ਪੰਜਾਬੀ ਫ਼ਿਲਮ ਇੰਡਸਟਰੀ ਦੀ ਆਪਣੇ ਕਿਸਮ ਦੀ ਸਭ ਤੋਂ ਵੱਡੀ ਤੇ ਸਭ ਤੋਂ ਮਹਿੰਗੀ ਫ਼ਿਲਮ ‘ਸੱਜਣ ਸਿੰਘ ਰੰਗਰੂਟ’ ਦਾ ਪਹਿਲਾ ਗੀਤ ਅੱਜ ਰਿਲੀਜ਼ ਹੋ ਗਿਆ ਹੈ। ਫ਼ਿਲਮ ਦੇ ਹੀਰੋ ਦਿਲਜੀਤ ਦੁਸਾਂਝ ਵੱਲੋਂ ਗਾਏ ਇਸ ਗੀਤ ਦਾ ਮਿਊਜ਼ਿਕ ਜਤਿੰਦਰ ਸ਼ਾਹ ਨੇ ਦਿੱਤਾ ਹੈ। ਵੀਤ ਬਲਜੀਤ ਦਾ ਲਿਖਿਆ ਇਹ ਗੀਤ ਜੰਗ ਵਰਗੇ ਤਣਾਅ ਭਰੇ ਮਾਹੌਲ ‘ਚ ਫ਼ੌਜੀ ਜਵਾਨਾਂ ਵੱਲੋਂ ਤਣਾਅ ਤੋਂ ਮੁਕਤੀ ਤੇ ਜ਼ਿੰਦਗੀ ਦੀ ਖੂਬਸੂਰਤੀ ਵੱਲ ਲੈ ਕੇ ਜਾਂਦਾ ਹੈ।
ਕਾਬਲੇਗੌਰ ਹੈ ਕਿ ਨਿਰਮਾਤਾ ਜੈ ਸਹਾਨੀ, ਸੋਨਾ ਸਾਹਨੀ ਅਤੇ ਬੌਬੀ ਬਜਾਜ ਦੀ ਇਸ ਫ਼ਿਲਮ ਦਾ ਨਿਰਦੇਸ਼ਕ ਪੰਕਜ ਬਤਰਾ ਹੈ। ਗੁਰਪ੍ਰੀਤ ਸਿੰਘ ਪਲਹੇੜੀ ਦੀ ਲਿਖੀ ਅਤੇ ਪੰਕਜ ਬਤਰਾ ਤੇ ਗਰਪ੍ਰੀਤ ਸਿੰਘ ਪਲਹੇੜੀ ਵੱਲੋਂ ਤਿਆਰ ਕੀਤੇ ਸਕਰੀਨਪਲੇ ‘ਤੇ ਬਣੀ ਇਹ ਫ਼ਿਲਮ ਪਹਿਲੇ ਵਿਸ਼ਵ ਯੁੱਧ ‘ਤੇ ਅਧਾਰਿਤ ਹੈ। ਇਸ ਯੁੱਧ ‘ਚ 80 ਹਜ਼ਾਰ ਦੇ ਨੇੜੇ ਪੰਜਾਬੀ ਸੂਰਵੀਰਾਂ ਨੇ ਸ਼ਹਾਦਤ ਹਾਸਲ ਕੀਤੀ ਸੀ। ਕਰੀਬ 5 ਸਾਲਾਂ ਤੱਕ ਚੱਲੀ ਇਸ ਲੜਾਈ ‘ਚ ਪੰਜਾਬੀਆਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਇਸ ਫ਼ਿਲਮ ਜ਼ਰੀਏ ਉਜਾਗਰ ਕੀਤਾ ਜਾ ਰਿਹਾ ਹੈ।



