ਨਸ਼ੇ ਦੀ ਦਲਦਲ ‘ਚ ਫ਼ਸਿਆਂ ਲਈ ਰਾਹ ਦੁਸੇਰਾ ਬਣ ਸਕਦੀ ਹੈ ‘ਡਾਕੂਆਂ ਦਾ ਮੁੰਡਾ’

Posted on November 26th, 2017 in Fivewood Special

ਨੌਜਵਾਨਾਂ ਲਈ ਰਾਹ ਦੁਸੇਰਾ ਮਿੰਟੂ ਗੁਰੂਸਰੀਆ ਦੇ ਅਤੀਤ ‘ਤੇ ਫ਼ਿਲਮ ‘ਡਾਕੂਆਂ ਦਾ ਮੁੰਡਾ’ ਬਣਨ ਜਾ ਰਹੀ ਹੈ। ਇਹ ਉਹੀ ਮਿੰਟੂ ਗੁਰੂਸੁਰੀਆ ਹੈ ਜਿਹੜਾ ਕਦੇ ਨਸ਼ੇ ‘ਚ ਗਲਤਾਨ ਰਹਿੰਦਾ ਸੀ। ਨਸ਼ੇ ਦੀ ਲਤ ਪੂਰੀ ਕਰਨ ਲਈ ਨਿੱਕੀਆਂ ਮੋਟੀਆਂ ਚੋਰੀਆਂ ਕਰਦਾ। ਲੜਾਈ, ਝਗੜੇ ਤੇ ਜੇਲ• ਉਸਦੀ ਜ਼ਿੰਦਗੀ ਦਾ ਅਹਿਮ ਹਿੱਸਾ ਸਨ। ਪਰ ਉਸਨੇ ਆਪਣੀ ਇੱਛਾ ਸ਼ਕਤੀ ਦੇ ਸਿਰ ‘ਤੇ ਇਸ ਨਰਕ ‘ਚੋਂ ਬਾਹਰ ਆ ਕੇ ਹੋਰਾਂ ਲਈ ਇਕ ਮਿਸਾਲ ਪੈਦਾ ਕੀਤੀ। ਹੁਣ ਉਹ ਪੰਜਾਬੀ ਦਾ ਸਰਗਰਮ ਲੇਖਕ, ਪੱਤਰਕਾਰ ਹੈ। ਉਸ ਨੇ ਆਪਣੇ ਇਸ ਸਫ਼ਰ ਨੂੰ ਜੀਵਨੀ ਦੇ ਰੂਪ ‘ਚ ‘ਡਾਕੂਆਂ ਦਾ ਮੁੰਡਾ’ ਨਾਂ ਦੀ ਕਿਤਾਬ ‘ਚ ਕਲਮਬੱਧ ਕੀਤਾ ਹੈ। ਇਹ ਫ਼ਿਲਮ ਉਸੇ ਕਿਤਾਬ ‘ਤੇ ਅਧਾਰਿਤ ਹੋਵੇਗੀ। ਉਮੀਦ ਕੀਤੀ ਜਾ ਸਕਦੀ ਹੈ ਕਿ ਮਿੰਟੂ ਦੇ ਇਸ ਸਫ਼ਰ ਤੋਂ ਪੰਜਾਬ ਦੇ ਉਹ ਨੌਜਵਾਨ ਜ਼ਰੂਰ ਸੇਧ ਲੈਣਗੇ, ਜਿਨ•ਾਂ ਦੇ ਹੱਡਾਂ ‘ਚ ਨਸ਼ਾ ਰਚ ਚੁੱਕਾ ਹੈ, ਜਿਨ•ਾਂ ਨੂੰ ਲੱਗਦਾ ਹੈ ਕਿ ਉਹ ਇਸ ਨਰਕ ‘ਚੋਂ ਕਦੇ ਬਾਹਰ ਨਹੀਂ ਆ ਸਕਦੇ। ਫ਼ਿਲਮ ਦੀ ਸ਼ੂਟਿੰਗ ਛੇਤੀ ਸ਼ੁਰੂ ਹੋ ਰਹੀ ਹੈ, ਪਰ ਇਹ ਫ਼ਿਲਮ 7 ਸਤੰਬਰ ਨੂੰ ਦੇਖਣ ਨੂੰ ਮਿਲੇਗੀ। ਇਹ ਫ਼ਿਲਮ ਫ਼ਿਲਮ ਦੀ ਟੀਮ ਲਈ ‘ਨਾਲੇ ਪੁੰਨ ਤੇ ਨਾਲੇ ਫ਼ਲੀਆ’ ਦਾ ਕੰਮ ਕਰ ਸਕਦੀ ਹੈ। ਭਾਵ ਇਕ ਕਮਰਸ਼ੀਅਲ ਸਫ਼ਲਤਾ ਹਾਸਲ ਕਰਨ ਦੇ ਨਾਲ ਨਾਲ ਨੌਜਵਾਨਾਂ ਨੂੰ ਰਾਹੇ ਵੀ ਪਾ ਸਕਦੀ ਹੈ। ਫ਼ਿਲਮ ਦਾ ਨਿਰਦੇਸ਼ਕ ਮਨਦੀਪ ਬੈਨੀਪਾਲ ਹੈ। ਮਨਦੀਪ ਇਸ ਤੋਂ ਪਹਿਲਾਂ ਸਾਡਾ ਹੱਕ, ਯੋਧਾ ਤੇ ਏਕਮ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕਾ ਹੈ। ਰੁਪਿੰਦਰ ਗਾਂਧੀ ਤੇ ਰੁਪਿੰਦਰ ਗਾਂਧੀ 2 ਫ਼ਿਲਮਾਂ ਦਾ ਨਿਰਮਾਣ ਕਰ ਚੁੱਕ ‘ਡ੍ਰੀਮ ਰਿਆਲਟੀ’ ਦੀ ਟੀਮ ਵੱਲੋਂ ਹੀ ਇਸ ਫ਼ਿਲਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਨਾਮੀਂ ਫ਼ਿਲਮ ਵਿਤਰਕ ਮੁਨੀਸ਼ ਸਾਹਨੀ ਇਸ ਫ਼ਿਲਮ ਨੂੰ ‘ਓਮ ਜੀ ਗੁਰੱਪ’ ਦੇ ਬੈਨਰ ਥੱਲੇ ਰਿਲੀਜ਼ ਕਰਨਗੇ।

ਸ਼ਾਇਦ ਇਹ ਬਹੁਤ ਘੱਟ ਵਾਰ, ਖਾਸ ਕਰਕੇ ਪੰਜਾਬੀ ‘ਚ ਦੇਖਣ ਨੂੰ ਮਿਲਿਆ ਹੈ ਕਿ ਕਿਸੇ ਜ਼ਿੰਦਾ ਵਿਅਕਤੀ ਦੀ ਜ਼ਿੰਦਗੀ ‘ਤੇ ਕੋਈ ਫ਼ਿਲਮ ਬਣ ਰਹੀ ਹੋਵੇ। ਅਜਿਹੇ ‘ਚ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਕਲਾਕਾਰ ਨੂੰ ਕਾਫ਼ੀ ਸੌਖ ਵੀ ਹੁੰਦੀ ਹੈ ਤੇ ਫ਼ਿਲਮ ਨੂੰ ਯਥਾਰਥ ਪੱਖ ਤੋਂ ਵੀ ਕਾਫ਼ੀ ਸਫ਼ਲਤਾ ਮਿਲਦੀ ਹੈ। ਇਸ ਫ਼ਿਲਮ ‘ਚ ਮਿੰਟੂ ਦੀ ਭੂਮਿਕਾ ‘ਚ ਦੇਵ ਖਰੌੜ ਨਜ਼ਰ ਆਵੇਗਾ। ਦੇਵ ਮੰਝਿਆ ਹੋਇਆ ਅਦਾਕਾਰ ਹੈ। ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਰੰਗਮੰਚ, ਟੈਲੀਵਿਜ਼ਨ ਤੇ ਸਿਨੇਮਾ ‘ਚ ਸਰਗਰਮ ਹੈ। ਰੁਪਿੰਦਰ ਗਾਂਧੀ ਫ਼ਿਲਮ ਨੇ ਉਸ ਨੂੰ ਪੰਜਾਬੀ ਦੇ ਨਾਮੀਂ ਅਦਾਕਾਰਾਂ ਦੀ ਕਤਾਰ ‘ਚ ਖੜ•ਾ ਕੀਤਾ ਹੈ। ਅੱਜ ਕੱਲ• ਉਹ ਮਿੰਟੂ ਦਾ ਕਿਰਦਾਰ ਨਿਭਾਉਣ ਲਈ ਮਾਨਸਿਕ ਤੇ ਸਰੀਰਿਕ ਤੌਰ ‘ਤੇ ਤਿਆਰੀ ਕਰ ਰਿਹਾ ਹੈ। ਇਹ ਸ਼ਾਇਦ ਦੇਵ ਦੇ ਹਿੱਸੇ ਹੀ ਆਇਆ ਹੈ ਕਿ ਉਸ ਨੂੰ ਇਕ ਵਾਰ ਫਿਰ ਤੋਂ ਕਿਸੇ ਬਾਇਓਪਿਕ ਫ਼ਿਲਮ ‘ਚ ‘ਨਾਇਕ’ ਦੀ ਭੂਮਿਕਾ ਨਿਭਾਉਣ ਦਾ ਸੁਭਾਗ ਹਾਸਲ ਹੋਇਆ ਹੈ। ਆਸ ਹੀ ਨਹੀਂ ਪੂਰਨ ਯਕੀਨ ਹੈ ਕਿ ਉਹ ਆਪਣੇ ਕਿਰਦਾਰ ਨਾਲ ਪੂਰਾ ਇਨਸਾਫ਼ ਕਰੇਗਾ।

ਫ਼ਿਲਮ ਦੇ ਬਾਕੀ ਕਲਾਕਾਰਾਂ ਦੀ ਚੋਣ ਅਜੇ ਬਾਕੀ ਹੈ, ਪਰ ਸੁਖਦੀਪ ਸੁੱਖ ਤੇ ਜਗਜੀਤ ਸੰਧੂ ਇਸ ਫ਼ਿਲਮ ਦੇ ਅਹਿਮ ਪਾਤਰ ਹਨ। ਇਹ ਦੋਵੇਂ ਜਣੇ ਇਸ ਤੋਂ ਪਹਿਲਾਂ ਵੀ ਦੇਵ ਨਾਲ ਰੁਪਿੰਦਰ ਗਾਂਧੀ 2 ‘ਚ ਨਜ਼ਰ ਆ ਚੁੱਕੇ ਹਨ। ਸੁਖਦੀਪ ਸੁੱਖ ਇਕ ਵਾਰ ਫਿਰ ਤੋਂ ਦੇਵ ਖਰੋੜ ਦੇ ਭਰਾ ਦੀ ਭੂਮਿਕਾ ‘ਚ ਨਜ਼ਰ ਆਵੇਗਾ, ਭਾਵ ਉਹ ਮਿੰਟੂ ਗੁਰੂਸਰੀਏ ਦੇ ਭਰਾ ਦੇ ਕਿਰਦਾਰ ‘ਚ ਨਜ਼ਰ ਆਵੇਗਾ। ਸੁਖਦੀਪ ਇਸ ਤੋਂ ਪਹਿਲਾਂ ਪੰਜਾਬੀ ਫ਼ਿਲਮ ‘ਕੌਮ ਦੇ ਹੀਰੇ’ ਵਿੱਚ ਕੰਮ ਕਰ ਚੁੱਕਿਆ ਹੈ। ਬਤੌਰ ਨਾਇਕ ਉਸ ਦੀ ਫ਼ਿਲਮ ‘ਸਾਡੇ ਆਲੇ’ ਵੀ ਛੇਤੀ ਰਿਲੀਜ਼ ਹੋ ਰਹੀ ਹੈ। ਜਗਜੀਤ ਸੰਧੂ ਨੇ ਪੰਜਾਬੀ ਸਿਨੇਮੇ ‘ਚ ਆਪਣੀ ਪਹਿਚਾਣ ਤੇਜ਼ੀ ਨਾਲ ਸਥਾਪਤ ਕੀਤੀ ਹੈ। ਚਾਹੇ ਉਹ ਫ਼ਿਲਮ ਕਿੱਸਾ ਪੰਜਾਬ ਹੋਵੇ, ਰੱਬ ਦਾ ਰੇਡੀਓ ਜਾਂ ਫਿਰ ਰੁਪਿੰਦਰ ਗਾਂਧੀ 1 ਤੇ 2, ਹਰ ਫ਼ਿਲਮ ‘ਚ ਉਸਨੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ।

ਇਹ ਇਸ ਗੱਲੋਂ ਸ਼ੁਭ ਸ਼ਗਨ ਕਹੀ ਜਾ ਸਕਦੀ ਹੈ ਕਿ ਖ਼ਬਰੇ ਇਸ ਫ਼ਿਲਮ ਤੋਂ ਸੇਧ ਲੈ ਕੇ ਹੋਰ ਫ਼ਿਲਮਸਾਜ਼ ਵੀ ਮੁੰਬਈਆ ਫਾਰਮੂਲਿਆ ਨੂੰ ਛੱਡ ਕੇ ਪੰਜਾਬੀ ਫ਼ਿਲਮ ਲਈ ਪੰਜਾਬੀ ਖ਼ਾਕੇ ‘ਚੋਂ ਹੀ ਵਿਸ਼ੇ ਚੁਣਨ। ਪੰਜਾਬੀ ਦਰਸ਼ਕ ਲਈ ਪੰਜਾਬੀ ‘ਚ ਹੀ ਬਹੁਤ ਕੁਝ ਅਜਿਹਾ ਪਿਆ ਹੈ, ਜੋ ਫ਼ਿਲਮ ਦੇ ਰੂਪ ‘ਚ ਸਾਹਮਣੇ ਲਿਆਂਦਾ ਜਾ ਸਕਦਾ ਹੈ।

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?