‘ਪੋਰਸ’ ਸੀਰੀਅਲ ਨਾਲ ਟੈਲੀਵਿਜ਼ਨ ਜਗਤ ‘ਚ ਛਾਇਆ ਅਮਨ ਧਾਲੀਵਾਲ

Posted on December 4th, 2017 in Article

ਪੰਜਾਬੀ ਫ਼ਿਲਮ ਅਦਾਕਾਰ ਅਮਨ ਧਾਲੀਵਾਲ ਅੱਜ ਕੱਲ• ਛੋਟੇ ਪਰਦੇ ਯਾਨੀਕਿ ਟੈਲੀਵਿਜ਼ਨ ‘ਤੇ ਛਾਇਆ ਹੋਇਆ ਹੈ। ਉਹ ਸੋਨੀ ਟੀਵੀ ‘ਤੇ ਸ਼ੁਰੂ ਹੋਏ ਬਹੁ ਕਰੋੜੀ ਇਤਿਹਾਸਕ ਹਿੰਦੀ ਸੀਰੀਅਲ ‘ਪੋਰਸ’ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ‘ਵਿਰਸਾ’, ‘ਇੱਕ ਕੁੜੀ ਪੰਜਾਬ ਦੀ’, ‘ਅੱਜ ਦੇ ਰਾਂਝੇ’, ‘ਸਾਕਾ’ ਤੇ ‘ਪੁੱਤ ਜੱਟਾਂ ਦੇ-ਜੱਟ ਬੁਆਏਜ਼’ ਵਰਗੀਆਂ ਚਰਚਿਤ ਫ਼ਿਲਮਾਂ ਵਿੱਚ ਮੋਹਰੀ ਭੂਮਿਕਾਵਾਂ ਨਿਭਾਉਣ ਵਾਲਾ ਅਮਨ ਇਸ ਸੀਰੀਅਲ ‘ਚ ਸ਼ਿਵ ਦੱਤ ਦੀ ਭੂਮਿਕਾ ਨਿਭਾ ਰਿਹਾ ਹੈ।
ਉਸ ਨੇ ਦੱਸਿਆ ਕਿ ਪੰਜਾਬੀ ਫ਼ਿਲਮਾਂ ਵਿੱਚ ਲਗਾਤਾਰ ਸਰਗਰਮ ਰਹਿਣ ਦੇ ਨਾਲ ਹੀ ਕੌਮਾਂਤਰੀ ਪੱਧਰ ‘ਤੇ ਪਛਾਣ ਰੱਖਣ ਵਾਲੇ ਸੋਨੀ ਟੀ ਵੀ ਲਈ ਬਣਨ ਵਾਲੇ ਲੜੀਵਾਰ ‘ਪੋਰਸ’ ਵਿੱਚ ਕੰਮ ਕਰਨ ਦਾ ਮੌਕਾ ਉਸ ਨੇ ਹੱਥੋਂ ਨਹੀਂ ਗੁਆਇਆ। ਉਸ ਦਾ ਕਹਿਣਾ ਹੈ ਕਿ ਇਸ ਲੜੀਵਾਰ ਦੀ ਕਹਾਣੀ ਨੇ ਉਸ ਨੂੰ ਪੰਜਾਬੀ ਹੋਣ ਕਰਕੇ ਵਧੇਰੇ ਆਕਰਸ਼ਿਤ ਕੀਤਾ ਕਿਉਂਕਿ ਇਹ ਲੜੀਵਾਰ ਪੁਰਾਤਨ ਪੰਜਾਬ ਦੇ ਜੇਹਲਮ ਅਤੇ ਚਨਾਬ ਦਰਿਆਵਾਂ ਵਿਚਕਾਰਲੇ ਪੌਰਵ ਰਾਜ ਦੀ ਗਾਥਾ ਹੈ। ਜੋ ਬਾਅਦ ਵਿੱਚ ਸਪਤ ਸਿੰਧੂ ਬਣਿਆ ਅਤੇ ਸਦੀਆਂ ਬੀਤਣ ਦੇ ਬਾਅਦ ਅਜੋਕੇ ਪੰਜਾਬ ਦੇ ਰੂਪ ਵਿੱਚ ਹੋਂਦ ਵਿੱਚ ਆਇਆ।

 

ਇਸ ਜਜ਼ਬਾਤੀ ਸਾਂਝ ਕਾਰਨ ਹੀ ਅਮਨ ਨੇ ਪੌਰਵ ਰਾਜ ਦੇ ਰਾਜੇ ਬਮਨੀ ਦੇ ਵੱਡੇ ਭਰਾ ਸ਼ਿਵ ਦੱਤ ਦਾ ਕਿਰਦਾਰ ਨਿਭਾਉਣ ਦਾ ਫ਼ੈਸਲਾ ਕੀਤਾ। ਇਹ ਲੜੀਵਾਰ ਸਵਾਤਵਿਕ ਪ੍ਰੋਡਕਸ਼ਨ ਦੇ ਬੈਨਰ ਹੇਠ ਨਿਰਮਾਤਾ ਸਿਧਾਰਥ ਤਿਵਾੜੀ ਵੱਲੋਂ ਬਣਾਇਆ ਜਾ ਰਿਹਾ ਹੈ। ਇਸ ਲੜੀਵਾਰ ਦਾ ਨਿਰਦੇਸ਼ਕ ਕਮਲ ਵੀ ਪੰਜਾਬੀ ਹੈ। ਇਸ ਦੀ ਸ਼ੂਟਿੰਗ ਲਈ ਗੁਜਰਾਤ ਵਿੱਚ ਮਹਿੰਗੇ ਸੈੱਟ ਲਗਾਕੇ ਪੌਰਵ ਰਾਜ ਦਾ ਮਾਹੌਲ ਸਿਰਜਿਆ ਗਿਆ ਹੈ। ਉਹ ਸ਼ਿਵ ਦੱਤ ਦੇ ਕਿਰਦਾਰ ਵਿੱਚ ਸਜਣ ਲਈ ਤਕਰੀਬਨ 15 ਕਿਲੋ ਭਾਰ ਦੇ ਗਹਿਣੇ ਅਤੇ ਸਾਸ਼ਤਰ ਪਹਿਨਦਾ ਹੈ। ਉਸ ਨੂੰ ਸ਼ੂਟਿੰਗ ਤੋਂ ਪਹਿਲਾਂ ਘੋੜਸਵਾਰੀ ਅਤੇ ਤਲਵਾਰਬਾਜ਼ੀ ਸਿੱਖਣ ਦਾ ਮੌਕਾ ਦਿੱਤਾ ਗਿਆ।


ਜਿਸ ਨਾਲ ਉਹ ਆਪਣੇ ਕਿਰਦਾਰ ਦੇ ਹੋਰ ਵਧੇਰੇ ਨੇੜੇ ਆਇਆ। ਉਸ ਦਾ ਕਿਰਦਾਰ ਇੱਕ ਅਜਿਹੇ ਉੱਚੀ ਸੋਚ ਵਾਲੇ ਇਨਸਾਨ ਦਾ ਹੈ ਜੋ ਆਪ ਰਾਜ ਨਹੀਂ ਕਰਨਾ ਚਾਹੁੰਦਾ ਸਗੋਂ ਆਪਣੇ ਭਰਾ ਅਤੇ ਰਾਜੇ ਬਮਨੀ ਦੇ ਰਾਜ ਨੂੰ ਬਹੁਤ ਦੂਰ ਦੂਰ ਤੱਕ ਫੈਲਿਆ ਦੇਖਣਾ ਚਾਹੁੰਦਾ ਹੈ। ਇਸ ਮਨੋਰਥ ਦੀ ਪੂਰਤੀ ਲਈ ਸ਼ਿਵ ਦੱਤ ਬਹੁਤ ਸਾਰੇ ਵਿਦੇਸ਼ੀ ਲੋਕਾਂ ਨਾਲ ਸਾਂਝ ਪਾਉਂਦਾ ਹੈ ਅਤੇ ਵਪਾਰ ਕਰਦਾ ਹੈ। ਇਸ ਲੜੀਵਾਰ ਨਾਲ ਉਸ ਦੀ ਪਛਾਣ ਦਾ ਘੇਰਾ ਹੋਰ ਵਿਸ਼ਾਲ ਹੋਵੇਗਾ ਅਤੇ ਦੇਸ਼ ਦੇ ਇਤਿਹਾਸ ਨੂੰ ਸਮਝਣ ਦਾ ਮੌਕਾ ਮਿਲੇਗਾ।

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?