ਦ੍ਰਿਸ਼ਟੀ ਗਰੇਵਾਲ ਪੰਜਾਬੀ ਤੇ ਹਿੰਦੀ ਫ਼ਿਲਮ ਜਗਤ ਦੀ ਉਹ ਅਦਾਕਾਰਾ ਹੈ, ਜੋ ਪਿਛਲੇ ਕਈ ਸਾਲਾਂ ਤੋਂ ”ਇਕ ਪੈਰ ਘੱਟ ਤੁਰਨਾ, ਪਰ ਤੁਰਨਾ ਮੜ•ਕ ਦੇ ਨਾਲ” ਅਖਾਣ ‘ਤੇ ਪਹਿਰਾ ਦੇ ਰਹੀ ਹੈ। ਅਮਨ ਗਰੇਵਾਲ ਤੋਂ ਦ੍ਰਿਸ਼ਟੀ ਗਰੇਵਾਲ ਬਣੀ ਇਸ ਮੁਟਿਆਰ ਨੇ ਆਪਣੇ ਵੀ ਸੁਪਨੇ ਮਰਨ ਨਹੀਂ ਦਿੱਤੇ ਤੇ ਮਾਪਿਆਂ ਦੀ ਖਵਾਇਸ਼ ਵੀ ਅਧੂਰੀ ਨਹੀਂ ਛੱਡੀ। ਪਹਿਲਾਂ ਪਿਤਾ ਦਾ ਸੁਪਨਾ ਪੂਰਾ ਕਰਦਿਆਂ ਬੈਂਕ ‘ਚ ਨੌਕਰੀ ਕੀਤੀ ਅਤੇ ਫਿਰ ਮਾਂ ਦਾ ਸੁਪਨਾ ਸਾਕਾਰ ਕਰਦਿਆਂ ਲਗਾਤਾਰ ਪੰਜ ਸਾਲ ਏਅਰ ਹੋਸਟਸ ਦੀ ਨੌਕਰੀ ਕੀਤੀ। ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਤੇ ਹਿੰਦੀ ਫ਼ਿਲਮ ਜਗਤ ‘ਚ ਸਰਗਰਮ ਦ੍ਰਿਸ਼ਟੀ ਅੱਜ ਕੱਲ• ਆਪਣੀ ਫ਼ਿਲਮ ‘ਹਾਰਡ ਕੌਰ’ ਨੂੰ ਲੈ ਕੇ ਸਰਗਰਮ ਹੈ। ਔਰਤਾਂ ਦੀ ਜ਼ਿੰਦਗੀ ‘ਤੇ ਅਧਾਰਿਤ ਇਸ ਫ਼ਿਲਮ ‘ਚ ਉਸ ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ‘ਚ ਲਗਭਗ ਸਾਰੀਆਂ ਔਰਤਾਂ ਹੀ ਨਜ਼ਰ ਆਉਂਣਗੀਆਂ।
ਨਿਰਦੇਸ਼ਕ ਅਜੀਤ ਰਾਜਪਾਲ ਦੀ ਨਿਰਦੇਸ਼ਤ ਇਹ ਫ਼ਿਲਮ 5 ਦਸੰਬਰ ਨੂੰ ਪਰਦਾਪੇਸ਼ ਹੋਵੇਗੀ। ਦ੍ਰਿਸ਼ਟੀ ਦੱਸਦੀ ਹੈ ਕਿ ਇਹ ਫ਼ਿਲਮ ਔਰਤਾਂ ਦੀ ਕਹਾਣੀ ਹੈ, ਜਿਸ ਨੂੰ ਪੰਜ ਔਰਤਾਂ ਦੇ ਕਿਰਦਾਰਾਂ ਦੇ ਜ਼ਰੀਏ ਪੇਸ਼ ਕੀਤਾ ਗਿਆ ਹੈ। ਫ਼ਿਲਮ ‘ਚ ਉਸ ਨਾਲ ਮੰਝੀ ਹੋਈ ਅਦਾਕਾਰਾ ਨਿਰਮਲ ਰਿਸ਼ੀ ਸਮੇਤ ਦੀਨਾ ਉਪਲ, ਨੀਤ ਕੌਰ, ਸ਼ਵਾਤੀ ਬਖ਼ਸੀ ਤੇ ਰੀਤਇੰਦਰ ਕੌਰ ਅਹਿਮ ਭੂਮਿਕਾ ਅਦਾ ਕੀਤੀ ਹੈ। ਦ੍ਰਿਸ਼ਟੀ ਮੁਤਾਬਕ ਪੰਜਾਬੀ ਸਿਨੇਮੇ ‘ਚ ਭਾਵੇ ਔਰਤ ‘ਤੇ ਅਧਾਰਿਤ ਫ਼ਿਲਮਾਂ ਲਈ ਕੋਈ ਬਹੁਤੀ ਜਗ•ਾ ਨਹੀਂ ਹੈ, ਪਰ ਇਹ ਫ਼ਿਲਮ ਪੰਜਾਬੀ ਸਿਨੇਮੇ ‘ਚ ਇਕ ਨਵੀਂ ਲਹਿਰ ਪੈਦਾ ਕਰ ਸਕਦੀ ਹੈ। ਅਕਸਰ ਸਿਨੇਮੇ ਔਰਤਾਂ ਦੀ ਗੱਲ ਕਰਨ ਤੋਂ ਕੁਤਰਾਉਂਦਾ ਹੈ, ਪਰ ਇਹ ਫ਼ਿਲਮ ਔਰਤ ਦੇ ਅੰਦਰੂਨੀ ਤੇ ਬਾਹਰੀ ਹਾਲਤਾਂ ਨੂੰ ਪਰਦੇ ‘ਤੇ ਲਿਆਵੇਗੀ।

ਉਹ ਦੱਸਦੀ ਹੈ ਕਿ ਪੰਜਾਬੀ ਦੀ ਇਹ ਉਸਦੀ ਤੀਜੀ ਪੰਜਵੀਂ ਫ਼ਿਲਮ ਹੈ। ਉਸਦੀ ਸ਼ੁਰੂਆਤ ਨਿਰਦੇਸ਼ਕ ਨਵਨੀਅਤ ਸਿੰਘ ਦੀ ਫ਼ਿਲਮ ‘ਰੋਮੀਓਂ ਰਾਂਝਾ’ ਤੋਂ ਹੋਈ ਸੀ। ਪੰਜਾਬੀ ਫ਼ਿਲਮ ‘ਮਿੱਟੀ ਨਾ ਫ਼ਰੋਲ ਜੋਗੀਆ’ ਨੇ ਉਸ ਨੂੰ ਪਹਿਚਾਣ ਦਿੱਤੀ। ਨਿਰਦੇਸ਼ਕ ਅਵਤਾਰ ਸਿੰਘ ਦੀ ਇਸ ਫ਼ਿਲਮ ‘ਚ ਉਸ ਵੱਲੋਂ ਨਿਭਾਈ ਦੋਹਰੀ ਭੂਮਿਕਾ ਨੇ ਉਸਦੀ ਮੰਝੀ ਹੋਈ ਅਦਾਕਾਰਾ ਹੋਣ ਦਾ ਸਬੂਤ ਦਿੱਤਾ। ਉਸਦੀ ਦੋ ਫ਼ਿਲਮਾਂ ‘ਡੌਂਟ ਵਰੀ ਯਾਰਾ’ ਅਤੇ ‘ ਕਾਲਜੀਏਟ’ ਕਿਸੇ ਕਾਰਨ ਅਜੇ ਤੱਕ ਰਿਲੀਜ਼ ਨਹੀਂ ਹੋ ਸਕੀਆਂ। ਦ੍ਰਿਸ਼ਟੀ ਮੁਤਾਬਕ ਉਹ ਆਪਣੇ ਮੁਕਾਮ ਤੋਂ ਖੁਸ਼ ਹੈ। ਉਹ ਹਮੇਸ਼ਾ ਸੰਜੀਦਾ ਫ਼ਿਲਮਾਂ ਦੇ ਇਤਜ਼ਾਰ ‘ਚ ਰਹਿੰਦੀ ਹੈ। ਉਸ ਦੀ ਇੱਛਾ ਹੈ ਕਿ ਉਹ ਗਲੈਮਰ ਹੀਰੋਇਨ ਦੀ ਥਾਂ ‘ਤੇ ਇਕ ਸੰਜੀਦਾ ਅਦਾਕਾਰਾ ਵਜੋਂ ਪਹਿਚਾਣੀ ਜਾਵੇ। ਦ੍ਰਿਸ਼ਟੀ ਮੁਤਾਬਕ ਹੁਣ ਉਸ ਦੀ ਕਈ ਵਰਿ•ਆਂ ਦੀ ਮਿਹਨਤ ਰੰਗ ਲਿਆਉਣ ਲੱਗੀ ਹੈ। ਉਹ ਹਮੇਸ਼ਾ ਚਾਹੁੰਦੀ ਸੀ ਕਿ ਉਹ ਸਾਰਥਿਕ ਫ਼ਿਲਮਾਂ ਦਾ ਹਿੱਸਾ ਬਣੇ। ਸਕੂਲ ਤੇ ਕਾਲਜ ਸਮੇਂ ਦੌਰਾਨ ਵੀ ਉਹ ਥੀਏਟਰ ਕਰਦਿਆਂ ਹਮੇਸ਼ਾ ਸੰਜੀਦਾ ਕਿਰਦਾਰ ਹੀ ਨਿਭਾਉਂਦੀ ਰਹੀ ਹੈ। ਉਸਦਾ ਕਹਿਣਾ ਹੈ ਕਿ ਉਹ ਹਰ ਤਰ•ਾਂ ਦੇ ਕਿਰਦਾਰ ਨੂੰ ਇਕ ਚੁਣੌਤੀ ਵਾਂਗ ਨਿਭਾਉਂਦੀ ਹੈ। ਭਵਿੱਖ ‘ਚ ਵੀ ਉਹ ਹਰ ਕਿਸਮ ਦਾ ਕਿਰਦਾਰ ਨਿਭਾਉਣ ਲਈ ਤਿਆਰ ਹੈ। ਸਿਨੇਮੇ ਦੇ ਨਾਲ ਨਾਲ ਹੁਣ ਉਹ ਟੈਲੀਵਿਜ਼ਨ ‘ਚ ਵੀ ਸਰਗਰਮ ਹੈ। ਇਕ ਨਾਮਵਰ ਪੰਜਾਬੀ ਟੀਵੀ ਚੈਨਲ ‘ਤੇ ਪ੍ਰਸਾਰਿਤ ਹੋਇਆ ਉਸਦਾ ਸ਼ੋਅ ‘ਅਪਨੇ ਬੰਦੇ’ ਟੀਆਰਪੀ ਦੇ ਮਾਮਲੇ ‘ਚ ਕਈ ਨਾਮੀਂ ਚੈਨਲਾਂ ਦੇ ਸ਼ੋਅਜ਼ ਨੂੰ ਪਛਾੜ ਚੁੱਕਾ ਹੈ। ਹਿੰਦੀ ਸਿਨੇਮੇ ‘ਚ ਭਾਵੇ ਉਸ ਦੀ ਹੁਣ ਤੱਕ ਕੋਈ ਖਾਸ ਪ੍ਰਾਪਤੀ ਨਹੀਂ ਹੈ, ਪਰ ਉਹ ਛੇਤੀ ਹੀ ਇਕ ਵੱਡੀ ਹਿੰਦੀ ਫ਼ਿਲਮ ‘ਚ ਮਨੋਜ ਵਾਜਪਾਈ ਨਾਲ ਮੁੱਖ ਭੂÎਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਸ ਫ਼ਿਲਮ ਨੂੰ ਉਹ ਆਪਣੀ ਮਿਹਨਤ, ਸਬਰ ਤੇ ਕਲਾ ਦਾ ਨਤੀਜਾ ਮੰਨਦੀ ਹੈ।
ਉਸ ਮੁਤਾਬਕ ਉਹ ਜਿਸ ਮੁਕਾਮ ‘ਤੇ ਪਹੁੰਚਾਉਣਾ ਚਾਹੁੰਦੀ ਹੈ, ਉਸ ਤੱਕ ਪਹੁੰਚਣ ਲਈ ਉਹ ਲਗਾਤਾਰ ਸਫ਼ਰ ਕਰ ਰਹੀ ਹੈ। ਛੋਟੀਆਂ ਛੋਟੀਆਂ ਪ੍ਰਾਪਤੀਆਂ ਉਸਦਾ ਹੌਂਸਲਾ ਬੁਲੰਦ ਕਰ ਰਹੀਆਂ ਹਨ।
ਸਪਨ ਮਨਚੰਦਾ
95016 33900


