13 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਗੋਲਕ, ਬੁਗਨੀ, ਬੈਂਕ ਤੇ ਬਟੂਆ’ ਨੂੰ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਫ਼ਿਲਮ ਦੇ ਟ੍ਰੇਲਰ, ਪ੍ਰੋਮੋ ਅਤੇ ਗੀਤਾਂ ਦੀ ਚਰਚਾ ਛਿੜੀ ਹੋਈ ਹੈ। ਦਰਸ਼ਕਾਂ ਦਾ ਕਹਿਣਾ ਹੈ ਕਿ ਉਹ ਇਸ ਫ਼ਿਲਮ ਨੂੰ ਜ਼ਰੂਰ ਵੇਖਣਾ ਚਾਹੁੰਣਗੇ ਕਿਉਂਕਿ ਪਹਿਲੀ ਵਾਰ ਨੋਟਬੰਦੀ ਵਰਗੇ ਵਿਸ਼ੇ ਨੂੰ ਵੱਡੇ ਪਰਦੇ ‘ਤੇ ਹਾਸਰਸ ਦੇ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਫ਼ਿਲਮ ਦੀ ਉਡੀਕ ਦਾ ਇਕ ਹੋਰ ਵੱਡਾ ਕਾਰਨ ਇਸ ਵਿਚ ਅਮਰਿੰਦਰ ਗਿੱਲ ਦਾ ਹੋਣਾ ਹੈ। ਅਮਰਿੰਦਰ ਗਿੱਲ, ਜਿਸ ਨੇ ਪੰਜਾਬੀ ਸਿਨੇਮੇ ਵਿਚ ਵੱਖਰੀ ਥਾਂ ਬਣਾਈ ਹੈ, ਦਾ ਭਾਵੇਂ ‘ਗੋਲਕ, ਬੁਗਨੀ, ਬੈਂਕ ਤੇ ਬਟੂਆ’ ਵਿਚ ਮਹਿਮਾਨ ਰੋਲ ਹੈ ਪਰ ਇਹ ਪ੍ਰਭਾਵਸ਼ਾਲੀ ਹੈ।

ਜ਼ਿਕਰਯੋਗ ਹੈ ਕਿ ‘ਗੋਲਕ, ਬੁਗਨੀ, ਬੈਂਕ ਤੇ ਬਟੂਆ’ ਫ਼ਿਲਮ ‘ਰਿਦਮ ਬੁਆਏਜ਼ ਐਂਟਰਟੇਨਮੈਂਟ’ ਦੇ ਬੈਨਰ ਹੇਠ ਤਿਆਰ ਹੋਈ ਹੈ। ਇਕ ਹੋਰ ਬੈਨਰ ‘ਹੇਅਰ ਓਮਜੀ ਸਟੂਡੀਓਜ਼’ ਹੈ। ਫ਼ਿਲਮ ਦੇ ਨਿਰਮਾਤਾ ਕਾਰਜ ਗਿੱਲ ਤੇ ਤਲਵਿੰਦਰ ਹੇਅਰ ਹਨ। ਫ਼ਿਲਮ ਵਿਚ ਹਰੀਸ਼ ਵਰਮਾ ਅਤੇ ਸਿਮੀ ਚਾਹਲ ਦੀ ਬਾਕਮਾਲ ਅਦਾਕਾਰੀ ਹੈ। ਦੋਹਾਂ ਦੀ ਅਦਾਕਾਰੀ ਪ੍ਰੋਮੋ ਵਿਚ ਇੰਨੀ ਜਚ ਰਹੀ ਹੈ ਕਿ ਦਰਸ਼ਕ ਫ਼ਿਲਮ ਦੇਖਣ ਲਈ ਉਤਾਵਲੇ ਹਨ। ਉਤੋਂ ਸੋਨੇ ‘ਤੇ ਸੁਹਾਗੇ ਵਾਲੀ ਗੱਲ ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ ਅਤੇ ਅਨੀਤਾ ਦੇਵਗਣ ਦੀ ਅਦਾਕਾਰੀ ਹੈ। ਫ਼ਿਲਮ ਦੇ ਨਿਰਦੇਸ਼ਕ ਸ਼ਿਤਿਜ ਚੌਧਰੀ ਹਨ ਅਤੇ ਸੰਗੀਤ ਜਤਿੰਦਰ ਸ਼ਾਹ ਦਾ ਹੈ। ਫ਼ਿਲਮ ਦੇ ਗੀਤ ਪਿਛਲੇ ਕਈ ਦਿਨਾਂ ਤੋਂ ਧੁੰਮਾਂ ਪਾ ਰਹੇ ਹਨ। ਹੋਰ ਫ਼ਿਲਮਾਂ ਲਈ ਵੱਖ-ਵੱਖ ਸਿਨੇਮਾਘਰਾਂ ਵਿਚ ਗਏ ਦਰਸ਼ਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 13 ਅਪ੍ਰੈਲ ਦੀ ਉਡੀਕ ਹੈ। ਉਹ ਸਮੇਤ ਪਰਿਵਾਰ ‘ਗੋਲਕ, ਬੁਗਨੀ, ਬੈਂਕ ਤੇ ਬਟੂਆ’ ਫ਼ਿਲਮ ਵੇਖਣ ਦੇ ਚਾਹਵਾਨ ਹਨ।

in News
ਦਰਸ਼ਕਾਂ ‘ਚ ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ ‘ਗੋਲਕ, ਬੁਗਨੀ, ਬੈਂਕ ਤੇ ਬਟੂਆ’


