ਪੰਜਾਬੀ ਫ਼ਿਲਮ ‘ਰੱਬ ਦਾ ਰੇਡੀਓ’ ਵਿੱਚ ਆਪਣੀ ਸਹਿਜ ਭਰਪੂਰ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਣ ਵਾਲਾ ਗਾਇਕ ਤੇ ਗੀਤਕਾਰ ਤਰਸੇਮ ਜੱਸੜ ਆਪਣੀ ਨਵੀਂ ਫ਼ਿਲਮ ‘ਸਰਦਾਰ ਮੁਹੰਮਦ’ ਨੂੰ ਲੈ ਕੇ ਚੁਫੇਰੇ ਚਰਚਾ ‘ਚ ਹੈ। ਇਸ ਫ਼ਿਲਮ ਨਾਲ ਉਹ ਬਤੌਰ ਨਾਇਕ ਪੰਜਾਬੀ ਸਿਨੇਮੇ ‘ਚ ਪੱਕੀ ਸਥਾਪਤ ਕਰੇਗਾ। ਕੁਝ ਦਿਨ ਪਹਿਲਾਂ ਆਏ ਫ਼ਿਲਮ ਦੇ ਟ੍ਰੇਲਰ ਨੂੰ ਵੀ ਚੁਫੇਰਿਓਂ ਖੂਬ ਹੁੰਗਾਰਾ ਮਿਲ ਰਿਹਾ ਹੈ। ਜੱਸੜ ਆਪਣੀ ਪਹਿਲੀ ਫ਼ਿਲਮ ‘ਰੱਬ ਦਾ ਰੇਡੀਓ’ ਦਾ ਨਿਰਮਾਤਾ ਵੀ ਸੀ। ਉਸ ਨੇ ਨਿਰਮਾਤਾ ਵਜੋਂ ਵੀ ਇਹ ਅਹਿਸਾਸ ਕਰਵਾਇਆ ਸੀ ਕਿ ਉਹ ਸਿਨੇਮੇ ਦੀ ਪੂਰੀ ਸਮਝ ਰੱਖਦਾ ਹੈ। 3 ਨਵੰਬਰ ਨੂੰ ਰਿਲੀਜ਼ ਹੋ ਰਹੀ ਆਪਣੀ ਅਗਲੀ ਫ਼ਿਲਮ ‘ਸਰਦਾਰ ਮੁਹੰਮਦ’ ਦੀ ਕਹਾਣੀ, ਸਕਰੀਨਪਲੇ ਤੇ ਡਾਇਲਾਗ ਵੀ ਜੱਸੜ ਨੇ ਖੁਦ ਲਿਖੇ ਹਨ। ਉਸ ਦੇ ਘਰੇਲੂ ਬੈਨਰ ‘ਵਿਹਲੀ ਜਨਤਾ ਫ਼ਿਲਮਜ਼’ ਦੇ ਬੈਨਰ ਹੇਠ ਬਣੀ ਇਹ ਫ਼ਿਲਮ ਵੀ ਉਸ ਦੀ ਪਹਿਲੀ ਫ਼ਿਲਮ ਵਾਂਗ ਲੀਕ ਤੋਂ ਹਟਵੀਂ ਇਕ ਵੱਖਰੇ ਵਿਸ਼ੇ ‘ਤੇ ਅਧਾਰਿਤ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਫ਼ਿਲਮ ਇਕ ਸੱਚੀ ਘਟਨਾ ਤੋਂ ਪ੍ਰੇਰਿਤ ਹੈ। ਫ਼ਿਲਮ ਦੀ ਟੀਮ ਮੁਤਾਬਕ ਇਸ ਫ਼ਿਲਮ ਦਾ ਵਿਸ਼ਾ ਪਹਿਚਾਣ ਨਾਲ ਜੁੜਿਆ ਹੋਇਆ ਹੈ। ਹਰ ਵਿਅਕਤੀ ਆਪਣੀ ਹੋਂਦ ਨੂੰ ਜਾਨਣਾ ਚਾਹੁੰਦਾ ਹੈ। ਇਹ ਫ਼ਿਲਮ ਇਸੇ ਤਰ•ਾਂ ਦੀ ਇਕ ਸੱਚੀ ਘਟਨਾ ਤੋਂ ਪ੍ਰੇਰਿਤ ਹੈ। ਫ਼ਿਲਮ ‘ਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੌਰਾਨ ਬੇਘਰੇ ਅਤੇ ਬੇਪਛਾਣ ਹੋਏ ਲੋਕਾਂ ਦੀ ਗੱਲ ਕੀਤੀ ਗਈ ਹੈ।

ਇਹ ਫ਼ਿਲਮ ਇਕ ਅਜਿਹੇ ਨੌਜਵਾਨ ਦੀ ਕਹਾਣੀ ਹੈ, ਜਿਸ ਨੂੰ ਦੋਹਾਂ ਮੁਲਕਾਂ ਦੀ ਵੰਡ ਦੌਰਾਨ ਇਕ ਪੁਲਿਸ ਅਫ਼ਸਰ ਨੇ ਬਚਾ ਲਿਆ ਸੀ। ਜਦੋਂ ਇਸ ਨੌਜਵਾਨ ਨੂੰ ਅਸਲ ਸੱਚਾਈ ਦਾ ਪਤਾ ਲੱਗਦਾ ਹੈ ਤਾਂ ਉਹ ਆਪਣੇ ਅਸਲ ਮਾਂ ਬਾਪ ਦੀ ਤਲਾਸ਼ ਕਰਦਾ ਹੈ। ਨਿਰਮਾਤਾ ਮਨਪ੍ਰੀਤ ਸਿੰਘ ਜੌਹਲ ਦੀ ਇਸ ਫ਼ਿਲਮ ‘ਚ ਤਰਸੇਮ ਨਾਲ ਮੈਂਡੀ ਤੱਖਰ ਨੇ ਮੁੱਖ ਭੂਮਿਕਾ ਨਿਭਾਈ ਹੈ। ਉਸ ਤੋਂ ਇਲਾਵਾ ਕਰਮਜੀਤ ਅਨਮੋਲ, ਸਰਦਾਰ ਸੋਹੀ, ਰਾਣਾ ਜੰਗ ਬਹਾਦਰ, ਨੀਟਾ ਮੁਹਿੰਦਰਾ, ਰਾਹੁਲ ਜੁਗਰਾਲ, ਮਨਜੀਤ ਸਿੰਘ, ਹਰਸ਼ਦੀਪ ਕੌਰ ਅਤੇ ਨੀਟੂ ਪੰਧੇਰ ਨੇ ਅਹਿਮ ਕਿਰਦਾਰ ਅਦਾ ਕੀਤੇ ਹਨ। ਆਸ ਕੀਤੀ ਜਾ ਰਹੀ ਹੈ ਕਿ ਲੀਕ ਤੋਂ ਹਟਵੀਂ ਇਹ ਫ਼ਿਲਮ ਤਰਸੇਮ ਜੱਸੜ ਦੇ ਫ਼ਿਲਮੀ ਕਰੀਅਰ ਨੂੰ ਇਕ ਵੱਖਰਾ ਮੁਕਾਮ ਦੇਵੇਗੀ। ਯਾਦ ਰਹੇ ਕਿ ਤਰਸੇਮ ਜੱਸੜ ਸਾਲ 2012 ‘ਚ ਬਤੌਰ ਗੀਤਕਾਰ ਤੇ ਪੇਸ਼ਕਾਰ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜਿਆ ਸੀ। ਗਾਇਕ ਵਜੋਂ ਉਸਦਾ ਪਹਿਲਾ ਗੀਤ ‘ਅੱਤਵਾਦੀ’ ਸੀ। ਪੰਜਾਬੀ ਗੀਤ ‘ਗੱਲਵੱਕੜੀ’ ਨਾਲ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਪੱਕੇ ਪੈਰੀ ਸਥਾਪਤ ਹੋਇਆ ਸੀ। ਆਪਣੀ ਨਿੱਜੀ ਮਿਊਜ਼ਿਕ ਕੰਪਨੀ ‘ਵਿਹਲੀ ਜਨਤਾ ਰਿਕਾਰਡਸ’ ਖੋਲ•ਣ ਤੋਂ ਬਾਅਦ ਉਸ ਨੇ ਫ਼ਿਲਮਾਂ ‘ਚ ਵੀ ਆਪਣੀ ਨਿੱਜੀ ਕੰਪਨੀ ‘ਵਿਹਲੀ ਜਨਤਾ ਫ਼ਿਲਮਸ’ ਦੇ ਬੈਨਰ ਹੇਠ ਸ਼ੁਰੂਆਤ ਕੀਤੀ ਹੈ।



