ਪੰਜਾਬੀ ਦੇ ਬਹੁਤੇ ਕਲਾਕਾਰ ਦੀ ਇੱਛਾ ਹੁਣ ਪੰਜਾਬ ਛੱਡ ਕੈਨੇਡਾ ਵੱਸਣ ਦੀ ਹੈ। ਉਨ•ਾਂ ਨੂੰ ਆਪਣੇ ਪਰਿਵਾਰ ਦਾ ਭਵਿੱਖ ਹੁਣ ਪੰਜਾਬ ‘ਚ ਸੁਰੱਖਿਅਤ ਨਜ਼ਰ ਨਹੀਂ ਆ ਰਿਹਾ ਹੈ। ਗੀਤ ਭਾਵੇ ਉਹ ਪੰਜਾਬੀ ਹੀ ਗਾਉਣਗੇ, ਗੀਤਾਂ ਰਾਹੀਂ ਗੱਲ ਵੀ ਪੰਜਾਬ ਦੀ ਕਰਨਗੇ, ਪਰ ਪੰਜਾਬ ‘ਚ ਵੱਸਣਗੇ ਨਹੀਂ। ਕੁਝ ਦਿਨ ਪਹਿਲਾਂ ਹੀ ਪੰਜਾਬੀ ਗਾਇਕ ਨੱਛਤਰ ਗਿੱਲ ਤੇ ਲਖਵਿੰਦਰ ਵਡਾਲੀ ਦੀ ਪੀਆਰ ਆਈ ਹੈ। ਅਜੇ 6 ਕੁ ਮਹੀਨੇ ਪਹਿਲਾਂ ਹੀ ਨਾਮਵਰ ਕਾਮੇਡੀਅਨ, ਲੇਖਕ ਤੇ ਅਦਾਕਾਰ ਰਾਣਾ ਰਣਬੀਰ ਨੇ ਆਪਣੇ ਪਰਿਵਾਰ ਸਮੇਤ ਪੱਕੇ ਤੌਰ ‘ਤੇ ਪੰਜਾਬ ਨੂੰ ਅਲਵਿਦਾ ਹੀ ਹੈ। ਉਹ ਇਸ ਵੇਲੇ ਕੈਨੇਡਾ ‘ਚ ਰਹਿ ਰਿਹਾ ਹੈ। ਜੱਸੀ ਗਿੱਲ ਦੀ ਕੈਨੇਡਾ ਦੀ ਪੀਆਰ ਆਈ ਨੂੰ ਵੀ ਕੁਝ ਮਹੀਨੇ ਹੀ ਹੋਏ ਹਨ। ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਪਿਛਲੇ ਸਾਲ ਹੀ ਆਪਣੇ ਪਰਿਵਾਰ ਸਮੇਤ ਕੈਨੇਡਾ ਜਾ ਵੱਸਿਆ ਸੀ। ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਤਾਂ ਕਈ ਸਾਲਾਂ ਤੋਂ ਕੈਨੇਡਾ ‘ਚ ਰਹਿ ਰਿਹਾ ਹੈ।
ਪੜ•ਾਈ ਲਈ ਕੈਨੈਡਾ ਗਈ ਅਦਾਕਾਰਾ ਸਿੰਮੀ ਚਾਹਲ ਭਾਵੇ ਹੁਣ ਪੰਜਾਬੀ ਫ਼ਿਲਮਾਂ ‘ਚ ਕੰਮ ਕਰਨ ਲੱਗੀ ਹੈ, ਪਰ ਉਸਦਾ ਵੀ ਦਿਲ ਪੰਜਾਬ ‘ਚ ਰਹਿਣ ਨੂੰ ਨਹੀਂ ਕਰਦਾ। ਉਹ ਵੀ ਕੈਨੇਡਾ ਹੀ ਵੱਸਣਾ ਚਾਹੁੰਦੀ ਹੈ। ਪੰਜਾਬੀ ਅਦਾਕਾਰ ਹਰੀਸ਼ ਵਰਮਾ ਉਰਫ ਜਿੱਟ ਟਿੰਕਾ ਵੀ ਕੁਝ ਮਹੀਨੇ ਪਹਿਲਾਂ ਪੰਜਾਬ ਨੂੰ ‘ਅਲਵਿਦਾ’ ਆਖ ਚੁੱਕਾ ਹੈ।
ਸਰਬਜੀਤ ਚੀਮਾ ਨੂੰ ਰੰਗਲਾ ਪੰਜਾਬ ਹੁਣ ਬਹੁਤਾ ਨਹੀਂ ਭਾਉਂਦਾ। ਉਸ ਨੇ ਵੀ ਕੈਨੇਡਾ ਨੂੰ ਪੰਜਾਬ ਬਣਾ ਲਿਆ ਹੈ। ‘ਦੇ ਲੈ ਗੈੜਾ ਨਣਾਨੇ ਗੋਰੀਏ’ ਵਾਲਾ ਬਲਬੀਰ ਬੋਪਰਾਏ ਵੀ ਕਈ ਸਾਲਾਂ ਤੋਂ ਕੈਨੇਡਾ ‘ਚ ਸੋਹਣੀ ਰੋਜੀ ਰੋਟੀ ਕਮਾ ਰਿਹਾ ਹੈ। ਵਾਰਿਸ ਭਰਾਵਾਂ ਦਾ ਭਾਵੇ ਹਰ ਸਾਲ ਪੰਜਾਬ ‘ਚ ਗੇੜਾ ਵੱਜਦਾ ਰਹਿੰਦਾ ਹੈ, ਪਰ ਉਨ•ਾਂ ਦਾ ਘਰ ਬਾਰ, ਪਰਿਵਾਰ ਸਭ ਕੈਨੇਡਾ ‘ਚ ਹੀ ਸੈੱਟ ਹੈ। ਇਹੀ ਨਹੀਂ ਹੋਰ ਵੀ ਬਹੁਤ ਸਾਰੇ ਅਜਿਹੇ ਗਾਇਕ, ਗੀਤਕਾਰ, ਸੰਗੀਤਕਾਰ ਤੇ ਅਦਾਕਾਰ ਹਨ ਜੋ ਕੈਨੇਡਾ ਸਮੇਤ ਵੱਖ ਵੱਖ ਮੁਲਕਾਂ ‘ਚ ਚੁੱਪ ਚੁਪੀਤੇ ਜਾ ਵੱਸੇ ਹਨ। ਇਸ ਵੇਲੇ ਦਰਜਨ ਦੇ ਨੇੜੇ ਅਜਿਹੇ ਪੰਜਾਬੀ ਗਾਇਕ ਹਨ, ਜਿਨ•ਾਂ ਨੇ ਕੈਨੇਡਾ, ਅਸਟ੍ਰੇਲੀਆ ਤੇ ਅਮਰੀਕਾ ਦੀ ਪੀਆਰ ਲੈਣ ਲਈ ਅਪਲਾਈ ਕੀਤਾ ਹੋਇਆ ਹੈ। ਪੰਜਾਬੀ ਸੰਗੀਤ ‘ਚ ਦਿਨੋ ਦਿਨ ਆ ਰਹੀ ਗਿਰਾਵਟ ਤੇ ਗਾਇਕਾਂ ਦਾ ਵਿਦੇਸ਼ਾਂ ਨਾਲ ਪੱਕੇ ਤੌਰ ‘ਤੇ ਪੈ ਰਿਹਾ ਮੋਹ, ਕਈ ਇਸ਼ਾਰੇ ਕਰਦਾ ਹੈ। ਗੱਲ ਸੋਚਣ ਵਾਲੀ ਹੈ।
in News
ਪੰਜਾਬੀ ਕਲਾਕਾਰ ਪੱਕੇ ਤੌਰ ‘ਤੇ ਮਾਰਨ ਲੱਗੇ ਕੈਨੇਡਾ ਉਡਾਰੀ


