ਦਿਲਜੀਤ ਦੁਸਾਂਝ ਇਸ ਵੇਲੇ ਪੰਜਾਬੀ ਸੰਗੀਤ ਤੇ ਫ਼ਿਲਮ ਜਗਤ ਦਾ ਸਟਾਰ ਗਾਇਕ ਤੇ ਅਦਾਕਾਰ ਹੈ। ਉਸਦੇ ਨਾਂ ਅਤੇ ਸਖ਼ਸ਼ੀਅਤ ਦੇ ਚਰਚੇ ਹਿੰਦੀ ਫ਼ਿਲਮ ਜਗਤ ਤੇ ਭਾਰਤੀ ਟੈਲੀਵਿਜ਼ਨ ਇੰਡਸਟਰੀ ‘ਚ ਵੀ ਹੋਣ ਲੱਗੇ ਹਨ। ਜੋ ਉਸ ਨੂੰ ਜਾਣਦੇ ਹਨ ਉਹ ਜਾਣਦੇ ਹਨ ਕਿ ਉਹ ਇਸ ਮੁਕਾਮ ‘ਤੇ ਕਿਵੇਂ ਤੇ ਕਿਸ ਤਰ•ਾਂ ਪਹੁੰਚਿਆ ਹੈ। ਜੋ ਉਸ ਨੂੰ ਨਹੀਂ ਜਾਣਦੇ ਉਹ ਸਿਰਫ਼ ਇਹੀ ਜਾਣਦੇ ਹਨ ਕਿ ਦਿਲਜੀਤ ਅੱਜ ਦਾ ਸੁਪਰ ਸਟਾਰ ਹੈ। ਉਹ ਅੱਜ ਜਿਸ ਮੁਕਾਮ ‘ਤੇ ਹੈ, ਇਸ ਮੁਕਾਮ ‘ਤੇ ਪਹੁੰਚਣ ਲਈ ਉਸਨੇ ਜੀਅ ਤੋੜ ਮਿਹਨਤ ਕੀਤੀ ਹੈ। ਜਲੰਧਰ ਦੇ ਸਧਾਰਨ ਜਿਹੇ ਪਿੰਡ ਦੁਸਾਂਝ ਕਲਾਂ ਤੋਂ ਉੱਠਕੇ ਦੇਸ਼ ਦੇ ਸੱਭਿਆਚਾਰਕ ਨਕਸ਼ੇ ‘ਤੇ ਵਿੱਲਖਣ ਮੁਕਾਮ ਹਾਸਲ ਕਰਨਾ ਦਿਲਜੀਤ ਲਈ ਕਦੇ ਵੀ ਸੌਖਾ ਨਹੀਂ ਰਿਹਾ ਸੀ। ਸਮੇਂ, ਹਾਲਤਾਂ ਅਤੇ ਮੰਡੀ ਨੇ ਹਮੇਸ਼ਾ ਉਸਦੀ ਪ੍ਰੀਖਿਆ ਲਈ ਹੈ। ਇਹ ਸਾਲ ਵੀ ਉਸ ਲਈ ਪ੍ਰੀਖਿਆ ਵਾਲਾ ਹੀ ਹੈ। ਇਸ ਸਾਲ ਉਸ ਦੀਆਂ ਪੰਜ ਫ਼ਿਲਮਾਂ ਪਰਦਾਪੇਸ਼ ਹੋਣ ਜਾ ਰਹੀਆਂ ਹਨ। ਹਿੰਦੀ ਫ਼ਿਲਮ ‘ਵੈਲਕਮ ਟੂ ਨਿਊਯਾਰਕ’ ਤੋਂ ਬਾਅਦ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 23 ਮਾਰਚ ‘ਤੇ ਉਸਦੀ ਜ਼ਿੰਦਗੀ ਅਤੇ ਪੰਜਾਬੀ ਫ਼ਿਲਮ ਜਗਤ ਦੀ ਸਭ ਤੋਂ ਵੱਡੀ ਫ਼ਿਲਮ ‘ਸੱਜਣ ਸਿੰਘ ਰੰਗਰੂਟ’ ਰਿਲੀਜ਼ ਹੋਵੇਗੀ। ਇਸ ਤੋਂ ਬਾਅਦ ‘ਸੂਰਮਾ’,’ਕਨੇਡਾ’ ਤੇ ‘ਅਰਜਨ ਪਟਿਆਲਾ’ ਪਰਦਾਪੇਸ਼ ਹੋਣਗੀਆਂ। ਪਹਿਲੇ ਵਿਸ਼ਵ ਯੁੱਧ ‘ਤੇ ਅਧਾਰਿਤ ਉਸਦੀ ਫ਼ਿਲਮ ‘ਸੱਜਣ ਸਿੰਘ ਰੰਗਰੂਟ’ ਨਾ ਸਿਰਫ਼ ਉਸ ਲਈ ਅਹਿਮ ਹੋਵੇਗੀ ਬਲਕਿ ਪੰਜਾਬੀ ਫ਼ਿਲਮ ਸਨਅਤ ਦਾ ਭਵਿੱਖ ਤੈਅ ਕਰਨ ‘ਚ ਵੀ ਇਹ ਫ਼ਿਲਮ ਮੋਹਰੀ ਭੂਮਿਕਾ ਨਿਭਾਂਵੇਗੀ। ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਹ ਫ਼ਿਲਮ ਪੰਜਾਬੀ ਦੀ ਨਹੀਂ ਬਲਕਿ ਪੰਜਾਬੀ ਭਾਸ਼ਾ ਦੀ ਭਾਰਤੀ ਫ਼ਿਲਮ ਵਜੋਂ ਪੇਸ਼ ਹੋਵੇਗੀ, ਜਿਸ ਨਾਲ ਪੰਜਾਬੀ ਸਨਅਤ ਨੂੰ ਹੁਲਾਰਾ ਤੇ ਹੁੰਗਾਰਾ ਮਿਲਣਾ ਸੁਭਾਵਕ ਹੈ। ਦਿਲਜੀਤ ਮੁਤਾਬਕ ਉਸਦੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਸਾਲ 2011 ਵਿੱਚ ਪੰਜਾਬੀ ਫ਼ਿਲਮ ‘ਦਾ ਲਾਇਨ ਆਫ਼ ਪੰਜਾਬ’ ਤੋਂ ਹੋਈ ਸੀ। ‘ਜੱਟ ਐਂਡ ਜੂਲੀਅਟ’ ਫ਼ਿਲਮ ਨੇ ਉਸ ਨੂੰ ਇਸ ਇੰਡਸਟਰੀ ‘ਚ ਸਥਾਪਤ ਕੀਤਾ। ਨੈਸ਼ਨਲ ਐਡਾਰਡ ਜੇਤੂ ਫ਼ਿਲਮ ‘ਪੰਜਾਬ 1984’ ਨੇ ਉਸਦੀ ਅਭਿਨੈ ਪ੍ਰਤਿਭਾ ਨੂੰ ਇਕ ਨਵੇਂ ਰੂਪ ‘ਚ ਦਰਸ਼ਕਾਂ ਸਾਹਮਣੇ ਰੱਖਿਆ।

ਦਰਜਨ ਤੋਂ ਵੱਧ ਫ਼ਿਲਮਾਂ ‘ਚ ਕੰਮ ਕਰ ਚੁੱਕੇ ਦਿਲਜੀਤ ਦਾ ਮੰਨਣਾ ਹੈ ਕਿ ‘ਸੱਜਣ ਸਿੰਘ ਰੰਗਰੂਟ’ ਵਿੱਚ ਕੰਮ ਕਰਕੇ ਉਸਨੂੰ ਮਾਨਸਿਕ ਤਸੱਲੀ ਮਿਲੀ ਹੈ। ਇਸ ਫ਼ਿਲਮ ‘ਚ ਕੰਮ ਕਰਦਿਆਂ ਉਸ ਨੂੰ ਅਦਾਕਾਰੀ ਦਾ ਪਤਾ ਲੱਗਾ ਹੈ। ਇਹ ਫ਼ਿਲਮ ਉਸਦੀ ਜ਼ਿੰਦਗੀ ਦੀ ਸਭ ਤੋਂ ਅਹਿਮ ਫ਼ਿਲਮ ਹੈ।
ਇਹ ਫ਼ਿਲਮ ਪਹਿਲੇ ਵਿਸ਼ਵ ਯੁੱਧ ‘ਤੇ ਅਧਾਰਿਤ ਹੈ। ਇਸ ਯੁੱਧ ‘ਚ ਭਾਰਤੀ ਸੂਰਮੇ ਇੰਗਲੈਂਡ ਦੀ ਤਰਫੋਂ ਜਰਮਨ ਦੇ ਖਿਲਾਫ਼ ਲੜੇ ਸਨ। ਲਾਹੌਰ ਡਵੀਜ਼ਨ ਦੇ ਥੱਲੇ ਲੜੇ ਭਾਰਤੀ ਫ਼ੌਜੀਆਂ ‘ਚ ਵੱਡੀ ਗਿਣਤੀ ਪੰਜਾਬੀਆਂ ਦੀ ਵੀ ਸੀ। ਸਾਲ 1914 ਤੋਂ ਲੈ ਕੇ 1919 ਤੱਕ ਚੱਲੀ ਇਸ ਲੜਾਈ ‘ਚ ਕਰੀਬ 80 ਹਜ਼ਾਰ ਪੰਜਾਬੀ ਸ਼ਹੀਦ ਹੋਏ ਸਨ। ਰਾਜਸਥਾਨ ਤੇ ਇੰਗਲੈਂਡ ਦੇ ਬਾਹਰੀ ਇਲਾਕਿਆਂ ‘ਚ ਫ਼ਿਲਮਾਈ ਗਈ ਇਹ ਫ਼ਿਲਮ ਪੰਜਾਬੀਆਂ ਦੀ ਸਹਿਣ ਸ਼ਕਤੀ, ਉਨ•ਾਂ ਦੇ ਬਲੀਦਾਨ ਅਤੇ ਕੌਮਾਂਤਰੀ ਨਕਸ਼ੇ ‘ਤੇ ਉਨ•ਾਂ ਦੀ ਅਹਿਮੀਅਤ ਦਾ ਪ੍ਰਗਟਾਵਾ ਕਰਦੀ ਹੋਈ ਨੌਜਵਾਨ ਪੀੜ•ੀ ਨੂੰ ਉਹਨਾਂ ਦੇ ਅਸਲ ਨਾਇਕਾਂ ਦੇ ਸਨਮੁਖ ਕਰੇਗੀ। ਗੁਰਪ੍ਰੀਤ ਸਿੰਘ ਪਲਹੇੜੀ ਵਲੋਂ ਲਿਖੀ ਗਈ ਇਸ ਫ਼ਿਲਮ ਨੂੰ ਪੰਜਾਬੀ ਦੇ ਨਾਮਵਾਰ ਫ਼ਿਲਮਸਾਜ਼ ਪੰਕਜ ਬਤਰਾ ਨੇ ਨਿਰਦੇਸ਼ਤ ਕੀਤਾ ਹੈ। ਇਹ ਪਹਿਲੀ ਪੰਜਾਬੀ ਫ਼ਿਲਮ ਹੈ, ਜਿਸ ‘ਚੋਂ ਪੰਜਾਬੀ ਅਤੇ ਬ੍ਰਿਟਸ਼ ਦੇ ਕਈ ਵੱਡੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਦਿਲਜੀਤ ਨਾਲ ਬਤੌਰ ਹੀਰੋਇਨ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਜ਼ਰ ਆਵੇਗੀ। ਯੋਗਰਾਜ ਸਿੰਘ, ਧੀਰਜ ਕੁਮਾਰ, ਜਗਜੀਤ ਸੰਧੂ, ਬਲਜਿੰਦਰ ਕੌਰ ਤੇ ਜਰਨੈਲ ਸਿੰਘ ਇਸ ਫ਼ਿਲਮ ਦੇ ਮੁੱਖ ਪੰਜਾਬੀ ਪਾਤਰ ਹਨ।

ਦਿਲਜੀਤ ਮੁਤਾਬਕ ਪੰਜਾਬੀ ਸਿਨੇਮੇ ਨੂੰ ਹੋਰ ਖ਼ੇਤਰੀ ਸਿਨੇਮਿਆਂ ਤੋਂ ਉੱਚਾ ਚੁੱਕਣ ਲਈ ਅਜਿਹੇ ਵਿਸ਼ਿਆਂ ‘ਤੇ ਫ਼ਿਲਮਾਂ ਬਣਨੀਆਂ ਜ਼ਰੂਰੀ ਹਨ। ਜੇ ਸਾਊਥ ਦੀ ਫ਼ਿਲਮ ਬਾਹੂਬਲੀ ਸੁਮੱਚੀ ਦੁਨੀਆਂ ‘ਚ ਦੇਖੀ ਜਾ ਸਕਦੀ ਹੈ ਤਾਂ ਫ਼ਿਰ ਪੰਜਾਬੀ ‘ਚ ਕਿਉਂ ਨਹੀਂ ਅਜਿਹੀ ਫ਼ਿਲਮ ਬਣ ਸਕਦੀ। ਦਿਲਜੀਤ ਦਾ ਕਹਿਣਾ ਹੈ ਕਿ ਬੇਸ਼ੱਕ ਉਸ ਨੂੰ ਹਿੰਦੀ ਫ਼ਿਲਮਾਂ ਦੀਆਂ ਆਫ਼ਰਾਂ ਲਗਾਤਾਰ ਆ ਰਹੀਆਂ ਹਨ, ਇਸ ਸਾਲ ਰਿਲੀਜ਼ ਹੋਣ ਵਾਲੀਆਂ ਪੰਜ ਫ਼ਿਲਮਾਂ ‘ਚੋਂ ਚਾਰ ਫ਼ਿਲਮਾਂ ਹਿੰਦੀ ਦੀਆਂ ਹਨ। ਪਰ ਇਸ ਦੇ ਬਾਵਜੂਦ ਉਹ ਨਿਸਚਿਤ ਰੂਪ ‘ਚ ਹਰ ਸਾਲ ਘੱਟੋ ਘੱਟ ਇਕ ਪੰਜਾਬੀ ਫ਼ਿਲਮ ਜ਼ਰੂਰ ਕਰੇਗਾ। ਅਰਜਨ ਪਟਿਆਲਾ ਤੇ ਸੂਰਮਾ ਪੰਜਾਬੀ ਪਿੱਠਭੂਮੀ ਵਾਲੀਆਂ ਫ਼ਿਲਮਾਂ ਹਨ। ਉਸਦਾ ਕਹਿਣਾ ਹੈ ਕਿ ਉਹ ਪੰਜਾਬੀ, ਖਾਸ ਕਰਕੇ ਸਿੱਖ ਅਦਾਕਾਰ ਹੈ। ਸਿਨੇਮੇ ‘ਚ ਉਹ ਕਦੇ ਵੀ ਪੰਜਾਬੀ ਅਤੇ ਸਿੱਖਾਂ ਦੇ ਕਿਰਦਾਰ ਨੂੰ ਨੀਵਾਂ ਨਹੀਂ ਹੋਣ ਦੇਵੇਗਾ। ਦਿਲਜੀਤ ਦਾ ਮੰਨਣਾ ਹੈ ਕਿ ਉਸ ਦੀ ਪਹਿਚਾਣ ਹਮੇਸ਼ਾ ਪੰਜਾਬੀ ਅਦਾਕਾਰ ਵਜੋਂ ਹੀ ਬਣੀ ਰਹੇਗੀ। ਪੰਜਾਬੀ ਸੰਗੀਤ ਤੇ ਪੰਜਾਬੀ ਫ਼ਿਲਮਾਂ ਨੂੰ ਉਹ ਆਪਣੀ ਜ਼ਿੰਦਗੀ ‘ਚੋਂ ਕਦੇ ਮਨਫ਼ੀ ਨਹੀਂ ਕਰ ਸਕਦਾ। ਆਪਣੇ ਮੌਜੂਦਾ ਮੁਕਾਮ ਬਾਰੇ ਉਹ ਬੜੀ ਹਲੀਮੀ ਨਾਲ ਕਹਿੰਦਾ ਹੈ ਕਿ ਲੋਕ ਚਾਹੇ ਕੁਝ ਵੀ ਕਹਿਣ, ਪਰ ਮੈਨੂੰ ਲੱਗਦਾ ਹੈ ਕਿ ਮੈਂ ਅਜੇ ਸਟਾਰ ਨਹੀਂ ਬਣਿਆ। ਮੈਂ ਜਿਸ ਕਿਸਮ ਦਾ ਕੰਮ ਕਰਨਾ ਚਾਹੁੰਦਾ ਹਾਂ, ਉਸ ਲਈ ਮੈਂ ਹੋਰ ਮਿਹਨਤ ਕਰ ਰਿਹਾ ਹਾਂ। ਸ਼ਾਇਦ ਸਟਾਰ ਬਣਨ ਲਈ ਕੁਝ ਸਾਲ ਹੋਰ ਲੱਗਣਗੇ।
ਸਪਨ ਮਨਚੰਦਾ
95016 33900


