ਲਗਾਤਾਰ ਕਮਰਸ਼ੀਅਲ ਪੰਜਾਬੀ ਫ਼ੀਚਰ ਫ਼ਿਲਮਾਂ ਦਾ ਨਿਰਮਾਣ ਕਰ ਰਿਹਾ ‘ਵਾਈਟ ਹਿੱਲ ਸਟੂਡੀਓ’ ਇਕ ਗੰਭੀਰ ਤੇ ਸਮਾਜਿਕ ਮੁੱਦੇ ‘ਤੇ ਅਧਾਰਿਤ ਲਘੂ ਫ਼ਿਲਮ ‘ਬੋਧ’ ਦਰਸ਼ਕਾਂ ਦੀ ਝੋਲੀ ਪਾ ਕੇ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਜਾ ਰਿਹਾ ਹੈ। ਅਗਲੇ ਮਹੀਨੇ 6 ਨਵੰਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਨਿਰਮਾਣ ਗੁਨਬੀਰ ਸਿੰਘ ਸਿੱਧੂ ਅਤੇ ਮਨਮੋੜ ਸਿੰਘ ਸਿੱਧੂ ਦੀ ਜੋੜੀ ਨੇ ਕੀਤਾ ਹੈ। ਨਿਰਦੇਸ਼ਕ ਸੋਰਾਭ ਸੰਧੂ ਦੀ ਇਸ ਫ਼ਿਲਮ ‘ਚ ਨਾਮਵਰ ਅਦਾਕਾਰ ਮਾਨਵ ਵਿੱਜ ਨੇ ਅਹਿਮ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਜਾਤ ਪਾਤ ‘ਤੇ ਕਰਾਰੀ ਚੋਟ ਕਰਦੀ ਹੋਈ ਜਾਤ ਤੋਂ ਉਪਰ ਉਠ ਕੇ ਇਨਸਾਨੀ ਦਾ ਹੋਕਾ ਦਿੰਦੀ ਹੈ। ਇਹ ਫ਼ਿਲਮ ਇਹ ਸੁਨੇਹਾ ਦਿੰਦੀ ਹੈ ਕਿ ਇਨਸਾਨ ਆਪਣੇ ਕਰਮਾਂ ਨਾਲ ਵੱਡਾ ਛੋਟਾ ਹੁੰਦਾ ਹੈ ਜਾਤ ਨਾਲ ਨਹੀਂ। ਫ਼ਿਲਮ ‘ਚ ਦਿਖਾਇਆ ਗਿਆ ਹੈ ਕਿ ਹਰ ਇਨਸਾਨ ਦੀ ਕਦਰ ਕਰਨੀ ਚਾਹੀਦੀ ਹੈ, ਚਾਹੇ ਉਹ ਕੋਈ ਵੀ ਇਨਸਾਨ ਹੈ। ਇਹ ਫ਼ਿਲਮ ਸੁਸ਼ੀਲ ਨਾਂ ਦੇ ਵਿਅਕਤੀ ਦੁਆਲੇ ਘੁੰਮਦੀ ਹੈ, ਜੋ ਪਿੰਡ ਦਾ ਇਕ ਸਧਾਰਨ ਜਿਹਾ ਮੁੰਡਾ ਹੈ। ਅਣਥੱਕ ਮਿਹਨਤ ਨਾਲ ਉਹ ਡਿਪਟੀ ਕਮਿਸ਼ਨਰ ਬਣ ਜਾਂਦਾ ਹੈ। ਉੱਚ ਅਹੁਦੇ ‘ਤੇ ਪਹੁੰਚਣ ਦੇ ਬਾਵਜੂਦ ਉਸ ਅੰਦਰੋਂ ਕੰਪਲੈਕਸ ਨਹੀਂ ਜਾਂਦਾ।
ਫ਼ਿਲਮ ‘ਚ ਬਹੁਤ ਸਾਰੀਆਂ ਚੀਜ਼ਾਂ ਡਰਾਮੈਟਿਕ ਢੰਗ ਨਾਲ ਸਮਝਾਈਆਂ ਗਈਆਂ ਹਨ। ਫ਼ਿਲਮ ਦੀ ਭਾਸ਼ਾ ਹਿੰਦੀ ਹੈ, ਪਰ ਇਹ ਫ਼ਿਲਮ ਸੁਮੱਚੇ ਦੇਸ਼ ਅਤੇ ਹਰ ਜ਼ੁਬਾਨ ਦੀ ਹੈ। ਇਹ ਫ਼ਿਲਮ ਦਲਿਤ ਭਾਈਚਾਰੇ ਹੁੰਦੀਆਂ ਵਧੀਕੀਆਂ ਦੀ ਗੱਲ ਕਰਦੀ ਹੋਈ, ਮਨੁੱਖਤਾ ਦੀ ਭਾਤ ਪਾਉਂਦੀ ਹੈ, ਸਰਬੱਤ ਦੇ ਭਲੇ ਦੀ ਖ਼ੈਰ ਮੰਗਦੀ ਹੈ। ਇਸ ਫ਼ਿਲਮ ਨੂੰ ਦੁਨੀਆਂ ਭਰ ਦੇ ਫ਼ਿਲਮ ਮੇਲਿਆਂ ‘ਚ ਭੇਜਿਆ ਜਾਵੇਗਾ, ਇਸ ਦੇ ਨਾਲ ਹੀ ਦੁਨੀਆਂ ਭਰ ‘ਚ ਇਸ ਦੀਆਂ ਵਿਸ਼ੇਸ਼ ਸਕਰੀਨਿੰਗਾਂ ਵੀ ਕਰਵਾਈਆਂ ਜਾਣਗੀਆਂ।
in News
ਜਾਤੀਵਾਦ ‘ਤੇ ਕਟਕਾਸ਼ ਕਰੇਗੀ ‘ਬੋਧ’, 6 ਨਵੰਬਰ ਨੂੰ ਹੋਵੇਗੀ ਰਿਲੀਜ਼
