ਸਰੋਤਿਆਂ ਨਾਲ ਜਜ਼ਬਾਤੀ ਸਾਂਝ ਨੂੰ ਜਿਊਂਦਾ ਰੱਖਣਾ ਵੀ ਬਹੁਤ ਲਾਜ਼ਮੀ ਹੈ। ਗਾਇਕ ਅਤੇ ਸਰੋਤੇ ਵਿਚਲੀ ਸਾਂਝ ਦੀ ਉੱਧੜੀ ਜਾ ਰਹੀ ਫੁਲਕਾਰੀ ਨੂੰ ਤੋਪੇ ਲਾਉਣ ਲਈ ਸਤਰੰਗੀ ਪੀਂਘ 3 ‘ਜਿੰਦੜੀਏ’ ਐਲਬਮ ਵੱਖ-ਵੱਖ ਪ੍ਰਸਿੱਧ ਡਿਜ਼ੀਟਲ ਪਲੇਟਫਾਰਮ ਦੇ ਨਾਲ ਨਾਲ ਇੱਕ ਸੀ.ਡੀ. ਦੇ ਰੂਪ ਵਿੱਚ ਵੀ ਰਿਲੀਜ਼ ਕੀਤੀ ਗਈ ਹੈ।
ਸਤਰੰਗੀ ਪੀਂਘ 3 ਦੀ ਸੀ.ਡੀ. ਸਿਰਫ਼ ਸੀ.ਡੀ. ਨਹੀਂ ਹੈ, ਸਗੋਂ ਹਰਭਜਨ ਮਾਨ ਨੇ ਆਣੇ ਪ੍ਰਸੰਸਕਾਂ ਨੂੰ ਦਿੱਤੀ ਇੱਕ ਅਜਿਹੀ ਕਿਤਾਬ ਹੈ, ਜਿਸ ਵਿੱਚ ਪੰਜਾਬ ਦੀ ਮਿੱਟੀ ਦੇ ਰੰਗਾਂ ਦੇ ਨਾਲ-ਨਾਲ ਹਰਭਜਨ ਮਾਨ ਦੇ ਕਰੀਬ ਤਿੰਨ ਦਹਾਕੇ ਪੁਰਾਣੇ ਸੰਗੀਤਕ ਸਫ਼ਰ ਦਾ ਝਲਕਾਰਾ ਵੀ ਹੈ। ਐਲਬਮ ਦੀ ਸੀ.ਡੀ. ਕਵਰ ਨੂੰ ਬੜੀ ਸ਼ਿੱਦਤ ਨਾਲ ਡਿਜ਼ਾਈਨ ਕੀਤਾ ਗਿਆ ਹੈ, ਜਿਸ ਵਿੱਚੋਂ ਹਰਭਜਨ ਮਾਨ ਅਤੇ ਗੁਰਸੇਵਕ ਮਾਨ ਦੀਆਂ ਪੁਰਾਣੀਆਂ ਤਸਵੀਰਾਂ ਅਤੇ ਉਨ•ਾਂ ਦੀ ਬਾਪੂ ਪਾਰਸ ਅਤੇ ਬਾਬੂ ਸਿੰਘ ਮਾਨ ਨਾਲ ਨਿੱਘੀ ਸਾਂਝ ਦੀ ਇਬਾਰਤ ਪੜ•ਨ ਨੂੰ ਮਿਲਦੀ ਹੈ। ਹਰਭਜਨ ਮਾਨ ਦੀ ਫ਼ਿਤਰਤ ਹਮੇਸ਼ਾਂ ਜੀ-ਜਾਨ ਦੀ ਬਾਜ਼ੀ ਲਾ ਕੇ ਨਵੀਆਂ ਰਾਹਾਂ ਲੱਭਣ ਅਤੇ ਉਨ•ਾਂ ਨੂੰ ਤਰਾਸ਼ਣ ਵਾਲੀ ਰਹੀ ਹੈ, ਜਿਸ ਉੱਤੇ ਬਾਅਦ ਵਿੱਚ ਮਹਿੰਗੀਆਂ ਗੱਡੀਆਂ ਤੇਜ਼ੀ ਨਾਲ ਦੌੜਨ ਲੱਗ ਪੈਂਦੀਆਂ ਹਨ। ਇਸ ਦੌੜ ਵਿੱਚ ਗੱਡੀ ਦਾ ਡਰਾਇਵਰ ਭਾਵੇਂ ਰਾਹ ਲੱਭਣ ਅਤੇ ਤਰਾਸ਼ਣ ਵਾਲੇ ਦਾ ਨਾਮ ਚੇਤੇ ਰੱਖੇ ਜਾਂ ਨਾ ਪਰ ਇਤਿਹਾਸ ਦੇ ਵਰਕਿਆਂ ਉੱਤੇ ਸੁਨਹਿਰੀ ਅੱਖਰਾਂ ਵਿੱਚ ਉਲੀਕਿਆ ਉਹ ‘ਨਾਮ’ ਹਮੇਸ਼ਾਂ ਅਮਿੱਟ ਰਹੇਗਾ।
-ਵਿਕਰਮ  ਸੰਗਰੂਰ 98884 13836

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?