ਸੇਲਜਮੈਨ ਤੋਂ ਇੰਝ ਬਣਿਆ ਗਾਇਕ ਨਿਸ਼ਾਨ ਭੁੱਲਰ

Posted on December 6th, 2017 in Fivewood Special

”ਬੇਹਿੰਮਤੇ ਨੇ ਜਿਹੜੇ ਸ਼ਿਕਵਾ ਕਰਨ ਮੁਕੱਦਰਾ ਨਾ ਉੱਗਣ ਵਾਲੇ ਉੱਗ ਪੈਂਦੇ ਨੇ, ਸੀਨ•ਾ ਚੀਰ ਕੇ ਪੱਥਰਾਂ ਦਾ” ਜੇ ਤੁਸੀਂ ਪੰਜਾਬੀ ਗਾਇਕ ਨਿਸ਼ਾਨ ਭੁੱਲਰ ਦੇ ਸਫ਼ਰ ‘ਤੇ ਝਾਤ ਮਾਰੋਗੇ ਤਾਂ ਤੁਹਾਨੂੰ ਇੰਝ ਲੱਗੇਗਾ ਕਿ ਉਪਰੋਕਤ ਸਤਰਾਂ ਉਸੇ ਲਈ ਹੀ ਲਿਖੀਆਂ ਹੋਣ। ਰਾਜਸਥਾਨ ਦੇ ਇਕ ਛੋਟੇ ਜਿਹੇ ਸ਼ਹਿਰ ਤੋਂ ਉੱਠ ਕੇ ਇਸ ਬਲਰਾਜ ਸਿੰਘ ਨੇ ਬਤੌਰ ਗਾਇਕ ਦੁਨੀਆਂ ਭਰ ‘ਚ ਨਿਸ਼ਾਨ ਭੁੱਲਰ ਵਜੋਂ ਨਾਂ ਕਮਾਇਆ ਹੈ, ਜੋ ਉਸ ਲਈ ਬੇਹੱਦ ਸੰਘਰਸ਼ ਭਰਿਆ ਰਿਹਾ ਹੈ। ਅੱਜ ਕੱਲ• ਆਪਣੇ ਨਵੇਂ ਗੀਤ ‘ਹੱਦ ਵੀ ਹੁੰਦੀ ਆ” ਨਾਲ ਚਰਚਾ ‘ਚ ਨਿਸ਼ਾਨ ਅੱਜ ਜਿਸ ਮੁਕਾਮ ‘ਤੇ ਹੈ, ਇਥੋਂ ਤੱਕ ਪਹੁੰਚਣ ਲਈ ਉਸ ਨੇ ਬਹੁਤ ਪਾਪੜ ਵੇਲੇ ਹਨ। ਗਾਇਕ ਬਣਨ ਦਾ ਸੁਪਨਾ ਲੈ ਕੇ ਘਰ ਤੋਂ ਚੰਡੀਗੜ• ਆਏ ਨਿਸ਼ਾਨ ਨੇ ਉਹ ਦਿਨ ਵੀ ਦੇਖੇ ਹਨ, ਜਦੋਂ ਮਨ ਸਭ ਕੁਝ ਛੱਡ ਕੇ ਕਿਤੇ ਦੂਰ ਭੱਜ ਜਾਣ ਨੂੰ ਕਰਦਾ ਹੈ।  ਇਕ ਪੈਂਟ, ਦੋ ਸ਼ਰਟਾਂ ਤੇ ਇਕ ਕੰਬਲ ਨਾਲ ਕਈ ਸਮਾਂ ਕੱਟਣ ਵਾਲਾ ਨਿਸ਼ਾਨ  ਤੰਗੀ ਦੇ ਉਸ ਦੌਰ ‘ਚੋਂ ਵੀ ਲੰਘਿਆ ਹੈ ਜਦੋਂ ਬੰਦੇ ਕੋਲ ਇਕ ਟਾਈਮ ਦੀ ਰੋਟੀ ਜਾਣ ਜੋਗੇ ਵੀ ਪੈਸੇ ਨਹੀਂ ਹੁੰਦੇ।


ਕਿਸੇ ਸਮੇਂ ਸੇਲਜਮੈਨ ਦਾ ਕੰਮ ਕਰਨ ਵਾਲਾ ਨਿਸ਼ਾਨ ਅੱਜ ਪੰਜਾਬੀ ਦਾ ਸਫ਼ਲ ਗਾਇਕ ਹੈ। ਨਿਸ਼ਾਨ ਦੀ ਜ਼ਿੰਦਗੀ ਦਾ ਇਕੋ ਮਕਸਦ ਸੀ ਸਿਰਫ ਤੇ ਸਿਰਫ਼ ਗਾਇਕ ਬਣਨਾ ਤੇ ਉਸ ਨੇ ਇਹ ਮਕਸਦ ਪੂਰਾ ਕਰਕੇ ਦਿਖਾਇਆ ਹੈ।  ਮਿਹਨਤ, ਸਬਰ ਤੇ ਹੌਂਸਲੇ ਦੀ ਮਿਸਾਲ ਨਿਸ਼ਾਨ ਨੇ ਜ਼ਿੰਦਗੀ ‘ਚ ਪੈਸਿਆਂ ਨਾਲੋਂ ਦੋਸਤ ਵੱਧ ਕਮਾਏ ਹਨ। ਇਨਾਂ ਦੋਸਤਾਂ ਨੇ ਹੀ ਸਾਲ 2010 ‘ਚ ਉਸ ਦੀ ਹਨੀ ਸਿੰਘ ਤੋਂ ਪਹਿਲੀ ਐਲਬਮ ‘ਦਾ ਫ਼ੋਕਸਟਾਰ’ ਤਿਆਰ ਕਰਵਾਈ ਸੀ। ਇਸ ਐਲਬਮ ਤੋਂ ਸ਼ੁਰੂ ਹੋਇਆ ਨਿਸ਼ਾਨ ਦਾ ਸਫ਼ਰ ਬਾਦਸਤੂਰ ਜਾਰੀ ਹੈ।  ਨਿਸ਼ਾਨ ਦੀ ਪਹਿਚਾਣ ‘ਤੇਰੀ ਫ਼ੋਟੋ ਕਿਉਂ ਨਹੀਂ ਭਗਤ ਸਿਆਂ ਲੱਗਦੀ ਨੋਟਾਂ ‘ਤੇ’ ਤੋਂ ਬਣੀ। ਇਸ ਗੀਤ ‘ਚ ਯੋ ਯੋ ਹਨੀ ਸਿੰਘ ਨੇ ਵੀ ਰੈਪ ਕੀਤਾ ਸੀ।

ਕਰੀਬ 7 ਸਾਲ ਪਹਿਲਾਂ ਆਇਆ ਇਹ ਗੀਤ ਅੱਜ ਵੀ ਨਿਸ਼ਾਨ ਦੀ ਪਹਿਚਾਣ ਹੈ। ਉਸ ਨੇ ਹੁਣ ਤੱਕ ਦਰਜਨਾਂ ਗੀਤ ਆਏ ਹਨ, ਪਰ ਸ਼ਾਇਦ ਹੀ ਕੋਈ ਗੀਤ ਹੋਵੇ ਜਿਸ ‘ਤੇ ਕਿਸੇ ਨੇ ਕਿੰਤੂ ਕੀਤਾ ਹੋਵੇ। ਉਹ ਹਮੇਸ਼ਾ ਸਮਝਦਾਰੀ ਨਾਲ ਗੀਤ ਦੀ ਚੋਣ ਕਰਦਾ ਹੈ ਤੇ ਉਸ ਨੂੰ ਨਿਭਾਉਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਉਸਦੀ ਗਾਇਕੀ ਅਤੇ ਗੀਤਾਂ ਦੀ ਚੋਣ ‘ਚ ਵੱਡਾ ਬਦਲਾਅ ਆਇਆ ਹੈ। ਉਹ ਹੁਣ ਸਮੇਂ ਦੇ ਹਾਣ ਦਾ ਹੋ ਕੇ ਪੰਜਾਬੀ ਸਰੋਤਿਆਂ ਦੀ ਝੋਲੀ ਉਹੀ ਗੀਤ ਪਾ ਰਿਹਾ ਹੈ, ਜਿਸ ਦੀ ਉਸ ਤੋਂ ਮੰਗ ਕੀਤੀ ਜਾ ਰਹੀ ਹੈ।

ਉਸਦਾ ਨਵਾਂ ਗੀਤ ਇਸੇ ਗੱਲ ਦਾ ਗਵਾਹ ਹੈ। ਇਹ ਗੀਤ ‘ਹੱਦ ਵੀ ਹੁੰਦੀ ਆ’ ਟੀ ਸਿਰੀਜ ਵੱਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ  ਨਾਮਵਰ ਗੀਤਕਾਰ ਬੱਬੂ ਨੇ ਲਿਖਿਆ ਹੈ ਤੇ ਸੰਗੀਤ ਮਿਊਜ਼ਕਲ ਡਾਕਟਰ ਸੁੱਖੀ ਨੇ ਦਿੱਤਾ ਹੈ। ਨੈਸ਼ਨਲ ਐਵਾਰਡ ਜੇਤੂ ਫ਼ਿਲਮ ‘ਨਾਬਰ’ ਅਤੇ ਸਿਕੰਦਰ ਵਰਗੀਆਂ ਅਰਥ ਭਰਪੂਰ ਫ਼ਿਲਮਾਂ ਜ਼ਰੀਏ ਆਪਣੇ ਦਮਦਾਰ ਅਦਾਕਾਰੀ ਦਾ ਮੁਜ਼ਾਹਰਾ ਵੀ ਕਰ ਚੁੱਕਾ ਨਿਸ਼ਾਨ ਲਗਾਤਾਰ ਆਪਣੀ ਗਾਇਕੀ ਤੇ ਸਖ਼ਸੀਅਤ ‘ਚ ਨਿਖਾਰ ਲਿਆ ਰਿਹਾ ਹੈ। #Sapanmanchanda

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?