in

‘ਸੱਜਣ ਸਿੰਘ ਰੰਗਰੂਟ’ ਬਣਾਉਣਾ ਮੇਰੀ ਲਈ ਵੱਡੀ ਚੁਣੌਤੀ ਸੀ : ਪੰਕਜ ਬਤਰਾ

ਪੰਜਾਬੀ ਸਿਨੇਮੇ ਦੇ ਨਾਮਵਰ ਫ਼ਿਲਮ ਨਿਰਦੇਸ਼ਕਾਂ ਵਿੱਚੋਂ ਨਿਰਦੇਸ਼ਕ ਪੰਕਜ ਬਤਰਾ ਦਾ ਨਾਂ ਸਭ ਤੋਂ ਮੂਹਰੇ ਹੈ। ‘ਹਿੱਟ ਮਸ਼ੀਨ’ ਵਜੋਂ ਜਾਣਿਆ ਜਾਂਦਾ ਪੰਕਜ ਬਤਰਾ ਆਪਣੀ ਹਰ ਫ਼ਿਲਮ ਨਾਲ ਸਫ਼ਲਤਾ ਦੇ ਨਵੇਂ ਕੀਰਤੀਮਾਨ ਸਥਾਪਤ ਕਰਦਾ ਜਾ ਰਿਹਾ ਹੈ। ਉਸ ਦੀ ਹਰ ਫ਼ਿਲਮ ਪਹਿਲੀ ਫ਼ਿਲਮ ਨਾਲੋਂ ਬਿਲਕੁਲ ਵੱਖਰੇ ਵਿਸ਼ੇ ‘ਤੇ ਹੁੰਦੀ ਹੈ। ਉਹ ਆਪਣੀ ਹਰ ਫ਼ਿਲਮ ਨਾਲ ਨਵੇਂ ਤਜਰਬੇ ਕਰਦਿਆਂ ਪੰਜਾਬੀ ਸਿਨੇਮੇ ਦੀ ਝੋਲੀ ਕਈ ਨਵੇਂ ਨਵੇਂ ਕਲਾਕਾਰ ਵੀ ਪਾਉਂਦਾ ਹੈ। ਅੱਜ ਕੱਲ• ਉਹ ਆਪਣੀ ਨਵੀਂ ਫ਼ਿਲਮ ‘ਸੱਜਣ ਸਿੰਘ ਰੰਗਰੂਟ’ ਨਾਲ ਛਾਇਆ ਹੋਇਆ ਹੈ। ਪੰਜਾਬੀ ਸਿਨੇਮੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਤੇ ਮਹਿੰਗੀ ਇਸ ਫ਼ਿਲਮ ‘ਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਮੁੱਖ ਭੂਮਿਕਾ ਨਿਭਾਈ ਹੈ। ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਇਸ ਫ਼ਿਲਮ ਦਾ ਟ੍ਰੇਲਰ ਸੋਸ਼ਲ ਮੀਡੀਆ ‘ਤੇ ਲਗਾਤਾਰ ਟਰੈਂਡ ਕਰ ਰਿਹਾ ਹੈ, ਜਿਸ ਨਾਲ ਦਿਲਜੀਤ ਦੇ ਨਾਲ ਨਾਲ ਪੰਕਜ ਬਤਰਾ ਦੀ ਵੀ ਚਰਚਾ ਹੋ ਰਹੀ ਹੈ। ਪਹਿਲੇ ਵਿਸ਼ਵ ਯੁੱਧ ‘ਤੇ ਅਧਾਰਿਤ ਇਹ ਫ਼ਿਲਮ ਸੁਮੱਚੀ ਦੁਨੀਆਂ ‘ਚ ਪੰਜਾਬੀ ਕੌਮ ਦਾ ਮਾਣ ਹੋਰ ਵਧਾਵੇਗੀ। ਪੰਜਾਬੀ ਫ਼ਿਲਮ ‘ਵਿਰਸਾ’ ਜ਼ਰੀਏ ਪੰਜਾਬੀ ਸਿਨੇਮੇ ਨਾਲ ਜੁੜੇ ਪੰਕਜ ਬਤਰਾ ਦੇ ਫ਼ਿਲਮੀ ਕਰੀਅਰ ਦੇ ਨਾਲ ਨਾਲ ਪੰਜਾਬੀ ਸਿਨੇਮੇ ਲਈ ਵੀ ਇਹ ਫ਼ਿਲਮ ਬੇਹੱਦ ਅਹਿਮ ਮੰਨੀ ਜਾ ਰਹੀ ਹੈ। ਪੰਕਜ ਬਤਰਾ ਦੱਸਦੇ ਹਨ ਕਿ ਉਸ ਨੇ ਇਸ ਫ਼ਿਲਮ ਲਈ ਆਪਣੀ ਪੂਰੀ ਵਾਹ ਲਾਈ ਹੈ।


ਚੰਡੀਗੜ• ਦੇ ਜੰਮਪਲ ਅਤੇ ਪੰਜਾਬ ਯੂਨੀਵਰਸਿਟੀ ਤੋਂ ਪੜ•ੇ ਪੰਕਜ ਬਤਰਾ ਮੁਤਾਬਕ  ਬਾਲੀਵੁੱਡ ‘ਚ ਉੱਘੇ ਫ਼ਿਲਮ ਨਿਰਦੇਸ਼ਕ ਵਿੰਦੂ ਵਿਨੋਦ ਚੋਪੜਾ ਤੋਂ ਸਿੱਖੀਆਂ ਫ਼ਿਲਮੀ ਬਰੀਕੀਆਂ ਤੇ ਤਜਰਬਾ ਇਸ ਫ਼ਿਲਮ ‘ਚ ਖੂਬ ਕੰਮ ਆਇਆ ਹੈ। ਪੰਜਾਬੀ ਫ਼ਿਲਮ ‘ਨੌਟੀ ਜੱਟਸ’ ਨਾਲ ਚਰਚਾ ਵਿੱਚ ਆਏ ਅਤੇ ਫਿਰ ‘ਗੋਰਿਆਂ ਨੂੰ ਦਫ਼ਾ ਕਰੋ’, ‘ਬੰਬੂਕਾਟ’ ਤੇ ‘ਚੰਨਾ ਮੇਰਿਆ’ ਵਰਗੀਆਂ ਅੱਧੀ ਦਰਜਨ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਪੰਕਜ ਬਤਰਾ ਮੁਤਾਬਕ ਦੁਨੀਆਂ ਦੇ ਨਾਲ ਨਾਲ ਹੁਣ ਸਿਨੇਮਾ ਵੀ ਗਲੋਬਲ ਹੋ ਗਿਆ ਹੈ। ਭਾਸ਼ਾ ਕਿਸੇ ਵੀ ਫ਼ਿਲਮ ਲਈ ਸਮੱਸਿਆ ਨਹੀਂ ਰਹੀ। ਉਹ ਇਸ ਫ਼ਿਲਮ ਨੂੰ ਹਿੰਦੀ ਭਾਸ਼ਾ ‘ਚ ਵੀ ਬਣਾ ਸਕਦੇ ਸਨ, ਪਰ ਉਹਨਾਂ ਪੰਜਾਬੀ ਬੋਲੀ ਨੂੰ ਹੀ ਪਹਿਲ ਦਿੱਤੀ ਹੈ ਕਿਉਂਕਿ ਇਹ ਫ਼ਿਲਮ ਜਰਮਨ ਖਿਲਾਫ਼ ਲੜੇ ਭਾਰਤੀ ਸੈਨਿਕਾਂ ਖਾਸ ਕਰਕੇ ਪੰਜਾਬੀ ਸੈਨਿਕਾਂ ਦੇ ਬਲੀਦਾਨ ਦੀ ਕਹਾਣੀ ਹੈ। ਉਹਨਾਂ ਮੁਤਾਬਕ ਜੇ ਬਾਹੂਬਲੀ ਵਰਗੇ ਖ਼ੇਤਰੀ ਭਾਸ਼ਾ ਦੀ ਫ਼ਿਲਮ ਦੁਨੀਆਂ ਭਰ ‘ਚ ਨਾਮਣਾ ਖੱਟ ਸਕਦੀ ਹੈ ਤਾਂ ਫਿਰ ਪੰਜਾਬੀ ਫ਼ਿਲਮ ਕਿਉਂ ਨਹੀਂ। ਪੰਕਜ ਨੇ ਦੱਸਿਆ ਕਿ ਇਸ ਫ਼ਿਲਮ ਨੂੰ ਫ਼ਿਲਮਾਉਣਾ ਹੀ ਉਸ ਲਈ ਸਭ ਤੋਂ ਵੱਡੀ ਚੁਣੌਤੀ ਸੀ। ਫ਼ਿਲਮ ‘ਚ ਦਿਖਾਈ ਗਈ ਜੰਗ ਦਰਸ਼ਕਾਂ ਨੂੰ ਹਾਲੀਵੁੱਡ ਪੱਧਰ ਦੀਆਂ ਫ਼ਿਲਮਾਂ ਦਾ ਅਹਿਸਾਸ ਕਰਵਾਏਗੀ। ਪੀਰੀਅਡ ਫ਼ਿਲਮ ਹੋਣ ਕਾਰਨ ਹਰ ਨਿੱਕੀ ਤੋਂ ਨਿੱਕੀ ਗੱਲ ਦਾ ਖ਼ਿਆਲ ਰੱਖਿਆ ਗਿਆ ਹੈ। ਉਹ ਆਪਣੀ ਹਰ ਫ਼ਿਲਮ ਜ਼ਰੀਏ ਪੰਜਾਬੀ ਸਿਨੇਮੇ ਨੂੰ ਕੋਈ ਨਾ ਕੋਈ ਨਵਾਂ ਕਲਾਕਾਰ ਜ਼ਰੂਰ ਦਿੰਦੇ ਹਨ। ਇਸ ਫ਼ਿਲਮ ਜ਼ਰੀਏ ਉਹ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੂੰ ਬਤੌਰ ਅਦਾਕਾਰਾ ਦਰਸ਼ਕਾਂ ਸਾਹਮਣੇ ਲੈ ਕੇ ਆਉਂਣਗੇ। ਇਸ ਤੋਂ ਇਲਾਵਾ ਉਹਨਾਂ ਇਸ ਫ਼ਿਲਮ ਲਈ ਥੀਏਟਰ ਦੇ ਕਲਾਕਾਰਾ ਨੂੰ ਤਰਜ਼ੀਹ ਦਿੱਤੀ ਹੈ। ਰੰਗਮੰਚ ਨਾਲ ਜੁੜੇ ਜਗਜੀਤ ਸੰਧੂ ਤੇ ਧੀਰਜ ਕੁਮਾਰ ਨੂੰ ਪਹਿਲੀ ਵਾਰ ਵੱਡੇ ਪੱਧਰ ‘ਤੇ ਦਰਸ਼ਕਾਂ ਸਾਹਮਣੇ ਲਿਆਂਦਾ ਜਾਵੇਗਾ। ਪੰਜਾਬੀ ਫ਼ਿਲਮਾਂ ਦੇ ਨਾਮਵਰ ਕਲਾਕਾਰ ਯੋਗਰਾਜ ਸਿੰਘ ਵੀ ਪਹਿਲੀ ਵਾਰ ਲੀਕ ਤੋਂ ਹਟਕੇ ਕੰਮ ਕਰਦੇ ਨਜ਼ਰ ਆਉਂਣਗੇ। ਪੰਕਜ ਮੁਤਾਬਕ ਕਰੀਬ 19 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਪੰਜਾਬੀ ਦੀ ਇਸ ਸਭ ਤੋਂ ਮਹਿੰਗੀ ਫ਼ਿਲਮ ਨਾਲ ਸੁਮੱਚੀ ਦੁਨੀਆਂ ‘ਚ ਸਿੱਖ ਕੌਮ ਦੇ ਨਾਲ ਨਾਲ ਸੁਮੱਚੇ ਪੰਜਾਬੀ ਦੀ ਸ਼ਾਨ ਵਧੇਗੀ। ਇਹ ਫ਼ਿਲਮ ਅਜੌਕੀ ਨੌਜਵਾਨ ਪੀੜ•ੀ ਨੂੰ ਸਾਡੇ ਅਸਲ ਨਾਇਕਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਏਗੀ।


Êਪੰਕਜ ਮੁਤਾਬਕ ਪੰਜਾਬੀ ਸਿਨੇਮਾ ਹੁਣ ਲਗਾਤਾਰ ਤਰੱਕੀਆਂ ਕਰ ਰਿਹਾ ਹੈ। ਉਹ ਪੰਜਾਬੀ ਫ਼ਿਲਮਾਂ ਨੂੰ ਸਮੁੱਚੀ ਦੁਨੀਆਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਨ। ਉਹ ਕਦੇ ਵੀ ਸੀਮਿਤ ਵਿਸ਼ਿਆਂ ‘ਚ ਨਹੀਂ ਫ਼ਸੇ, ਉਸ ਦੀ ਹਮੇਸ਼ਾ ਵੱਖ ਵੱਖ ਵਿਸ਼ਿਆਂ ‘ਤੇ ਫ਼ਿਲਮਾਂ ਬਣਾਉਣ ਦੀ ਪਹਿਲ ਰਹੀ ਹੈ। ਚਾਹੇ ਉਹ ਬੰਬੂਕਾਟ ਵਰਗੀ ਪੀਰੀਅਡ ਫ਼ਿਲਮ ਹੋਵ ਜਾਂ ਫਿਰ ਨਿਰੋਲ ਪੇਂਡੂ ਫ਼ਿਲਮ ਗੋਰਿਆ ਨੂੰ ਦਫ਼ਾ ਕਰੋ। ਪੰਕਜ ਮੁਤਾਬਕ ਪੰਜਾਬੀ ਦਰਸ਼ਕਾਂ ਦਾ ਫ਼ਿਲਮਾਂ ਪ੍ਰਤੀ ਗਿਆਨ ਵੀ ਬਹੁਤ ਵੱਧ ਗਿਆ ਹੈ। ਦਰਸ਼ਕਾਂ ਦਾ ਜਾਗਰੂਕ ਹੋਣ ਫ਼ਿਲਮ ਮੇਕਰਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਹੋਰ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕਰ ਰਿਹਾ ਹੈ। ਉਹਨਾਂ ਨੂੰ ਆਸ ਹੈ ਕਿ ‘ਸੱਜਣ ਸਿੰਘ ਰੰਗਰੂਟ’ ਪੰਜਾਬੀ ਸਿਨੇਮੇ ਦੇ ਮਾਸਟਪੀਸ ਵਜੋਂ ਜਾਣੀ ਜਾਵੇਗੀ।

ਬਲਜਿੰਦਰ ਉਪਲ
99141 89080

Leave a Reply

Your email address will not be published. Required fields are marked *

‘ਸੱਜਣ ਸਿੰਘ ਰੰਗਰੂਟ’ ਦਾ ਪਹਿਲਾ ਗੀਤ ਹੋਇਆ ਰਿਲੀਜ਼, 23 ਮਾਰਚ ਨੂੰ ਰਿਲੀਜ਼ ਹੋਵੇਗੀ।

‘ਸੱਜਣ ਸਿੰਘ ਰੰਗਰੂਟ’ ਮੇਰੀ ਜ਼ਿੰਦਗੀ ਦੀ ਅਹਿਮ ਫ਼ਿਲਮ : ਦਿਲਜੀਤ ਦੁਸਾਂਝ