ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅਤੇ ਗਿੱਪੀ ਗਰੇਵਾਲ ਤੋਂ ਬਾਅਦ ਹੁਣ ਜੱਸੀ ਗਿੱਲ ਨੂੰ ਵੀ ਬਾਲੀਵੁੱਡ ਐਂਟਰੀ ਮਿਲ ਗਈ ਹੈ। ਜੱਸੀ ਗਿੱਲ ਛੇਤੀ ਹੀ ਹਿੰਦੀ ਫ਼ਿਲਮ ‘ਹੈਪੀ ਭਾਗ ਜਾਏਗੀ 2’ ਵਿੱਚ ਨਜ਼ਰ ਆਵੇਗਾ। ਇਸ ਫ਼ਿਲਮ ਦੀ ਸ਼ੂਟਿੰਗ ਅੱਜ ਕੱਲ• ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੱਲ ਰਹੀ ਹੈ। ਫ਼ਿਲਮ ‘ਚ ਜਿੰਮੀ ਸ਼ੇਰਗਿੱਲ, ਅਭੈ ਦਿਓਲ ਅਤੇ ਡਾਇਨਾ ਪੈਂਟੀ, ਸੋਨਾਕਸ਼ੀ ਸਿਨਹਾ ਤੋਂ ਇਲਾਵਾ ਜੱਸੀ ਗਿੱਲ ਵੀ ਅਹਿਮ ਭੂਮਿਕਾ ‘ਚ ਨਜ਼ਰ ਆਵੇਗਾ। ਕਾਬਲੇਗੌਰ ਹੈ ਨਿਰਦੇਸ਼ਕ Mudassar Aziz ਅਤੇ Aanand L Rai ਦੀ ਫ਼ਿਲਮ ‘ਹੈਪੀ ਭਾਗ ਜਾਏਗੀ’ ਨੇ ਚੰਗਾ ਬਿਜ਼ਨਸ ਕੀਤਾ ਸੀ। ਇਸ ਫ਼ਿਲਮ ਦੇ ਸੀਕੁਅਲ ‘ਚ ਹੁਣ ਪਹਿਲੇ ਕਲਾਕਾਰਾਂ ਤੋਂ ਇਲਾਵਾ ਦੋ ਹੋਰ ਨਵੇਂ ਚਿਹਰੇ ਸੋਨਾਕਸ਼ੀ ਸਿਨਹਾ ਅਤੇ ਜੱਸੀ ਗਿੱਲ ਸ਼ਾਮਲ ਕੀਤੇ ਗਏ ਹਨ।
ਜੱਸੀ ਗਿੱਲ ਦੀ ਅਦਾਕਾਰ ਵਜੋਂ ਇਹ ਪਹਿਲੀ ਹਿੰਦੀ ਫ਼ਿਲਮ ਹੋਵੇਗੀ। ਦੱਸ ਦਈਏ ਕਿ ‘ਲੈਂਸਰ’ ਗੀਤ ਨਾਲ ਸੁਰਖੀਆ ‘ਚ ਆਏ ਜੱਸੀ ਗਿੱਲ ਦੀ ਪਹਿਲੀ ਫ਼ਿਲਮ ‘ਮੁੰਡਿਆਂ ਤੋਂ ਬਚਕੇ ਰਹੀ’ ਸੀ। ਉਹ ਹੁਣ ਤੱਕ ਅੱਧੀ ਦਰਜਨ ਫ਼ਿਲਮਾਂ ‘ਚ ਕੰਮ ਕਰ ਚੁੱਕਾ ਹੈ। ਭਾਵੇ ਉਸ ਦੀ ਕਿਸੇ ਵੀ ਫ਼ਿਲਮ ਨੇ ਕੋਈ ਵੱਡਾ ਮਾਅਰਕਾ ਨਹੀਂ ਮਾਰਿਆ, ਪਰ ਫਿਰ ਵੀ ਉਸ ਕੋਲ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਲਗਾਤਾਰ ਆ ਰਹੀਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਜੱਸੀ ਗਿੱਲ ਨੇ ਇਸ ਫ਼ਿਲਮ ਲਈ ਨਿਰਮਾਤਾ ਵਜੋਂ ਸ਼ਿਲਪਾ ਸ਼ੈਟੀ ਦੀ ਪਹਿਲੀ ਫ਼ਿਲਮ ‘ਨਾਨਕ’ ਛੱਡੀ ਹੈ। ‘ਨਾਨਕ’ ਦੇ ਪਹਿਲੇ ਪੋਸਟਰ ‘ਤੇ ਹੀਰੋ ਵਜੋਂ ਜੱਸੀ ਗਿੱਲ ਦਾ ਹੀ ਨਾਂ ਸੀ, ਪਰ ਬਾਅਦ ‘ਚ ਉਸ ਫ਼ਿਲਮ ਲਈ ਜਿੰਮੀ ਸ਼ੇਰਗਿੱਲ ਨੂੰ ਕਾਸਟ ਕਰ ਲਿਆ ਗਿਆ। ਆਸ ਹੈ ਕਿ ਜੱਸੀ ਗਿੱਲ ਨੂੰ ਇਸ ਹਿੰਦੀ ਫ਼ਿਲਮ ਦਾ ਪੰਜਾਬੀ ਅਤੇ ਹਿੰਦੀ ਇੰਡਸਟਰੀ ‘ਚ ਜ਼ਰੂਰ ਫ਼ਾਇਦਾ ਮਿਲੇਗਾ।
in News
ਦਿਲਜੀਤ ਦੁਸਾਂਝ ਤੇ ਗਿੱਪੀ ਤੋਂ ਬਾਅਦ ਹੁਣ ਜੱਸੀ ਗਿੱਲ ਦੀ ਵਾਰੀ


