ਕਲਾਕਾਰ ਦੀ ਜ਼ਿੰਦਗੀ ਹਮੇਸ਼ਾ ਸ਼ੁੱਕਰਵਾਰ ‘ਤੇ ਟਿਕੀ ਹੁੰਦੀ ਹੈ। ਫ਼ਿਲਮ ਰਿਲੀਜ਼ਿੰਗ ਵਾਲਾ ਇਹ ਦਿਨ ਕਲਾਕਾਰ ਦੀ ਜ਼ਿੰਦਗੀ ਦਾ ਭਵਿੱਖ ਤੈਅ ਕਰਦਾ ਹੈ। ਇਕ ਫ਼ਿਲਮ ਕਲਾਕਾਰ ਨੂੰ ਉਪਰ ਲੈ ਕੇ ਜਾਂਦੀ ਹੈ ਤੇ ਉਹੀ ਫ਼ਿਲਮ ਕਈ ਵਾਰ ‘ਸਿਤਾਰੇ ਗਰਦਿਸ਼’ ਵਿੱਚ ਵੀ ਲੈ ਆਉਂਦੀ ਹੈ। ਅਦਾਕਾਰ ਹਰੀਸ਼ ਵਰਮਾ ਦੀ ਜ਼ਿੰਦਗੀ ‘ਚ ਆਉਣ ਵਾਲਾ ਸ਼ੁੱਕਰਵਾਰ ਬੇਹੱਦ ਮਹੱਤਵਪੂਰਨ ਹੈ। 13 ਅਪ੍ਰੈਲ, ਸ਼ੁੱਕਰਵਾਰ ਨੂੰ ਹਰੀਸ਼ ਦੀ ਜ਼ਿੰਦਗੀ ਦੀ ਸਭ ਤੋਂ ਅਹਿਮ ਫ਼ਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਪਰਦਾਪੇਸ਼ ਹੋ ਰਹੀ ਹੈ। ਪੰਜਾਬੀ ਦਰਸ਼ਕਾਂ ‘ਚ ‘ਜੱਟ ਟਿੰਕਾ’ ਵਜੋਂ ਪ੍ਰਚਲਤ ਹਰੀਸ਼ ਵਰਮਾ ਭਾਵੇਂ ਲਗਾਤਾਰ ਫ਼ਿਲਮਾਂ ‘ਚ ਕੰਮ ਕਰ ਰਿਹਾ ਹੈ, ਪਰ ਜਿਸ ਕਿਸਮ ਦੀ ਫ਼ਿਲਮ ਦੀ ਉਸ ਨੂੰ ਉਡੀਕ ਸੀ, ਇਹ ਉਡੀਕ ਇਸ ਫ਼ਿਲਮ ਨਾਲ ਪੂਰੀ ਹੋਣ ਜਾ ਰਹੀ ਹੈ।

Êਪੰਜਾਬੀ ਗਾਇਕਾਂ ਦੇ ਬੋਲਬਾਲੇ ਵਾਲੇ ਇਸ ਫ਼ਿਲਮ ਜਗਤ ‘ਚ ਹਰੀਸ਼ ਵਰਮਾ ਨਿਰੋਲ ਰੂਪ ‘ਚ ਅਦਾਕਾਰ ਹੈ। ਰੰਗਮੰਚ ਨੇ ਉਸ ਨੂੰ ਜੀਣਾ ਸਿਖਾਇਆ, ਟੈਲੀਵਿਜ਼ਨ ਨੇ ਉਸ ਨੂੰ ਵਿਚਰਨਾ ਸਿਖਾਇਆ ਤੇ ਸਿਨੇਮੇ ਨੇ ਉਸ ਨੂੰ ਪਹਿਚਾਣ, ਦੌਲਤ ਅਤੇ ਸ਼ੌਹਰਤ ਦਿੱਤੀ। ਗਾਇਕ ਤੋਂ ਨਾਇਕ ਬਣੇ ਅਦਾਕਾਰਾਂ ਦੀ ਭੀੜ ‘ਚ ਹਰੀਸ਼ ਨੇ ਹਮੇਸ਼ਾ ਹੀ ਖੁਦ ਨੂੰ ਰੁਲਣੋ ਬਚਾਇਆ ਹੈ। ਪੰਜਾਬੀ ਫ਼ਿਲਮ ‘ਯਾਰ ਅਣਮੁੱਲੇ’ ਨਾਲ ਪੰਜਾਬੀ ਸਿਨੇਮੇ ਨਾਲ ਜੁੜਿਅ ਹਰੀਸ਼ ਭਾਵੇ ਦਰਜਨ ਦੇ ਨੇੜੇ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕਾ ਹੈ, ਪਰ ਉਹ ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਨੂੰ ਆਪਣੇ ਫ਼ਿਲਮ ਕਰੀਅਰ ਦੀ ਅਹਿਮ ਫ਼ਿਲਮ ਮੰਨਦਾ ਹੈ। ਫ਼ਿਲਮ ਦੇ ਟ੍ਰੇਲਰ ਨੂੰ ਮਿਲ ਰਹੇ ਹੁੰਗਾਰੇ ਤੋਂ ਉਹ ਬਾਗੋਬਾਗ ਹੈ। ਨਿਰਮਾਤਾ ਕਾਰਜ ਗਿੱਲ ਤੇ ਤਲਵਿੰਦਰ ਹੇਅਰ ਦੀ ਇਸ ਫ਼ਿਲਮ ਦਾ ਲੇਖਕ ਧੀਰਜ ਰਤਨ ਤੇ ਨਿਰਦੇਸ਼ਕ ਸਿਤਿਜ ਚੌਧਰੀ ਹੈ। ‘ਨੋਟਬੰਦੀ’ ਤੇ ਬਣੀ ਪੰਜਾਬੀ ਦੀ ਇਸ ਪਹਿਲੀ ਫ਼ਿਲਮ ‘ਚ ਹਰੀਸ਼ ਰੁਮਾਂਸ, ਕਾਮੇਡੀ ਤੇ ਨੋਟਬੰਦੀ ‘ਤੇ ਕਟਾਕਸ਼ ਕਰਦਾ ਨਜ਼ਰ ਆਵੇਗਾ। ਇਸ ‘ਚ ਉਸ ਨਾਲ ਸਿੰਮੀ ਚਾਹਲ, ਜਸਵਿੰਦਰ ਭੱਲਾ, ਬੀਐਨਸ਼ਰਮਾ ਅਹਿਮ ਭੂਮਿਕਾ ਨਿਭਾ ਰਹੇ ਹਨ।

ਉਹ ਦੱਸਦਾ ਹੈ ਕਿ ਹਰ ਅਦਾਕਾਰ ਨੂੰ ਕਿਸੇ ਨਾ ਕਿਸੇ ਅਜਿਹੇ ਕਿਰਦਾਰ ਜਾਂ ਫ਼ਿਲਮ ਦੀ ਭੁੱਖ ਹੁੰਦੀ ਹੈ, ਜੋ ਉਸ ਅੰਦਰਲੇ ਕਲਾਕਾਰ ਦੀ ਭੁੱਖ ਪੂਰੀ ਕਰਦੀ ਹੈ। ਇਸ ਫ਼ਿਲਮ ਨੇ ਉਸਦੀ ਅਦਾਕਾਰੀ ਦੀ ਭੁੱਖ ਪੂਰੀ ਕੀਤੀ ਹੈ। ਉਹ ਦੱਸਦਾ ਹੈ ਕਿ ਇਸ ਫ਼ਿਲਮ ‘ਤੇ ਉਸਦੀਆਂ ਕਈ ਵਿਉਂਤਬੰਦੀਆਂ ਟਿਕੀਆਂ ਹੋਈਆਂ ਹਨ। ਇਹ ਫ਼ਿਲਮ ਉਸਦੀਆਂ ਪਹਿਲੀਆਂ ਫ਼ਿਲਮਾਂ ਦੇ ਨਾਲ ਨਾਲ ਅਜੌਕੀਆਂ ਪੰਜਾਬੀ ਫ਼ਿਲਮਾਂ ਨਾਲੋਂ ਵੀ ਬਿਲਕੁਲ ਵੱਖਰੇ ਕਿਸਮ ਦੀ ਫ਼ਿਲਮ ਹੈ। ਇਸ ਫ਼ਿਲਮ ਦੀ ਕਹਾਣੀ ਹੀ ਨਹੀਂ ਸਗੋਂ ਸੰਗੀਤ ਵੀ ਦਿਲ ਟੁੰਬਵਾਂ ਹੈ। ਹਰੀਸ਼ ਮੁਤਾਬਕ ਉਹ ਭਾਵੇਂ ਲਗਾਤਾਰ ਫ਼ਿਲਮਾਂ ਕਰ ਰਿਹਾ ਹੈ, ਪਰ ਜਿਸ ਕਿਸਮ ਦੇ ਸਿਨੇਮੇ ਦਾ ਉਹ ਮੁਰੀਦ ਹੈ, ਉਸ ਦੀ ਹੁਣ ਸ਼ੁਰੂਆਤ ਹੋਣ ਦੀ ਆਸ ਹੈ।

ਮਰਹੂਮ ਨਾਟਕਕਾਰ ਭਾਈ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਦੇ ਥਾਪੜੇ ਨਾਲ ਰੰਗਮੰਚ ਨਾਲ ਜੁੜਿਆ ਤੇ ਫਿਰ ਕਲਰ ਟੀਵੀ ਦੇ ਸੀਰੀਅਲ ‘ਨਾ ਆਨਾ ਇਸ ਦੇਸ਼ ਮੇਰੀ ਲਾਡੋ’ ਸੀਰੀਅਲ ਨੇ ਉਸ ਨੂੰ ਮਕਬੂਲ ਕੀਤਾ। ਹਰੀਸ਼ ਲਈ ਹੁਣਪੰਜਾਬੀ ਫ਼ਿਲਮ ਇੰਡਸਟਰੀ ਹੀ ਉਸਦੀ ਕਰਮ ਭੂਮੀ ਹੈ। ਹਰੀਸ਼ ਕਮਾਲ ਦਾ ਲਿਖਦਾ ਅਤੇ ਗਾਉਂਦਾ ਵੀ ਹੈ, ਕੁਝ ਸਾਲ ਪਹਿਲਾਂ ਇਹ ਗੱਲ ਸਿਰਫ਼ ਉਸਦੇ ਦੋਸਤਾਂ ਨੂੰ ਪਤਾ ਸੀ, ਪਰ ਹੁਣ ਉਸਦੇ ਪ੍ਰਸ਼ਸੰਕ ਵੀ ਜਾਣਦੇ ਹਨ। ਜਾਨੀ ਦੇ ਲਿਖੇ ਦੋ ਗੀਤ ਸੋਚ ਅਤੇ ਜੁਦਾ ਨੂੰ ਉਹ ਆਪਣੀ ਆਵਾਜ਼ ਦੇ ਚੁੱਕਿਆ ਹੈ। ਗਾਇਕੀ ਉਸਦਾ ਸ਼ੌਕ ਜ਼ਰੂਰ ਹੈ, ਪਰ ਪੇਸ਼ਾ ਅਦਾਕਾਰੀ ਹੀ ਹੈ। ਪਿਛਲੇ ਕੁਝ ਮਹੀਨਿਆਂ ‘ਚ ਉਸ ਨੇ ਕਈ ਫ਼ਿਲਮਾਂ ਦੀਆਂ ਸਕਰਿਪਟਾਂ ਸੁਣੀਆਂ ਹਨ ਅਤੇ ਲਗਭਗ ਸਭ ਨੂੰ ਇਨਕਾਰ ਕੀਤਾ ਹੈ। ਹੁਣ ਉਹ ਸਿਰਫ ਮਿਆਰੀ ਸਕਰਿਪਟਾਂ ਵਾਲੀਆਂ ਫ਼ਿਲਮਾਂ ਨੂੰ ਹੀ ਤਰਜੀਹ ਦੇਵੇਗਾ। ਹਰੀਸ਼ ਲਈ ਇਹ ਫ਼ਿਲਮ ਕਾਫ਼ੀ ਮਹੱਤਵਪੂਰਨ ਹੈ। ਉਹ ਜਿਸ ਮੁਕਾਮ ‘ਤੇ ਪਹੁਚਾਉਣਾ ਚਾਹੁੰਦਾ ਹੈ, ਇਹ ਫ਼ਿਲਮ ਉਸ ਦਾ ਜ਼ਰੀਆ ਬਣ ਸਕਦੀ ਹੈ। ਇਸ ਲਈ ਉਹ ਇਸ ਫ਼ਿਲਮ ਨੂੰ ਲੈ ਕੇ ਬੇਹੱਦ ਆਸਵੰਦ ਹੈ। #Sapan Manchanda

ਇਸ ਵਾਰ ਦੀ ਵਿਸਾਖੀ ਬਦਲੇਗੀ ਹਰੀਸ਼ ਵਰਮਾ ਦੀ ਜ਼ਿੰਦਗੀ,” ਗੋਲਕ ਬੁਗਨੀ ਬੈਂਕ ਤੇ ਬਟੂਆ” ਕੱਲ•


